For the best experience, open
https://m.punjabitribuneonline.com
on your mobile browser.
Advertisement

ਬੀਕੇਯੂ ਉਗਰਾਹਾਂ ਨੇ ਪਰਚੀ ਮੁਕਤ ਕੀਤੇ ਟੌਲ ਪਲਾਜ਼ੇ

07:17 AM Oct 18, 2024 IST
ਬੀਕੇਯੂ ਉਗਰਾਹਾਂ ਨੇ ਪਰਚੀ ਮੁਕਤ ਕੀਤੇ ਟੌਲ ਪਲਾਜ਼ੇ
ਕਾਲਾਝਾੜ ਟੌਲ ਪਲਾਜ਼ਾ ’ਤੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਅਕਤੂਬਰ
ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਅਤੇ ਚੁਕਾਈ ਨਾ ਹੋਣ ਕਾਰਨ ਅੱਜ ਬੀਕੇਯੂ (ਏਕਤਾ) ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਤੇ ਸਥਿਤ ਕਾਲਾਝਾੜ ਟੌਲ ਪਲਾਜ਼ਾ ਨੂੰ ਪਰਚੀ ਮੁਕਤ ਕਰ ਕੇ ਪੱਕਾ ਮੋਰਚਾ ਲਗਾਇਆ ਗਿਆ। ਭਲਕ ਤੋਂ ਭਾਜਪਾ ਆਗੂਆਂ, ‘ਆਪ’ ਵਿਧਾਇਕਾਂ ਤੇ ਮੰਤਰੀਆਂ ਸਣੇ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਵੀ ਪੱਕੇ ਮੋਰਚੇ ਲਗਾਉਣ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਜ਼ਿਲ੍ਹਾ ਖਜਾਨਚੀ ਬਹਾਲ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ, ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਦੇ ਅੰਨਦਾਤੇ ਦਾ ਬੁਰਾ ਹਾਲ ਹੋ ਗਿਆ ਹੈ।
ਉਨ੍ਹਾਂ ਝੋਨੇ ਦੀ ਪੂਰੀ ਐੱਮਐੱਸਪੀ ‘ਤੇ ਨਿਰਵਿਘਨ ਖਰੀਦ ਚਾਲੂ ਕਰਨ ਤੋਂ ਇਲਾਵਾ ਹੁਣ ਤੱਕ ਘੱਟ ਮੁੱਲ ’ਤੇ ਵਿਕੇ ਝੋਨੇ ਦੀ ਕਮੀ ਪੂਰਤੀ ਕਰਨ, ਸਰਕਾਰੀ ਸਿਫ਼ਾਰਸ਼ ਅਨੁਸਾਰ ਪਾਣੀ ਦੀ ਬੱਚਤ ਲਈ ਬੀਜੀ ਗਈ ਪੀਆਰ-126 ਕਿਸਮ ਦੇ ਘੱਟ ਝਾੜ ਦੀ ਅਤੇ ਐੱਮਐੱਸਪੀ ਤੋਂ ਘੱਟ ਮਿਲੇ ਮੁੱਲ ਦੀ ਕਮੀ ਦੀ ਪੂਰਤੀ ਕਰਨ, ਬਾਸਮਤੀ ਦਾ ਲਾਭਕਾਰੀ ਐੱਮਐੱਸਪੀ ਮਿਥਣ, ਝੋਨੇ ਦੀ ਨਮੀ 22 ਫ਼ੀਸਦੀ ਕਰਨ ਅਤੇ ਦਾਗ਼ੀ ਦਾਣਿਆਂ ਵਰਗੀਆਂ ਹੋਰ ਸ਼ਰਤਾਂ ਨਰਮ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਮੰਗ ਅਨੁਸਾਰ ਮਿਥਣ ਅਤੇ ਹੋਰ ਹੱਕੀ ਮੰਗਾਂ ਮੰਨਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪੱਕੇ ਮੋਰਚੇ ਦਿਨ ਰਾਤ ਚਲਾਏ ਜਾਣਗੇ। ਇਸ ਮੌਕੇ ਮਨਜੀਤ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਢੀਂਡਸਾ, ਸੀਨੀਅਰ ਮੀਤ ਪ੍ਰਧਾਨ ਚੰਦ ਸਿੰਘ ਰਾਮਪੁਰਾ ਸਣੇ ਵੱਡੀ ਗਿਣਤੀ ਕਿਸਾਨ-ਮਜ਼ਦੂਰ ਅਤੇ ਔਰਤਾਂ ਹਾਜ਼ਰ ਸਨ।
ਪਟਿਆਲਾ (ਖੇਤਰੀ ਪ੍ਰਤੀਨਿਧ): ਬੀਕੇਯੂ (ਏਕਤਾ) ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਦੀ ਅਗਵਾਈ ਹੇਠ ਰਾਜਪੁਰਾ ਰੋਡ ’ਤੇ ਪੈਂਦੇ ਧਰੇੜੀ ਜੱਟਾਂ ਟੌਲ ਪਲਾਜ਼ਾ ਅਤੇ ਪਾਤੜਾਂ ਬਲਾਕ ਦੇ ਪਿੰਡ ਪੈਂਦ ਵਿਚਲੇ ਟੌਲ ਪਲਾਜ਼ੇ ਪਰਚੀ ਮੁਕਤ ਕੀਤੇ ਗਏ। ਯੂਨੀਅਨ ਦੇ ਜ਼ਿਲ੍ਹਾ ਪੱਧਰੀ ਆਗੂ ਜਸਦੇਵ ਸਿੰਘ ਨੂਗੀ ਨੇ ਦੱਸਿਆ ਕਿ ਇਸ ਦੌਰਾਨ ਧਰੇੜੀ ਜੱਟਾਂ ਵਾਲ਼ੇ ਟੌਲ ਪਲਾਜੇ ’ਤੇ ਪੁੱਜੇ ਕਿਸਾਨਾ ਦੀ ਅਗਵਾਈ ਯੂਨੀਅਨ ਆਗੂ ਮਾਸਟਰ ਬਲਰਾਜ ਜੋਸ਼ੀ ਕਰ ਰਹੇ ਹਨ ਜਦੋਂਕਿ ‘ਪੈਂਦ’ ਟੌਲ ਪਲਾਜ਼ੇ ’ਤੇ ਪਾਤੜਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਦੀ ਅਗਵਾਈ ਹੇਠਾਂ ਪ੍ਰਦਰਸ਼ਨ ਕੀਤਾ ਗਿਆ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਬੀਕੇਯੂ (ਏਕਤਾ) ਉਗਰਾਹਾਂ ਦੇ ਲਹਿਰਾਗਾਗਾ ਅਤੇ ਮੂਨਕ ਬਲਾਕ ਦੇ ਜਰਨਲ ਸਕੱਤਰ ਬਹਾਦਰ ਸਿੰਘ ਭੁਟਾਲ ਤੇ ਰਿੰਕੂ ਮੂਨਕ ਦੀ ਅਗਵਾਈ ਹੇਠ ਅੱਜ ਝੋਨੇ ਦੀ ਖ਼ਰੀਦ ਅਤੇ ਚੁਕਾਈ ਦੇ ਮਾਮਲੇ ’ਤੇ ਜਾਖਲ-ਲਹਿਰਾਗਾਗਾ, ਬਰੇਟਾ ਰੋਡ ਚੋਟੀਆਂ ਟੌਲ ਪਲਾਜ਼ਾ ਮੁਫ਼ਤ ਕਰ ਕੇ ਪੱਕੇ ਮੋਰਚੇ ਲਗਾਏ ਗਏ। ਇਸ ਮੌਕੇ ਬਲਾਕ ਆਗੂ ਸੂਬਾ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ ਮਨਿਆਣਾ, ਬੰਟੀ ਢੀਂਡਸਾ, ਰੋਸ਼ਨ ਬੱਬੂ ਚੱਠੇ ਕਿਹਾ ਕਿ ਜਥੇਬੰਦੀ ਦੀ ਪੰਜ ਮੈਂਬਰੀ ਸੂਬਾ ਪੱਧਰੀ ਟੀਮ ਦੇ ਫ਼ੈਸਲੇ ਅਨੁਸਾਰ ਦੋਵੇਂ ਮੋਰਚੇ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਜਾਰੀ ਰੱਖੇ ਜਾਣਗੇ। ਇਸ ਮੌਕੇ ਮੂਣਕ ਅਤੇ ਲਹਿਰਾਗਾਗਾ ਦੇ ਸਮੂਹ ਬਲਾਕ ਆਗੂਆਂ ਅਤੇ ਵਿਦਿਆਰਥੀ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਨੇ ਵੀ ਸੰਬੋਧਨ ਕੀਤਾ। ਅੱਜ ਦੇ ਧਰਨੇ ਵਿੱਚ ਵੱਡੀ ਗਿਣਤੀ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਨੇ ਵੀ ਸ਼ਿਰਕਤ ਕੀਤੀ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਬੀਕੇਯੂ ਏਕਤਾ ਉਗਰਾਹਾਂ ਵੱਲੋਂ ਦਿੱਤੇ ਸੱਦੇ ’ਤੇ ਮੰਡੀਆਂ ਵਿੱਚ ਚੱਲ ਰਹੀ ਝੋਨੇ ਦੀ ਢਿੱਲੀ ਖ਼ਰੀਦ, ਡੀਏਪੀ ਖਾਦ ਦੀ ਘਾਟ ਅਤੇ ਹੋਰ ਕਿਸਾਨੀ ਮੰਗਾਂ ਲਈ ਦਿੱਲੀ-ਸੰਗਰੂਰ ਕੌਮੀ ਮਾਰਗ ਉੱਤੇ ਧਰਨਾ ਦੇ ਕੇ ਇੱਥੇ ਟੌਲ ਪਲਾਜ਼ਾ ਮੁਫ਼ਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇਕੱਤਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਨੇ ਕਿਹਾ ਕਿ ‘ਆਪ’ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ।

Advertisement

ਝੋਨੇ ਦੀ ਚੁਕਾਈ ਨਾ ਹੋਣ ਤੋਂ ਖਫਾ ਕਿਸਾਨਾਂ ਨੇ ‘ਸੀਲ’ ਕੀਤਾ ਪਟਿਆਲਾ ਸ਼ਹਿਰ

ਪਟਿਆਲਾ (ਸਰਬਜੀਤ ਸਿੰਘ ਭੰਗੂ): ਇਸ ਵਾਰ ਮੰਡੀ ਸੀਜਨ ਨੂੰ ਲੈ ਕੇ ਰੇੜਕਾ ਲਗਾਤਾਰ ਜਾਰੀ ਹੈ। ਸ਼ੁਰੂਆਤੀ ਦੌਰ ’ਚ ਹੀ ਉਲਝ ਜਾਣ ਕਰ ਕੇ ਤਾਣੀ ਅਜੇ ਤੱਕ ਵੀ ਤਾਬ ਨਹੀਂ ਆ ਰਹੀ। ਖ਼ਰੀਦ ਰਾਹੇ ਪਈ ਤਾਂ ਹੁਣ ਚੁਕਾਈ ਨੇ ਵੱਡੀ ਸਮੱਸਿਆ ਵਜੋਂ ਮੂੰਹ ਅੱਡ ਲਿਆ। ਉਧਰ, ਜਿੱਥੇ ਪੇਂਡੂ ਤਬਕਾ ਵੋਟਾਂ ਤੋਂ ਸੁਰਖਰੂ ਹੋ ਗਿਆ, ਉੱਥੇ ਹੀ ਕਟਾਈ ਵੀ ਜ਼ੋਰ ਫੜ ਗਈ ਤੇ ਮੰਡੀਆਂ ’ਚ ਥਾਂ ਦੀ ਦਿੱਕਤ ਖੜ੍ਹੀ ਹੋ ਗਈ ਹੈ। ਖ਼ਰੀਦ ਕੇ ਬੋਰੀਆਂ ’ਚ ਭਰਿਆ ਝੋਨਾ ਨਾ ਚੁੱਕੇ ਜਾਣ ਕਾਰਨ ਕਿਸਾਨਾਂ ਦੀ ਫ਼ਸਲ ਕੱਚੇ ’ਚ ਰੁਲ ਰਹੀ ਹੈ। ਇਸ ਤੋਂ ਖ਼ਫ਼ਾ ਕਿਸਾਨ ਜਥੇਬੰਦੀਆਂ ਨੇ ਅੱਜ ਅੱਧੀ ਦਰਜਨ ਥਾਵਾਂ ’ਤੇ ਧਰਨੇ ਦਿੱਤੇ। ਅੱਜ ਦੇ ਇਨ੍ਹਾਂ ਅਣਕਿਆਸੇ ਪ੍ਰਰਦਸ਼ਨਾਂ ਕਾਰਨ ਇੱਕ ਵਾਰ ਤਾਂ ਪਟਿਆਲਾ ਸ਼ਹਿਰ ਠੱਪ ਹੋ ਗਿਆ ਸੀ। ਐੱਸਐੱਸਪੀ ਡਾ. ਨਾਨਕ ਸਿੰਘ ਵੱਲੋਂ ਕੀਤੀ ਵਿਉਂਤਬੰਦੀ ਸਦਕਾ ਹਾਲਾਤ ਨੂੰ ਕਾਬੂ ’ਚ ਕੀਤਾ ਜਾ ਸਕਿਆ। ਉਨ੍ਹਾਂ ਸਮੂਹ ਥਾਣਾ ਮੁਖੀਆਂ ਨੂੰ ਖ਼ਰੀਦ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਸਣੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਆਦਿ ਨਾਲ ਰਾਬਤਾ ਸਾਧ ਕੇ ਰੱਖਣ ਦੀ ਪਹਿਲਾਂ ਤੋਂ ਹੀ ਤਾਕੀਦ ਕੀਤੀ ਹੋਈ ਹੈ। ਅੱਜ ਪੁਲੀਸ ਨੇ ਸਿਵਲ ਪ੍ਰਸ਼ਾਸਨ ਦੀ ਵੀ ਮਦਦ ਕੀਤੀ। ਇਸ ਦੌਰਾਨ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮੱਖਣ ਸਿੰਘ ਦੌਣਕਲਾਂ ਦੀ ਅਗਵਾਈ ਹੇਠਾਂ ਰਾਜਪੁਰਾ ਰੋਡ ’ਤੇ ਪੈਂਦੇ ਪਿੰਡ ਦੌਣ ਕਲਾਂ ਦੇ ਸਾਹਮਣੇ ਧਰਨਾ ਦਿੱਤਾ ਗਿਆ। ਜਲਦੀ ਹੀ ਮੌਕੇ ’ਤੇ ਪੁੱਜੇ ਥਾਣਾ ਸਦਰ ਪਟਿਆਲਾ ਦੇ ਮੁਖੀ ਗੁਰਪ੍ਰੀਤ ਭਿੰਡਰ ਨੇ ਰਾਹਗੀਰਾਂ ਲਈ ਬਦਲਵੇਂ ਪ੍ਰਬੰਧ ਕੀਤੇ। ਉਨ੍ਹਾਂ ਵੱਲੋਂ ਮੁਕੱਰਰ ਕਰਵਾਈ ਮੀਟਿੰਗ ’ਚ ਐੱਫਸੀਆਈ ਇੰਸਪੈਕਟਰ ਤਜਿੰਦਰ ਕੌਰ ਵੱਲੋਂ ਚੁਕਾਈ ’ਚ ਤੇਜ਼ੀ ਲਿਆਉਣ ’ਤੇ ਭਰੋਸੇ ਮਗਰੋਂ ਧਰਨਾ ਸਮਾਪਤ ਹੋਇਆ। ਦੂਜੇ ਬੰਨੇ, ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜੋਰਾਵਰ ਸਿੰਘ ਬਲਬੇੜਾ ਦੀ ਅਗਵਾਈ ਹੇਠ ਬਹਾਦਰਗੜ੍ਹ ਵਿੱਚ ਲੱਗੇ ਧਰਨੇ ਕਾਰਨ ਆਵਾਜਾਈ ਪ੍ਰਭਾਵਿਤ ਰਹੀ ਪਰ ਇੱਥੇ ਵੀ ਇੰਸਪੈਕਟਰ ਗੁਰਪ੍ਰੀਤ ਭਿੰਡਰ ਨੇ ਖ਼ਰੀਦ ਅਧਿਕਾਰੀ ਰਾਹੀਂ ਮਸਲਾ ਸੁਲਝਾਇਆ। ਇੱਕ ਹੋਰ ਧਰਨਾ ਸੰਗਰੂਰ ਰੋਡ ’ਤੇ ਸਥਿਤ ਮਹਿਮਦਪੁਰ ਮੰਡੀ ਕਰ ਕੇ ਲੱਗਿਆ। ਇਸ ਦੀ ਅਗਵਾਈ ਸੁਰਜੀਪਤ ਫੂਲ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ ਨੇ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਕੱਚੇ ’ਚ ਫ਼ਸਲ ਸੁੱਟਣ ਲਈ ਮਜਬੂਰ ਹਨ। ਇੱਥੇ ਪਸਿਆਣਾ ਦੇ ਥਾਣਾ ਮੁਖੀ ਇੰਸਪੈਕਟਰ ਕਰਨਲੀਰ ਸੰਧੂ ਨੇ ਰਾਹਗੀਰਾਂ ਲਈ ਬਦਲਵੇਂ ਪ੍ਰਬੰਧ ਕੀਤੇ ਤੇ ਮਾਰਕਫੈੱਡ ਦੇ ਇੰਸਪੈਕਟਰ ਤਜਿੰਦਰ ਸੰਧੂ ਅਤੇ ਕਿਸਾਨਾਂ ਦਰਮਿਆਨ ਮੀਟਿੰਗ ਕਰਵਾ ਕੇ ਮਸਲਾ ਨਿਬੇੜਿਆ। ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਪਟਿਆਲਾ ਨੇ ਕਿਹਾ ਕਿ ਸਰਹਿੰਦ ਰੋਡ, ਭਾਦਸੋਂ ਅਤੇ ਨਾਭਾ ਰੋਡ ਵਾਲੀਆਂ ਮੰਡੀਆਂ ’ਚ ਵੀ ਚੁਕਾਈ ਦੀ ਮੁਸ਼ਕਲ ਕਾਰਨ ਕਿਸਾਨ ਖ਼ਫ਼ਾ ਸਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਡੀਸੀ ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਸ਼ਾਂਤ ਕੀਤਾ।

Advertisement

Advertisement
Author Image

sukhwinder singh

View all posts

Advertisement