ਟੋਰਾਂਟੋ ਕਬੱਡੀ ਸੀਜ਼ਨ: ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਬਣਿਆ ਓਵਰਆਲ ਚੈਂਪੀਅਨ
ਸੁਰਿੰਦਰ ਮਾਵੀ
ਵਿਨੀਪੈਗ, 29 ਜੁਲਾਈ
ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਝੰਡੇ ਹੇਠ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਕਰਵਾਇਆ ਕਬੱਡੀ ਕੱਪ ਦਾ ਟੋਰਾਂਟੋ ਸੀਜ਼ਨ ਨੇਪਰੇ ਚੜ੍ਹ ਗਿਆ ਹੈ। ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਇਸ ਸੀਜ਼ਨ ਦੀ ਓਵਰਆਲ ਚੈਂਪੀਅਨ ਬਣੀ। ਇਸ ਟੀਮ ਨੇ ਸੀਜ਼ਨ ਦੌਰਾਨ ਚੌਥਾ ਕੱਪ ਜਿੱਤਿਆ। ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਕੱਪ ਦੌਰਾਨ ਦੂਸਰਾ ਸਥਾਨ ਹਾਸਲ ਕੀਤਾ। ਇਸ ਦੌਰਾਨ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕਬੱਡੀ ਲਈ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ। ਕੈਨੇਡਾ ’ਚ ਕਬੱਡੀ ਦਾ ਇਹ ਪਹਿਲਾ ਸਟੇਡੀਅਮ ਹੋਵੇਗਾ।
ਦੁਨੀਆਂ ਦੀ ਸਭ ਤੋਂ ਮਹਿੰਗੀ ਕਬੱਡੀ ਵਜੋਂ ਪ੍ਰਸਿੱਧ ਟੋਰਾਂਟੋ ਕਬੱਡੀ ਸੀਜ਼ਨ-2024 ਦੌਰਾਨ ਭੂਰੀ ਛੰਨਾ ਨੇ ਸਰਵੋਤਮ ਧਾਵੀ ਤੇ ਸ਼ੀਲੂ ਬਾਹੂ ਅਕਬਰਪੁਰ ਨੇ ਸਰਵੋਤਮ ਜਾਫੀ ਦਾ ਮਾਣ ਹਾਸਲ ਕੀਤਾ। ਆਖ਼ਰੀ ਤੇ ਸੱਤਵੇਂ ਕੱਪ ਦੌਰਾਨ ਯਾਦਾ ਸੁਰਖਪੁਰ ਤੇ ਬੰਟੀ ਟਿੱਬਾ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ।
ਜੂਨੀਅਰ ਟੀਮਾਂ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਛੇਵਾਂ ਖ਼ਿਤਾਬ ਜਿੱਤ ਕੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਕੱਪ ਦੇ ਪਹਿਲੇ ਮੈਚ ਵਿੱਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ 35-32.5 ਅੰਕਾਂ ਨਾਲ ਹਰਾਇਆ। ਦੂਸਰੇ ਮੈਚ ਵਿੱਚ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ 38.5-29 ਅੰਕਾਂ ਨਾਲ ਹਰਾਇਆ। ਇੰਟਰਨੈਸ਼ਨਲ ਕਲੱਬ ਵੱਲੋਂ ਧਾਵੀ ਰਵੀ ਕੈਲਰਮ, ਚਿੱਤਪਾਲ ਚਿੱਟੀ, ਮਲਕੀਤ ਧਮਤਾਨ ਸਾਹਿਬ ਤੇ ਦੁੱਲਾ ਬੱਗਾ ਪਿੰਡ, ਖੁਸ਼ੀ ਦੁੱਗਾ ਨੇ ਜੁਝਾਰੀ ਖੇਡ ਦਿਖਾਈ। ਤੀਸਰੇ ਮੈਚ ਓਂਟਾਰੀਓ ਕਬੱਡੀ ਕਲੱਬ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ’ਤੇ ਸਿਰਫ਼ ਅੱਧੇ (30.5-30) ਅੰਕ ਨਾਲ ਜਿੱਤ ਹਾਸਲ ਕੀਤੀ। ਚੌਥੇ ਮੈਚ ਵਿੱਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਜੀਟੀਏ ਕਬੱਡੀ ਕਲੱਬ ਦੀ ਟੀਮ ਨੂੰ 37-33.5 ਅੰਕਾਂ ਨਾਲ ਹਰਾਇਆ।
ਪਹਿਲੇ ਸੈਮੀਫਾਈਨਲ ’ਚ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਓਨਟਾਰੀਓ ਕਬੱਡੀ ਕਲੱਬ ਦੀ ਟੀਮ ਨੂੰ 42-29 ਅੰਕਾਂ ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ। ਦੂਸਰੇ ਸੈਮੀਫਾਈਨਲ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੂੰ 39.5-35 ਅੰਕਾਂ ਨਾਲ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ। ਇੱਕਪਾਸੜ ਫਾਈਨਲ ਮੁਕਾਬਲੇ ’ਚ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ 42.5-22 ਅੰਕਾਂ ਨਾਲ ਹਰਾਇਆ। ਬੰਟੀ ਟਿੱਬਾ ਸਰਵੋਤਮ ਧਾਵੀ ਬਣਿਆ। ਇਸ ਕਬੱਡੀ ਸੀਜ਼ਨ ਦੌਰਾਨ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਜਸ ਛੋਕਰ, ਚੇਅਰਮੈਨ ਇੰਦਰਜੀਤ ਧੁੱਗਾ, ਮੀਤ ਪ੍ਰਧਾਨ ਸ਼ੇਰਾ ਮੰਡੇਰ, ਮੇਜਰ ਨੱਤ ਸਕੱਤਰ, ਰਾਣਾ ਸਿੱਧੂ ਖ਼ਜ਼ਾਨਚੀ, ਮਲਕੀਤ ਦਿਉਲ ਡਾਇਰੈਕਟਰ, ਸੁੱਖਾ ਰੰਧਾਵਾ ਡਾਇਰੈਕਟਰ ਤੇ ਸਮੂਹ ਮੈਂਬਰ ਸਾਹਿਬਾਨਾਂ ਦੀ ਅਗਵਾਈ ’ਚ ਕਈ ਨਵੇਂ ਨਿਯਮ ਬਣਾਏ ਜਿਨ੍ਹਾਂ ਨਾਲ ਓਂਟਾਰੀਓ ਦੀ ਕਬੱਡੀ ਦਾ ਮਿਆਰ ਹੋਰ ਉੱਚਾ ਕਰ ਦਿੱਤਾ।