For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ’ਤੇ ਤਸ਼ੱਦਦ: ਟਰੈਕਟਰ ਮਾਰਚ ਤੇ ਪੁਤਲੇ ਫੂੁਕਣ ਦੀ ਰਣਨੀਤੀ ਉਲੀਕੀ

10:54 AM Feb 25, 2024 IST
ਕਿਸਾਨਾਂ ’ਤੇ ਤਸ਼ੱਦਦ  ਟਰੈਕਟਰ ਮਾਰਚ ਤੇ ਪੁਤਲੇ ਫੂੁਕਣ ਦੀ ਰਣਨੀਤੀ ਉਲੀਕੀ
ਸੁਨਾਮ ਵਿੱਚ ਮੀਟਿੰਗ ’ਚ ਸ਼ਾਮਲ ਬੀਕੇਯੂ ਏਕਤਾ ਉਗਰਾਹਾਂ ਦੇ ਕਾਰਕੁਨ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਫਰਵਰੀ
ਕੇਂਦਰ ਸਰਕਾਰ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ 26 ਫਰਵਰੀ ਨੂੰ ਸੜਕਾਂ ਤੇ ਟਰੈਕਟਰ ਖੜ੍ਹੇ ਕਰ ਕੇ ਰੋਸ ਪ੍ਰਦਰਸ਼ਨ ਕਰਨ ਅਤੇ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਫੂਕਣ ਦੇ ਦਿੱਤੇ ਸੱਦੇ ਦੀ ਤਿਆਰੀ ਸਬੰਧੀ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਸੁਤੰਤਰ ਭਵਨ ਸੰਗਰੂਰ ਵਿਖੇ ਹੋਈ।
ਬੀਕੇਯੂ ਡਕੌਂਦਾ ਬੁਰਜ ਗਿੱਲ ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ ਤੇ ਬੀਕੇਯੂ ਧਨੇਰ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ ਆਦਿ ਮੁਤਾਬਕ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਦੀ ਸ਼ਹਿ ’ਤੇ ਹਰਿਆਣਾ ਦੇ ਬਾਰਡਰਾਂ ਤੇ ਕਿਸਾਨਾਂ ਉੱਪਰ ਤਸ਼ੱਦਦ ਤੇ ਨੌਜਵਾਨ ਸ਼ੁਭਕਰਨ ਸਿੰਘ ਦੇ ਮੌਤ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿੱਜ ’ਤੇ 302 ਦਾ ਕੇਸ ਦਰਜ ਕੀਤਾ ਜਾਵੇ। ਇਸੇ ਕੜੀ ਤਹਿਤ ਮੋਰਚੇ ਦੇ ਸੱਦੇ ’ਤੇ 26 ਫਰਵਰੀ ਨੂੰ ਸੰਗਰੂਰ, ਭਵਾਨੀਗੜ੍ਹ, ਸੁਨਾਮ, ਦਿੜਬਾ, ਲਹਿਰਾਗਾਗਾ ਤੇ ਸ਼ੇਰਪੁਰ ’ਚ ਕੌਮੀ ਮਾਰਗਾਂ ’ਤੇ ਕਿਸਾਨਾਂ ਵੱਲੋਂ ਟਰੈਕਟਰ ਖੜ੍ਹੇ ਕਰ ਕੇ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ ਜਾਣਗੇ।
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਸੰਭੂ ਅਤੇ ਖਨੌਰੀ ਬਾਰਡਰਾਂ ’ਤੇ ਕਿਸਾਨਾਂ ਨਾਲ ਹੋ ਰਹੇ ਲਗਾਤਾਰ ਅੰਨ੍ਹੇਵਾਹ ਤਸ਼ੱਦਦ ਨੂੰ ਲੈ ਕੇ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਸੁਨਾਮ ਦੀ ਹੰਗਾਮੀ ਮੀਟਿੰਗ ਹੋਈ। ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਹੋਏ ਇਸ ਮੀਟਿੰਗ ਵਿੱਚ ਕੇਂਦਰ ਤੇ ਹਰਿਆਣਾ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ 26 ਤਰੀਕ ਦੇ ਟਰੈਕਟਰ ਮਾਰਚ ਲਈ ਲਾਮਬੰਦੀ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਹਰਿਆਣਾ ਪੁਲੀਸ ਵਲੋਂ ਹੱਕ ਮੰਗਦੇ ਕਿਸਾਨਾਂ ਉੱਤੇ ਕੀਤੇ ਭਾਰੀ ਤਸ਼ੱਦਦ ਦੀ ਸ਼ਖਤ ਨਿਖੇਧੀ ਅਤੇ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਆਉਂਦੀਆਂ ਚੋਣਾਂ ਵਿੱਚ ਇਸ ਸਬੰਧੀ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਇਸ ਕਾਰੇ ਖ਼ਿਲਾਫ਼ 26 ਫਰਵਰੀ ਨੂੰ ਕਿਸਾਨਾਂ ਵਲੋਂ ਰੋਸ ਟਰੈਕਟਰ ਮਾਰਚ ਕੱਢਿਆ ਜਾਵੇਗਾ ਜਦੋਂ ਕਿ 14 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਅੰਦਰ ਇੱਕ ਮਹਾਂਪੰਚਾਇਤ ਸੱਦ ਕੇ ਅਗਲੇਰੇ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਲਗਾਤਾਰ ਬੇਰੁਖੀ ਕਾਰਣ ਕਿਸਾਨ ਤੇ ਮਜ਼ਦੂਰ ਆਏ ਦਿਨ ਤੰਗੀਆਂ ਤੁਰਸ਼ੀਆਂ ਨਾਲ ਜੂਝਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਮਾਰਚ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
ਦਿੜ੍ਹਬਾ ਮੰਡੀ (ਪ਼ੱਤਰ ਪ੍ਰੇਰਕ): ਸਥਾਨਕ ਬੈਰਸੀਆਣਾ ਪਾਰਕ ’ਚ ਬੀਕੇਯੂ ਏਕਤਾ (ਉਗਰਾਹਾਂ) ਦੀ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਭਰਪੂਰ ਸਿੰਘ ਮੌੜਾਂ ਦੀ ਪ੍ਰਧਾਨਗੀ ਹੇਠ ਹੋਈ। ਕਿਸਾਨ ਆਗੂ ਨਾਇਬ ਸਿੰਘ ਗੁੱਜਰਾਂ ਅਤੇ ਭਰਪੂਰ ਸਿੰਘ ਮੌੜਾਂ ਨੇ ਕਿਹਾ ਕਿ ਸਮੂਹ ਪਿੰਡ ਇਕਾਈਆਂ ਨੇ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਜ਼ੁਲਮ ਦੀ ਨਿਖੇਧੀ ਕੀਤੀ ਤੇ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੱਸਿਆ ਕਿ ਅਬੂਧਾਬੀ ’ਚ ਹੋ ਰਹੀਆਂ ਡਬਲਯੂਟੀਓ ਦੀ ਮੀਟਿੰਗ ਦੇ ਵਿਰੋਧ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ ਕਿਸਾਨ ਅੰਦੋਲਨ ਦੇ ਹੱਕ ’ਚ 26 ਫਰਵਰੀ ਨੂੰ ਮੇਨ ਹਾਈਵੇਅ ’ਤੇ ਟਰੈਕਟਰ ਖੜ੍ਹੇ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਲਹਿਰਾਗਾਗਾ (ਪੱਤਰ ਪ੍ਰੇਰਕ): ਬੀਕੇਯੂ ਏਕਤਾ ਉਗਰਾਹਾਂ ਦੀ ਬਲਾਕ ਲਹਿਰਾਗਾਗਾ ਇਕਾਈ ਦੀ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ 25 ਪਿੰਡ ਇਕਾਈਆਂ ਦੇ ਕਿਸਾਨ ਆਗੂ ਮੀਟਿੰਗ ਵਿੱਚ ਸ਼ਾਮਲ ਹੋਏ। ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਦਿੱਲੀ ਜਾ ਰਹੇ ਕਿਸਾਨਾ ਨੂੰ ਨਾਕੇ ਲਾ ਕੇ ਰੋਕਣ ਦੀ ਕੇਂਦਰ ਅਤੇ ਹਰਿਆਣਾ ਸਰਕਾਰ ਦੀ ਕਾਰਵਾਈ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਕਰਾਰ ਦਿੱਤਾ। ਬਹਾਦਰ ਸਿੰਘ ਭੁਟਾਲ ਖੁਰਦ ਨੇ ਦੱਸਿਆ ਕਿ 26 ਫਰਵਰੀ ਨੂੰ ਬਲਾਕ ਲਹਿਰਾਗਾਗਾ ਦੀਆਂ ਸਾਰੀਆਂ ਪਿੰਡ ਇਕਾਈਆਂ ਵੱਲੋਂ ਪਾਤੜਾਂ ਸੰਗਰੂਰ ਮੇਨ ਰੋਡ ’ਤੇ ਟਰੈਕਟਰ ਖੜ੍ਹੇ ਕਰਕੇ ਮੁਜ਼ਾਹਰਾ ਕੀਤਾ ਜਾਵੇਗਾ। ਰੋਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਮੰਤਰੀ ਅਨਿਲ ਵਿੱਜ ਦੇ ਪੁਤਲੇ ਫੂਕੇ ਜਾਣਗੇ।
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਮਸਤੂਆਣਾ ਸਾਹਿਬ ਵਿਖੇ ਯੂਨੀਅਨ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ ਦੀ ਅਗਵਾਈ ਮੀਟੰਗ ਦੌਰਾਨ ਬਲਾਕ ਦੇ ਜਰਨਲ ਸਕੱਤਰ ਜਗਤਾਰ ਸਿੰਘ ਲੱਡੀ ਨੇ 26 ਫਰਵਰੀ ਨੂੰ ਮਹਿਲਾ ਚੌਕ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਅਤੇ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ।

Advertisement

ਮੋਰਚੇ ਦੀ ਹਮਾਇਤ ਨਾ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਦਾ ਹੋਵੇਗਾ ਬਾਈਕਾਟ

ਦੇਵੀਗੜ੍ਹ (ਪੱਤਰ ਪ੍ਰੇਰਕ): ਟਿਉਕਰ ਕਿਸਾਨ ਮੋਰਚਾ ਕਮੇਟੀ ਦੀ ਜ਼ਰੂਰੀ ਮੀਟਿੰਗ ਮਾਰਕੰਡਾ ਪੁੱਲ ’ਤੇ ਹੋਈ, ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਪੰਚ ਸਰਪੰਚ ਸ਼ਾਮਲ ਹੋਏ। ਇਸ ਵਿੱਚ ਵਕੀਲ ਭਾਈਚਾਰਾ ਵੀ ਸਮਰਥਨ ਲਈ ਸ਼ਾਮਲ ਹੋਇਆ। ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਫ਼ੈਸਲਾ ਕੀਤਾ ਗਿਆ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਇਲਾਕੇ ਵਿਚੋਂ ਇਸ ਧਰਨੇ ਦਾ ਸਮਰਥਨ ਨਹੀਂ ਕਰ ਰਹੀਆਂ ਉਨ੍ਹਾਂ ਦਾ ਪਿੰਡਾਂ ਵਿੱਚ ਬਾਈਕਾਟ ਕੀਤਾ ਜਾਵੇਗਾ। ਇਸ ਮੋਰਚੇ ’ਚ ਬੈਠੀ ਸੰਗਤ ਵੱਲੋਂ ਇਲਾਕਾ ਵਾਸੀਆਂ ਨੂੰ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਸੁਖਵਿੰਦਰ ਸਿੰਘ ਲਾਲੀ ਬਲਾਕ ਪ੍ਰਧਾਨ ਭੁਨਰਹੇੜੀ ਵੀ ਮੌਜੂਦ ਸਨ।

Advertisement
Author Image

sukhwinder singh

View all posts

Advertisement
Advertisement
×