‘ਪੰਜਾਬ ਖਿੱਤੇ ’ਚ ਸਹਿਣਸ਼ੀਲਤਾ ਅਤੇ ਖੁੱਲ੍ਹਾਪਣ ਸੂਫ਼ੀਆਂ ਦੀ ਦੇਣ’
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 20 ਜਨਵਰੀ
ਪਾਕਿਸਤਾਨ ਦੇ ਲਾਹੌਰ ਵਿੱਚ ਚੱਲ ਰਹੀ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਦੂਜੇ ਦਿਨ ਵੱਖ-ਵੱਖ ਸੈਸ਼ਨਾਂ ਦੌਰਾਨ ਸੂਫੀਇਜ਼ਮ ਬਾਰੇ ਚਰਚਾ ਹੋਈ। ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਮੁਖੀ ਤੇ ਸਾਬਕਾ ਵਜ਼ੀਰ ਫ਼ਖ਼ਰ ਜ਼ਮਾਨ, ਭਾਰਤ ਚੈਪਟਰ ਦੇ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਕੀਤੀ। ਅੱਜ ਸੂਫ਼ੀ ਕਵਿਤਾ, ਮੁਸ਼ਾਇਰਾ ਅਤੇ ਮੀਡੀਆ ਬਾਰੇ ਵਿਚਾਰ-ਚਰਚਾ ਹੋਈ।
ਸੂਫੀ ਕਵੀਆਂ ਅਤੇ ਸੂਫੀਵਾਦ ਬਾਰੇ ਹੋਏ ਸੈਸ਼ਨ ਵਿੱਚ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਕਿ ਪੰਜਾਬ ਖਿੱਤੇ ਵਿੱਚ ਸਹਿਣਸ਼ੀਲਤਾ ਅਤੇ ਖੁੱਲ੍ਹਾਪਣ ਸੂਫ਼ੀਆਂ ਦੀ ਦੇਣ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਬਾਬਾ ਸ਼ੇਖ ਫ਼ਰੀਦ, ਭਗਤਾਂ ਤੇ ਭੱਟਾਂ ਦੀ ਬਾਣੀ ਦਰਜ ਹੈ ਜੋ ਇਸ ਖਿੱਤੇ ਦੀ ਖੁੱਲ੍ਹਦਿਲੀ ਦਾ ਮੁਜੱਸਮਾ ਹੈ। ਇਸ ਸੈਸ਼ਨ ਵਿੱਚ ਖਾਲਿਦ ਹੁਸੈਨ, ਮੁਹੰਮਦ ਖਾਲਿਦ ਤੇ ਜੰਗ ਬਹਾਦਰ ਗੋਇਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸੈਸ਼ਨ ਦਾ ਸੰਚਾਲਨ ਕਰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਸੂਫੀਵਾਦ ਦਾ ਦਾਇਰਾ ਇੰਨਾ ਮੋਕਲਾ ਸੀ ਕਿ ਮੁਕਾਮੀ ਲੋਕਾਂ ਨੇ ਇਸ ਨੂੰ ਆਪਣੀਆਂ ਰਵਾਇਤਾਂ ਅਨੁਸਾਰ ਢਾਲ ਲਿਆ। ਇਸ ਮੌਕੇ ਮੁਸ਼ਾਇਰਾ ਵੀ ਕਰਵਾਇਆ ਗਿਆ। ਇਸ ਵਿੱਚ ਡਾ. ਦਰਸ਼ਨ ਸਿੰਘ ਬੁੱਟਰ, ਤ੍ਰੈਲੋਚਨ ਲੋਚੀ, ਰਤਨ ਸਿੰਘ ਢਿੱਲੋਂ, ਜੈਨਿੰਦਰ ਚੌਹਾਨ, ਹਰਵਿੰਦਰ ਚੰਡੀਗੜ੍ਹ, ਗੁਰਭਜਨ ਸਿੰਘ ਗਿੱਲ, ਮੁਹੰਮਦ ਅੱਬਾਸ ਮਿਰਜ਼ਾ, ਬਾਬਾ ਨਜਮੀ, ਸੁੱਖੀ ਬਰਾੜ, ਡੌਲੀ ਗੁਲੇਰੀਆ, ਸੁਬਰਾ ਸਦਫ਼, ਸਹਿਜਪ੍ਰੀਤ ਸਿੰਘ ਮਾਂਗਟ, ਗੁਰਪ੍ਰੀਤ ਮਾਨਸਾ, ਸੰਦੀਪ ਸ਼ਰਮਾ ਨੇ ਆਪਣੀ ਰਚਨਾਵਾਂ ਸੁਣਾਈਆਂ। ਸੂਫੀਵਾਦ ਦੇ ਪ੍ਰਚਾਰ ਤੇ ਪਸਾਰ ਵਿੱਚ ਮੀਡੀਆ ਦੀ ਭੂਮਿਕਾ ਬਾਰੇ ਕਰਵਾਏ ਸੈਸ਼ਨ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਤੋਂ ਪੱਤਰਕਾਰੀ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਵਿਚਾਰ ਪ੍ਰਗਟਾਏ। ‘ਭੁਲੇਖਾ’ ਅਖ਼ਬਾਰ ਦੇ ਮੁੱਖ ਸੰਪਾਦਕ ਮੁਦੱਸਰ ਬੱਟ ਤੇ ‘ਜੰਗ’ ਅਖ਼ਬਾਰ ਦੀ ਕਾਲਮਨਵੀਸ ਸੁਗਰਾ ਸਦਫ਼ ਨੇ ਪਾਕਿਸਤਾਨ ਵਿੱਚ ਪੰਜਾਬੀ ਅਖ਼ਬਾਰਾਂ ਦੇ ਪਿਛੋਕੜ ਬਾਰੇ ਚਾਨਣਾ ਪਾਉਂਦਿਆਂ ਪੰਜਾਬੀ ਨਿਊਜ਼ ਚੈਨਲ ਸ਼ੁਰੂ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ।