For the best experience, open
https://m.punjabitribuneonline.com
on your mobile browser.
Advertisement

ਟੌਲ ਪਲਾਜ਼ੇ: ਕਰੋੜਾਂ ਦੇ ਰਗੜੇ ਤੋਂ ਬਚੇ ਪੰਜਾਬੀ

06:49 AM May 04, 2024 IST
ਟੌਲ ਪਲਾਜ਼ੇ  ਕਰੋੜਾਂ ਦੇ ਰਗੜੇ ਤੋਂ ਬਚੇ ਪੰਜਾਬੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 3 ਮਈ
ਟੌਲ ਪਲਾਜ਼ੇ ਬੰਦ ਹੋੋਣ ਨਾਲ ਪੰਜਾਬੀ ਸਾਲਾਨਾ 200 ਕਰੋੜ ਰੁਪਏ ਦੇ ਰਗੜੇ ਤੋਂ ਬਚ ਗਏ ਹਨ ਅਤੇ ਹੁਣ ਰੋਜ਼ਾਨਾ ਔਸਤਨ 58.77 ਲੱਖ ਰੁਪਏ ਦੀ ਬੱਚਤ ਹੋਵੇਗੀ। ਕੌਮੀ ਸੜਕ ਮਾਰਗਾਂ ’ਤੇ 31 ਟੌਲ ਪਲਾਜ਼ੇ ਵੱਖਰੇ ਪੈਂਦੇ ਹਨ ਜਿਨ੍ਹਾਂ ਨੇ ਕਿਸਾਨ ਸੰਘਰਸ਼ ਦੌਰਾਨ 1269.42 ਕਰੋੜ ਦਾ ਘਾਟਾ ਪੈਣ ਦੀ ਗੱਲ ਕਹੀ ਸੀ। ਪੰਜਾਬ ਸਰਕਾਰ ਵੱਲੋਂ ਸੂਬੇ ਵਿਚ 16 ਟੌਲ ਪਲਾਜ਼ੇ ਬੰਦ ਕੀਤੇ ਗਏ ਸਨ ਜਿਨ੍ਹਾਂ ਵੱਲੋਂ ਰੋਜ਼ਾਨਾ 58.77 ਲੱਖ ਰੁਪਏ ਲੋਕਾਂ ਤੋਂ ਵਸੂਲ ਕੀਤੇ ਜਾ ਰਹੇ ਸਨ। ਇਹ ਟੌਲ ਪਲਾਜ਼ੇ ਬੰਦ ਹੋਣ ਕਰਕੇ ਲੋਕਾਂ ਦੇ ਸਾਲਾਨਾ 214.51 ਕਰੋੜ ਰੁਪਏ ਬਚ ਗਏ ਹਨ।
ਟੌਲ ਪਲਾਜ਼ੇ ਬੰਦ ਕਰਨ ਦਾ ਸਿਲਸਿਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਕੀਤਾ ਸੀ। ਵਿਰੋਧੀ ਧਿਰਾਂ ਨੇ ਉਦੋਂ ਤਰਕ ਦਿੱਤਾ ਸੀ ਕਿ ਇਹ ਟੌਲ ਪਲਾਜ਼ੇ ਆਪਣੀ ਮਿਆਦ ਪੂਰੀ ਕਰ ਚੁੱਕੇ ਸਨ ਅਤੇ ਇਨ੍ਹਾਂ ਨੇ ਬੰਦ ਹੋ ਹੀ ਜਾਣਾ ਸੀ। ਉਧਰ, ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਟੌਲ ਕੰਪਨੀਆਂ ਨੇ ਕੋਵਿਡ ਅਤੇ ਕਿਸਾਨ ਘੋਲ ਦੇ ਹਵਾਲੇ ਨਾਲ ਪਿਛਲੀ ਸਰਕਾਰ ਸਮੇਂ ਆਪਣੀ ਮਿਆਦ ਵਧਾ ਲਈ ਸੀ ਜਦੋਂ ਕਿ ਮੌਜੂਦਾ ਸਰਕਾਰ ਨੇ ਮਿਆਦ ਵਧਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਲੋਕਾਂ ਦੀ ਜੇਬ ਦੀ ਬੱਚਤ ਹੋਈ ਹੈ।
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਟੌਲ ਪਲਾਜ਼ਿਆਂ ਦੀਆਂ ਇਮਾਰਤਾਂ ਨੂੰ ਹੁਣ ਵਰਤੋਂ ਵਿਚ ਲਿਆਂਦਾ ਜਾਵੇਗਾ ਅਤੇ ਇਨ੍ਹਾਂ ਇਮਾਰਤਾਂ ਵਿਚ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਵਿਉਂਤ ਬਣਾਈ ਗਈ ਹੈ। ਰਾਹਗੀਰਾਂ ਵਾਸਤੇ ਇਨ੍ਹਾਂ ਇਮਾਰਤਾਂ ਵਿਚ ਪਖਾਨੇ ਆਦਿ ਦੇ ਪ੍ਰਬੰਧ ਵੀ ਕੀਤੇ ਜਾਣਗੇ। ਲੁਧਿਆਣਾ-ਮਾਲੇਰਕੋਟਲਾ ਸੜਕ ’ਤੇ ਪਿੰਡ ਲਹਿਰਾ ਨੇੜੇ ਟੌਲ ਪਲਾਜ਼ਾ ਬੰਦ ਹੋਣ ਨਾਲ ਰੋਜ਼ਾਨਾ ਸੱਤ ਲੱਖ ਅਤੇ ਪਿੰਡ ਲੱਡਾ ਦੇ ਟੌਲ ਪਲਾਜ਼ੇ ਦੇ ਬੰਦ ਹੋਣ ਨਾਲ ਛੇ ਲੱਖ ਰੁਪਏ ਰੋਜ਼ਾਨਾ ਬਚਣ ਲੱਗੇ ਹਨ।
ਕਰੀਬ 10 ਕੰਪਨੀਆਂ ਵੱਲੋਂ ਇਹ 16 ਟੌਲ ਪਲਾਜ਼ੇ ਚਲਾਏ ਜਾ ਰਹੇ ਸਨ ਜਿਨ੍ਹਾਂ ਨੂੰ ਹੁਣ ਬੰਦ ਕੀਤਾ ਗਿਆ ਹੈ। ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ ’ਤੇ ਪੈਂਦੇ ਪਿੰਡ ਨੰਗਲ ਸ਼ਹੀਦਾਂ ਦਾ ਪਲਾਜ਼ਾ ਬੰਦ ਹੋਣ ਨਾਲ ਰੋਜ਼ਾਨਾ ਪੌਣੇ ਛੇ ਲੱਖ ਰੁਪਏ ਦੀ ਬੱਚਤ ਹੋਣ ਲੱਗੀ ਹੈ। ਕੀਰਤਪੁਰ-ਆਨੰਦਪੁਰ ਸਾਹਿਬ ਸੜਕ ’ਤੇ ਪਿੰਡ ਕੋਟਲਾ ਨੱਕੀਆਂ ਦੇ ਟੌਲ ਪਲਾਜ਼ੇ ਦੇ ਬੰਦ ਹੋਣ ਕਰਕੇ 10.12 ਲੱਖ ਰੁਪਏ ਰਾਹਗੀਰਾਂ ਦੇ ਬਚਣ ਲੱਗੇ ਹਨ। ਫਿਰੋਜ਼ਪੁਰ-ਜਲਾਲਾਬਾਦ ਸੜਕ ’ਤੇ ਪੈਂਦੇ ਟੌਲ ਪਲਾਜ਼ਾ ਤੋਂ 3.37 ਲੱਖ ਰੋਜ਼ਾਨਾ ਅਤੇ ਜਲਾਲਾਬਾਦ ਫਾਜ਼ਿਲਕਾ ਸੜਕ ’ਤੇ ਪੈਂਦੇ ਟੌਲ ਪਲਾਜ਼ੇ ਦੇ ਬੰਦ ਹੋਣ ਨਾਲ ਰੋਜ਼ਾਨਾ 2.96 ਲੱਖ ਰੁਪਏ ਦੀ ਬੱਚਤ ਹੋਣ ਲੱਗੀ ਹੈ। ਭਵਾਨੀਗੜ੍ਹ-ਨਾਭਾ-ਗੋਬਿੰਦਗੜ੍ਹ ਸੜਕ ’ਤੇ ਪੈਂਦੇ ਦੋ ਟੌਲ ਪਲਾਜ਼ੇ ਬੰਦ ਹੋਏ ਹਨ ਜਿਨ੍ਹਾਂ ਨਾਲ ਰੋਜ਼ਾਨਾ 3.50 ਲੱਖ ਰੁਪਏ ਬਚਣ ਲੱਗੇ ਹਨ। ਟੌਲ ਕੰਪਨੀਆਂ ਨੇ ਸਰਕਾਰ ਤੋਂ ਇੱਕ ਤੋਂ ਦੋ ਸਾਲ ਤੱਕ ਮਿਆਦ ਵਿਚ ਵਾਧਾ ਮੰਗਿਆ ਸੀ ਜਿਸ ਪਿੱਛੇ ਕੋਵਿਡ ਅਤੇ ਕਿਸਾਨ ਘੋਲ ਦਾ ਹਵਾਲਾ ਦਿੱਤਾ ਗਿਆ ਸੀ। ਜੋ ਟੌਲ ਪਲਾਜ਼ੇ ਕੌਮੀ ਸੜਕ ਮਾਰਗਾਂ ’ਤੇ ਪੈਂਦੇ ਹਨ, ਉਨ੍ਹਾਂ ’ਤੇ ਪੰਜਾਬੀ ਰੋਜ਼ਾਨਾ ਔਸਤਨ ਕਰੀਬ ਚਾਰ ਕਰੋੜ ਦਾ ਟੌਲ ਤਾਰਦੇ ਹਨ।

Advertisement

ਕੌਮੀ ਮਾਰਗਾਂ ’ਤੇ ਟੌਲ ਕਦੋਂ ਹੋਣਗੇ ਬੰਦ

ਕੌਮੀ ਮਾਰਗਾਂ ’ਤੇ ਪੈਂਦੇ ਟੌਲ ਪਲਾਜ਼ੇ ਲੰਮੀ ਮਿਆਦ ਵਾਲੇ ਹਨ। ਮੁਕਤਸਰ ਕੋਟਕਪੂਰਾ ਰੋਡ ’ਤੇ ਲੋਕਾਂ ਨੂੰ 2 ਮਈ 2032 ਤੱਕ ਟੋਲ ਤਾਰਨਾ ਪਵੇਗਾ ਅਤੇ ਮੋਰਿੰਡਾ ਕੁਰਾਲੀ ਸਿਸਵਾਂ ਰੋਡ ’ਤੇ 22 ਦਸੰਬਰ 2031 ਤੱਕ ਟੋਲ ਲਾਗੂ ਰਹੇਗਾ। ਲੁਧਿਆਣਾ ਮੋਗਾ ਤਲਵੰਡੀ ਭਾਈ ਸੜਕ ’ਤੇ ਚੱਲਣ ਲਈ ਪੰਜਾਬ ਦੇ ਲੋਕਾਂ ਨੂੰ 20 ਸਤੰਬਰ 2040 ਤੱਕ ਟੌਲ ਤਾਰਨਾ ਪਵੇਗਾ ਜਦੋਂ ਕਿ ਅੰਮ੍ਰਿਤਸਰ ਪਠਾਨਕੋਟ ’ਤੇ ਟੌਲ ਮਈ 2030 ਤੱਕ ਲਾਗੂ ਰਹੇਗਾ।

Advertisement
Author Image

joginder kumar

View all posts

Advertisement
Advertisement
×