For the best experience, open
https://m.punjabitribuneonline.com
on your mobile browser.
Advertisement

ਨੀਟ ‘ਘੁਟਾਲੇ’ ਦੀ ਜ਼ਿੰਮੇਵਾਰੀ ਮੋਦੀ ਸਰਕਾਰ ਦੇ ਸਿਖਰਲੇ ਆਗੂ ਲੈਣ: ਖੜਗੇ

07:23 AM Jun 24, 2024 IST
ਨੀਟ ‘ਘੁਟਾਲੇ’ ਦੀ ਜ਼ਿੰਮੇਵਾਰੀ ਮੋਦੀ ਸਰਕਾਰ ਦੇ ਸਿਖਰਲੇ ਆਗੂ ਲੈਣ  ਖੜਗੇ
Advertisement

ਨਵੀਂ ਦਿੱਲੀ: ਕਾਂਗਰਸ ਨੇ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ ’ਚ ਕਥਿਤ ਬੇਨਿਯਮੀਆਂ ਮਗਰੋਂ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਦੇ ਅਧਿਕਾਰੀਆਂ ’ਚ ਫੇਰਬਦਲ ਨੂੰ ਲੈ ਕੇ ਮੋਦੀ ਸਰਕਾਰ ’ਤੇ ਐਤਵਾਰ ਨੂੰ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਦੂਜਿਆਂ ’ਤੇ ਸੁੱਟਣ ਦੀ ਬਜਾਏ ਸਰਕਾਰ ਦੀ ਸਿਖਰਲੀ ਲੀਡਰਸ਼ਿਪ ਨੂੰ ਖੁਦ ਲੈਣੀ ਚਾਹੀਦੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਐੱਨਟੀਏ ਨੂੰ ਇਕ ਖੁਦਮੁਖਤਿਆਰ ਅਦਾਰਾ ਦੱਸਿਆ ਗਿਆ ਪਰ ਅਸਲ ’ਚ ਇਹ ਭਾਜਪਾ/ਆਰਐੱਸਐੱਸ ਦੇ ‘ਟੇਢੇ-ਮੇਢੇ ਹਿੱਤਾਂ’ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਉਨ੍ਹਾਂ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਅਫ਼ਸਰਾਂ ’ਚ ਫੇਰਬਦਲ ਕਰਨਾ ਭਾਜਪਾ ਵੱਲੋਂ ਬਰਬਾਦ ਕੀਤੀ ਗਈ ਸਿੱਖਿਆ ਪ੍ਰਣਾਲੀ ਦੀ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ ਲਈ ਮੋਦੀ ਸਰਕਾਰ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੇਪਰ ਲੀਕ ਗਰੋਹ ਅਤੇ ‘ਸਿੱਖਿਆ ਮਾਫ਼ੀਆ’ ਅੱਗੇ ਬੇਬਸ ਹਨ। ਉਨ੍ਹਾਂ ਕਿਹਾ ਕਿ ਭਾਜਪਾ ਰਾਜ ’ਚ ਵਿਦਿਆਰਥੀ ਆਪਣਾ ਕਰੀਅਰ ਬਣਾਉਣ ਲਈ ‘ਪੜ੍ਹਾਈ’ ਨਹੀਂ, ਭਵਿੱਖ ਬਚਾਉਣ ਲਈ ਸਰਕਾਰ ਨਾਲ ‘ਲੜਾਈ’ ਲੜਨ ਨੂੰ ਮਜਬੂਰ ਹਨ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਪੂਰੀ ਸਿੱਖਿਆ ਪ੍ਰਣਾਲੀ ‘ਮਾਫ਼ੀਆ’ ਅਤੇ ‘ਭ੍ਰਿਸ਼ਟਾਚਾਰੀਆਂ’ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਦੇਸ਼ ਦੇ ਯੋਗ ਨੌਜਵਾਨ ਭਾਜਪਾ ਦੇ ਭ੍ਰਿਸ਼ਟਾਚਾਰ ਨਾਲ ਲੜਨ ਲਈ ਆਪਣਾ ਕੀਮਤੀ ਸਮਾਂ ਅਤੇ ਊਰਜਾ ਬਰਬਾਦ ਕਰ ਰਹੇ ਹਨ ਜਦਕਿ ਮੋਦੀ ਸਿਰਫ਼ ਮੂਕ ਦਰਸ਼ਕ ਬਣੇ ਹੋਏ ਹਨ। -ਪੀਟੀਆਈ

Advertisement

ਪ੍ਰੀਖਿਆਵਾਂ ਰੱਦ ਹੋਣਾ ਅਯੋਗ ਪ੍ਰਣਾਲੀ ਦੇ ਤਾਬੂਤ ’ਚ ਆਖਰੀ ਕਿੱਲ: ਸਟਾਲਿਨ

ਚੇਨਈ: ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਕਿਹਾ ਕਿ ਨੀਟ-ਪੀਜੀ ਅਤੇ ਯੂਜੀਸੀ-ਨੈੱਟ ਪ੍ਰੀਖਿਆ ਰੱਦ ਕਰਨਾ ਇਕ ਵਾਰ ਦੀ ਘਟਨਾ ਨਹੀਂ ਹੈ ਸਗੋਂ ਇਹ ਕੇਂਦਰੀ ਸਿਲੈਕਸ਼ਨ ਦੀ ਅਯੋਗ ਅਤੇ ਖਸਤਾਹਾਲ ਪ੍ਰਣਾਲੀ ਦੇ ਤਾਬੂਤ ’ਚ ਆਖਰੀ ਕਿੱਲ ਹੈ। ਸਟਾਲਿਨ ਦੀ ਪਾਰਟੀ ਡੀਐੱਮਕੇ ਸਮਾਜਿਕ ਨਿਆਂ ਤੋਂ ਇਲਾਵਾ ਹੋਰ ਆਧਾਰ ’ਤੇ ਨੀਟ ਪ੍ਰੀਖਿਆ ਦਾ ਵਿਰੋਧ ਕਰਦੀ ਆ ਰਹੀ ਹੈ। ਉਨ੍ਹਾਂ ਸਕੂਲੀ ਸਿੱਖਿਆ ਨੂੰ ਕਰੀਅਰ ਦਾ ਆਧਾਰ ਬਣਾਉਣ ਲਈ ਸਾਂਝੀਆਂ ਕੋਸ਼ਿਸ਼ਾਂ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਨੀਟ-ਪੀਜੀ ਨੂੰ ਰੱਦ ਕਰਨ ਨਾਲ ਹਜ਼ਾਰਾਂ ਡਾਕਟਰ ਨਿਰਾਸ਼ ਹੋ ਗਏ ਹਨ। -ਪੀਟੀਆਈ

ਪ੍ਰੀਖਿਆ ਪ੍ਰਣਾਲੀ ਨਕਲ ਮਾਫ਼ੀਆ ਹਵਾਲੇ ਕੀਤੀ: ਅਖਿਲੇਸ਼

ਲਖਨਊ: ਨੌਜਵਾਨਾਂ ਦਾ ਭਵਿੱਖ ਬਰਬਾਦ ਕਰਨ ਲਈ ਭਾਜਪਾ ’ਤੇ ਦੋਸ਼ ਲਾਉਂਦਿਆਂ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਈ ਹੈ ਅਤੇ ਇਹ ਨਕਲ ਮਾਫ਼ੀਆ ਹਵਾਲੇ ਕਰ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ’ਚ ਇਕ ਵੀ ਪ੍ਰੀਖਿਆ ਪਾਰਦਰਸ਼ੀ ਢੰਗ ਨਾਲ ਕਰਾਉਣ ਦੀ ਯੋਗਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਿਛਲੇ 10 ਸਾਲਾਂ ਦੇ ਸ਼ਾਸਨ ਦੌਰਾਨ ਪੂਰੀ ਪ੍ਰਣਾਲੀ ਨੂੰ ਖੋਖਲਾ ਕਰ ਦਿੱਤਾ ਹੈ ਅਤੇ ਸਰਕਾਰ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਭਵਿੱਖ ਨਾਲ ਖੇਡ ਰਹੀ ਹੈ। ਅਖਿਲੇਸ਼ ਨੇ ਕਿਹਾ ਕਿ ਭਾਜਪਾ ਸਰਕਾਰ ਸਿਰਫ਼ ਝੂਠ ਅਤੇ ਲੁੱਟ ਨਾਲ ਚੱਲ ਰਹੀ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×