ਥਰਮਲ ਅਧਿਕਾਰੀਆਂ ਲਈ ਪਰਖ ਦੀ ਘੜੀ ਸਾਬਿਤ ਹੋ ਸਕਦਾ ਹੈ ਅੱਜ ਪਿਆ ਮੀਂਹ
ਜਗਮੋਹਨ ਸਿੰਘ
ਰੂਪਨਗਰ, 1 ਫਰਵਰੀ
ਘਨੌਲੀ ਖੇਤਰ ਵਿੱਚ ਅੱਜ ਪਿਆ ਭਾਰੀ ਮੀਂਹ ਥਰਮਲ ਪਲਾਂਟ ਰੂਪਨਗਰ ਦੇ ਅਧਿਕਾਰੀਆਂ ਲਈ ਪਰਖ ਦੀ ਘੜੀ ਸਾਬਿਤ ਹੋ ਸਕਦਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਕੁੱਝ ਸਮੇਂ ਤੋਂ ਥਰਮਲ ਪਲਾਂਟ ਦੇ ਨੇੜਲੇ ਖੇਤਰ ਦੇ ਪਿੰਡਾਂ ਵਿੱਚ ਚਿਮਨੀਆਂ ਦੀ ਸੁਆਹ ਦੇ ਪ੍ਰਦੂਸ਼ਣ ਦਾ ਪੱਧਰ ਕਾਫੀ ਵਧ ਗਿਆ ਸੀ। ਦਰੱਖਤਾਂ ਦੇ ਪੱਤਿਆਂ ਤੇ ਜੰਮੀ ਸੁਆਹ ਨੂੰ ਦੇਖ ਕੇ ਲੋਕਾਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਥਰਮਲ ਪਲਾਂਟ ਰੂਪਨਗਰ ਅੰਦਰ ਯੂਨਿਟਾਂ ਦੇ ਬਾਲਣ ਲਈ ਕੋਲੇ ਦੇ ਨਾਲ ਨਾਲ ਪਰਾਲੀ ਦੇ ਬਣੇ ਪਾਇਲਟਸ ਦਾ ਵੀ ਇਸਤੇਮਾਲ ਕੀਤਾ ਜਾਣ ਲੱਗ ਪਿਆ ਹੈ ਤੇ ਇਸੇ ਕਰਕੇ ਹੀ ਇਲਾਕੇ ਅੰਦਰ ਸੁਆਹ ਦੇ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ। ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਥਰਮਲ ਅਧਿਕਾਰੀ ਪਹਿਲਾਂ 3 ਨੰਬਰ ਯੂਨਿਟ ਦਾ ਸਿਸਟਮ ਖਰਾਬ ਹੋਣ ਦਾ ਬਹਾਨਾ ਲਗਾਉਂਦੇ ਰਹੇ ਤੇ ਬਾਅਦ ਵਿੱਚ 5 ਨੰਬਰ ਯੂਨਿਟ ਦੀ ਈ.ਐਸ.ਪੀ. ਵਿੱਚ ਤਕਨੀਕੀ ਨੁਕਸ ਦੱਸਣ ਲੱਗ ਗਏ। ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਪ੍ਰਦੂ਼ਸ਼ਣ ਰੋਕਥਾਮ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਹੀ ਪਰਾਲੀ ਦੇ ਪਾਇਲਟਸ ਦਾ ਇਸਤੇਮਾਲ ਯੂਨਿਟਾਂ ਦੇ ਬਾਲਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਰਾਲੀ ਪਾਇਲਟਸ ਦੀ ਮਾਤਰਾ ਕੋਲੇ ਦੇ ਮੁਕਾਬਲੇ ਬਹੁਤ ਹੀ ਘੱਟ ਹੈ ਅਤੇ ਇਸ ਨਾਲ ਪ੍ਰਦੂਸ਼ਣ ਵਿੱਚ ਵਾਧਾ ਨਹੀਂ ਹੁੰਦਾ। ਉੱਧਰ ਅੱਜ ਮੀਂਹ ਪੈਣ ਨਾਲ ਇਲਾਕੇ ਅੰਦਰ ਸਾਰੇ ਦਰੱਖਤਾਂ ਦੇ ਪੱਤਿਆਂ ਦੀ ਸੁਆਹ ਧੋਤੇ ਜਾਣ ਉਪਰੰਤ ਦਰੱਖਤਾਂ ਦੇ ਪੱਤੇ ਮੁੜ ਹਰੇ ਭਰੇ ਹੋ ਗਏ ਹਨ ਤੇ ਥਰਮਲ ਪਲਾਂਟ ਦੇ 5 ਨੰਬਰ ਯੂਨਿਟ ਨੂੰ ਇੱਕ ਮਹੀਨੇ ਦੀ ਸਾਲਾਨਾ ਮੁਰੰਮਤ ਲਈ ਬੰਦ ਕੀਤਾ ਹੋਇਆ ਹੈ।