ਤੋਸ਼ਾਖ਼ਾਨਾ ਮਾਮਲਾ: ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਮਿਲੀ ਜ਼ਮਾਨਤ
ਇਸਲਾਮਾਬਾਦ, 23 ਅਕਤੂਬਰ
ਪਾਕਿਸਤਾਨ ਦੀ ਅਦਾਲਤ ਨੇ ਸਰਕਾਰੀ ਤੋਹਫ਼ਿਆਂ ਦੀ ਕਥਿਤ ਗ਼ੈਰਕਾਨੂੰਨੀ ਵਿਕਰੀ ਨਾਲ ਸਬੰਧਿਤ ਤੋਸ਼ਾਖ਼ਾਨਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਗ੍ਰਿਫ਼ਤਾਰੀ ਦੇ ਕਰੀਬ ਨੌਂ ਮਹੀਨਿਆਂ ਮਗਰੋਂ ਅੱਜ ਜ਼ਮਾਨਤ ਦੇ ਦਿੱਤੀ ਹੈ। ਜੀਓ ਨਿਊਜ਼ ਦੀ ਖ਼ਬਰ ਅਨੁਸਾਰ ਇਸਲਾਮਾਬਾਦ ਹਾਈ ਕੋਰਟ ਦੇ ਜੱਜ ਮਿਆਂਗੁਲ ਹਸਨ ਔਰੰਗਜ਼ੇਬ ਨੇ 10 ਲੱਖ ਰੁਪਏ ਦੇ ਮੁਚੱਲਕੇ ’ਤੇ 50 ਸਾਲਾ ਬੁਸ਼ਰਾ ਬੀਬੀ ਨੂੰ ਜ਼ਮਾਨਤ ਦਿੱਤੀ। ਅਦਾਲਤ ਦੇ ਇਸ ਫ਼ੈਸਲੇ ਨਾਲ ਬੁਸ਼ਰਾ ਬੀਬੀ ਨੂੰ ਰਾਹਤ ਮਿਲੀ ਹੈ, ਜਿਨ੍ਹਾਂ ਨੂੰ 31 ਜਨਵਰੀ ਨੂੰ ਅਦਾਲਤ ਵੱਲੋਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਅਤੇ ਜੋੜੇ ਨੂੰ 14 ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਣਵਾਈ ਦੌਰਾਨ ਜਸਟਿਸ ਔਰੰਗਜ਼ੇਬ ਨੇ ਸੰਘੀ ਜਾਂਚ ਏਜੰਸੀ (ਐੱਫਆਈਏ) ਦੇ ਜਾਂਚ ਅਧਿਕਾਰੀ ਤੋਂ ਬੁਸ਼ਰਾ ਬੀਬੀ ਤੋਂ ਭਵਿੱਖ ਦੀ ਪੁੱਛ ਪੜਤਾਲ ਦੀ ਲੋੜ ਬਾਰੇ ਸਵਾਲ ਕੀਤੇ। ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਹੋਰ ਜਾਂਚ ਦੀ ਲੋੜ ਨਹੀਂ ਹੈ, ਜਿਸ ਮਗਰੋਂ ਜੱਜ ਨੇ ਜ਼ਮਾਨਤ ਦੇ ਦਿੱਤੀ। ਬੁਸ਼ਰਾ ਬੀਬੀ ਕਿਸੇ ਹੋਰ ਮਾਮਲੇ ’ਚ ਲੋੜੀਂਦੀ ਜਾਂ ਗ੍ਰਿਫ਼ਤਾਰ ਨਹੀਂ ਹੈ, ਅਜਿਹੇ ਵਿੱਚ ਜ਼ਮਾਨਤ ਮੁਚੱਲਕਾ ਜਮ੍ਹਾ ਕਰਵਾਉਣ ਅਤੇ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਹੋਣ ਮਗਰੋਂ ਉਨ੍ਹਾਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ। -ਪੀਟੀਆਈ