ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੋਸ਼ਾਖਾਨਾ ਕੇਸ: ਇਮਰਾਨ ਖ਼ਾਨ ਗ੍ਰਿਫ਼ਤਾਰ

09:07 AM Aug 06, 2023 IST

ਇਸਲਾਮਾਬਾਦ/ਲਾਹੌਰ, 5 ਅਗਸਤ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਸ਼ਨਿਚਰਵਾਰ ਨੂੰ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ’ਚ ਉਨ੍ਹਾਂ ’ਤੇ ਸੱਤਾ ’ਚ ਰਹਿਣ ਦੌਰਾਨ ਮਹਿੰਗੇ ਸਰਕਾਰੀ ਤੋਹਫ਼ੇ ਵੇਚਣ ਦਾ ਦੋਸ਼ ਹੈ। ਇਸ ਫ਼ੈਸਲੇ ਨਾਲ ਇਮਰਾਨ ਪੰਜ ਸਾਲਾਂ ਲਈ ਚੋਣਾਂ ਨਹੀਂ ਲੜ ਸਕੇਗਾ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਤਰਜਮਾਨ ਜ਼ੁਲਫ਼ੀ ਬੁਖਾਰੀ ਨੇ ਪੱਤਰਕਾਰਾਂ ਨੂੰ ਵਟਸਐਪ ਰਾਹੀਂ ਦੱਸਿਆ ਕਿ ਸੰਵਿਧਾਨ ਤਹਿਤ ਇਮਰਾਨ ਖ਼ਾਨ ਨੂੰ ਪੰਜ ਸਾਲਾਂ ਲਈ ਕੋਈ ਵੀ ਜਨਤਕ ਅਹੁਦਾ ਸਾਂਭਣ ਦੇ ਅਯੋਗ ਠਹਿਰਾ ਦਿੱਤਾ ਗਿਆ ਹੈ। ਤਿੰਨ ਮਹੀਨਿਆਂ ’ਚ ਦੂਜੀ ਵਾਰ ਹੈ ਜਦੋਂ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸਲਾਮਾਬਾਦ ਆਧਾਰਿਤ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਧੀਕ ਜੱਜ ਹਮਾਯੂੰ ਦਿਲਾਵਰ ਨੇ ਇਮਰਾਨ ’ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਕਿਹਾ ਕਿ ਜੇਕਰ ਉਹ ਜੁਰਮਾਨਾ ਨਹੀਂ ਭਰਦੇ ਹਨ ਤਾਂ ਉਨ੍ਹਾਂ ਨੂੰ ਛੇ ਮਹੀਨੇ ਹੋਰ ਜੇਲ੍ਹ ’ਚ ਰੱਖਿਆ ਜਾਵੇ। ਜੱਜ ਨੇ ਆਪਣੇ ਫ਼ੈਸਲੇ ’ਚ ਕਿਹਾ,‘‘ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਖ਼ਿਲਾਫ਼ ਸੰਪਤੀ ਦੇ ਗਲਤ ਵੇਰਵੇ ਦੇਣ ਦੇ ਦੋਸ਼ ਸਾਬਿਤ ਹੋਏ ਹਨ। ਇਮਰਾਨ ਖ਼ਾਨ ਨੇ ਜਾਣਬੁੱਝ ਕੇ ਪਾਕਿਸਤਾਨ ਦੇ ਚੋਣ ਕਮਿਸ਼ਨ ਨੂੰ ਤੋਸ਼ਾਖਾਨੇ ਦੇ ਤੋਹਫ਼ਿਆਂ ਦਾ ਫਰਜ਼ੀ ਵੇਰਵਾ ਦਿੱਤਾ ਸੀ ਅਤੇ ਉਹ ਭ੍ਰਿਸ਼ਟ ਵਿਵਹਾਰ ਦਾ ਦੋਸ਼ੀ ਪਾਇਆ ਗਿਆ ਹੈ।’’ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਨੂੰ ਚੋਣ ਐਕਟ 2017 ਦੀ ਧਾਰਾ 174 ਤਹਿਤ ਤਿੰਨ ਸਾਲ ਦੀ ਸਧਾਰਨ ਸਜ਼ਾ ਸੁਣਾਈ ਗਈ ਹੈ। ਰਿਪੋਰਟਾਂ ਮੁਤਾਬਕ ਇਮਰਾਨ ਨੂੰ ਪ੍ਰਧਾਨ ਮੰਤਰੀ ਰਹਿੰਦਿਆਂ ਆਲਮੀ ਹਸਤੀਆਂ ਤੋਂ 14 ਕਰੋੜ ਰੁਪਏ ਮੁੱਲ ਦੇ 58 ਤੋਹਫ਼ੇ ਮਿਲੇ ਸਨ ਅਤੇ ਉਸ ਨੇ ਕੁਝ ਨੂੰ ਕੌਡੀਆਂ ਦੇ ਭਾਅ ਜਾਂ ਬਿਨਾਂ ਅਦਾਇਗੀ ਦੇ ਆਪਣੇ ਕੋਲ ਰੱਖ ਲਿਆ ਸੀ। ਬੇਸ਼ਕੀਮਤੀ ਤੋਹਫ਼ਿਆਂ ’ਚ ਹੀਰੇ ਦੀ ਘੜੀ, ਕਫਲਿੰਕ ਦਾ ਜੋੜਾ, ਇਕ ਮੁੰਦਰੀ, ਇਕ ਪੈੱਨ ਅਤੇ ਕਈ ਘੜੀਆਂ ਸ਼ਾਮਲ ਹਨ। ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਹੈ ਜਦੋਂ ਪਾਕਿਸਤਾਨ ’ਚ ਆਮ ਚੋਣਾਂ ਹੋਣ ਵਾਲੀਆਂ ਹਨ ਕਿਉਂਕਿ ਮੌਜੂਦਾ ਸਰਕਾਰ ਦਾ ਕਾਰਜਕਾਲ 12 ਅਗਸਤ ਨੂੰ ਮੁਕੰਮਲ ਹੋਣ ਵਾਲਾ ਹੈ। ਇਮਰਾਨ ਨੂੰ ਉਸ ਦੇ ਲਾਹੌਰ ਸਥਿਤ ਜ਼ਮਾਨ ਪਾਰਕ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ਼ ਦੇ ਵਿਸ਼ੇਸ਼ ਸਹਾਇਕ ਅਤਾਉੱਲ੍ਹਾ ਤੱਰਾਰ ਨੇ ਇਮਰਾਨ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਸ ਨੂੰ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦਾ ਅਧਿਕਾਰ ਹੈ। ਇਮਰਾਨ ਦੀ ਕਾਨੂੰਨੀ ਟੀਮ ਨੇ ਕਿਹਾ ਹੈ ਕਿ ਉਹ ਛੇਤੀ ਹੀ ਅਪੀਲ ਦਾਖ਼ਲ ਕਰਨਗੇ। ਇਮਰਾਨ ਦੇ ਵਕੀਲ ਬੈਰਿਸਟਰ ਗੌਹਰ ਖ਼ਾਨ ਨੇ ਫ਼ੈਸਲੇ ’ਤੇ ਨਾਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਨਿਆਂ ਦੀ ਹੱਤਿਆ ਹੈ। ‘ਡਾਅਨ’ ਅਖ਼ਬਾਰ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ,‘‘ਨਿਆਂ ਦੀ ਹੱਤਿਆ ਕਰ ਦਿੱਤੀ ਗਈ ਹੈ। ਸਾਨੂੰ ਇਕ ਵੀ ਮੌਕਾ ਨਹੀਂ ਦਿੱਤਾ ਗਿਆ। ਸਾਨੂੰ ਬਚਾਅ ਜਾਂ ਬਹਿਸ ਕਰਨ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਗਈ। ਮੈਂ ਇਸ ਕਿਸਮ ਦੀ ਬੇਇਨਸਾਫ਼ੀ ਨਹੀਂ ਦੇਖੀ ਹੈ।’’
ਇਮਰਾਨ ਖ਼ਾਨ ਨੂੰ ਅੱਜ ਬਿਨਾਂ ਕਿਸੇ ਵੱਡੇ ਵਿਰੋਧ ਦੇ ਆਰਾਮ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ 9 ਮਈ ਨੂੰ ਇਸਲਾਮਾਬਾਦ ’ਚ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਕੇਸ ’ਚ ਹਾਈ ਕੋਰਟ ਕੰਪਲੈਕਸ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਮਗਰੋਂ ਇਮਰਾਨ ਦੇ ਹਮਾਇਤੀਆਂ ਨੇ ਵੱਡੇ ਪੱਧਰ ’ਤੇ ਹਿੰਸਕ ਪ੍ਰਦਰਸ਼ਨ ਕੀਤੇ ਸਨ। ਇਮਰਾਨ ਖ਼ਿਲਾਫ਼ ਭ੍ਰਿਸ਼ਟਾਚਾਰ, ਅਤਿਵਾਦ ਅਤੇ ਹਿੰਸਾ ਲਈ ਲੋਕਾਂ ਨੂੰ ਭੜਕਾਉਣ ਸਮੇਤ 150 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਪਾਕਿਸਤਾਨੀ ਚੋਣ ਕਮਿਸ਼ਨ ਦੀ ਪਿਛਲੇ ਸਾਲ ਕੀਤੀ ਗਈ ਸ਼ਿਕਾਇਤ ਮਗਰੋਂ ਮਈ ’ਚ ਇਮਰਾਨ ਨੂੰ ਤੋਸ਼ਾਖਾਨਾ ਕੇਸ ’ਚ ਦੋਸ਼ੀ ਠਹਿਰਾਇਆ ਗਿਆ ਸੀ। ਚੋਣ ਕਮਿਸ਼ਨ ਨੇ ਉਸ ਨੂੰ ਅਕਤੂਬਰ 2022 ’ਚ ਇਸੇ ਕੇਸ ’ਚ ਅਯੋਗ ਠਹਿਰਾ ਦਿੱਤਾ ਗਿਆ ਸੀ। -ਪੀਟੀਆਈ

Advertisement

ਲਾਹੌਰ ਦੀ ਅਟਕ ਜੇਲ੍ਹ ਭੇਜਿਆ

ਲਾਹੌਰ: ਐੱਸਐੱਸਪੀ ਮਲਿਕ ਲਿਆਕਤ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਇਮਰਾਨ ਨੂੰ ਹਿਰਾਸਤ ’ਚ ਲਿਆ। ਇਮਰਾਨ ਨੂੰ ਲਾਹੌਰ ਤੋਂ ਅਟਕ ਸ਼ਹਿਰ ਦੀ ਅਟਕ ਜੇਲ੍ਹ ’ਚ ਸੜਕ ਮਾਰਗ ਰਾਹੀਂ ਲਿਜਾਇਆ ਗਿਆ। ਇਹ ਉਹ ਜੇਲ੍ਹ ਹੈ ਜਿਥੇ ਜਨਰਲ ਪਰਵੇਜ਼ ਮੁਸ਼ੱਰਫ ਨੇ ਤਖ਼ਤਾ ਪਲਟ ਕਰਨ ਮਗਰੋਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਰੱਖਿਆ ਸੀ। ਪੁਲੀਸ ਨੇ ਕਿਹਾ ਕਿ ਜੇਲ੍ਹ ਵੱਲ ਜਾਂਦੀਆਂ ਸਾਰੀਆਂ ਸੜਕਾਂ ’ਤੇ ਹਾਈ ਅਲਰਟ ਰੱਖਿਆ ਗਿਆ ਹੈ। ਕੁੱਝ ਥਾਵਾਂ ’ਤੇ ਇਮਰਾਨ ਦੇ ਸਮਰਥਕਾਂ ਨੇ ਪ੍ਰਦਰਸ਼ਨ ਕੀਤੇ ਪਰ ਉਹ ਪਹਿਲਾਂ ਵਾਂਗ ਤਿੱਖੇ ਨਹੀਂ ਸਨ। -ਪੀਟੀਆਈ

ਇਮਰਾਨ ਨੇ ਸਮਰਥਕਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਕਿਹਾ

ਆਪਣੀ ਗ੍ਰਿਫ਼ਤਾਰੀ ਤੋਂ ਕੁਝ ਘੰਟੇ ਬਾਅਦ ‘ਐਕਸ’ ਪਲੈਟਫਾਰਮ ’ਤੇ ਰਿਕਾਰਡਿਡ ਸੁਨੇਹਾ ਸਾਂਝਾ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ,‘‘ਜਦੋਂ ਤੱਕ ਇਹ ਸੁਨੇਹਾ ਤੁਹਾਡੇ ਤੱਕ ਪੁੱਜੇਗਾ, ਮੈਂ ਜੇਲ੍ਹ ’ਚ ਹੋਵਾਂਗਾ। ਮੈਂ ਚਾਹੁੰਦਾ ਹਾਂ ਕਿ ਲੋਕ ਆਰਾਮ ਨਾਲ ਆਪਣੇ ਘਰਾਂ ’ਚ ਬੈਠੇ ਨਾ ਰਹਿਣ ਅਤੇ ਸ਼ਾਂਤਮਈ ਪ੍ਰਦਰਸ਼ਨ ਕਰਨ। ਇਹ ਅੰਦੋਲਨ ਮੈਂ ਆਪਣੇ ਲਈ ਨਹੀਂ ਕਰ ਰਿਹਾ ਹਾਂ ਸਗੋਂ ਇਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਹੈ। ਜੇਕਰ ਅੱਜ ਤੁਸੀਂ ਆਪਣੇ ਹੱਕਾਂ ਲਈ ਨਾ ਖੜ੍ਹੇ ਹੋਏ ਤਾਂ ਤੁਹਾਨੂੰ ਗੁਲਾਮਾਂ ਵਰਗਾ ਜੀਵਨ ਜਿਊਣਾ ਪਵੇਗਾ ਅਤੇ ਗੁਲਾਮਾਂ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਹੈ। ਗੁਲਾਮ ਕੀੜੀਆਂ ਵਰਗੇ ਹੁੰਦੇ ਹਨ ਜੋ ਉੱਚੀਆਂ ਉੱਡ ਨਹੀਂ ਸਕਦੀਆਂ ਹਨ।’’ ਇਮਰਾਨ ਨੇ ਕਿਹਾ ਕਿ ਇਹ ਲੋਕਾਂ ਦੇ ਹੱਕਾਂ ਅਤੇ ਆਜ਼ਾਦੀ ਦੀ ਜੰਗ ਹੈ ਅਤੇ ਉਹ ਹੱਕ ਮਿਲਣ ਤੱਕ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਜਾਰੀ ਰੱਖਣ ਤਾਂ ਜੋ ਲੋਕਾਂ ਦੀ ਚੁਣੀ ਹੋਈ ਸਰਕਾਰ ਬਣ ਸਕੇ ਨਾ ਕਿ ਕਬਜ਼ਾ ਮਾਫ਼ੀਆ ਸੱਤਾ ’ਚ ਆਵੇ।

Advertisement

Advertisement
Tags :
imranpakistan newstoshakhana