For the best experience, open
https://m.punjabitribuneonline.com
on your mobile browser.
Advertisement

ਤੋਸ਼ਾਖਾਨਾ ਕੇਸ: ਇਮਰਾਨ ਤੇ ਬੁਸ਼ਰਾ ਬੀਬੀ ਨੂੰ 14 ਸਾਲ ਦੀ ਕੈਦ

07:25 AM Feb 01, 2024 IST
ਤੋਸ਼ਾਖਾਨਾ ਕੇਸ  ਇਮਰਾਨ ਤੇ ਬੁਸ਼ਰਾ ਬੀਬੀ ਨੂੰ 14 ਸਾਲ ਦੀ ਕੈਦ
Advertisement

ਇਸਲਾਮਾਬਾਦ, 31 ਜਨਵਰੀ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਬੇਗ਼ਮ ਬੁਸ਼ਰਾ ਬੀਬੀ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਕੇਸ ਵਿੱਚ 14 ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ ਹੈ। ਇਹਤਸਾਬੀ ਕੋਰਟ ਨੇ ਦੋਵਾਂ ਨੂੰ 78.7 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ ਤੇ ਦੋਵਾਂ ਉੱਤੇ ਦਸ ਸਾਲ ਲਈ ਕੋਈ ਸਰਕਾਰੀ ਅਹੁਦਾ ਗ੍ਰਹਿਣ ਕਰਨ ’ਤੇ ਪਾਬੰਦੀ ਰਹੇਗੀ। ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਕਿਹਾ ਕਿ ਉਹ ਇਸ ਹਾਸੋਹੀਣੇ ਫੈਸਲੇ ਨੂੰ ਉਚੇਰੀ ਕੋਰਟ ’ਚ ਚੁਣੌਤੀ ਦੇੇਣਗੇ। ਇਸ ਦੌਰਾਨ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਨੇ ਸੋਸ਼ਲ ਮੀਡੀਆ ਵਿੱਚ ਜਾਰੀ ਇਕ ਬਿਆਨ ਵਿੱਚ ਕਿਹਾ ਕਿ ‘ਫ਼ਰਜ਼ੀ ਸਾਦਿਕ ਤੇ ਅਮੀਨ’ ਅੱਜ ਕੁੱਲ ਆਲਮ ਸਾਹਮਣੇ ਤਸਦੀਕਸ਼ੁਦਾ ਤੋਸ਼ਾਖਾਨਾ ਚੋਰ ਸਾਬਤ ਹੋ ਗਏ ਹਨ। ਸਾਲ 2022 ਵਿੱਚ ਗੱਦੀਓਂ ਲਾਂਭੇ ਕੀਤੇ ਜਾਣ ਮਗਰੋਂ ਕੋਰਟ ਵੱਲੋਂ ਖ਼ਾਨ ਨੂੰ ਸੁਣਾਈ ਇਹ ਤੀਜੀ ਸਜ਼ਾ ਹੈ। ਅਜੇ ਇਕ ਦਿਨ ਪਹਿਲਾਂ ਇਮਰਾਨ ਖ਼ਾਨ ਤੇ ਸਾਬਕਾ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੂੰ ਸੰਵੇਦਨਸ਼ੀਲ ਕੂਟਨੀਤਕ ਜਾਣਕਾਰੀ ਲੀਕ ਕਰਨ ਨਾਲ ਜੁੜੇ ਸਾਈਫਰ ਕੇਸ ਵਿਚ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਹਤਸਾਬੀ ਕੋਰਟ ਦੇ ਇਸ ਫੈਸਲੇ, ਜੋ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਆਇਆ ਹੈ, ਨਾਲ ਕ੍ਰਿਕਟਰ ਤੋਂ ਸਿਆਸਤਦਾਨ ਬਣੇ 71 ਸਾਲਾ ਆਗੂਆਂ ਦੀਆਂ ਕਾਨੂੰਨੀ ਪੇਸ਼ਬੰਦੀਆਂ ਵਧ ਜਾਣਗੀਆਂ। ਖ਼ਾਨ ਭ੍ਰਿਸ਼ਟਾਚਾਰ ਨਾਲ ਜੁੜੇ ਇਕ ਹੋਰ ਕੇਸ ਵਿਚ ਪਹਿਲਾਂ ਹੀ ਤਿੰਨ ਸਾਲ ਦੀ ਸਜ਼ਾ ਕੱਟ ਰਿਹਾ ਹੈ।
ਇਹਤਸਾਬੀ ਕੋਰਟ ਦੇ ਜੱਜ ਮੁਹੰਮਦ ਬਸ਼ੀਰ ਨੇ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਚੱਲ ਰਹੀ ਸੁਣਵਾਈ ਦੌਰਾਨ ਕਿਹਾ ਕਿ ਖਾਨ ਤੇ ਉਨ੍ਹਾਂ ਦੀ ਬੇਗ਼ਮ ਉੱਤੇ ਦਸ ਸਾਲਾਂ ਲਈ ਕੋਈ ਵੀ ਸਰਕਾਰੀ ਅਹੁਦਾ ਗ੍ਰਹਿਣ ਕਰਨ ’ਤੇ ਪਾਬੰਦੀ ਰਹੇਗੀ। ਕੋਰਟ ਨੇ ਦੋਵਾਂ ਨੂੰ 78.7 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ। ਉਂਜ ਫੈਸਲਾ ਸੁਣਾਏ ਜਾਣ ਮੌਕੇ ਬੁਸ਼ਰਾ ਬੀਬੀ(49) ਕੋਰਟ ਵਿੱਚ ਮੌਜੂਦ ਨਹੀਂ ਸਨ, ਪਰ ਮਗਰੋਂ ਉਨ੍ਹਾਂ ਅਡਿਆਲਾ ਜੇਲ੍ਹ ਪੁੱਜ ਕੇ ਅਥਾਰਿਟੀਜ਼ ਅੱਗੇ ਆਤਮ-ਸਮਰਪਣ ਕਰ ਦਿੱਤਾ। ਇਸ ਤੋਂ ਪਹਿਲਾਂ ਕੋਰਟ ਦੀ ਕਾਰਵਾਈ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ‘‘ਕੋਰਟ ਇੰਨੀ ਕਾਹਲੀ ਵਿੱਚ ਕਿਉਂ ਹੈ? ਲੰਘੇ ਦਿਨ ਵੀ ਕਾਹਲ ਵਿੱਚ ਸਜ਼ਾ ਸੁਣਾਈ ਗਈ। ਮੇਰੇ ਵਕੀਲ ਇਥੇ ਨਹੀਂ ਹਨ। ਮੈਂ ਉਨ੍ਹਾਂ ਨੂੰ ਦਿਖਾਉਣ ਮਗਰੋਂ ਹੀ ਆਪਣਾ ਹਲਫ਼ਨਾਮਾ ਦਾਖ਼ਲ ਕਰਾਂਗਾ।’’ ਖਾਨ ਨੇ ਕਿਹਾ ਕਿ ਉਹ ਆਪਣੀ ਹਾਜ਼ਰੀ ਲਵਾਉਣ ਲਈ ਹੀ ਕੋਰਟ ਵਿੱਚ ਪੇਸ਼ ਹੋਇਆ ਹੈ। ਇਸ ਮਗਰੋਂ ਸਾਬਕਾ ਕ੍ਰਿਕਟਰ ਉਥੋਂ ਚਲਾ ਗਿਆ ਤੇ ਕੋਰਟ ਨੇ ਬਾਅਦ ਵਿੱਚ ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਬੇਗ਼ਮ ਦੀ ਗੌਰਮੌਜੂਦਗੀ ਵਿੱਚ ਸਜ਼ਾ ਸੁਣਾ ਦਿੱਤੀ। ਕੇਸ ਦਾ ਫੈਸਲਾ ਸੁਣਾਉਣ ਵਾਲੇ ਜੱਜ ਨੇ ਇਸ ਤੋਂ ਪਹਿਲਾਂ ਜੁਲਾਈ 2018 ਵਿੱਚ ਆਮ ਚੋਣਾਂ ਤੋਂ ਐਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵੀ ਸਜ਼ਾ ਸੁਣਾਈ ਸੀ।
ਉਧਰ ਪੀਟੀਆਈ ਦੇ ਮੌਜੂਦਾ ਮੁਖੀ ਗੌਹਰ ਖ਼ਾਨ ਨੇ ਕਿਹਾ ਕਿ ਇਸ ਫੈਸਲੇ ਨਾਲ ਨਿਆਂਪਾਲਿਕਾ ਦਾ ਹੀ ਕੱਦ ਘਟਿਆ ਹੈ। ਡਿਫੈਂਸ ਨੂੰ ਗਵਾਹਾਂ ਤੋਂ ਸਵਾਲ ਜਵਾਬ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਕੌਮੀ ਇਹਤਸਾਬ ਬਿਊਰੋ (ਐੱਨਏਬੀ) ਨੇ ਇਮਰਾਨ ਤੇ ਉਨ੍ਹਾਂ ਦੀ ਬੇਗ਼ਮ ਖਿਲਾਫ਼ ਨਵਾਂ ਕੇਸ ਦਰਜ ਕੀਤਾ ਸੀ। ਦੋਵਾਂ ’ਤੇ ਦੋਸ਼ ਸੀ ਕਿ ਉਨ੍ਹਾਂ ਸਾਊਦੀ ਸ਼ਹਿਜ਼ਾਦੇ ਕੋਲੋਂ ਮਿਲੇ 1.57 ਅਰਬ ਰੁਪਏ ਮੁੱਲ ਦੇ ਗਹਿਣੇ, ਜਿਸ ਵਿਚ ਗ਼ਲੇ ਦਾ ਹਾਰ, ਵਾਲੀਆਂ, ਬਰੇਸਲੈੱਟ ਤੇ ਮੁੰਦਰੀ ਸ਼ਾਮਲ ਸੀ, ਆਪਣੇ ਕੋਲ ਹੀ ਰੱਖ ਲਏ ਤੇ ਸਰਕਾਰੀ ਖ਼ਜ਼ਾਨੇ ਵਿੱਚ ਬਹੁਤ ਘੱਟ ਕੀਮਤ ਜਮ੍ਹਾਂ ਕਰਵਾਈ। ਖ਼ਾਨ ਤੇ ਬੁਸ਼ਰਾ ਨੇ ਗਹਿਣਿਆਂ ਲਈ 90 ਲੱਖ ਰੁਪਏ ਹੀ ਅਦਾ ਕੀਤੇ, ਜੋ ਨਿੱਜੀ ਫਰਮ ਵੱਲੋਂ ਨਿਰਧਾਰਿਤ ਕੀਤੇ ਗਏ ਸਨ। -ਪੀਟੀਆਈ

Advertisement

ਨਾਮਜ਼ਦਗੀਆਂ ਰੱਦ ਕਰਨ ਦੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜਾ ਇਮਰਾਨ

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਪੰਜਾਬ ਸੂਬੇ ਦੀਆਂ ਦੋ ਕੌਮੀ ਅਸੈਂਬਲੀ ਸੀਟਾਂ ਲਈ ਆਪਣੀ ਨਾਮਜ਼ਦਗੀ ਰੱਦ ਕੀਤੇ ਜਾਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਖ਼ਾਨ ਨੇ ਲਾਹੌਰ ਤੇ ਮੀਆਂਵਾਲੀ ਜ਼ਿਲ੍ਹਿਆਂ ਤੋਂ ਨਾਮਜ਼ਦਗੀਆਂ ਦਾਖਲ਼ ਕੀਤੀਆਂ ਸਨ ਪਰ ਰਿਟਰਨਿੰਗ ਅਧਿਕਾਰੀ ਤੇ ਅਪੀਲੀ ਟ੍ਰਿਬਿਊਨਲ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ‘ਤੋਸ਼ਾਖਾਨਾ ਤੇ ਭ੍ਰਿਸ਼ਟਾਚਾਰ ਕੇਸ’ ਵਿੱਚ ਦੋਸ਼ੀ ਠਹਿਰਾਣੇ ਜਾਣ ਮਗਰੋਂ ਮੌਲਿਕ ਅਧਾਰ ’ਤੇ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਸਨ। ਖ਼ਾਨ ਨੇ ਇਸ ਫੈਸਲੇ ਨੂੰ ਲਾਹੌਰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਪਰ ਉਥੋਂ ਵੀ ਸਾਬਕਾ ਕ੍ਰਿਕਟਰ ਨੂੰ ਕੋਈ ਰਾਹਤ ਨਹੀਂ ਮਿਲੀ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement