ਕੰਪਿਊਟਰ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਦੀ ਕੋਠੀ ਤੱਕ ਮਸ਼ਾਲ ਮਾਰਚ
ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਅਕਤੂਬਰ
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਇੱਥੇ ਡੀਸੀ ਦਫ਼ਤਰ ਅੱਗੇ ਸੂਬਾ ਪੱਧਰੀ ਬੇਮਿਆਦੀ ਲੜੀਵਾਰ ਭੁੱਖ ਹੜਤਾਲ ਦੇ 47ਵੇਂ ਦਿਨ ਕੰਪਿਊਟਰ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੀ ਕੋਠੀ ਤੱਕ ਮਸ਼ਾਲ ਮਾਰਚ ਕੀਤਾ ਗਿਆ। ਇਸ ਦੀ ਅਗਵਾਈ ਮਹਿਲਾ ਕੰਪਿਊਟਰ ਅਧਿਆਪਕਾਂ ਵੱਲੋਂ ਕੀਤੀ ਗਈ। ਕੰਪਿਊਟਰ ਅਧਿਆਪਕਾਂ ਵੱਲੋਂ ਸਰਕਾਰ ਦੇ ਨਾਂਹ-ਪੱਖੀ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਅੱਜ ਭੁੱਖ ਹੜਤਾਲੀ ਕੈਂਪ ਤੋਂ ਕੰਪਿਊਟਰ ਅਧਿਆਪਕਾਂ ਦਾ ਮਸ਼ਾਲ ਮਾਰਚ ਸ਼ੁਰੂ ਹੋਇਆ ਜੋ ਵਿੱਤ ਮੰਤਰੀ ਦੀ ਕੋਠੀ ਤੱਕ ਪੁੱਜਿਆ। ਇਸ ਮੌਕੇ ਯੂਨੀਅਨ ਦੀ ਮਹਿਲਾ ਆਗੂ ਬਵਲੀਨ ਬੇਦੀ, ਚਰਨਜੀਤ ਕੌਰ, ਹਰਪ੍ਰੀਤ (ਸਾਹਨੇਵਾਲ), ਹਰਜਿੰਦਰ ਕੌਰ, ਦਿਸ਼ਕਰਨ ਕੌਰ, ਰਜਨੀ ਅਤੇ ਸੰਦੀਪ ਕੌਰ ਨੇ ਕਿਹਾ ਕਿ ਉਹ ਪਹਿਲੀ ਸਤੰਬਰ ਤੋਂ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ ਹਨ, ਪਰ ਹੁਣ ਤੱਕ ਸਰਕਾਰ ਵੱਲੋਂ ਕੋਈ ਸਕਾਰਾਤਮਕ ਕਦਮ ਨਹੀਂ ਚੁੱਕਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲਗਾਤਾਰ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦੇ ਝੂਠੇ ਸਾਬਤ ਹੋਏ ਹਨ।
ਕੰਪਿਊਟਰ ਅਧਿਆਪਕ ਆਗੂ ਜੋਨੀ ਸਿੰਗਲਾ, ਰਾਖੀ ਮੰਨਣ, ਸ਼ੀਤਲ ਸਿੰਘ ਆਦਿ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕੋਈ ਨਵੀਂ ਮੰਗ ਨਹੀਂ ਹੈ। ਉਹ ਸਿਰਫ਼ 2011 ‘ਚ ਮਿਲੇ ਰੈਗੂਲਰ ਆਰਡਰਾਂ ਦੇ ਤਹਿਤ ਆਪਣੇ ਅਧਿਕਾਰਾਂ ਦੀ ਬਹਾਲੀ ਚਾਹੁੰਦੇ ਹਨ। ਆਗੂਆਂ ਨੇ ਮੰਗਾਂ ਪੂਰੀਆਂ ਨਾ ਹੋਣ ’ਤੇ ਜ਼ਿਮਨੀ ਚੋਣਾਂ ਦੌਰਾਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਤੇ ਰੈਲੀਆਂ ਕੱਢਣ ਦਾ ਐਲਾਨ ਕੀਤਾ।