For the best experience, open
https://m.punjabitribuneonline.com
on your mobile browser.
Advertisement

ਟਮਾਟਰ ਨੇ ‘ਲਾਲ’ ਕੀਤੇ ਦਿੱਲੀ ਵਾਸੀਆਂ ਦੇ ਚਿਹਰੇ

07:10 AM Jul 07, 2024 IST
ਟਮਾਟਰ ਨੇ ‘ਲਾਲ’ ਕੀਤੇ ਦਿੱਲੀ ਵਾਸੀਆਂ ਦੇ ਚਿਹਰੇ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਇੱਕ ਵਾਰ ਫਿਰ ਟਮਾਟਰ, ਪਿਆਜ਼ ਅਤੇ ਆਲੂ ਰਸੋਈ ਦਾ ਬਜਟ ਵਿਗਾੜ ਰਹੇ ਹਨ। ਦਿੱਲੀ-ਐੱਨਸੀਆਰ ਦੇ ਪ੍ਰਚੂਨ ਬਾਜ਼ਾਰ ਵਿੱਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਪਿਛਲੇ ਦਿਨੀਂ ਪਈ ਗਰਮੀ ਨੇ ਟਮਾਟਰਾਂ ਦੀ ਆਮਦ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਆਲੂ 40 ਰੁਪਏ ਅਤੇ ਪਿਆਜ਼ 50 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਿਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਮੁਤਾਬਕ ਟਮਾਟਰ ਦੀ ਔਸਤ ਕੀਮਤ 58.25 ਰੁਪਏ ਪ੍ਰਤੀ ਕਿੱਲੋ ਹੈ। ਹਾਲਾਂਕਿ ਕਈ ਸ਼ਹਿਰਾਂ ਵਿੱਚ ਕੀਮਤਾਂ 130 ਰੁਪਏ ਤੱਕ ਪਹੁੰਚ ਗਈਆਂ ਹਨ। ਵਪਾਰੀਆਂ ਅਨੁਸਾਰ ਹਾਲ ਦੀ ਘੜੀ ਗਰਮੀ ਨੇ ਟਮਾਟਰ ਦੀ ਪੈਦਾਵਾਰ ’ਤੇ ਮਾੜਾ ਅਸਰ ਪਾਇਆ ਹੈ। ਇਸ ਕਾਰਨ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਐੱਨਸੀਆਰ ਵਿੱਚ ਮਦਰ ਡੇਅਰੀ ਦੇ ਸਟੋਰਾਂ ਵਿੱਚ ਟਮਾਟਰ ਦੀ ਕੀਮਤ 75 ਰੁਪਏ ਪ੍ਰਤੀ ਕਿੱਲੋ ਹੈ। ਹਾਲਾਂਕਿ ਥੋਕ ਬਾਜ਼ਾਰ ਵਿੱਚ ਇਹ 50-60 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਆਨਲਾਈਨ ਵੀ ਟਮਾਟਰ ਮਹਿੰਗੇ ਭਾਅ ’ਤੇ ਵਿਕ ਰਹੇ ਹਨ। ਇਸ ਨੂੰ ਬਲਿੰਕਿਟ ’ਤੇ 100 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਮੰਤਰਾਲੇ ਮੁਤਾਬਕ ਆਲੂ ਵੀ 40 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਿਆ ਹੈ, ਜਦੋਂਕਿ ਪਿਆਜ਼ 50 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਟਮਾਟਰ, ਆਲੂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦਾ ਸਿੱਧਾ ਅਸਰ ਦੂਜੇ ਮਹੀਨੇ ਵੀ ਸ਼ਾਕਾਹਾਰੀ ਥਾਲੀ ’ਤੇ ਦੇਖਣ ਨੂੰ ਮਿਲਿਆ ਹੈ। ਜੂਨ ਵਿੱਚ ਸ਼ਾਕਾਹਾਰੀ ਥਾਲੀ ਸਾਲਾਨਾ ਆਧਾਰ ’ਤੇ 10 ਫ਼ੀਸਦੀ ਮਹਿੰਗੀ ਹੋ ਕੇ 29.40 ਰੁਪਏ ਹੋ ਗਈ। ਜੂਨ 2023 ਵਿੱਚ ਇਸ ਦੀ ਕੀਮਤ 26.7 ਰੁਪਏ ਸੀ। ਕ੍ਰਿਸਿਲ ਦੀ ਰਿਪੋਰਟ ਮੁਤਾਬਕ ਮਈ ਵਿੱਚ 27.80 ਰੁਪਏ ਦੇ ਮੁਕਾਬਲੇ ਕੀਮਤ 5.75 ਫੀਸਦੀ ਵਧੀ ਹੈ। ਕ੍ਰਿਸਿਲ ਨੇ ਜਾਰੀ ਰਿਪੋਰਟ ਵਿੱਚ ਕਿਹਾ ਕਿ ਚਿਕਨ ਦੀਆਂ ਕੀਮਤਾਂ ਵਿੱਚ ਸਾਲਾਨਾ ਆਧਾਰ ’ਤੇ 14 ਫੀਸਦੀ ਦੀ ਕਮੀ ਆਈ ਹੈ। ਜੂਨ ਵਿੱਚ ਮਾਸਾਹਾਰੀ ਥਾਲੀ ਦੀ ਕੀਮਤ ਚਾਰ ਫੀਸਦੀ ਘੱਟ ਕੇ 58.30 ਰੁਪਏ ’ਤੇ ਆ ਗਈ ਹੈ। ਸਾਲਾਨਾ ਆਧਾਰ ’ਤੇ ਟਮਾਟਰ ਦੀਆਂ ਕੀਮਤਾਂ ਵਿੱਚ 30 ਫੀਸਦੀ, ਆਲੂ ਦੀਆਂ ਕੀਮਤਾਂ ਵਿੱਚ 59 ਫੀਸਦੀ ਅਤੇ ਪਿਆਜ਼ ਦੀਆਂ ਕੀਮਤਾਂ ਵਿੱਚ 46 ਫੀਸਦੀ ਦਾ ਵਾਧਾ ਹੋਇਆ ਹੈ। ਚੌਲ 13 ਫੀਸਦੀ ਅਤੇ ਦਾਲਾਂ 22 ਫੀਸਦੀ ਮਹਿੰਗੀਆਂ ਹੋ ਗਈਆਂ ਹਨ। ਮਹੀਨਾਵਾਰ ਆਧਾਰ ’ਤੇ ਟਮਾਟਰ 29 ਫ਼ੀਸਦੀ, ਆਲੂ 9 ਫ਼ੀਸਦੀ ਅਤੇ ਪਿਆਜ਼ 15 ਫ਼ੀਸਦੀ ਮਹਿੰਗਾ ਹੋਇਆ ਹੈ। ਕ੍ਰਿਸਿਲ ਡੇਟਾ ਉਨ੍ਹਾਂ ਸਮੱਗਰੀਆਂ ਦਾ ਵੀ ਖੁਲਾਸਾ ਕਰਦਾ ਹੈ, ਜੋ ਅਨਾਜ, ਦਾਲਾਂ, ਮੀਟ, ਸਬਜ਼ੀਆਂ, ਮਸਾਲੇ, ਖਾਣ ਵਾਲੇ ਤੇਲ ਅਤੇ ਰਸੋਈ ਗੈਸ ਸਮੇਤ ਥਾਲੀ ਦੀ ਕੀਮਤ ਵਿੱਚ ਤਬਦੀਲੀ ਲਿਆਉਂਦੇ ਹਨ।

Advertisement

Advertisement
Advertisement
Author Image

sanam grng

View all posts

Advertisement