For the best experience, open
https://m.punjabitribuneonline.com
on your mobile browser.
Advertisement

ਤੋਰੀਆ: ਖੇਤੀ ਵੰਨ ਸੁਵੰਨਤਾ ਲਈ ਢੁਕਵਾਂ ਬਦਲ

11:03 AM Sep 21, 2024 IST
ਤੋਰੀਆ  ਖੇਤੀ ਵੰਨ ਸੁਵੰਨਤਾ ਲਈ ਢੁਕਵਾਂ ਬਦਲ
Advertisement

ਪ੍ਰਭਜੀਤ ਕੌਰ/ਸੰਜੀਵ ਕੁਮਾਰ ਕਟਾਰੀਆ*

ਤੋਰੀਆ ਹਾੜ੍ਹੀ ਰੁੱਤ ਦੀ ਇੱਕ ਤੇਲ ਬੀਜ ਫ਼ਸਲ ਹੈ ਜੋ ਘੱਟ ਸਮੇਂ ਦੀ ਹੋਣ ਕਰ ਕੇ ਬਹੁ-ਫ਼ਸਲੀ ਪ੍ਰਣਾਲੀ ਵਿੱਚ ਫਿੱਟ ਬੈਠਦੀ ਹੈ ਅਤੇ ਖੇਤੀ ਵੰਨ ਸੁਵੰਨਤਾ ਲਈ ਚੰਗਾ ਵਿਕਲਪ ਹੈ। ਇਸ ਦੀ ਕਾਸ਼ਤ ਚੰਗੇ ਜਲ ਨਿਕਾਸ ਵਾਲੀਆਂ, ਹਲਕੀਆਂ ਮੈਰਾ ਅਤੇ ਦਰਮਿਆਨੀਆਂ ਭਾਰੀਆਂ ਜ਼ਮੀਨਾਂ ਵਿੱਚ ਕੀਤੀ ਜਾ ਸਕਦੀ ਹੈ ਪਰ ਮੈਰਾ ਜ਼ਮੀਨ ਇਸ ਦੀ ਕਾਸ਼ਤ ਲਈ ਸਭ ਤੋਂ ਢੁਕਵੀਂ ਹੈ। ਗਰਮ ਰੁੱਤ ਦੀ ਮੂੰਗੀ-ਤੋਰੀਆ-ਕਣਕ, ਸਾਉਣੀ ਰੁੱਤ ਦਾ ਚਾਰਾ-ਤੋਰੀਆ-ਕਣਕ/ਸੂਰਜਮੁਖੀ, ਸਾਉਣੀ ਰੁੱਤ ਦਾ ਚਾਰਾ-ਤੋਰੀਆ-ਕਮਾਦ-ਮੂਢਾ ਕਮਾਦ, ਝੋਨਾ/ਮੱਕੀ-ਤੋਰੀਆ-ਸੂਰਜਮੁਖੀ, ਗਰਮ ਰੁੱਤ ਦੀ ਮੂੰਗਫਲੀ-ਤੋਰੀਆ-ਕਣਕ, ਗਰਮ ਰੁੱਤ ਦੇ ਮਾਂਹ-ਤੋਰੀਆ, ਮੈਂਥਾ-ਤੋਰੀਆ ਅਤੇ ਸਾਉਣੀ ਰੁੱਤ ਦਾ ਚਾਰਾ/ਮੂੰਗਫਲੀ-ਤੋਰੀਆ+ਗੋਭੀ ਸਰ੍ਹੋਂ-ਗਰਮ ਰੁੱਤ ਦੀ ਮੂੰਗੀ ਆਦਿ ਫ਼ਸਲੀ ਚੱਕਰਾਂ ਵਿੱਚ ਤੋਰੀਏ ਨੂੰ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੋਰੀਏ ਨੂੰ ਕਮਾਦ ਅਤੇ ਗੋਭੀ ਸਰ੍ਹੋਂ ਵਿੱਚ ਰਲਵੀਂ ਫ਼ਸਲ ਵਜੋਂ ਵੀ ਬੀਜਿਆ ਜਾ ਸਕਦਾ ਹੈ। ਤੋਰੀਏ ਤੋਂ ਵਧੇਰੇ ਝਾੜ ਲੈਣ ਲਈ ਹੇਠ ਦੱਸੇ ਨੁਕਤਿਆਂ ਨੂੰ ਅਪਣਾਉਣਾ ਚਾਹੀਦਾ ਹੈ
ਟੀਐਲ 17: ਇਹ ਕਿਸਮ ਬਹੁ ਫ਼ਸਲੀ ਚੱਕਰ ਲਈ ਵਧੇਰੇ ਢੁਕਵੀਂ ਹੈ ਅਤੇ ਇਸ ਨੂੰ ਵਧੇਰੇ ਸ਼ਾਖਾਵਾਂ ਕਰ ਕੇ ਜ਼ਿਆਦਾ ਫ਼ਲੀਆਂ ਲੱਗਦੀਆਂ ਹਨ। ਇਸ ਵਿੱਚ ਤੇਲ ਦੀ ਮਾਤਰਾ 42.0 ਫ਼ੀਸਦੀ ਹੁੰਦੀ ਹੈ। ਇਹ ਪੱਕਣ ਵਿੱਚ 90 ਦਿਨਾਂ ਦਾ ਸਮਾਂ ਲੈਂਦੀ ਹੈ। ਇਸ ਦਾ ਔਸਤ ਝਾੜ 5.2 ਕੁਇੰਟਲ ਪ੍ਰਤੀ ਏਕੜ ਹੈ।
ਟੀਐਲ 15: ਅਗੇਤੀ ਪੱਕਣ ਵਾਲੀ ਇਹ ਕਿਸਮ ਬਹੁ-ਫ਼ਸਲੀ ਚੱਕਰ ਲਈ ਬਹੁਤ ਢੁਕਵੀਂ ਹੈ। ਇਸ ਵਿੱਚ ਤੇਲ ਦੀ ਮਾਤਰਾ 41.0 ਫ਼ੀਸਦੀ ਹੁੰਦੀ ਹੈ। ਇਹ ਫ਼ਸਲ ਪੱਕਣ ਵਿੱਚ 88 ਦਿਨਾਂ ਦਾ ਸਮਾਂ ਲੈਂਦੀ ਹੈ। ਇਸ ਦਾ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ।
ਖੇਤ ਦੀ ਤਿਆਰੀ: ਫ਼ਸਲ ਦੇ ਵਧੀਆ ਜੰਮ੍ਹ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਖੇਤ ਨੂੰ 2 ਤੋਂ 4 ਵਾਰ ਵਾਹੁਣਾ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰਨਾ ਚਾਹੀਦਾ ਹੈ। ਬਰਾਨੀ ਇਲਾਕਿਆਂ ਵਿੱਚ ਖੇਤ ਨੂੰ ਇੱਕ ਤੋਂ ਦੋ ਵਾਰ ਦੇਸੀ ਹਲ ਨਾਲ ਵਾਹ ਕੇ ਹਰ ਵਾਰ ਸੁਹਾਗਾ ਫੇਰੋ।
ਬਿਜਾਈ ਦਾ ਸਮਾਂ: ਜੇ ਤੋਰੀਏ ਦੀ ਨਿਰੋਲ ਕਾਸ਼ਤ ਕਰਨ ਹੋਵੇ ਤਾਂ ਪੂਰਾ ਸਤੰਬਰ ਮਹੀਨਾ ਇਸ ਦੀ ਬਿਜਾਈ ਦਾ ਸਭ ਤੋਂ ਢੁਕਵਾਂ ਸਮਾਂ ਹੈ। ਪੱਤਝੜ ਰੁੱਤ ਦੇ ਕਮਾਦ ਵਿਚ ਤੋਰੀਏ ਦੀ ਰਲਵੀਂ ਕਾਸ਼ਤ ਲਈ ਬਿਜਾਈ 20 ਸਤੰਬਰ ਤੋਂ ਅਖੀਰ ਸਤੰਬਰ ਤੱਕ ਕਰਨੀ ਚਾਹੀਦੀ ਹੈ।
ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਨਿਰੋਲ ਬਿਜਾਈ ਲਈ ਤੋਰੀਏ ਦਾ 1.5 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਜ਼ਮੀਨ ਵਿੱਚ ਨਮੀ ਘੱਟ ਹੋਣ ਦੀ ਸੂਰਤ ਵਿੱਚ ਬਿਜਾਈ ਤੋਂ ਇੱਕ ਰਾਤ ਪਹਿਲਾਂ ਬੀਜ ਨੂੰ ਗਿੱਲੀ ਮਿੱਟੀ ਵਿੱਚ ਮਿਲਾ ਕੇ ਰੱਖਣਾ ਚਾਹੀਦਾ ਹੈ। ਤੋਰੀਏ ਦੀ ਬਿਜਾਈ ਡਰਿੱਲ ਜਾਂ ਪੋਰੇ ਜਾਂ ਹੱਥ ਨਾਲ ਚੱਲਣ ਵਾਲੀ ਤੇਲ ਬੀਜ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਤੋਰੀਏ ਦੀ ਨਿਰੋਲ ਬਿਜਾਈ ਕਤਾਰਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ, ਬੂਟਿਆਂ ਵਿਚਕਾਰ ਫ਼ਾਸਲਾ 10 ਤੋਂ 15 ਸੈਂਟੀਮੀਟਰ ਅਤੇ ਡੂੰਘਾਈ 4-5 ਸੈਂਟੀਮੀਟਰ ਰੱਖਣੀ ਚਾਹੀਦੀ ਹੈ। ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਤੋਂ 15 ਸੈਂਟੀਮੀਟਰ ਰੱਖਣ ਲਈ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਫ਼ਸਲ ਨੂੰ ਵਿਰਲਾ ਕਰਨਾ ਚਾਹੀਦਾ ਹੈ।
ਪਤਝੜ ਰੁੱਤ ਦੇ ਕਮਾਦ ਵਿੱਚ ਤੋਰੀਏ ਦੀ ਰਲਵੀਂ ਕਾਸ਼ਤ: ਵੱਧ ਮੁਨਾਫ਼ੇ ਲਈ ਤੋਰੀਏ ਨੂੰ ਪੱਤਝੜ ਰੁੱਤ ਦੇ ਕਮਾਦ ਵਿੱਚ ਰਲਵੀਂ ਫ਼ਸਲ ਦੇ ਤੌਰ ’ਤੇ ਬੀਜਿਆ ਜਾ ਸਕਦਾ ਹੈ। ਪੱਤਝੜ ਰੁੱਤ ਦੇ ਕਮਾਦ ਅਤੇ ਤੋਰੀਏ ਦੀ ਰਲਵੀਂ ਖੇਤੀ ਕਰਨ ਲਈ ਕਮਾਦ ਦੀਆਂ ਦੋ ਕਤਾਰਾਂ ਵਿਚਕਾਰ ਤੋਰੀਏ ਦਾ ਇੱਕ ਕਿਲੋ ਬੀਜ ਵਰਤਦੇ ਹੋਏ 30 ਸੈਂਟੀਮੀਟਰ ਦੇ ਫ਼ਾਸਲੇ ਦੋ ਕਤਾਰਾਂ ਬੀਜਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਬੀਜੀ ਤੋਰੀਏ ਦੀ ਫ਼ਸਲ ਦੀ ਵਾਢੀ ਅੱਧ ਦਸੰਬਰ ਵਿੱਚ ਹੋ ਜਾਂਦੀ ਹੈ ਜਿਸ ਵਿੱਚ ਕਣਕ ਦੀ ਪਿਛੇਤੀ ਬਿਜਾਈ ਵੀ ਕੀਤੀ ਜਾ ਸਕਦੀ ਹੈ।
ਖਾਦ ਪ੍ਰਬੰਧਨ: ਖਾਦਾਂ ਦੀ ਵਰਤੋਂ ਹਮੇਸ਼ਾ ਮਿੱਟੀ ਪਰਖ ਦੇ ਆਧਾਰ ’ਤੇ ਹੀ ਕਰਨੀ ਚਾਹੀਦੀ ਹੈ। ਜੇ ਮਿੱਟੀ ਪਰਖ ਨਾ ਕਰਵਾਈ ਹੋਵੇ ਤਾਂ ਤੋਰੀਏ ਦੀ ਨਿਰੋਲ ਫ਼ਸਲ ਨੂੰ 55 ਕਿਲੋ ਯੂਰੀਆ ਅਤੇ 50 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਫਾਸਫੋਰਸ ਲਈ ਸਿੰਗਲ ਸੁਪਰਫਾਸਫੇਟ ਖਾਦ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇ ਇਹ ਖਾਦ ਨਾ ਮਿਲੇ ਤਾਂ ਖਾਸ ਕਰ ਕੇ ਗੰਧਕ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 80 ਕਿਲੋ ਜਿਪਸਮ ਜਾਂ 13 ਕਿਲੋ ਬੈਂਟੋਨਾਈਟ-ਸਲਫ਼ਰ ਪ੍ਰਤੀ ਏਕੜ ਅਤੇ ਫ਼ਾਸਫ਼ੋਰਸ ਤੱਤ ਦੀ ਪੂਰਤੀ ਲਈ 26 ਕਿਲੋ ਡੀਏਪੀ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਸੇਂਜੂ ਹਾਲਤਾਂ ਵਿੱਚ ਤੋਰੀਏ ਨੂੰ ਸਾਰੀ ਖਾਦ (ਨਾਈਟ੍ਰੋਜਨ ਅਤੇ ਫ਼ਾਸਫ਼ੋਰਸ) ਬਿਜਾਈ ਸਮੇਂ ਪੋਰ ਦੇਣੀ ਚਾਹੀਦੀ ਹੈ। ਪੱਤਝੜ ਰੁੱਤ ਦੇ ਕਮਾਦ ਅਤੇ ਤੋਰੀਏ ਦੀ ਰਲਵੀਂ ਖੇਤੀ ਵਿੱਚ ਕਮਾਦ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 33 ਕਿਲੋ ਯੂਰੀਆ ਅਤੇ 32 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਹੋਰ ਪਾਉਣੀ ਚਾਹੀਦੀ ਹੈ।
ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ ਤਿੰਨ ਹਫ਼ਤੇ ਪਿੱਛੋਂ ਇੱਕ ਗੋਡੀ ਕਰਨ ਨਾਲ ਤੋਰੀਏ ਵਿੱਚ ਨਦੀਨਾਂ ਦੀ ਵਧੀਆ ਰੋਕਥਾਮ ਹੋ ਜਾਂਦੀ ਹੈ।
ਸਿੰਜਾਈ: ਜੇ ਤੋਰੀਏ ਦੀ ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕੀਤੀ ਜਾਵੇ ਤਾਂ ਫੁੱਲ ਪੈਣ ਸਮੇਂ ਫ਼ਸਲ ਨੂੰ ਲੋੜ ਅਨੁਸਾਰ ਇੱਕ ਸਿੰਜਾਈ ਕੀਤੀ ਜਾ ਸਕਦੀ ਹੈ।
ਕੀਟ ਪ੍ਰਬੰਧਨ: ਕਿਸੇ-ਕਿਸੇ ਸਾਲ ਤੋਰੀਏ ਦੀ ਫ਼ਸਲ ਉੱਪਰ ਕੁਝ ਕੀੜੇ-ਮਕੌੜੇ ਜਿਵੇਂ ਕਿ ਸਲੇਟੀ ਸੁੰਡੀ ਅਤੇ ਪੱਤੇ ਦਾ ਸੁਰੰਗੀ ਕੀੜਾ ਹਮਲਾ ਕਰ ਕੇ ਫ਼ਸਲ ਦਾ ਨੁਕਸਾਨ ਕਰ ਦਿੰਦੇ ਹਨ। ਸਲੇਟੀ ਸੁੰਡੀ ਛੋਟੀ ਫ਼ਸਲ ਦੇ ਪੱਤੇ ਖਾ ਕੇ ਮੋਰੀਆਂ ਕਰ ਦਿੰਦੀ ਹੈ। ਜੇ ਇਸ ਦਾ ਹਮਲਾ ਜ਼ਿਆਦਾ ਹੋਵੇ ਤਾਂ ਸਾਰੇ ਪੱਤੇ ਹੀ ਖਾ ਜਾਂਦੀ ਹੈ। ਇਸ ਦੀ ਰੋਕਥਾਮ ਲਈ 250 ਮਿਲੀਲਿਟਰ ਏਕਾਲਕਸ 25 ਈਸੀ (ਕੁਇਨਲਫਾਸ) ਪ੍ਰਤੀ ਏਕੜ ਦਾ 60 ਤੋਂ 80 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਪੱਤੇ ਦਾ ਸੁਰੰਗੀ ਕੀੜੇ ਦੇ ਲਾਰਵੇ/ ਸੁੰਡੀਆਂ ਪੱਤੇ ਵਿੱਚ ਸੁਰੰਗਾਂ ਬਣਾ ਕੇ ਬਹੁਤ ਨੁਕਸਾਨ ਕਰਦੇ ਹਨ। ਇਸ ਦੀ ਰੋਕਥਾਮ ਲਈ 400 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਦਾ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ ਫ਼ਸਲ ਨੂੰ ਸਾਗ ਦੇ ਤੌਰ ’ਤੇ ਵਰਤਣਾ ਹੋਵੇ ਤਾਂ ਡਾਈਮੈਥੋਏਟ 30 ਈਸੀ ਲਈ 20 ਦਿਨ ਅਤੇ ਕੁਇਨਲਫਾਸ 25 ਈਸੀ ਲਈ 30 ਦਿਨ ਦਾ ਵਕਫ਼ਾ ਸਪਰੇਅ ਅਤੇ ਕਟਾਈ ਵਿਚਕਾਰ ਰੱਖਣਾ ਚਾਹੀਦਾ ਹੈ।
ਫ਼ਸਲ ਦੀ ਕਟਾਈ ਅਤੇ ਗਹਾਈ: ਸਮੇਂ ਸਿਰ ਬੀਜੀ ਫ਼ਸਲ ਦੀ ਕਟਾਈ ਦਸੰਬਰ ਵਿੱਚ ਫਲੀਆਂ ਪੀਲੀਆਂ ਹੋ ਜਾਣ ’ਤੇ ਕਰ ਲੈਣੀ ਚਾਹੀਦੀ ਹੈ। ਕਟਾਈ ਹਮੇਸ਼ਾ ਸਵੇਰ ਦੇ ਸਮੇਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਫ਼ਲੀਆਂ ਤਰੇਲ ਪੈਣ ਕਰ ਕੇ ਨਰਮ ਹੁੰਦੀਆਂ ਹਨ ਜਿਸ ਨਾਲ ਦਾਣੇ ਘੱਟ ਕਿਰਦੇ ਹਨ। ਕੱਟੀ ਹੋਈ ਫ਼ਸਲ ਗਾਹੁਣ ਤੋਂ 7-10 ਦਿਨ ਪਹਿਲਾਂ ਢੇਰ (ਕੁੰਨੂੰ) ਬਣਾ ਕੇ ਰੱਖਣੀ ਚਾਹੀਦੀ ਹੈ। ਗਹਾਈ ਲਈ ਕਿੱਲੀਆਂ ਵਾਲਾ ਕਣਕ ਦਾ ਥਰੈਸ਼ਰ ਕੁਝ ਤਬਦੀਲੀਆਂ ਕਰ ਕੇ ਵਰਤਿਆ ਜਾ ਸਕਦਾ ਹੈ।
*ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ, ਜਲੰਧਰ (ਨੂਰਮਹਲਿ)।

Advertisement

Advertisement
Advertisement
Author Image

sukhwinder singh

View all posts

Advertisement