ਟੌਹੜਾ ਪਰਿਵਾਰ ਸ਼੍ਰੋਮਣੀ ਕਮੇਟੀ ਚੋਣ ਦੇ ਨਤੀਜੇ ਤੋਂ ਮਾਯੂਸ
ਮਾਨਵਜੋਤ ਭਿੰਡਰ
ਡਕਾਲਾ, 28 ਅਕਤੂਬਰ
ਐੱਸਜੀਪੀਸੀ ਦੇ ਡਕਾਲਾ ਹਲਕਾ ਤੋਂ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ ਨੇ ਬੀਬੀ ਜਗੀਰ ਕੌਰ ਦੀ ਹਾਰ ’ਤੇ ਚਿੰਤਾ ਪ੍ਰਗਟਾਈ ਹੈ| ਉਨ੍ਹਾਂ ਕਿਹਾ ਕਿ ਭਾਵੇਂ ਵੱਡੀ ਤਾਦਾਦ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਦੇ ਹੱਕ ਵਿੱਚ ਭੁਗਤਣ ਦਾ ਭਰੋਸਾ ਦਿਵਾਇਆ ਜਾਂਦਾ ਰਿਹਾ ਪਰ ਅਮਲੀ ਰੂਪ ਵਿੱਚ ਅਜਿਹਾ ਸਾਹਮਣੇ ਨਹੀਂ ਆਇਆ| ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਵੋਟਰ ਦੇ ਮਨ ਨੂੰ ਪੜ੍ਹਨਾ ਬੜਾ ਔਖਾ ਹੈ। ਜ਼ਿਕਰਯੋਗ ਹੈ ਕਿ ਬੀਬੀ ਟੌਹੜਾ ਸ਼੍ਰੋਮਣੀ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪੁੱਤਰੀ ਹਨ| ਉਨ੍ਹਾਂ ਦੱਸਿਆ ਕਿ ਅੱਜ ਉਹ ਅੱਜ ਵੋਟ ਪਾਉਣ ਗਏ ਸਨ| ਦੇਰ ਸ਼ਾਮ ਫੋਨ ’ਤੇ ਆਏ ਨਤੀਜੇ ਤੋਂ ਕਾਫੀ ਨਰਾਸ਼ ਜਾਪੇ| ਮਗਰੋਂ ਉਨ੍ਹਾਂ ਦੇ ਛੋਟੇ ਪੁੱਤਰ ਕੰਵਰਵੀਰ ਸਿੰਘ ਟੌਹੜਾ ਜਿਹੜੇ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸਾਬਕਾ ਪ੍ਰਧਾਨ ਤੇ ਹੁਣ ਸੂਬਾ ਆਗੂ ਵਜੋਂ ਵੀ ਕਾਰਜ਼ਸੀਲ ਹਨ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕਮੇਟੀ ਦੀ ਚੋਣ ਦੌਰਾਨ ਭਾਜਪਾ ’ਤੇ ਦਖਲਅੰਦਾਜ਼ੀ ਕਰਨ ਦੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਤੋਂ ਅਕਾਲੀ ਦਲ ਤੋਂ ਭਾਜਪਾ ਨੇ ਨਾਤਾ ਤੋੜਿਆ ਹੈ ਉਦੋਂ ਤੋਂ ਹੀ ਭਾਜਪਾ ਨੂੰ ਬੇਵਜ਼ਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਜਪਾ ਧਰਮ ਨਿਰਪੱਖ ਪਾਰਟੀ ਹੈ ਤੇ ਸ਼੍ਰੋਮਣੀ ਕਮੇਟੀ ਜਾਂ ਧਰਮ ਦੇ ਮਾਮਲੇ ਵਿੱਚ ਕਦੇ ਵੀ ਕੋਈ ਦਖਲਅੰਦਾਜ਼ੀ ਨਹੀਂ ਕੀਤੀ| ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੀਆਂ ਚਾਰੋਂ ਜਿਮਨੀ ਚੋਣਾਂ ਵਿੱਚ ਬਾਖੂਬੀ ਪ੍ਰਦਰਸ਼ਨ ਕਰੇਗੀ।
ਭਲਵਾਨ ਨੇ ਜਥੇਦਾਰ ਧਾਮੀ ਦੀ ਸ਼ਲਾਘਾ
ਧੂਰੀ (ਖੇਤਰੀ ਪ੍ਰਤੀਨਿਧ): ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਹੋਈ ਸਾਲਾਨਾ ਚੋਣ ਵਿੱਚ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੂੰ ਲਗਾਤਾਰ ਚੌਥੀ ਵਾਰ ਮਿਲੀ ਸਫ਼ਲਤਾ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਜਥੇਦਾਰ ਭੁਪਿੰਦਰ ਸਿੰਘ ਕਿਹਾ ਕਿ ਜਥੇਦਾਰ ਧਾਮੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇਮਾਨਦਾਰੀ ਨਾਲ ਨਿਭਾਈਆਂ ਗਈਆਂ ਸੇਵਾਵਾਂ ਸਦਕਾ ਉਨ੍ਹਾਂ ਨੂੰ ਵੱਡੇ ਫਰਕ ਨਾਲ ਸਫ਼ਲਤਾ ਮਿਲੀ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਜਥੇਦਾਰ ਹਰਜਿੰਦਰ ਸਿੰਘ ਧਾਮੀ ਪੰਥ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹਿਣਗੇ।
ਧਾਮੀ ਦੀ ਜਿੱਤ ਸੁਧਾਰ ਲਹਿਰ ਨੂੰ ਕਰਾਰਾ ਜਵਾਬ: ਮਿੰਟਾ
ਪਟਿਆਲਾ( ਖੇਤਰੀ ਪ੍ਰਤੀਨਿਧ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਜਿੱਤ ’ਤੇ ਤਸੱਲੀ ਅਤੇ ਖੁਸ਼ੀ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਸੁਖਵਿੰਦਰਪਾਲ ਮਿੰਟਾ ਨੇ ਇਸ ਨੂੰ ਅਕਾਲੀ ਦਲ ਸੁਧਾਰ ਲਹਿਰ ਦੇ ਮੂੰਹ ’ਤੇ ਕਰਾਰੀ ਚਪੇੜ ਕਰਾਰ ਦਿੱਤਾ ਹੈ। ਉਨ੍ਹਾਂ ਨਾਲ ਹੀ ਸਵਾਲ ਕਰਦਿਆਂ ਸੁਧਾਰ ਲਹਿਰ ਦੇ ਆਗੂ ਚਰਨਜੀਤ ਬਰਾੜ ਤੋਂ ਜਵਾਬ ਮੰਗਿਆ ਕਿ ਹੁਣ ਉਹ ਦੱਸਣ ਕਿ ਸ੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਵਿਚ ਝੂਠ ਕਿਸ ਨੇ ਬੋਲਿਆ ਹੈੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਧਾਮੀ ਦੀ ਜਿੱਤ ਸਪੱਸ਼ਟ ਕਰਦੀ ਹੈ ਕਿ ਲੋਕ ਮਨਾਂ ਵਿੱਚ ਅਕਾਲੀ ਦਲ ਦਾ ਆਧਾਰ ਅਤੇ ਵਿਸ਼ਵਾਸ਼ ਵਧਿਆ ਅਤੇ ਸੁਧਾਰ ਲਹਿਰ ਦਾ ਘਟਿਆ ਹੈ। ਉਨ੍ਹਾਂ ਹੋਰ ਕਿਹਾ ਕਿ ਕੱਲ੍ਹ ਜਦੋਂ ਡਾ. ਦਲਜੀਤ ਸਿੰਘ ਚੀਮਾ ਨੇ 99 ਮੈਂਬਰ ਪਹੁੰਚਣ ਦੀ ਜਾਣਕਾਰੀ ਦਿੱਤੀ ਸੀ, ਤਾਂ ਚਰਨਜੀਤ ਬਰਾੜ ਨੇ ਸ੍ਰੀ ਚੀਮਾ ’ਤੇ ਸ੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਵਿਚ ਝੂਠ ਬੋਲਣ ਦੇ ਦੋਸ਼ ਲਾਉਂਦਿਆਂ 65 ਕੁ ਮੈਂਬਰ ਆਏ ਹੋਣ ਦੀ ਗੱਲ ਆਖੀ ਸੀ। ਅੱਜ ਸਪੱਸ਼ਟ ਹੋ ਗਿਆ ਕਿ ਝੂਠ ਕਿਸ ਨੇ ਬੋਲਿਆ ਸੀ।