ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਕਲੀ ਕਿਸਾਨ ਕਾਰਡਾਂ ਦੀ ਭਰਮਾਰ ਕਾਰਨ ਟੌਲ-ਮੁਕਤ ਲਾਂਘਾ ‘ਬੰਦ’

07:51 AM Aug 13, 2024 IST
ਚੌਕੀਮਾਨ ਟੌਲ ਪਲਾਜ਼ਾ ’ਤੇ ਕਿਸਾਨਾਂ ਲਈ ਟੌਲ ਛੋਟ ਨਾ ਹੋਣ ਬਾਰੇ ਲੱਗਾ ਬੋਰਡ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 12 ਅਗਸਤ
ਟੌਲ ਪਲਾਜ਼ਾ ਤੋਂ ‘ਮੁਫ਼ਤ’ ਵਿੱਚ ਲੰਘਣ ਲਈ ਵੱਡੇ ਪੱਧਰ ’ਤੇ ਕਿਸਾਨ ਕਾਰਡ ਬਣੇ ਹਨ। ਕੁਝ ਲੋਕਾਂ ਨੇ ਤਾਂ ਕਿਸਾਨ ਜਥੇਬੰਦੀਆਂ ਪਾਸੋਂ ਜਾਣ-ਪਛਾਣ, ਰਸੂਖ ਜਾਂ ਕਿਸੇ ਹੋਰ ਤਰੀਕੇ ਨੂੰ ਵਰਤ ਕੇ ਕਾਰਡ ਬਣਾਏ ਹਨ, ਪਰ ਟੌਲ ਤੋਂ ਪਰਚੀ ਮੁਕਤ ਲਾਂਘੇ ਲਈ ਨਕਲੀ ਕਾਰਡ ਬਣਾਉਣ ਦਾ ਵੀ ਹੜ੍ਹ ਆ ਗਿਆ ਹੈ। ਇਹ ਖੁਲਾਸਾ ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇਅ ਸਥਿਤ ਚੌਕੀਮਾਨ ਟੌਲ ਪਲਾਜ਼ਾ ’ਤੇ ਵੱਡੀ ਗਿਣਤੀ ’ਚ ਫੜੇ ਗਏ ਕਿਸਾਨ ਕਾਰਡਾਂ ਤੋਂ ਹੋਇਆ ਹੈ। ਇੱਥੋਂ ਰੋਜ਼ਾਨਾ ਵੱਡੀ ਗਿਣਤੀ ਗੱਡੀਆਂ ਵੀਆਈਪੀ ਲੇਨ ’ਚੋਂ ਲੰਘਦੀਆਂ ਹਨ। ਇਨ੍ਹਾਂ ਵਿੱਚ ਨੇੜਲੇ ਪਿੰਡਾਂ ਤੋਂ ਇਲਾਵਾ ਸਭ ਤੋਂ ਵੱਧ ਗੱਡੀਆਂ ਕਿਸਾਨ ਕਾਰਡਾਂ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਤੋਂ ਪ੍ਰੇਸ਼ਾਨ ਟੌਲ ਪ੍ਰਬੰਧਕਾਂ ਨੇ ਕਿਸਾਨ ਕਾਰਡਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਹੈਰਾਨੀ ਉਦੋਂ ਹੋਈ ਜਦੋਂ ਦੋ-ਤਿੰਨ ਦਿਨਾਂ ’ਚ ਹੀ ਨਕਲੀ ਕਾਰਡਾਂ ਦਾ ਟੌਲ ’ਤੇ ਢੇਰ ਲੱਗ ਗਿਆ। ਜ਼ਬਤ ਕੀਤੇ ਇਨ੍ਹਾਂ ਕਾਰਡਾਂ ’ਚ ਕਈ ਕਿਸਾਨ ਜਥੇਬੰਦੀਆਂ ਦੇ ਨਾਂ ਤੱਕ ਨਹੀਂ ਸੁਣੇ ਹੋਏ। ਕੁਝ ਲੋਕਾਂ ਨੇ ਤਾਂ ਆਪੋ-ਆਪਣੇ ਪਿੰਡ ਦੇ ਨਾਂ ’ਤੇ ਭਾਰਤੀ ਕਿਸਾਨ ਯੂਨੀਅਨਾਂ ਬਣਾ ਲਈਆਂ ਹਨ। ਇਹ ਪਤਾ ਵੀ ਇਨ੍ਹਾਂ ਕਬਜ਼ੇ ’ਚ ਲਏ ਗਏ ਕਾਰਡਾਂ ਤੋਂ ਲੱਗਿਆ ਹੈ। ਇਨ੍ਹਾਂ ਕਾਰਡਾਂ ’ਤੇ ਲੱਗੀਆਂ ਫੋਟੋਆਂ ਵਾਲੇ ਵਿਅਕਤੀ ਕਿਸੇ ਪਾਸਿਓਂ ਕਿਸਾਨ ਵੀ ਨਹੀਂ ਦਿਖਦੇ। ਸਿੱਟੇ ਵਜੋਂ ਚੌਲੀਮਾਨ ਟੌਲ ਪਲਾਜ਼ਾ ਦੇ ਦੋਵੇਂ ਪਾਸੇ ਇੱਕ ਬੋਰਡ ਲਾ ਦਿੱਤਾ ਗਿਆ ਹੈ। ਇਸ ’ਤੇ ਵੀਆਈਪੀ ਲੇਨ ਤੋਂ ਇਲਾਵਾ ਕਿਸੇ ਵੀ ਲੇਨ ਤੋਂ ਕਿਸਾਨ ਕਾਰਡ ਟੌਲ ਮੁਕਤ ਲਾਂਘੇ ਲਈ ‘ਵੈਧ’ ਨਾ ਹੋਣ ਬਾਰੇ ਲਿਖਿਆ ਗਿਆ ਹੈ। ਅਸਲ ’ਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਇੱਕ ਸਾਲ ਤੋਂ ਵੱਧ ਲੰਮਾ ਚੱਲੇ ਕਿਸਾਨ ਸੰਘਰਸ਼ ਨੇ ਕਿਸਾਨ ਜਥੇਬੰਦੀਆਂ ਨੂੰ ਕਾਫ਼ੀ ਮਜ਼ਬੂਤੀ ਦਿੱਤੀ ਸੀ। ਪੰਜਾਬ ਸਮੇਤ ਗੁਆਂਢੀ ਸੂਬਿਆਂ ਵਿੱਚ ਕਿਸਾਨ ਟੌਲ ਪਰਚੀ ਤੋਂ ਬਿਨਾਂ ਲੰਘਣ ਲੱਗੇ ਤੇ ਇਨ੍ਹਾਂ ’ਚ ਪੰਜਾਬ ਦਾ ਸਭ ਤੋਂ ਮਹਿੰਗਾ ਤੇ ਚਰਚਿਤ ਲਾਡੋਵਾਲ ਟੌਲ ਪਲਾਜ਼ਾ ਵੀ ਸ਼ਾਮਲ ਹੈ।

Advertisement

ਚੌਕੀਮਾਨ ਟੌਲ ’ਤੇ ਫੜੇ ਗਏ ਨਕਲੀ ਕਿਸਾਨੀ ਕਾਰਡ।

ਚੌਕੀਮਾਨ ਟੌਲ ਚਲਾਉਣ ਵਾਲੀ ਕੰਪਨੀ ਦੇ ਮੈਨੇਜਰ ਅਜੇ ਸਿੰਘ ਦਾ ਕਹਿਣਾ ਸੀ ਕਿ ਕੁਝ ਦਿਨਾਂ ’ਚ ਹੀ ਨਕਲੀ ਕਿਸਾਨ ਕਾਰਡਾਂ ਦਾ ਫੜਿਆ ਜਾਣਾ ਬਹੁਤ ਕੁਝ ਬਿਆਨ ਕਰਦਾ ਹੈ ਜਿਸ ਕਰਕੇ ਬੋਰਡ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ‘ਅਸਲੀ’ ਕਿਸਾਨਾਂ ਨਾਲ ਉਹ ਲਿਹਾਜ਼ ਵਰਤ ਰਹੇ ਹਨ।
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਇਸ ਮੁੱਦੇ ’ਤੇ ਮੀਟਿੰਗ ਕੀਤੀ ਹੈ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਵੱਡੀ ਪੱਧਰ ’ਤੇ ਨਕਲੀ ਕਾਰਡ ਬਣਨ ਦੀ ਗੱਲ ਕਬੂਲਦਿਆਂ ਜਥੇਬੰਦੀ ਦੇ ਕਾਰਕੁਨਾਂ ਨੂੰ ਗੱਡੀਆਂ ’ਤੇ ਝੰਡੇ ਲਾਜ਼ਮੀ ਲਾ ਕੇ ਰੱਖਣ ਲਈ ਕਿਹਾ ਹੈ ਤਾਂ ਜੋ ਕਿਤੇ ਅੜਿੱਕਾ ਨਾ ਲੱਗੇ।

Advertisement
Advertisement
Advertisement