ਤੋਸ਼ਾਖਾਨਾ ਮਾਮਲਾ: ਇਮਰਾਨ ਦੀ ਜ਼ਮਾਨਤ ਅਰਜ਼ੀ ’ਤੇ ਸੰਘੀ ਜਾਂਚ ਏਜੰਸੀ ਨੂੰ ਨੋਟਿਸ
ਇਸਲਾਮਾਬਾਦ, 4 ਨਵੰਬਰ
ਪਾਕਿਸਤਾਨ ਦੀ ਅਦਾਲਤ ਨੇ ਅੱਜ ਸੰਘੀ ਜਾਂਚ ਏਜੰਸੀ (ਐੱਫਆਈਏ) ਨੂੰ ਨੋਟਿਸ ਜਾਰੀ ਕਰਕੇ ਤੋਸ਼ਾਖਾਨਾ-2 ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਾਇਰ ਕੀਤੀ ਜ਼ਮਾਨਤ ਅਰਜ਼ੀ ’ਤੇ ਜਵਾਬ ਮੰਗਿਆ ਹੈ। ਇਸਲਾਮਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਮੀਆਂਗੁਲ ਹਸਨ ਔਰੰਗਜ਼ੇਬ ਕੇਸ ਦੀ ਸੁਣਵਾਈ ਕਰ ਰਹੇ ਸਨ। ਇਮਰਾਨ ਨੇ ਅਦਾਲਤ ਨੂੰ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ਤੱਕ ਜ਼ਮਾਨਤ ਦੇਣ ਦੀ ਬੇਨਤੀ ਕੀਤੀ ਹੈ। ਜੱਜ ਨੇ ਸੰਘੀ ਜਾਂਚ ਏਜੰਸੀ ਨੂੰ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੰਦਿਆਂ ਸੁਣਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ। ਤੋਸ਼ਾਖਾਨਾ-2 ਇਸ ਦੋਸ਼ ’ਤੇ ਅਧਾਰਤ ਹੈ ਕਿ ਇਮਰਾਨ ਅਤੇ ਉਨ੍ਹਾਂ ਦੀ ਪਤਨੀ ਨੇ ਸਰਕਾਰੀ ਖ਼ਜ਼ਾਨੇ ਵਿੱਚੋਂ ਤੋਹਫ਼ੇ ਹਾਸਲ ਕਰਨ ਲਈ ਲੋੜੀਂਦੀਆਂ ਪ੍ਰਕਿਰਿਆਵਾਂ ਦਾ ਪਾਲਣ ਨਹੀਂ ਕੀਤਾ। -ਪੀਟੀਆਈ
ਅਦਾਲਤੀ ਕਾਰਵਾਈ ਦੌਰਾਨ ਭਾਵੁਕ ਹੋਈ ਬੁਸ਼ਰਾ ਬੀਬੀ
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਅੱਜ ਇੱਥੋਂ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਭਾਵੁਕ ਹੋ ਗਈ। ਉਹ ਅਯੋਗ ਨਿਆਂ ਪ੍ਰਣਾਲੀ ਅਤੇ ਜੇਲ੍ਹ ਵਿੱਚ ਬੰਦ ਆਪਣੇ ਪਤੀ ਦੀ ‘ਅਨਿਆਂਪੂਰਨ ਸਜ਼ਾ’ ਖ਼ਿਲਾਫ਼ ਆਪਣੀ ਪੂਰੀ ਬੇਵੱਸੀ ਜ਼ਾਹਿਰ ਕਰਦਿਆਂ ਰੋ ਪਈ। ਬੁਸ਼ਰਾ ਬੀਬੀ ਆਪਣੇ ਪਤੀ ਲਈ ਛੇ ਮਾਮਲਿਆਂ ਵਿੱਚ ਅਤੇ ਖੁਦ ਲਈ ਇੱਕ ਹੋਰ ਮਾਮਲੇ ਵਿੱਚ ਜ਼ਮਾਨਤ ਲੈਣ ਲਈ ਇਸਲਾਮਾਬਾਦ ਦੇ ਜ਼ਿਲ੍ਹਾ ਮੈਜਿਸਟਰੇਟ ਅਫਜ਼ਲ ਮਜ਼ੋਕਾ ਦੀ ਅਦਾਲਤ ਵਿੱਚ ਪੇਸ਼ ਹੋਈ। ਉਨ੍ਹਾਂ ਖ਼ਿਲਾਫ਼ ਤਰਨੋਲ, ਕਰਾਚੀ ਕੰਪਨੀ, ਰਮਨਾ, ਸਕੱਤਰੇਤ ਅਤੇ ਕੋਹਸਾਰ ਪੁਲੀਸ ਥਾਣਿਆਂ ਵਿੱਚ ਕੇਸ ਦਰਜ ਹਨ। -ਪੀਟੀਆਈ