ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਐੱਨ ਟਾਵਰ ਤੋਂ ਦਿਸਦਾ ਟੋਰਾਂਟੋ

07:29 AM Dec 04, 2024 IST

ਹਰਜੀਤ ਸਿੰਘ

Advertisement

ਕਹਾਵਤ ਹੈ ਕਿ ਜਿਸ ਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ। ਇਹ ਕਹਾਵਤ ਉਸ ਸਮੇਂ ਦੀ ਹੈ ਜਦੋਂ ਲਾਹੌਰ ਸਾਂਝੇ ਪੰਜਾਬ ਦੀ ਰਾਜਧਾਨੀ ਸੀ। ਭਾਰਤ ਵਾਲੇ ਪਾਸਿਓਂ ਤਾਂ ਮੌਜੂਦਾ ਪੀੜ੍ਹੀ ਵਿੱਚੋਂ ਕਿਸੇ ਵਿਰਲੇ ਨੇ ਹੀ ਲਾਹੌਰ ਵੇਖਿਆ ਹੋਣਾ ਹੈ। ਪਰ ਇਹ ਸੱਚ ਹੈ ਕਿ ਤੁਸੀਂ ਜੇਕਰ ਟੋਰਾਂਟੋ ਰਹਿੰਦੇ ਹੋਏ ਸੀਐੱਨ ਟਾਵਰ ਨਹੀਂ ਵੇਖਿਆ ਤਾਂ ਤੁਸੀਂ ਟੋਰਾਂਟੋ ਵੀ ਵੇਖਿਆ ਨਹੀਂ। ਵੈਸੇ, ਦੁਨੀਆ ਦਾ ਇੱਕ ਅਜੁੂਬਾ ਨਿਆਗਰਾ ਫਾਲ, ਓਂਟਾਰੀਓ ਵਿੱਚ ਪੈਂਦਾ ਹੈ ਅਤੇ ਟੋਰਾਂਟੋ, ਓਂਟਾਰੀੳ ਦਾ ਹਿੱਸਾ ਹੈ।
ਟੋਰਾਂਟੋ ਦੇ ਨਾਲ ਹੀ ਸੇਂਟ ਲਾਰੈਂਸ ਮਾਰਕੀਟ, ਪੁਰਾਣਾ ਰੇਲਵੇ ਸਟੇਸ਼ਨ, ਲੱਕੜ ਦੇ ਬਣੇ ਰੇਲ ਇੰਜਣ, ਪੁਰਾਣੀਆਂ ਰੇਲ ਗੱਡੀਆਂ, ਥੋੜ੍ਹੀ ਹੀ ਦੂਰ ਆਈਲੈਂਡ, ਡਾਊਨ ਟਾਊਨ, ਆਸਮਾਨ ਨੂੰ ਛੂੰਹਦੀਆਂ ਇਮਾਰਤਾਂ ਆਦਿ ਵੇਖ ਕੇ ਤੁਹਾਡੇ ਮੂੰਹੋਂ ਜ਼ਰੂਰ ਨਿਕਲਦਾ ਹੈ ਕਿ ਵਾਹ ਬੰਦਿਆ, ਤੇਰਾ ਕਮਾਲ ਨਹੀਂ, ਤੂੰ ਕੀ ਕੁਝ ਬਣਾਇਆ ਹੈ। ਚਲੋ ਅੱਜ ਆਪਾ ਸਿਰਫ਼ ਸੀਐੱਨ ਟਾਵਰ ਦੀ ਹੀ ਗੱਲ ਕਰਦੇ ਹਾਂ। ਮੈਨੂੰ, ਭਾਰਤ ਦਾ ਕੁਤਬ ਮੀਨਾਰ ਅਤੇ ਫਤਹਿਪੁਰ ਸੀਕਰੀ ਦਾ ਬੁਲੰਦ ਦਰਵਾਜ਼ਾ ਯਾਦ ਆ ਗਏ। ਮੈਂ ਇਨ੍ਹਾਂ ਨੂੰ ਪੁਰਾਣੇ ਸਮੇਂ ਦੇ ਟਾਵਰ ਹੀ ਕਹਿ ਸਕਦਾ ਹਾਂ। ਏਨੇ ਏਨੇ ਉੱਚੇ ਟਾਵਰ ਬਣਾਏ ਹੀ ਕਿਉਂ ਜਾਂਦੇ ਹਨ। ਇਸ ਦਾ ਕਾਰਨ ਸ਼ਾਇਦ ਆਪਣੀ ਤਾਕਤ ਦਾ ਵਿਖਾਵਾ ਕਰਨਾ ਅਤੇ ਬਰਾਡ ਕਾਸਟ ਸਿਸਟਮ ਆਦਿ ਹਨ।
ਸੀਐੱਨ ਟਾਵਰ ਕੈਨੇਡੀਅਨ ਨੈਸ਼ਨਲ ਰੇਲਵੇ ਵੱਲੋਂ ਆਪਣੀ ਇੰਡਸਟਰੀ ਦੀ ਤਾਕਤ ਦਾ ਮੁਜ਼ਾਹਰਾ ਕਰਨ ਵਾਸਤੇ 1976 ਵਿੱਚ 1537 ਵਰਕਰਾਂ ਨੇ 24 ਘੰਟੇ, ਹਫ਼ਤੇ ਵਿੱਚ ਪੰਜ ਦਿਨ ਕੰਮ ਕਰਕੇ 40 ਮਹੀਨਿਆਂ ਵਿੱਚ ਪੂਰਾ ਕੀਤਾ ਸੀ। ਗਿੰਨੀਜ਼ ਬੁੱਕ ਵੱਲੋਂ ਇਸ ਨੂੰ ਦੁਨੀਆ ਦਾ ਸਭ ਤੋਂ ਉੱਚਾ ਟਾਵਰ ਐਲਾਨਿਆ ਗਿਆ ਅਤੇ ਇਹ ਰਿਕਾਰਡ ਤੀਹ ਸਾਲ ਤੱਕ ਕਾਇਮ ਰਿਹਾ। ਇਸ ਦੀ ਉਚਾਈ 5,533 ਮੀਟਰ ਹੈ। ਸੀਐੱਨ ਦਾ ਮਤਲਬ ਹੈ ਕੈਨੇਡੀਅਨ ਨੈਸ਼ਨਲ। ਇਸ ਦੇ ਨਿਰਮਾਣ ’ਤੇ 63 ਮਿਲੀਅਨ ਡਾਲਰ ਖ਼ਰਚ ਆਇਆ। ਇਨ੍ਹਾਂ ਦੀ ਇੱਕ ਸਟੱਡੀ ਮੁਤਾਬਿਕ, ਜੇਕਰ ਇਸ ਵਿੱਚ ਜਹਾਜ਼ ਵੀ ਵੱਜ ਜਾਵੇ ਤਾਂ ਇਹ ਡਿੱਗੇਗਾ ਨਹੀਂ, ਹਾਂ ਇਸ ਨੂੰ ਨੁਕਸਾਨ ਜ਼ਰੂਰ ਹੋਵੇਗਾ।
ਸਾਲ 1960 ਵਿੱਚ ਟੋਰਾਂਟੋ ਦੇ ਆਲੇ ਦੁਆਲੇ ਆਸਮਾਨ ਛੂੰਹਦੀਆਂ ਇਮਾਰਤਾਂ ਦਾ ਹੜ੍ਹ ਆ ਗਿਆ। ਇਹ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਇਮਾਰਤਾਂ ਵਿੱਚ ਰਹਿਣ ਲਈ ਜਿੰਨੀ ਉੱਪਰਲੀ ਮੰਜ਼ਿਲ ’ਤੇ ਘਰ ਖਰੀਦੋਗੇ, ਓਨਾ ਹੀ ਮਹਿੰਗਾ ਹੋਵੇਗਾ। ਜਿਉਂ ਜਿਉਂ ਤੁਸੀਂ ਉੱਪਰਲੀ ਮੰਜ਼ਿਲ ਚੁਣਦੇ ਹੋ, ਰੇਟ ਆਸਮਾਨ ਨੂੰ ਛੂੰਹਦਾ ਜਾਂਦਾ ਹੈ। ਅਜਿਹੀਆਂ ਬਿਲਡਿੰਗਾਂ ਨੂੰ ਦੇਖਣ ਲਈ ਜਦੋਂ ਕੋਈ ਸਰਦਾਰ ਵਿਅਕਤੀ ਆਸਮਾਨ ਵੱਲ ਵੇਖਦਾ ਹੈ ਤਾਂ ਉਸ ਨੂੰ ਪੱਗ ’ਤੇ ਹੱਥ ਰੱਖਣਾ ਪੈਂਦਾ ਹੈ। ਆਸਮਾਨ ਛੂੰਹਦੀਆਂ ਇਮਾਰਤਾਂ ਨੇ ਡਾਊਨ ਟਾਊਨ ਟੋਰਾਂਟੋ ਦੇ ਉਸ ਸਮੇਂ ਦੇ ਨੈੱਟਵਰਕ ਦਾ ਸਤਿਆਨਾਸ ਕਰ ਦਿੱਤਾ ਕਿਉਂਕਿ ਇਹ ਏਨੇ ਉੱਚੇ ਨਹੀਂ ਸਨ ਕਿ ਬਰਾਡ ਕਾਸਟ ਕਰ ਸਕਣ। ਸੀਐੱਨ ਟਾਵਰ ਨੇ ਇਹ ਸਮਸਿਆ ਹੱਲ ਕਰ ਦਿੱਤੀ।
ਸੀਐੱਨ ਟਾਵਰ ਵੇਖਣ ਲਈ ਆਨਲਾਈਨ ਟਿਕਟ ਲੈਣੀ ਪੈਂਦੀ ਹੈ। ਟਿਕਟਾਂ ਦੋ ਤਰ੍ਹਾਂ ਦੀਆਂ ਹਨ। ਇੱਕ ਟਿਕਟ ’ਤੇ ਤੁਸੀਂ ਅਪਰ ਅਬਜ਼ਰਵੇਸ਼ਨ ਡੈੱਕ ’ਤੇ ਜਾ ਸਕਦੇ ਹੋ। ਜੇਕਰ 11 ਮੰਜ਼ਿਲਾਂ ਹੋਰ ਜਾਣਾ ਹੈ ਤਾਂ 11 ਡਾਲਰ ਦੀ ਹੋਰ ਟਿਕਟ ਲਓ। ਦੂਜੀ ਟਿਕਟ ਮਹਿੰਗੀ ਹੈ। 100 ਡਾਲਰ ਪ੍ਰਤੀ ਵਿਅਕਤੀ, ਪਰ ਇਸ ਦੇ ਵਿੱਚ ਹੀ ਖਾਣਾ ਸ਼ਾਮਲ ਹੁੰਦਾ ਹੈ ਅਤੇ ਘੁੰਮਦੇ ਰੈਸਟੋਰੈਂਟ ’ਤੇ ਤੁਹਾਡੀ ਸੀਟ ਬੁੱਕ ਕਰ ਦਿੱਤੀ ਜਾਂਦੀ ਹੈ। ਤੁਸੀਂ ਬੈਠੇ ਬੈਠੇ ਖਾਣਾ ਆਦਿ ਖਾਓ। ਘੁੰਮਦਾ ਰੈਸਟੋਰੈਂਟ ਤੁਹਾਨੂੰ ਆਲੇ ਦੁਆਲੇ ਦਾ ਨਜ਼ਾਰਾ ਵਿਖਾਉਂਦਾ ਹੈ। 72 ਮਿੰਟ ਵਿੱਚ ਇੱਕ ਚੱਕਰ ਪੂਰਾ ਹੁੰਦਾ ਹੈ। ਦੂਜੀ ਸਸਤੀ ਟਿਕਟ ਵਿੱਚ ਤੁਹਾਨੂੰ ਘੁੰਮਣਾ ਪੈਂਦਾ ਹੈ। ਇਹ ਮੰਜ਼ਿਲ ਟਾਵਰ ਦੇ ਆਲੇ ਦੁਆਲੇ ਬਣੀ ਹੋਈ ਹੈ ਜਿਸ ਦੀ ਛੱਤ ’ਤੇ ਸ਼ੀਸ਼ਾ ਲੱਗਾ ਹੋਇਆ ਹੈ। ਬਾਹਰ ਦੇਖਣ ਲਈ ਫਰਸ਼ ਤੋਂ ਛੱਤ ਤੱਕ ਸ਼ੀਸ਼ਾ ਲੱਗਾ ਹੋਇਆ ਹੈ। ਤੁਸੀਂ ਪੌੜੀਆਂ ਵੀ ਚੜ੍ਹ ਸਕਦੇ ਹੋ। ਇਹ ਸਮਾਂ ਸਵੇਰੇ 6 ਤੋਂ 10 ਵਜੇ ਤੱਕ ਦਾ ਹੈ। ਉਸ ਤੋਂ ਬਾਅਦ ਨਹੀਂ। ਪਰ ਪੌੜੀਆਂ ਜਨਤਾ ਵਾਸਤੇ ਖੁੱਲ੍ਹੀਆਂ ਨਹੀਂ ਹੁੰਦੀਆਂ। ਇਹ ਸਿਰਫ਼ ਐਮਰਜੈਂਸੀ ਵਾਸਤੇ ਹਨ। ਉਂਜ ਲਿਫਟ ਸਭ ਤੋਂ ਵਧੀਆ ਹੈ। ਲਿਫਟ ਦੀ ਸਪੀਡ ਸੁਣੋ 1600 ਫੁੱਟ ਪ੍ਰਤੀ ਮਿੰਟ।
ਸਾਫ਼ ਆਸਮਾਨ ਵਾਲੇ ਦਿਨ ਤੁਸੀਂ ਸੀਐੱਨ ਟਾਵਰ ਤੋਂ 160 ਕਿਲੋਮੀਟਰ (100 ਮੀਲ) ਦੂਰ ਤੱਕ ਵੇਖ ਸਕਦੇ ਹੋ। ਜੇਕਰ ਤੁਹਾਡੇ ਕੋਲ ਟੋਰਾਂਟੋ ਪਬਲਿਕ ਲਾਇਬ੍ਰੇਰੀ ਦਾ ਕਾਰਡ ਹੈ ਤਾਂ ਤੁਹਾਡਾ ਦਾਖਲਾ ਮੁਫ਼ਤ ਹੈ। ਇੱਥੇ ਰੁਕਣ ਦੀ ਕੋਈ ਸਮਾਂ ਸੀਮਾ ਨਹੀਂ ਹੈ। ਜਾਂਦਿਆਂ ਸਾਰ ਤਾਂ ਤੁਸੀਂ ਕੰਢੇ ’ਤੇ ਪੈਰ ਰੱਖਣ ਤੋਂ ਵੀ ਡਰਦੇ ਹੋ, ਪਰ ਇਹ ਸੁਰੱਖਿਅਤ ਹੈ। ਜਾਣ ਦਾ ਵਧੀਆ ਸਮਾਂ ਸ਼ਾਮ ਦਾ ਹੈ। ਸੂਰਜ ਡੁੱਬਣ ਤੋਂ ਇੱਕ ਘੰਟਾ ਪਹਿਲਾਂ ਪਹੁੰਚ ਜਾਓ। ਆਲਾ ਦੁਆਲਾ ਵੇਖੋ। ਜਿਹੜੀਆਂ ਬਿਲਡਿੰਗਾਂ ਜ਼ਮੀਨ ’ਤੇ ਵੇਖਿਆਂ ਆਸਮਾਨ ਨੂੰ ਛੂੰਹਦੀਆਂ ਲੱਗਦੀਆਂ ਸਨ, ਹੁਣ ਉੱਪਰ ਜਾ ਕੇ ਸੀਐੱਨ ਟਾਵਰ ਦੇ ਸਾਹਮਣੇ ਬੌਣੀਆਂ ਲੱਗਦੀਆਂ ਹਨ। ਸੜਕ ’ਤੇ ਚੱਲਦੀਆਂ ਕਾਰਾਂ ਬੱਚਿਆਂ ਦੇ ਖਿਡੌਣੇ ਵਰਗੀਆਂ ਲੱਗਦੀਆਂ ਹਨ। ਨਜ਼ਦੀਕ ਟਾਪੂ ’ਤੇ ਬਣੇ ਹਵਾਈ ਅੱਡੇ ’ਤੇ ਉਤਰਦੇ ਅਤੇ ਚੜ੍ਹਦੇ ਜਹਾਜ਼ ਤੁਹਾਡੇ ਤੋਂ ਬਹੁਤ ਥੱਲੇ ਦਿਸਦੇ ਹਨ। ਏਨੇ ਚਿਰ ਨੂੰ ਸੂਰਜ ਡੁੱਬਣ ਦਾ ਸਮਾਂ ਹੋ ਗਿਆ ਸੀ। ਲੋਕ ਇਹ ਅਦਭੁੱਤ ਨਜ਼ਾਰਾ ਦੇਖਣ ਲਈ ਆਪਣੇ ਮੋਬਾਈਲ ਫੜ ਕੇ ਤਆਰ ਬਰ ਤਿਆਰ ਸਨ।
ਮੈਂ ਜਦੋਂ ਕੰਨਿਆਕੁਮਾਰੀ ਗਿਆ ਸੀ ਤਾਂ ਸ਼ਾਮ ਨੂੰ ਸੂਰਜ ਡੁੱਬਣ ਦਾ ਨਜ਼ਾਰਾ ਨਾ ਵੇਖ ਸਕਿਆ ਕਿਉਂਕਿ ਉਸ ਸਮੇਂ ਬੱਦਲਾਂ ਨੇ ਸੂਰਜ ਨੂੰ ਢਕ ਲਿਆ ਸੀ। ਜੈਸਲਮੇਰ ਵੀ ਸੂਰਜ ਡੁੱਬਣ ਦਾ ਨਜ਼ਾਰਾ ਨਾ ਵੇਖ ਸਕਿਆ ਕਿਉਂਕਿ ਅਸੀਂ ਲੇਟ ਹੋ ਗਏ ਸੀ। ਅੱਜ ਇਹ ਸੁਨਹਿਰਾ ਮੌਕਾ ਸੀ। ਸੂਰਜ ਤੇਜ਼ੀ ਨਾਲ ਥੱਲੇ ਜਾ ਰਿਹਾ ਸੀ। ਸੂਰਜ ਦੀਆਂ ਕਿਰਨਾਂ ਨੇ ਸਮੁੰਦਰ ’ਤੇ ਅਜੀਬ ਵਰਤਾਰਾ ਕਰ ਦਿੱਤਾ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸੁਨਹਿਰੀ ਤਾਰੇ ਸਮੁੰਦਰ ਵਿੱਚ ਚਮਕ ਰਹੇ ਹੋਣ। ਸੂਰਜ ਤੋਂ ਸ਼ੁਰੂ ਹੋ ਕੇ ਸਮੁੰਦਰ ਦੇ ਕੰਢੇ ਤੱਕ ਇਹ ਨਜ਼ਾਰਾ ਵਿਖਾਈ ਦੇ ਰਿਹਾ ਸੀ। ਕੈਮਰੇ ਦੀਆਂ ਫੋਟੋਆਂ ਉਹ ਨਜ਼ਾਰਾ ਪੇਸ਼ ਨਹੀਂ ਕਰ ਸਕਦੀਆਂ ਜੋ ਤੁਸੀਂ ਆਪਣੀਆਂ ਅੱਖਾਂ ਅਤੇ ਮਨ ਦੀਆਂ ਅੱਖਾਂ ਨਾਲ ਵੇਖ ਸਕਦੇ ਹੋ। ਸੂਰਜ ਤੇਜ਼ੀ ਨਾਲ ਸਮੁੰਦਰ ਦੀ ਬੁੱਕਲ ਵਿੱਚ ਲੁਕ ਗਿਆ ਅਤੇ ਆਪਣਾ ਨਜ਼ਾਰਾ ਵੀ ਨਾਲ ਲੈ ਗਿਆ। ਹੁਣ, ਸ਼ਹਿਰ ਦੀਆਂ ਲਾਈਟਾਂ ਵੀ ਜਗਣੀਆਂ ਸ਼ੁਰੂ ਹੋ ਗਈਆਂ ਸਨ। ਜਿੰਨਾ ਸੋਹਣਾ ਸ਼ਹਿਰ ਤੁਹਾਨੂੰ ਦਿਨ ਵੇਲੇ ਲੱਗਦਾ ਹੈ, ਓਨਾ ਹੀ ਸੋਹਣਾ ਰਾਤ ਨੂੰ ਵੀ ਲੱਗਦਾ ਹੈ। ਜਿਵੇਂ ਸ਼ਹਿਰ ਰਾਤ ਨੂੰ ਸੌਂਦਾ ਨਹੀਂ, ਬਲਕਿ ਜਾਗਦਾ ਹੈ।
ਉੱਪਰੋਂ ਦਿਖਾਈ ਦੇ ਰਹੀ ਓਂਟਾਰੀਓ ਲੇਕ ਬਾਰੇ ਭੂਤਾਂ ਆਦਿ ਦੀਆਂ ਕਈ ਕਹਾਣੀਆਂ ਪ੍ਰਚੱਲਿਤ ਹਨ ਜਿਵੇਂ ਕਿ 1812 ਦੀ ਜੰਗ ਵਿੱਚ ਅਮਰੀਕਨ ਅਤੇ ਬਿ਼ਟਿਸ਼ ਜਹਾਜ਼ ਇਸ ਲੇਕ ’ਤੇ ਖੜ੍ਹੇ ਸਨ ਕਿ ਅਚਾਨਕ ਜਬਰਦਸਤ ਤੂਫਾਨ ਨੇ ਸਭ ਕੁਝ ਤਬਾਹ ਕਰ ਦਿੱਤਾ। ਇੱਕ ਮਲਾਹ ਜਿਹੜਾ ਬਚ ਗਿਆ ਸੀ ਉਸ ਨੇ ਦੱਸਿਆ ਕਿ ਇਕਦਮ ਏਨੀ ਬਿਜਲੀ ਚਮਕੀ ਅਤੇ ਮੀਂਹ ਪਿਆ ਕਿ ਬਹੁਤ ਥੋੜ੍ਹੇ ਸਮੇਂ ਵਿੱਚ ਸਭ ਕੁਝ ਤਬਾਹ ਹੋ ਗਿਆ। ਮਲਾਹ ਕਈ ਕਹਾਣੀਆਂ ਦੱਸਦੇ ਹਨ ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਇੱਕ ਦਿਨ ਕਾਲੀ ਬੋਲੀ ਰਾਤ ਵਿੱਚ ਦੋ ਭੂਤ ਧੁੰਦ ਵਿੱਚ ਜਹਾਜ਼ ਵਿੱਚੋਂ ਬਾਹਰ ਆਉਂਦੇ ਹਨ। ਉਨ੍ਹਾਂ ’ਤੇ ਖਲੋਤੇ ਵਿਅਕਤੀ ਬਿਨਾਂ ਹਰਕਤ ਤੋਂ ਹਨ ਅਤੇ ਫਿਰ ਅਚਾਨਕ ਸਭ ਕੁਝ ਲੋਪ ਹੋ ਜਾਂਦਾ ਹੈ। 1942 ਵਿੱਚ ਇੱਕ ਜਹਾਜ਼ ਦੇ ਮੁਲਾਜ਼ਮ ਨੇ ਸੂਰਜ ਡੁੱਬਣ ਵੇਲੇ ਅਜਿਹੇ ਜਹਾਜ਼ ਵੇਖੇ ਅਤੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਕਿਆਮਤ ਦਾ ਦਿਨ ਨੇੜੇ ਹੈ। ਸਵੇਰੇ ਉਸ ਦੀ ਮੌਤ ਹੋ ਗਈ। ਇਹ ਕਹਾਣੀ ਸੀਐੱਨ ਟਾਵਰ ਦੀ ਇੱਕ ਕੰਧ ’ਤੇ ਲਿਖੀ ਹੋਈ ਹੈ। ਇਸ ਦੇ ਨਾਲ ਫੋਟੋ ਵੀ ਲਗਾਈ ਹੋਈ ਹੈ। ਇਹ ਨਾ ਸਮਝਿਓ ਕਿ ਸਿਰਫ਼ ਅਸੀਂ ਹੀ ਵਹਿਮੀ ਅਤੇ ਭੂਤਾਂ ਪ੍ਰੇਤਾਂ ਵਿੱਚ ਵਿਸ਼ਵਾਸ ਕਰਦੇ ਹਾਂ। ਗੋਰੇ ਸਾਡੇ ਤੋਂ ਵੀ ਅੱਗੇ ਹਨ।
ਇਸ ਮੰਜ਼ਿਲ ਦੇ ਹੇਠਾਂ ਇੱਕ ਹੋਰ ਮੰਜ਼ਿਲ ’ਤੇ ਤੁਸੀਂ ਜਾ ਸਕਦੇ ਹੋ ਜਿਸ ਨੂੰ ਲੋਅਰ ਅਬਜ਼ਰਵੇਸ਼ਨ ਲੈਵਲ ਕਿਹਾ ਜਾਂਦਾ ਹੈ। ਇੱਥੇ ਜਾਣ ਲਈ ਲਿਫਟ ਜਾਂ ਪੌੜੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਮੰਜ਼ਿਲ ਦਾ ਕੁਝ ਹਿੱਸਾ ਅਜਿਹਾ ਹੈ ਜਿਸ ਦੇ ਬਨੇਰਿਆਂ ’ਤੇ ਸ਼ੀਸ਼ਾਂ ਨਹੀਂ ਲੱਗਿਆ। ਇੱਥੇ ਏਨੀ ਤੇਜ਼ ਅਤੇ ਠੰਢੀ ਹਵਾ ਸੀ ਕਿ ਜ਼ਿਆਦਾ ਸਮਾਂ ਠਹਿਰਨਾ ਔਖਾ ਸੀ। ਬਾਕੀ ਹਿੱਸੇ ’ਤੇ ਟੀਵੀ ਚੱਲ ਰਹੇ ਸਨ ਜਿਨ੍ਹਾਂ ’ਤੇ ਵਾਤਾਵਰਨ ਪ੍ਰੇਮੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ। ਹੋਰ ਜ਼ਿਆਦਾ ਕੁਝ ਵੇਖਣ ਲਈ ਨਹੀਂ ਸੀ। ਵਾਪਸ ਜਾਣ ਲਈ ਰਸਤਾ ਲੱਭਿਆ। ਲਿਫਟ ਆ ਗਈ ਸੀ ਅਤੇ ਅਸੀਂ ਥੱਲੇ ਪਹੁੰਚ ਗਏੇ। ਇਹ ਸਾਡੇ ਯਾਦਗਾਰੀ ਪਲ ਹੋ ਨਿੱਬੜੇ।
ਸੰਪਰਕ: 92177-01415 (ਵਟਸਐਪ)

Advertisement
Advertisement