ਤੋਸ਼ਾਖਾਨਾ ਮਾਮਲਾ: ਇਮਰਾਨ ਖ਼ਿਲਾਫ਼ ਇਕ ਹੋਰ ਕੇਸ ਦਰਜ
ਇਸਲਾਮਾਬਾਦ, 7 ਜੂਨ
ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਤੇ ਖਾਨ ਦੇ ਕਰੀਬੀਆਂ ਖ਼ਿਲਾਫ਼ ਤੋਸ਼ਾਖਾਨਾ ਮਾਮਲੇ ਵਿਚ ਇਕ ਹੋਰ ਕੇਸ ਦਰਜ ਕੀਤਾ ਹੈ। ਹਾਲਾਂਕਿ ਇਸ ਨਵੇਂ ਕੇਸ ਦੇ ਦਰਜ ਹੋਣ ਤੋਂ ਬਾਅਦ ਅਦਾਲਤ ਨੇ ਇਮਰਾਨ ਨੂੰ 21 ਜੂਨ ਤੱਕ ਜ਼ਮਾਨਤ ਵੀ ਦੇ ਦਿੱਤੀ ਹੈ। ਇਹ ਮਾਮਲਾ ਤੋਸ਼ਾਖਾਨਾ ਦੇ ਤੋਹਫ਼ਿਆਂ ਨਾਲ ਸਬੰਧਤ ਕਥਿਤ ਜਾਅਲੀ ਰਸੀਦਾਂ ਤਿਆਰ ਕਰਨ ਤੇ ਜਮ੍ਹਾਂ ਕਰਾਉਣ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਵਿਚ ਇਮਰਾਨ ਤੇ ਬੁਸ਼ਰਾ ਤੋਂ ਇਲਾਵਾ ਸਾਬਕਾ ਮੰਤਰੀ ਸ਼ਹਿਜ਼ਾਦ ਅਕਬਰ, ਜ਼ੁਲਫੀ ਬੁਖਾਰੀ, ਫਰਾਹ ਗੋਗੀ ਤੇ ਹੋਰਾਂ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਉਤੇ ਇਕ-ਦੂਜੇ ਨਾਲ ਮਿਲੀਭੁਗਤ ਕਰ ਕੇ ‘ਗੈਰਕਾਨੂੰਨੀ ਲਾਭ’ ਲੈਣ ਦੀ ਸਾਜ਼ਿਸ਼ ਘੜਨ ਦਾ ਦੋਸ਼ ਹੈ। ਕੇਸ ਵਿਚ ਦੋਸ਼ ਲਾਇਆ ਗਿਆ ਹੈ ਕਿ ਪੀਟੀਆਈ ਮੁਖੀ ਇਮਰਾਨ ਤੇ ਉਸ ਦੇ ਕਰੀਬੀਆਂ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਵੱਲੋਂ ਦਿੱਤੀ ਮਹਿੰਗੀ ਗੁੱਟ ਘੜੀ ਤੇ ਹੋਰ ਤੋਹਫਿਆਂ ਦੀਆਂ ਨਕਲੀ ਰਸੀਦਾਂ ਦਿੱਤੀਆਂ ਹਨ। ਕਈ ਮਹੀਨੇ ਇਸ ਮਾਮਲੇ ਉਤੇ ਚੁੱਪ ਰਹਿਣ ਤੋਂ ਬਾਅਦ ਖਾਨ ਨੇ ਪਿਛਲੇ ਸਤੰਬਰ ਵਿਚ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਕਰੀਬ ਚਾਰ ਤੋਹਫੇ ਵੇਚੇ ਸਨ ਜੋ ਉਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਮਿਲੇ ਸਨ। ਦੁਬਈ ਦੇ ਕਾਰੋਬਾਰੀ ਉਮਰ ਫਾਰੂਕ ਜ਼ਹੂਰ ਨੇ ਟੀਵੀ ਉਤੇ ਲਾਈਵ ਉਹ ਘੜੀ ਦਿਖਾਈ ਸੀ, ਜੋ ਇਮਰਾਨ ਨੂੰ ਸ਼ਹਿਜ਼ਾਦੇ ਨੇ ਦਿੱਤੀ ਸੀ। ਜ਼ਹੂਰ ਨੇ ਕਿਹਾ ਸੀ ਕਿ ਉਸ ਨੇ ਇਹ ਘੜੀ ਫਰਾਹ ਗੋਗੀ ਤੋਂ 20 ਲੱਖ ਡਾਲਰ ਵਿਚ ਖ਼ਰੀਦੀ ਹੈ। -ਪੀਟੀਆਈ