ਕਿਸਾਨਾਂ ਦਾ ਤਿੰਨ ਦਿਨਾਂ ਰੇਲ ਰੋਕੋ ਅੰਦੋਲਨ ਸਮਾਪਤ: ਦਸਹਿਰੇ ’ਤੇ ਮੋਦੀ ਦੇ ਸਾੜੇ ਜਾਣਗੇ ਪੁਤਲੇ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 30 ਸਤੰਬਰ
ਦੇਵੀਦਾਸਪੁਰ ਰੇਲ ਟ੍ਰੈਕ 'ਤੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਿਹਾ ਰੇਲ ਰੇਲ ਰੋਕੋ ਅੰਦੋਲਨ ਅੱਜ ਤੀਸਰੇ ਦਨਿ ਸਮਾਪਤ ਕਰ ਦਿੱਤਾ। ਇਸ ਮੌਕੇ ਦੇਵੀਦਾਸਪੁਰ ਰੇਲ ਟਰੈਕ ਉੱਪਰ ਕਿਸਾਨਾਂ ਵੱਲੋਂ ਨੰਗੇ ਧੜ ਹੱਥਾਂ ਵਿੱਚ ਠੂਠੇ ਫੜ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਰਨਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਕਿਹਾ ਪੰਜਾਬ ਤੋਂ ਸ਼ੁਰੂ ਹੋਇਆ 6 ਰਾਜਾਂ ਦੀਆਂ 19 ਜਥੇਬੰਦੀਆ ਦਾ ਤਿੰਨ ਦਿਨਾਂ ਭਾਰਤ ਪੱਧਰੀ ਰੇਲ ਰੋਕੋ ਮੋਰਚਾ ਲੋਕ ਸਮਰਥਨ ਦੀਆਂ ਬੁਲੰਦੀਆਂ ਛੂੰਹਦਾਂ ਤੀਜੇ ਦਨਿ ਸਮਾਪਤ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਪੰਜਾਬ ਅਤੇ ਹਰਿਆਣਾ ਵਿਚ ਅੰਬਾਲਾ ਵਿੱਚ ਵੀ ਸਫਲ ਰੇਲ ਰੋਕੋ ਮੋਰਚਾ ਲਾਇਆ ਗਿਆ। ਇਸ ਮੌਕੇ ਕਿਸਾਨਾਂ ਮਜ਼ਦੂਰਾਂ ਵੱਲੋਂ ਦੇਵੀਦਾਸਪੁਰ ਰੇਲ ਟ੍ਰੈਕ 'ਤੇ ਨੰਗੇ ਧੜ ਬੈਠ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਬੱਚਿਆਂ ਸਮੇਤ ਸੈਕੜੇ ਪ੍ਰਦਰਸ਼ਨਕਾਰੀਆਂ ਵੱਲੋਂ ਹੱਥਾਂ ਵਿੱਚ ਠੂਠੇ ਫੜ ਕੇ ਸੰਕੇਤਕ ਪ੍ਰਦਰਸ਼ਨ ਕੀਤਾ। ਠੂਠੇ ਤੋੜ ਕੇ ਕਿਹਾ ਮੋਦੀ ਸਰਕਾਰ ਇਸ ਤਰ੍ਹਾਂ ਜਨਤਾ ਨੂੰ ਠੂਠੇ ਫੜਾ ਭਿਖਾਰੀ ਬਣਾਉਣ ਦੇ ਰਾਹ 'ਤੇ ਹੈ ਪਰ ਦੇਸ਼ ਦਾ ਕਿਸਾਨ ਮਜ਼ਦੂਰ ਇਹ ਨਹੀਂ ਹੋਣ ਦੇਵੇਗਾ। ਇਸ ਮੌਕੇ ਆਗੂਆਂ ਦੱਸਿਆ ਕਿ 23 ਅਤੇ 24 ਅਕਤੂਬਰ ਨੂੰ ਕਿਸਾਨੀ ਦੁਸਹਿਰਾ ਮਨਾਇਆ ਜਾਵੇਗਾ ਤੇ ਦੇਸ਼ ਭਰ ਵਿੱਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਦਿਓ ਕੱਦ ਪੁਤਲੇ ਫੂਕ ਕੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਹ ਅੰਦੋਲਨ ਉਤਰ ਭਾਰਤ ਦੇ ਹੜ੍ਹ ਪੀੜਤ ਰਾਜਾਂ ਲਈ 50 ਹਜ਼ਾਰ ਕਰੋੜ ਦਾ ਰਾਹਤ ਪੈਕੇਜ, ਸਾਰੀਆਂ ਫਸਲਾਂ ’ਤੇ ਐੱਮਐੱਸਪੀ ਗਾਰੰਟੀ ਕਾਨੂੰਨ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ, ਕਿਸਾਨ ਮਜ਼ਦੂਰ ਦੀ ਪੂਰਨ ਕਰਜ਼ ਮੁਕਤੀ, ਮਨਰੇਗਾ 'ਚ ਹਰ ਸਾਲ ਦੇ 200 ਦਨਿ ਰੁਜ਼ਗਾਰ ਅਹਿਮ ਮਸਲਿਆਂ ਨੂੰ ਲੈ ਕੇ ਸੰਘਰਸ਼ ਨਾਲ ਸ਼ੁਰੂ ਹੋਇਆ ਸੀ ਅਤੇ ਇਹ ਇਹ ਰੇਲ ਰੋਕੋ ਇਸ ਸੰਘਰਸ਼ ਦਾ ਇੱਕ ਪੜਾਅ ਹੈ ਅਤੇ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਜਾਰੀ ਹੈ। ਇਸ ਮੌਕੇ ਵੱਖ ਰੇਲ ਮੋਰਚਿਆਂ ਤੋਂ ਸਤਨਾਮ ਸਿੰਘ ਪੰਨੂ, ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਲਾਲ ਸਿੰਘ ਪੰਡੋਰੀ, ਗੁਰਬਚਨ ਸਿੰਘ ਚੱਬਾ, ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰ ਬਾਲਾ, ਸਤਨਾਮ ਸਿੰਘ ਮਾਣੋਚਾਹਲ, ਹਰਜਿੰਦਰ ਸਿੰਘ ਸ਼ਕਰੀ, ਹਰਵਿੰਦਰ ਸਿੰਘ ਮਸਾਣੀਆਂ, ਪਰਮਜੀਤ ਸਿੰਘ ਭੁੱਲਾ, ਸਲਵਿੰਦਰ ਸਿੰਘ ਜਾਣੀਆਂ ਅਤੇ ਕੰਵਰਦਲੀਪ ਸੈਦੋਲੇਹਲ ਨੇ ਸੰਬੋਧਨ ਕੀਤਾ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜਦੂਰ ਔਰਤਾਂ ਹਾਜ਼ਰ ਰਹੇ।