ਅੱਜ ਸਿੱਧੂ ਮੂਸੇਵਾਲਾ ਦੇ ਕਤਲ ਨੂੰ 394 ਦਿਨ ਹੋ ਗਏ ਪਰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ: ਬਲਕੌਰ ਸਿੰਘ ਸਿੱਧੂ
ਜੋਗਿੰਦਰ ਸਿੰਘ ਮਾਨ
ਮਾਨਸਾ, 27 ਜੂਨ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਨੌਜਵਾਨ ਪੁੱਤ ਦੇ ਕਤਲ ਨੂੰ ਅੱਜ 394 ਦਿਨ ਹੋ ਗਏ ਹਨ ਪਰ ਭਗਵੰਤ ਮਾਨ ਦੀ ਸਰਕਾਰ ਨੇ ਹਾਲੇ ਤੱਕ ਇਨਸਾਫ਼ ਲਈ ਕੋਈ ਸਾਥ ਨਹੀਂ ਦਿੱਤਾ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ 28 ਜੂਨ ਨੂੰ ਮਾਨਸਾ ਵਿਖੇ ਸੀਜੇਐੱਮ ਅਦਾਲਤ ਵਿੱਚ ਮਰਹੂਮ ਪੰਜਾਬੀ ਗਾਇਕ ਦੇ ਕਥਿਤ ਕਾਤਲਾਂ ਦੀ ਪੇਸ਼ੀ ਹੈ, ਜਿਨ੍ਹਾਂ ਉਪਰ ਹਾਲੇ ਤੱਕ ਦੋਸ਼ ਆਇਦ ਨਹੀਂ ਹੋ ਸਕੇ। ਜ਼ਿਕਰਯੋਗ ਹੈ ਕਿ ਮਾਨਸਾ ਦੇ ਸੀਜੇਐੱਮ ਵਲੋਂ ਪੰਜਾਬ ਦੀਆਂ ਜੇਲ੍ਹਾਂ ਦੇ ਸੁਪਰਡੈਂਟਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਮੂਸੇਵਾਲਾ ਕਤਲ ਨਾਲ ਜੁੜੇ ਸਾਰੇ ਮੁਲਜ਼ਮਾਂ ਨੂੰ 28 ਜੂਨ ਦੀ ਪੇਸ਼ੀ ਮੌਕੇ ਅਦਾਲਤ ਵਿੱਚ ਨਿੱਜੀ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਨ। ਇਸੇ ਦੌਰਾਨ ਹੀ ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ 394 ਦਿਨ ਬੀਤਣ ਉਤੇ ਵੀ ਇਨਸਾਫ਼ ਦੀ ਕੋਈ ਆਸ ਨਹੀਂ ਰਹੀ। ਇਸੇ ਕਰਕੇ ਹੀ ਸਭ ਪ੍ਰਸ਼ੰਸਕਾਂ ਨੂੰ ਆਪੋ ਆਪਣੇ ਧਰਮਾਂ ਮੁਤਾਬਕ ਇਨਸਾਫ਼ ਲਈ ਦੁਆਵਾਂ ਕਰਨ ਲਈ ਅਪੀਲ ਕੀਤੀ ਗਈ ਹੈ।