For the best experience, open
https://m.punjabitribuneonline.com
on your mobile browser.
Advertisement

ਅੱਜ ਫਿਰ

10:55 AM Mar 24, 2024 IST
ਅੱਜ ਫਿਰ
Advertisement
ਹਰਪਾਲ ਸਿੰਘ ਸੰਧਾਵਾਲੀਆ

‘‘ਵੇਖ ਮੁੱਖਿਆ, ਜਦੋਂ ਬੰਦੇ ਦੇ ਢਿੱਡ ’ਚ ਇੱਕ ਵਾਰ ਕੋਈ ਸ਼ੌਕ ਜੰਮ ਪੈਂਦਾ ਏ ਨਾ, ਫਿਰ ਬੰਦਾ ਉਹਨੂੰ ਮਾਰ ਨਹੀਂ ਸਕਦਾ, ਭਾਵੇਂ ਸਾਰੀ ਉਮਰ ਲੱਗਾ ਰਹੇ।’’ ਮੁੱਖੇ ਨੇ ਅੱਖਾਂ ਉਤਾਂਹ ਕਰਕੇ ਹਰਦਾਸ ਸਿਹੁੰ ਪੀਟੀਆਈ ਵੱਲ ਵੇਖਿਆ ਤੇ ਫਿਰ ਦੁਬਾਰਾ ਨੀਵੀਂ ਪਾ ਲਈ। ਹਰਦਾਸ ਸਿਹੁੰ ਨੇ ਉਹਦੇ ਮੋਢੇ ’ਤੇ ਹੱਥ ਰੱਖਿਆ ਅਤੇ ਆਪਣੀ ਗੱਲ ਜਾਰੀ ਰੱਖਦਿਆਂ ਬੋਲਿਆ, ‘‘ਯਾਰ, ਜੇ ਕੋਈ ਐਰਾ ਗੈਰਾ ਵੀ ਦੋ ਦਿਨ ਕਬੱਡੀ ਦੀ ਗਰਾਊਂਡ ’ਚ ਜਾ ਆਵੇ ਨਾ, ਸਾਰੀ ਉਮਰ ਆਪਣੇ ਡੌਲਿਆਂ ਵੱਲ ਵੇਂਹਦਾ ਰਹਿੰਦਾ। ਤੂੰ ਤਾਂ ਫੇਰ ਮੁੱਖਾ ‘ਜੋਕ’ ਹੋਇਆ।’’ ਮੁੱਖੇ ਨੇ ਉਂਜ ਹੀ ਨੀਵੀਂ ਪਾਈ ਹਰਦਾਸ ਸਿਹੁੰ ਦੇ ਗੋਡਿਆਂ ਨੂੰ ਹੱਥ ਲਾਏ ਅਤੇ ਮਨ ਵਿੱਚ ਆਪਣੇ ਸ਼ੌਕ ਨੂੰ ਮਾਰਨ ਦਾ ਤਹੱਈਆ ਕਰਕੇ ਸਕੂਲ ਦੇ ਗੇਟ ਵੱਲ ਨੂੰ ਹੋ ਤੁਰਿਆ।
ਜਦੋਂ ਮੁੱਖਾ ਸਕੂਲ ’ਚੋਂ ਬਾਹਰ ਜਾ ਰਿਹਾ ਸੀ, ਉਸੇ ਸਮੇਂ ਹਿਸਾਬ ਮਾਸਟਰ ਰਜਿੰਦਰ ਸਿਹੁੰ ਸਟਾਫ ਰੂਮ ਵਿੱਚ ਦਾਖ਼ਲ ਹੋਇਆ। ਉਹ ਸਟਾਫ ਰੂਮ ’ਚ ਇਕੱਲੇ ਬੈਠੇ ਪੰਜਾਬੀ ਮਾਸਟਰ ਕੁਲਵਿੰਦਰ ਸਿਹੁੰ ਕੋਲ ਜਾ ਬੈਠਾ ਅਤੇ ਹੌਲੀ ਜਿਹੀ ਅਵਾਜ਼ ’ਚ ਬੋਲਿਆ, ‘‘ਕੁਲਵਿੰਦਰ ਸਿਹਾਂ, ਮੈਂ ਤਾਂ ਮੁੱਖੇ ਨੂੰ ਆਖ ਆਇਆਂ, ਬਈ ਜਾਂ ਤਾਂ ਅਗਲਿਆਂ ਨੂੰ ਜ਼ਿਲ੍ਹੇ ਜਿਤਾਈ ਜਾਹ ਜਾਂ ਫਿਰ ਦਸਵੀਂ ਕਰ ਲਾ। ਜਿੰਨਾ ਚਿਰ ਅਗਲਿਆਂ ਨੂੰ ਟਰਾਫੀਆਂ ਮਿਲਦੀਆਂ ਰਹਿਣਗੀਆਂ ਓਨਾ ਚਿਰ ਤੂੰ ਦਸਵੀਂ ਨਹੀਂ ਕਰ ਸਕਦਾ।’’
ਕੁਲਵਿੰਦਰ ਸਿਹੁੰ ਨੇ ਰਜਿੰਦਰ ਸਿਹੁੰ ਦੇ ਮੂੰਹ ਵੱਲ ਵੇਖਿਆ ਤੇ ਫਿਰ ਕੁਝ ਪਲ਼ ਸੋਚਣ ਤੋਂ ਬਾਅਦ ਬੋਲਿਆ, ‘‘ਪਰ ਯਾਰ ਤੈਨੂੰ ਤਾਂ ਪਤੈ ਕੋਈ ਬੋਰਡ ਦੇ ਪੇਪਰਾਂ ’ਚੋਂ ਭਲਾ ਕਿਵੇਂ ਕਿਸੇ ਨੂੰ ਫੇਲ ਕਰਾ ਸਕਦੈ।’’
ਰਜਿੰਦਰ ਸਿੰਘ ਕੁਝ ਪਲ਼ ਚੁੱਪ ਰਿਹਾ। ਫਿਰ ਬੋਲਿਆ, ‘‘ਪਤਾ ਨਹੀਂ ਕੁਲਵਿੰਦਰ ਸਿਹਾਂ, ਪਰ ਸਮਝ ਨਹੀਂ ਆਉਂਦੀ ਕਿ ਉਹਨੂੰ ਚੰਗਾ ਭਲਾ ਪੜ੍ਹਣਾ ਵੀ ਆਉਂਦੈ, ਫਿਰ ਵਿਚਾਰਾ ਫੇਲ ਕਿਵੇਂ ਹੋ ਜਾਂਦੈ।’’
ਕੁਲਵਿੰਦਰ ਸਿਹੁੰ ਨੇ ਥੋੜ੍ਹੀ ਢਿੱਲੀ ਜਿਹੀ ਆਵਾਜ਼ ’ਚ ਕਿਹਾ, ‘‘ਇਹ ਤਾਂ ਯਾਰ ਕਿਸਮਤ ਹੁੰਦੀ ਐ ਬੰਦੇ ਦੀ।’’
ਰਜਿੰਦਰ ਸਿਹੁੰ ਨੇ ਕੁਲਵਿੰਦਰ ਸਿਹੁੰ ਵੱਲ ਮੂੰਹ ਮੋੜਿਆ ਤੇ ਥੋੜ੍ਹਾ ਗੰਭੀਰ ਅੰਦਾਜ਼ ਵਿੱਚ ਕਹਿਣ ਲੱਗਾ, ‘‘ਕੁਲਵਿੰਦਰ ਸਿਹਾਂ, ਕਿਸਮਤ ਵੀ ਤਾਂ ਅਸਲ ਵਿੱਚ ਬੰਦਿਆਂ ਵੱਲੋਂ ਬਣਾਏ ਹਾਲਾਤ ਹੀ ਨੇ। ਜਿਹਦੇ ਲਈ ਇਹ ਫ਼ਾਇਦੇ ਵਾਲੇ ਹੋਣ ਉਹਦੀ ਕਿਸਮਤ ਚੰਗੀ ਕਹਿ ਲਉ, ਜਿਹਦੇ ਲਈ ਨੁਕਸਾਨ ਵਾਲੇ ਉਹਦੀ ਮਾੜੀ।’’
ਕੁਲਵਿੰਦਰ ਸਿਹੁੰ ਨੇ ਗੱਲ ਧਿਆਨ ਨਾਲ ਸੁਣੀ ਤੇ ਫਿਰ ਬਿਨਾਂ ਕੋਈ ਜਵਾਬ ਦਿੱਤੇ ਸਾਹਮਣੇ ਪਈ ਅਖ਼ਬਾਰ ਚੁੱਕ ਕੇ ਉਸ ਨਾਲ ਰੁੱਝ ਗਿਆ।
ਮੁੱਖਾ ਉਸ ਸਕੂਲ ਦਾ ਗੇਟ ਸਦਾ ਲਈ ਲੰਘ ਗਿਆ ਜਿੱਥੇ ਹੁਣ ਤੱਕ ਉਹਦਾ ਪੂਰਾ ਟੌਹਰ ਰਿਹਾ ਸੀ। ਦੋ ਸਾਲ ਪਹਿਲਾਂ ਭਾਵ ਕਿ ਉੱਨੀ ਸੌ ਅਠੱਤਰ ਵਿੱਚ ਜਦੋਂ ਉਹ ਨੌਵੀਂ ਪਾਸ ਕਰਕੇ ਦਸਵੀਂ ਵਿੱਚ ਦਾਖਲ ਹੋਇਆ ਤਾਂ ਕਬੱਡੀ ਦਾ ਤਕੜਾ ਖਿਡਾਰੀ ਬਣ ਚੁੱਕਾ ਸੀ। ਇੱਕ ਪ੍ਰਸਿੱਧ ਜਾਫ਼ੀ। ਮੇਲਿਆਂ ’ਚ ਉਹ ਵਧਵੀਂ ਕਬੱਡੀ ਖੇਡਦਾ ਅਤੇ ਸਕੂਲ ਵਿੱਚ ਨੈਸ਼ਨਲ ਕਬੱਡੀ। ਕੋਨੇ ਦਾ ਖਿਡਾਰੀ ਸੀ ਉਹ। ਉਹਦੀ ‘ਡਾਈ’ ਦੀ ਇੰਨੀ ਦਹਿਸ਼ਤ ਸੀ ਕਿ ਰੇਡਰ ਬੱਕ ਲਾਈਨ ਪਾਰ ਕਰਕੇ ਸ਼ੁਕਰ ਕਰਦਾ। ਉਸੇ ਸਾਲ ਉਹਦੀ ਸਕੂਲ ਦੀ ਟੀਮ ਨੇ ਪਹਿਲਾਂ ਜ਼ੋਨ ਜਿੱਤਿਆ ਅਤੇ ਫਿਰ ਜ਼ਿਲ੍ਹਾ ਵੀ। ਇਲਾਕੇ ਵਿੱਚ ਮੁੱਖੇ ਦੀ ਤੇ ਮਾਸਟਰ ਹਰਦਾਸ ਸਿਹੁੰ ਦੀ ਬੱਲੇ ਬੱਲੇ ਹੋ ਗਈ। ਸਕੂਲ ਨੇ ਸਾਰਾ ਸਾਲ ਜਸ਼ਨ ਮਨਾਏ ਪਰ ਇਨ੍ਹਾਂ ਜਸ਼ਨਾਂ ਨੂੰ ਉਦੋਂ ਗ੍ਰਹਿਣ ਲੱਗ ਗਿਆ ਜਦੋਂ ਦਸਵੀਂ ਦਾ ਨਤੀਜਾ ਆਇਆ। ਮੁੱਖਾ ਦਸਵੀਂ ਜਮਾਤ ’ਚੋਂ ਫੇਲ੍ਹ ਹੋ ਗਿਆ। ਉਹ ਬੜਾ ਦੁਖੀ ਹੋਇਆ। ਸਕੂਲ ਆਉਣ ਨੂੰ ਉਹਦਾ ਹੁਣ ਦਿਲ ਨਾ ਕਰਦਾ ਪਰ ਹਰਦਾਸ ਸਿਹੁੰ ਨੇ ਉਹਨੂੰ ਹੌਸਲਾ ਦਿੱਤਾ, ‘‘ਤੂੰ ਹੌਸਲਾ ਨਾ ਛੱਡ ਮੁੱਖਿਆ, ਐਤਕੀਂ ਗੇਮ ਦੇ ਨਾਲ ਨਾਲ ਪੜ੍ਹਾਈ ਵੱਲ ਵੀ ਧਿਆਨ ਦੇਵੀਂ, ਪਾਸ ਜ਼ਰੂਰ ਹੋਜੇਂਗਾ।’’
ਮੁੱਖਾ ਅਗਲੇ ਸਾਲ ਫਿਰ ਦਸਵੀਂ ’ਚ ਦਾਖਲ ਹੋ ਗਿਆ। ਉਹ ਕਬੱਡੀ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਨਿੱਖਰ ਆਇਆ। ਉਨ੍ਹਾਂ ਦੀ ਟੀਮ ਨੇ ਇਸ ਸਾਲ ਵੀ ਜ਼ੋਨ ਜਿੱਤ ਲਿਆ ਤੇ ਨਾਲੇ ਜ਼ਿਲ੍ਹਾ ਵੀ। ਮੁੱਖੇ ਦੀ ਬੱਲੇ ਬੱਲੇ ਹੁਣ ਸਿਖ਼ਰ ’ਤੇ ਸੀ। ਸਾਰੇ ਜ਼ਿਲ੍ਹੇ ’ਚ ਇਹ ਮਸ਼ਹੂਰ ਹੋ ਗਿਆ ਕਿ ਮੁੱਖੇ ਦੇ ਹੁੰਦੇ ਹੁਣ ਕੋਈ ਇਸ ਟੀਮ ਨੂੰ ਹਰਾ ਹੀ ਨਹੀਂ ਸਕਦਾ। ਵਧਵੀਂ ਕਬੱਡੀ ’ਚ ਤਾਂ ਲੋਕ ਇਹ ਕਹਿਣ ਲੱਗ ਪਏ ਕਿ ਇੱਕ ਵਾਰ ਬੰਦਾ ਮਗਰਮੱਛ ਦੇ ਜਬਾੜੇ ’ਚੋਂ ਨਿਕਲ ਸਕਦੈ ਪਰ ਮੁੱਖੇ ਦੇ ਜੱਫ਼ੇ ’ਚੋਂ ਨਹੀਂ। ਮੁੱਖਾ ਸਾਰਾ ਸਾਲ ਇੰਜ ਹੀ ਬੱਲੇ ਬੱਲੇ ਦੀ ਹਵਾ ’ਚ ਉੱਡਦਾ ਰਿਹਾ। ਉਹ ਉਦੋਂ ਵੀ ਹਵਾ ’ਚ ਹੀ ਉੱਡ ਰਿਹਾ ਸੀ ਜਦੋਂ ਦਸਵੀਂ ਦਾ ਨਤੀਜਾ ਆਇਆ। ਮੁੱਖੇ ਦੇ ਜਿਵੇਂ ਉੱਡਦੇ ਦੇ ਖੰਭ ਕੱਟੇ ਗਏ ਹੋਣ। ਉਹ ਐਸਾ ਥੱਲੇ ਡਿੱਗਿਆ ਕਿ ਮੁੜ ਕੇ ਸਾਰੀ ਉਮਰ ਉੱਠ ਨਹੀਂ ਸਕਿਆ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਹੋਇਆ ਕਿਵੇਂ। ਜਿਨ੍ਹਾਂ ਨੂੰ ਉਹ ਆਪਣੇ ਨਾਲੋਂ ਨਲਾਇਕ ਸਮਝਦਾ ਸੀ ਉਹ ਪਾਸ ਹੋ ਗਏ ਤੇ ਉਹ ਆਪ ਫੇਲ੍ਹ। ਉਹਦੇ ਦੁੱਖ ਦੀ ਕੋਈ ਹੱਦ ਨਹੀਂ ਸੀ। ਫਿਰ ਇਸ ਦੁੱਖ ਨੂੰ ਹਿਸਾਬ ਮਾਸਟਰ ਦੀ ਗੱਲ ਨੇ ਨਫ਼ਰਤ ਵਿੱਚ ਬਦਲ ਦਿੱਤਾ। ਪਤਾ ਨਹੀਂ ਉਹ ਗੱਲ ਸੱਚੀ ਸੀ ਜਾਂ ਝੂਠੀ ਪਰ ਮੁੱਖੇ ਨੂੰ ਹਰਦਾਸ ਸਿਹੁੰ ਨਾਲ ਹੀ ਨਹੀਂ ਸਗੋਂ ਕਬੱਡੀ ਨਾਲ ਵੀ ਨਫ਼ਰਤ ਹੋ ਗਈ। ਉਸ ਦਿਨ ਮੁੱਖੇ ਨੇ ਹਰਦਾਸ ਸਿਹੁੰ ਦੇ ਗੋਡਿਆਂ ਨੂੰ ਆਖ਼ਰੀ ਵਾਰ ਹੱਥ ਲਾਏ ਜਿਨ੍ਹਾਂ ਵਿੱਚ ਸਤਿਕਾਰ ਨਹੀਂ ਨਫ਼ਰਤ ਸੀ। ਭਾਵੇਂ ਹਰਦਾਸ ਸਿਹੁੰ ਨੂੰ ਮੁੱਖੇ ਤੇ ਉਹਦੀ ਗੇਮ ਨਾਲ ਬੇਹੱਦ ਪਿਆਰ ਸੀ।
ਸਕੂਲ ਛੱਡ ਕੇ ਮੁੱਖਾ ਘਰ ਦੀ ਕਬੀਲਦਾਰੀ ’ਚ ਰੁੱਝ ਗਿਆ। ਰੁੱਝ ਕਾਹਦਾ ਸਗੋਂ ਕਹੀਏ ਕਿ ਰੁਲ਼ ਗਿਆ ਜਿਵੇਂ ਤਿੰਨ ਕਿੱਲਿਆਂ ਵਾਲਾ ਹਰ ਜੱਟ ਰੁਲ਼ਦਾ ਹੈ। ਦੋ ਸਾਲਾਂ ਬਾਅਦ ਉਹਦਾ ਹਰਵੰਤ ਨਾਲ ਵਿਆਹ ਹੋ ਗਿਆ। ਹੁਣ ਭਾਵੇਂ ਮੁੱਖਾ ਕਬੱਡੀ ਨਹੀਂ ਸੀ ਖੇਡਦਾ ਪਰ ਫਿਰ ਵੀ ਉਹਦੇ ਬਾਰੇ ਸੁਣ ਸੁਣਾ ਕੇ ਹਰਵੰਤ ਨੂੰ ਮਾਣ ਹੋਇਆ ਕਿ ਉਹ ਮੁੱਖੇ ‘ਜੋਕ’ ਦੀ ਵਹੁਟੀ ਹੈ। ਉਹਨੂੰ ਉਹ ਗੱਲ ਅਜੇ ਤੱਕ ਚੇਤੇ ਹੈ ਜਿਹੜੀ ਮੁੱਖੇ ਦੇ ਨਾਂ ਨਾਲ ‘ਜੋਕ’ ਜੁੜਣ ਬਾਰੇ ਕਿਸੇ ਔਰਤ ਨੇ ਉਹਨੂੰ ਸੁਣਾਈ ਸੀ। ਉਹਨੇ ਇਹ ਗੱਲ ਆਪਣੇ ਪੇਕੇ ਜਾ ਕੇ ਕਈ ਵਾਰ ਬੜੇ ਮਾਣ ਨਾਲ ਸੁਆਦ ਲੈ ਲੈ ਸੁਣਾਈ ਸੀ। ਪਿੰਡ ਦੇ ਮੇਲੇ ’ਚ ਉਸ ਸਾਲ ਰਿਆੜਕੀ ਵਾਲੇ ਬਿਨ ਬੁਲਾਏ ਹੀ ਆ ਧਮਕੇ ਸਨ ਅਤੇ ਝੰਡੀ ਗੱਡ ਦਿੱਤੀ ਸੀ। ਝੰਡੀ ਟੀਮ ਦੀ ਕਾਹਦੀ ਸੀ ਸਗੋਂ ਇਕੱਲੇ ਬਾਗੇ ‘ਬਿਜਲੀ’ ਦੀ ਸਮਝੋ ਅਤੇ ਸ਼ਾਇਦ ਇਹ ਸੀ ਵੀ ਸਿਰਫ਼ ਮੁੱਖੇ ਦੀ ਹੀ ਹਿੰਡ ਭੰਨਣ ਲਈ। ਕਹਿੰਦੇ ਸਨ ਕਿ ‘ਬਿਜਲੀ’ ਨੂੰ ਪਿਛਲੇ ਵੀਹ ਮੈਚਾਂ ’ਚ ਕੋਈ ਜੱਫ਼ਾ ਨਹੀਂ ਲੱਗਾ। ਜਾਫ਼ੀ ਦੇ ਸਰੀਰ ਨੂੰ ਹੱਥ ਲੱਗਦੇ ਹੀ ਉਹ, ਬਿਜਲੀ ਦਾ ਸਵਿੱਚ ਨੱਪਣ ਵਾਂਗ ਢੇਰੀਆਂ ’ਤੇ ਹੁੰਦਾ। ਤੇ ਜੇ ਕਦੇ ਜਾਫ਼ੀ ਦਾ ਹੱਥ ਬਾਗੇ ਨੂੰ ਪੈ ਵੀ ਜਾਂਦਾ ਤਾਂ ਇਹਨੂੰ ਜਾਫ਼ੀ ਦੀ ਹੀ ‘ਮਾੜੀ ਕਿਸਮਤ’ ਸਮਝੋ। ਬਿਜਲੀ ਦਾ ਜਿਹੜਾ ਧੱਫ਼ਾ ਜਾਫ਼ੀ ਦੀ ਪਿੱਠ ’ਚ ਵੱਜਦਾ, ਬੱਸ ਗਿਆਰਾਂ ਸੌ ਵੋਲਟ ਦਾ ਕਰੰਟ ਹੁੰਦਾ। ਬਿਜਲੀ ’ਤੇ ਇੰਨਾ ਮਾਣ ਸੀ ਰਿਆੜਕੀ ਵਾਲਿਆਂ ਨੂੰ ਕਿ ਮੈਚ ਸ਼ੁਰੂ ਹੋਣ ਤੱਕ ਤਾਂ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਜਦੋਂ ਬਿਜਲੀ ਨੂੰ ਜੱਫ਼ਾ ਲੱਗ ਜਾਊ, ਅਸੀਂ ਹਾਰ ਮੰਨ ਲਵਾਂਗੇ। ਜਦੋਂ ਮੈਚ ਸ਼ੁਰੂ ਹੋਇਆ ਤਾਂ ਪਹਿਲੇ ਤਿੰਨ ਰੇਡ ਬਿਜਲੀ ਨਾ ਗਿਆ। ਨਾ ਹੀ ਮੁੱਖਾ ਜੱਫ਼ੇ ਨੂੰ ਖਲੋਤਾ। ਸਾਰਾ ਪਿੰਡ ਇਸ ਭੇੜ ਦੀ ਹੀ ਉਡੀਕ ਕਰ ਰਿਹਾ ਸੀ। ਆਖ਼ਰ ਚੌਥੇ ਰੇਡ ਨੂੰ ਬਿਜਲੀ ਆਇਆ ਤਾਂ ਅੱਗੇ ਮੁੱਖਾ ਜਾ ਖਲੋਤਾ। ਸਾਰੀ ਭੀੜ ਦੇ ਸਾਹ ਰੁਕ ਗਏ। ਬਿਜਲੀ ਨੇ ਰੇਡ ਸ਼ੁਰੂ ਕੀਤਾ। ਉਹਦਾ ਹੱਥ ਮੁੱਖੇ ਦੀ ਹਿੱਕ ਵੱਲ ਵਧਿਆ ਹੀ ਸੀ ਕਿ ਮੁੱਖਾ ਉਹਦੀਆਂ ਲੱਤਾਂ ’ਚ ਜਾ ਬੈਠਾ। ਉਸੇ ਵੇਲੇ ਬਿਜਲੀ ਦਾ ਧੱਫ਼ਾ ਮੁੱਖੇ ਦੀ ਪਿੱਠ ’ਚ ਵੱਜਾ ਜਿਹਦਾ ਖੜਾਕ ਸਾਰੇ ਪਿੰਡ ਨੇ ਸੁਣਿਆ, ਤੇ ਨਾਲ ਹੀ ਸੁਣੀ ਮੁੱਖੇ ਦੀ ਬੜ੍ਹਕ, ‘‘ਹੁਣ ਤਾਂ ਚਿੰਬੜ ਜੂ ਜੱਟ ਜੋਕ ਬਣ ਕੇ।’’
ਬਿਜਲੀ ਦਾ ਧੱਫ਼ੇ ’ਤੇ ਧੱਫ਼ਾ ਮੁੱਖੇ ਦੇ ਲੱਕ ’ਚ ਵੱਜਦਾ ਰਿਹਾ। ਮੁੱਖੇ ਦੀ ਧੂਹ ਘਸੀੜ ਹੁੰਦੀ ਰਹੀ ਪਰ ਇਹ ਤਾਂ ਮੁੱਖੇ ਦਾ ਜੱਫਾ ਸੀ, ਮਗਰਮੱਛ ਦੇ ਜਬਾੜੇ ਨਾਲੋਂ ਵੀ ਭੈੜਾ। ਸੋ ਬਿਜਲੀ ਇਹਦੇ ’ਚੋਂ ਨਿਕਲ ਨਾ ਸਕਿਆ। ਅੰਤ ਇਸ ਜੱਫ਼ੇ ਨਾਲ ਮੈਚ ਵੀ ਮੁੱਕ ਗਿਆ ਤੇ ਮੁੱਖੇ ਦੇ ਨਾਂ ਨਾਲ ‘ਜੋਕ’ ਵੀ ਜੁੜ ਗਿਆ।
ਹਰਵੰਤ ਮੁੱਖੇ ਦੀ ਕਬੱਡੀ ਅਤੇ ਹਰਦਾਸ ਸਿਹੁੰ ਪ੍ਰਤੀ ਨਫ਼ਰਤ ਤੋਂ ਜਾਣੂੰ ਸੀ। ਉਹ ਇਹ ਵੀ ਜਾਣਦੀ ਸੀ ਕਿ ਇਹ ਨਫ਼ਰਤ ਅਜੇ ਵੀ ਘੱਟ ਨਹੀਂ ਹੋਈ ਬੇਸ਼ੱਕ ਹੁਣ ਹਰਦਾਸ ਸਿਹੁੰ ਸੇਵਾਮੁਕਤ ਹੋ ਗਿਆ ਸੀ। ਉਹਦੀ ਖਾਲੀ ਹੋਈ ਸੀਟ ’ਤੇ ਗੁਰਮੇਲ ਸਿੰਘ ਪੀਟੀਆਈ ਮਾਸਟਰ ਬਣ ਕੇ ਆਣ ਲੱਗਾ ਸੀ। ਗੁਰਮੇਲ ਸਿੰਘ ਦਾ ਪਿੰਡ ਵੀ ਤਾਂ ਨੇੜੇ ਹੀ ਸੀ। ਮੁੱਖੇ ਦੇ ਨਾਲ ਹੀ ਸਕੂਲ ਵਿੱਚ ਪੜ੍ਹਿਆ ਸੀ। ਉਹਦੇ ਨਾਲ ਹੀ ਖੇਡਦਾ ਰਿਹਾ ਸੀ ਪਰ ਉਹਦੇ ਮੇਚ ਦਾ ਖਿਡਾਰੀ ਨਹੀਂ ਸੀ। ਮੁੱਖੇ ਨੂੰ ਇਸ ਗੱਲ ਦਾ ਵੀ ਤਾਂ ਗੁੱਸਾ ਸੀ ਕਿ ਜਿਹੜਾ ਬੰਦਾ ਉਹਦੇ ਸਾਹਮਣੇ ਡਰਦਾ ਰੇਡ ਨਹੀਂ ਸੀ ਪਾਉਂਦਾ ਹੁੰਦਾ, ਹੁਣ ਉਹਦੇ ਹੀ ਪਿੰਡ ’ਚ ਪੀਟੀ ਮਾਸਟਰ ਆਣ ਲੱਗਾ। ਸਿਰਫ਼ ਇਸ ਕਰਕੇ ਕਿ ਅਗਲਾ ਉਦੋਂ ਦਸਵੀਂ ’ਚੋਂ ਪਾਸ ਹੋ ਗਿਆ ਤੇ ਮੁੱਖਾ ਰਹਿ ਗਿਆ। ਫਿਰ ਵੀ ਮੁੱਖੇ ਨੂੰ ਗੁਰਮੇਲ ਨਾਲ ਉਸ ਤਰ੍ਹਾਂ ਦੀ ਨਫ਼ਰਤ ਤਾਂ ਨਹੀਂ ਸੀ ਜਿਸ ਤਰ੍ਹਾਂ ਦੀ ਕਿ ਹਰਦਾਸ ਸਿਹੁੰ ਨਾਲ ਸੀ। ਗੁਰਮੇਲ ਵੀ ਮੁੱਖੇ ਦੀ ਇੱਜ਼ਤ ਕਰਦਾ। ਰਾਹ ਗਲ਼ੀ ਜਦੋਂ ਵੀ ਮਿਲਦਾ ਤਾਂ ‘ਭਾਅ ਮੁੱਖਾ ਸਿਹਾਂ ਕੀ ਹਾਲ ਆ’ ਕਹਿ ਕੇ ਹਾਲ ਚਾਲ ਜ਼ਰੂਰ ਪੁੱਛਦਾ। ਸ਼ਾਇਦ ਇਸੇ ਕਰਕੇ ਹੀ ਮੁੱਖਾ ਉਦੋਂ ਸਿੱਧਾ ਗੁਰਮੇਲ ਕੋਲ ਹੀ ਗਿਆ, ਜਦੋਂ ਉਹਦੇ ਪੁੱਤ ਦੀਪ ਨੇ ਪ੍ਰਾਇਮਰੀ ਸਕੂਲ ’ਚੋਂ ਪੰਜਵੀਂ ਪਾਸ ਕਰ ਕੇ ਛੇਵੀਂ ’ਚ ਹਾਈ ਸਕੂਲੇ ਦਾਖ਼ਲ ਹੋਣਾ ਸੀ, ‘‘ਗੁਰਮੇਲ ਸਿਹਾਂ, ਮੁੰਡੇ ਨੂੰ ਤੇਰੇ ਹਵਾਲੇ ਕਰ ਕੇ ਚੱਲਿਆਂ। ਇਹਨੂੰ ਦਸਵੀਂ ਕਰਾਉਣੀ ਆ... ਨਾਲੇ ਮੇਰਾ ਵੀਰ... ਇਹਨੂੰ ਗਰਾਊਂਡ ’ਚ ਨਾ ਵਾੜੀਂ ਕਦੇ ਵੀ।’’
ਗੁਰਮੇਲ ਵਿਚਲੀ ਗੱਲ ਸਮਝਦਾ ਸੀ। ਫਿਰ ਵੀ ਉਹਨੇ ਸਿਰਫ਼ ਟੋਹਣ ਦੀ ਖਾਤਰ ਥੋੜ੍ਹਾ ਹੱਸ ਕੇ ਕਿਹਾ, ‘‘ਖੇਡ ਲੈਣ ਦੇ ਭਾਅ ਮੁੱਖਾ ਸਿਹਾਂ। ਆਖ਼ਰ ਮੁੱਖੇ ਦਾ ਮੁੰਡਾ ਐ। ਜੇ ਥੋੜ੍ਹਾ ਚੰਡਿਆ ਗਿਆ ਤਾਂ ਬੱਲੇ ਬੱਲੇ ਕਰਾ ਦੂ।’’
ਸੁਣ ਕੇ ਮੁੱਖੇ ਦਾ ਚਿਹਰਾ ਥੋੜ੍ਹਾ ਸਖ਼ਤ ਹੋ ਗਿਆ। ਉਸੇ ਸਖ਼ਤ ਲਹਿਜੇ ਵਿੱਚ ਹੀ ਉਹ ਬੋਲਿਆ, ‘‘ਨਿਰੀ ਬੱਲੇ ਬੱਲੇ ’ਚੋਂ ਆਟਾ ਨਈਂ ਡਿੱਗਦਾ ਗੁਰਮੇਲ ਸਿਹਾਂ... ਮੈਂ ਤਾਂ ਦਸਵੀਂ ਕਰਾ ਕੇ ਇਹਨੂੰ ਫ਼ੌਜ ’ਚ ਅੜਾਉਣਾ... ਨਹੀਂ ਤਾਂ ਵਿਆਜ ਤਾਰਦਾ ਈ ਮਰਜੂ।’’
ਗੁਰਮੇਲ ਨੇ ਫਿਰ ਅੱਗੋਂ ਕੁਝ ਨਾ ਕਿਹਾ ਤੇ ਦੀਪ ਨੂੰ ਕਦੇ ਗਰਾਊਂਡ ’ਚ ਨਾ ਵਾੜਿਆ ਪਰ ਦੀਪ ਦਾ ਦਿਲ ਬੜਾ ਕਰਦਾ ਕਿ ਉਹ ਵੀ ਖੇਡੇ। ਉਹ ਟੀਮ ਦੀ ਪ੍ਰੈਕਟਿਸ ਵੇਲੇ ਕੋਲ ਜਾ ਖੜ੍ਹਦਾ। ਮੁੰਡਿਆਂ ਨੂੰ ਖੇਡਦੇ ਵੇਖਦਾ ਰਹਿੰਦਾ। ਆਪਣੇ ਆਪ ਨੂੰ ਕੋਨੇ ’ਤੇ ਖੇਡਦਾ ਕਿਆਸ ਕਰਦਾ। ਆਪਣੇ ਆਪ ’ਤੇ ਕਾਬੂ ਰੱਖਣ ਦੀ ਵੀ ਪੂਰੀ ਵਾਹ ਲਾਈ ਉਹਨੇ। ਪਰ ਆਖਰ ਸੀ ਤਾਂ ਉਹ ਵੀ ਆਮ ਬੱਚਾ ਹੀ, ਕੋਈ ਸੰਤ ਮਹਾਤਮਾ ਤਾਂ ਨਹੀਂ ਸੀ। ਦਸਵੀਂ ਤੱਕ ਆ ਕੇ ਉਹਦਾ ਜਤ ਟੁੱਟ ਹੀ ਗਿਆ ਤੇ ਉਹਨੇ ਗੁਰਮੇਲ ਸਿਹੁੰ ਦੇ ਗੋਡੀਂ ਹੱਥ ਲਾ ਕੇ ਕਹਿ ਹੀ ਦਿੱਤਾ, ‘‘ਸਰ, ਮੈਨੂੰ ਵੀ ਪਾ ਲਉ ਟੀਮ ’ਚ।’’
ਗੁਰਮੇਲ ਕਈ ਦਿਨ ਜੱਕੋ-ਤਕੀ ਜਿਹੀ ’ਚ ਸੋਚਦਾ ਰਿਹਾ। ਫਿਰ ਕੁਝ ਸੋਚ ਕੇ ਹਾਂ ਕਰ ਦਿੱਤੀ। ਉਨ੍ਹਾਂ ਦੋਹਾਂ ਨੇ ਇੱਕ ਪੱਕ ਪਕਾਈ ਕਿ ਦੀਪ ਖੇਡੇਗਾ ਪਰ ਮੁੱਖੇ ’ਤੋਂ ਪਰਦਾ ਰੱਖਿਆ ਜਾਵੇਗਾ। ਟੀਮ ਦੇ ਮੁੰਡਿਆਂ ਨੂੰ ਵੀ ਸਮਝਾ ਦਿੱਤਾ ਗਿਆ। ਦੀਪ ਕੋਨੇ ਦਾ ਖਿਡਾਰੀ ਬਣ ਗਿਆ। ਆਖ਼ਰ ਸੀ ਤਾਂ ਮੁੱਖੇ ‘ਜੋਕ’ ਦਾ ਮੁੰਡਾ। ਉਹਦੇ ਜਿੱਡਾ ਹੀ ਵੱਡਾ ਖਿਡਾਰੀ ਬਣ ਗਿਆ, ਨਾਮਵਰ ਜਾਫ਼ੀ। ਕਈ ਸਾਲਾਂ ਬਾਅਦ ਸਕੂਲ ਦੀ ਟੀਮ ਨੇ ਫਿਰ ਜ਼ੋਨ ਦੇ ਨਾਲ ਨਾਲ ਜ਼ਿਲ੍ਹਾ ਵੀ ਜਿੱਤਿਆ। ਸਕੂਲ ਵਿੱਚ ਜਸ਼ਨ ਹੋਏ। ਟੀਮ ਦੀ ਜਿੱਤ ਦੀ ਖ਼ਬਰ ਦੇ ਨਾਲ ਨਾਲ ਦੀਪ ਦੀ ਮਸ਼ਹੂਰੀ ਵੀ ਪੂਰੇ ਪਿੰਡ ’ਚ ਫੈਲ ਗਈ। ਹੁਣ ਮੁੱਖਾ ਵੀ ਤਾਂ ਆਖ਼ਰ ਉਸੇ ਪਿੰਡ ’ਚ ਹੀ ਰਹਿੰਦਾ ਸੀ। ਉਹਦੇ ਕੰਨਾਂ ਨੇ ਵੀ ਤਾਂ ਇਹ ਸਭ ਸੁਣ ਹੀ ਲੈਣਾ ਸੀ।
ਮੁੱਖਾ ਕਈ ਦਿਨ ਉੱਖੜਿਆ ਜਿਹਾ ਰਿਹਾ। ਉਹਦੇ ਹਰੇ ਜ਼ਖ਼ਮ ’ਤੇ ਜਿਵੇਂ ਲੂਣ ਪੈ ਗਿਆ ਹੋਵੇ। ਅੰਤ ਉਹ ਭਰਿਆ ਪੀਤਾ ਜਿਹਾ ਗੁਰਮੇਲ ਕੋਲ ਅੱਪੜ ਗਿਆ, ‘‘ਕਿਹੜਾ ਬਦਲਾ ਲਿਆ ਈ ਗੁਰਮੇਲ ਸਿਹਾਂ! ਲੱਗਦਾ ਤੂੰ ਇਹਨੂੰ ਵੀ ਕਿਸੇ ਪਾਸੇ ਜੋਗਾ ਨਹੀਂ ਰਹਿਣ ਦੇਣਾ।’’
ਗੁਰਮੇਲ ਨੇ ਨੀਵੀਂ ਪਾਈ ਹੋਈ ਸੀ ਤੇ ਮੁੱਖੇ ਦੀਆਂ ਲਾਲ ਅੱਖਾਂ ’ਚ ਪਾਣੀ ਸੀ। ਕਈ ਪਲ਼ ਦੋਵੇਂ ਇਸੇ ਤਰ੍ਹਾਂ ਚੁੱਪ ਖੜ੍ਹੇ ਰਹੇ। ਅੰਤ ਗੁਰਮੇਲ ਥੋੜ੍ਹਾ ਹੌਸਲਾ ਕਰ ਕੇ ਬੋਲਿਆ, ‘‘ਭਾਅ ਮੁੱਖਾ ਸਿਹਾਂ, ਮੈਥੋਂ ਮੁੰਡੇ ਦੀ ਗੇਮ ਮਰਦੀ ਵੇਖੀ ਨਹੀਂ ਗਈ ...ਪਰ ਤੂੰ ਫ਼ਿਕਰ ਨਾ ਕਰ ...ਦੀਪ ਦੀ ਪੜ੍ਹਾਈ ਦਾ ਮੈਂ ਆਪ ਧਿਆਨ ਰੱਖੂੰ... ਪਾਸ ਕਰਾਉਣਾ ਮੇਰੀ ਜ਼ਿੰਮੇਵਾਰੀ।’’
ਗੁਰਮੇਲ ਨੇ ਦੀਪ ਦਾ ਨਾਂ ਵਿੱਚ ਨਾ ਆਉਣ ਦਿੱਤਾ। ਇੱਕ ਤਰ੍ਹਾਂ ਨਾਲ ਉਹਦਾ ਗੁਨਾਹ ਵੀ ਆਪਣੇ ਸਿਰ ਲੈ ਲਿਆ ਸੀ। ਮੁੱਖੇ ਦੀ ਗੁੱਸੇ ਨਾਲ ਬੇਕਾਬੂ ਹੋਈ ਜ਼ੁਬਾਨ ਨੇ ਗੁਰਮੇਲ ਨੂੰ ਬੜਾ ਕੁਝ ਕਿਹਾ।
ਫਿਰ ਘਰ ਆ ਕੇ ਉਹਨੇ ਐਲਾਨ ਕਰ ਦਿੱਤਾ ਕਿ ਦੀਪ ਹੁਣ ਸਕੂਲ ਨਹੀਂ ਜਾਊਗਾ, ਘਰੇ ਹੀ ਪੱਠਾ ਦੱਥਾ ਕਰੂਗਾ।
ਗੁਰਮੇਲ ਨੇ ਪੂਰਾ ਇੱਕ ਹਫ਼ਤਾ ਉਡੀਕਿਆ। ਉਹ ਚਾਹੁੰਦਾ ਸੀ ਕਿ ਮੁੱਖਾ ਆ ਕੇ ਆਪਣਾ ਗੁੱਸਾ ਕੱਢੇ ਪਰ ਦੀਪ ਨੂੰ ਸਕੂਲ ਜ਼ਰੂਰ ਭੇਜੇ। ਅੰਤ ਹਫ਼ਤੇ ਬਾਅਦ ਉਹ ਆਪ ਹੀ ਮੁੱਖੇ ਦੇ ਘਰ ਚਲਾ ਗਿਆ। ਮੁੱਖੇ ਨੇ ਰਸਮੀ ਫ਼ਤਿਹ ਤੋਂ ਬਿਨਾਂ ਕੁਝ ਨਾ ਕਿਹਾ। ਚਾਹ ਪੀਂਦਿਆਂ ਗੁਰਮੇਲ ਨੇ ਕਿਹਾ, ‘‘ਭਾਅ ਮੁੱਖਾ ਸਿਹਾਂ, ਮੇਰੀ ਜ਼ੁਬਾਨ ਰਹੀ ਦੀਪ ਹੁਣ ਗਰਾਊਂਡ ’ਚ ਨਹੀਂ ਵੜਦਾ। ਤੂੰ ਇਹਨੂੰ ਸਕੂਲ ਘੱਲ, ਮੁੰਡੇ ਦੀ ਜ਼ਿੰਦਗੀ ਦਾ ਸਵਾਲ ਐ।’’
ਦੀਪ ਫਿਰ ਤੋਂ ਸਕੂਲ ਜਾਣ ਲੱਗਾ ਅਤੇ ਗੁਰਮੇਲ ਨੇ ਵੀ ਆਪਣੀ ਜ਼ੁਬਾਨ ਪੁਗਾਈ। ਦੀਪ ਗਰਾਊਂਡ ’ਚ ਨਾ ਵੜਿਆ। ਪਰ ਹੁਣ ਨਾ ਮੁੱਖਾ ਤੇ ਨਾ ਹੀ ਘਰ ਪਹਿਲਾਂ ਵਰਗੇ ਰਹੇ। ਮੁੱਖੇ ਨੂੰ ਕਬੱਡੀ ਨਾਲ ਹੁਣ ਨਫ਼ਰਤ ਨਹੀਂ ਸਗੋਂ ਵੈਰ ਜਿਹਾ ਹੋ ਗਿਆ। ਦੋਵਾਂ ਪਿਉ ਪੁੱਤਾਂ ਵਿੱਚ ਵੀ ਹੁਣ ਸਿਰਫ਼ ਮਤਲਬ ਦੀ ਗੱਲ ਹੀ ਹੁੰਦੀ। ਸਾਰਾ ਘਰ ਚੁੱਪ-ਚਾਪ ਜਿਹਾ ਰਹਿੰਦਾ। ਇਸ ਚੁੱਪ ਨੇ ਹਰਵੰਤ ਨੂੰ ਵੀ ਚੁੱਪ ਕਰਾ ਦਿੱਤਾ। ਉਹ ਸਾਰਾ ਦਿਨ ਉਦਾਸ ਚਿਹਰੇ ਨਾਲ ਪਿਉ ਪੁੱਤ ਦੇ ਚਿਹਰਿਆਂ ’ਤੋਂ ਖ਼ੁਸ਼ੀ ਲੱਭਦੀ ਰਹਿੰਦੀ ਪਰ ਸ਼ਾਮ ਨੂੰ ਹਾਰ ਕੇ ਹੋਰ ਉਦਾਸ ਹੋ ਜਾਂਦੀ।
ਦਿਨ ਤੇ ਰਾਤਾਂ ਆਉਂਦੇ ਜਾਂਦੇ ਰਹੇ। ਸਾਲ ਮੁੱਕਣ ’ਤੇ ਆ ਗਿਆ। ਇੱਕ ਦਿਨ ਪਿੰਡ ਦੇ ਕਬੱਡੀ ਕਲੱਬ ਵਾਲੇ ਮੁੰਡੇ ਦੀਪ ਕੋਲ ਆਏ। ਮੁੱਖਾ ਘਰ ਨਹੀਂ ਸੀ। ਹਰਵੰਤ ਦੁੱਧ ਗਰਮ ਕਰ ਲਿਆਈ। ਦੁੱਧ ਪੀਂਦਿਆਂ ਇੱਕ ਨੇ ਦੀਪ ਨੂੰ ਕਿਹਾ, ‘‘ਦੀਪ, ਆਪਾਂ ਕਬੱਡੀ ਕੱਪ ਰੱਖ ਲਿਆ ਦਸ ਤੋਂ ਬਾਰਾਂ ਤਰੀਕ ਤੱਕ। ਤੂੰ ਨਾਲ ਤੁਰ ਵੀ ਤੇ ਖੇਡ ਵੀ।’’
ਦੀਪ ਨੇ ਮੁੱਖੇ ਦੇ ਡਰੋਂ ਸਿਰ ਮਾਰ ਦਿੱਤਾ। ਉਹਨੂੰ ਪਤਾ ਸੀ ਕਿ ਮੁੱਖੇ ਨੂੰ ਪਤਾ ਤਾਂ ਲੱਗ ਹੀ ਜਾਣਾ ਹੈ ਤੇ ਦੀਪ ਦਾ ਕਬੱਡੀ ਖੇਡਣਾ ਸੁਣ ਕੇ ਉਹਨੇ ਹੁਣ ਕਹਿਣਾ ਤਾਂ ਕੁਝ ਨਹੀਂ ,ਬੱਸ ‘ਕੁਝ’ ਕਰ ਬਹਿਣਾ ਹੈ।
ਕਲੱਬ ਵਾਲੇ ਮੁੰਡਿਆਂ ਭਾਵੇਂ ਫਿਰ ਤਰਲਾ ਜਿਹਾ ਕੀਤਾ, ‘‘ਚੱਲ ਯਾਰ ਬਾਕੀ ਰਹਿਣ ਦੇ, ਇੱਕ ਦੋ ਮੈਚ ਹੀ ਕਢਵਾ ਦੇ। ਹੋਰ ਨਹੀਂ ਤਾਂ ਕਪੂਰਥਲੇ ਵਾਲਿਆਂ ਨਾਲ ਹੀ ਕਢਵਾ ਦੇ। ਰਾਵਣ ਨੇ ਆਉਣਾ, ਤੇਰੇ ਬਿਨਾਂ ਕਿੱਥੋਂ ਰੁਕਣਾ ਉਹਨੇ ਕਿਸੇ ਤੋਂ।’’
ਦੀਪ ਦਾ ਹਾਂ ਕਰਨਾ ਤਾਂ ਸੰਭਵ ਹੀ ਨਹੀਂ ਸੀ। ਹਰਵੰਤ ਗਲਾਸ ਲੈਣ ਆਈ ਤਾਂ ਉਹਨੇ ਮੁੰਡੇ ਦੇ ਮੂੰਹ ’ਤੇ ਮਜਬੂਰੀ ਵੇਖੀ। ਕਿਸੇ ਤਰ੍ਹਾਂ ਅੱਖਾਂ ਗਿੱਲੀਆਂ ਹੋਣ ਤੋਂ ਬਚਾਉਂਦੀ ਕਮਰੇ ’ਚੋਂ ਬਾਹਰ ਚਲੀ ਗਈ।
ਜਦ ਟੂਰਨਾਮੈਂਟ ਸ਼ੁਰੂ ਹੋਇਆ ਤਾਂ ਦੀਪ ਸਕੂਲ ਦੇ ਬਹਾਨੇ ਗਰਾਊਂਡ ’ਚ ਜਾ ਕੇ ਮੈਚ ਵੇਖਦਾ ਰਹਿੰਦਾ। ਉਹਨੇ ਲਗਭਗ ਸਾਰੇ ਮੈਚ ਵੇਖੇ। ਰਾਵਣ ਦੇ ਰੇਡ ਵੀ। ਸੱਚਮੁੱਚ ਛੇ ਫੁੱਟ ਤੋਂ ਵੀ ਉੱਚਾ ਬੰਦਾ। ਪਤਾ ਨਹੀਂ ਲੋਕ ਉਹਦੇ ਕੱਦ ਕਾਠ ਕਰਕੇ ਉਹਨੂੰ ਰਾਵਣ ਕਹਿੰਦੇ ਜਾਂ ਉਹਦੇ ਗੁੱਸੇ ਕਰਕੇ ਪਰ ਸੀ ਉਹ ਨਿਰਾ ਰਾਵਣ ਹੀ।
ਦੀਪ ਤਾਂ ਨਾ ਖੇਡਿਆ ਪਰ ਫਿਰ ਵੀ ਉਹਦੇ ਪਿੰਡ ਦੀ ਟੀਮ ਫਾਈਨਲ ’ਚ ਪਹੁੰਚ ਗਈ। ਦੂਜੀ ਟੀਮ ਰਾਵਣ ਦੀ ਸੀ। ਅੱਜ ਫਾਈਨਲ ਸੀ ਪਰ ਮੁੱਖੇ ਨੂੰ ਇਹਦੀ ਕੋਈ ਖ਼ਬਰ ਨਹੀਂ ਸੀ। ਪੱਠਾ ਦੱਥਾ ਕਰਕੇ ਉਹਨੇ ਰੋਟੀ ਖਾਧੀ। ਫਿਰ ਸਾਈਕਲ ਫੜ ਕੇ ਫੀਡ ਦੀ ਬੋਰੀ ਲੈਣ ਪਿੰਡ ਨੂੰ ਤੁਰ ਪਿਆ। ਪਿੰਡ ਦੀ ਫਿਰਨੀ ’ਤੇ ਪਹੁੰਚਿਆ ਤਾਂ ਉਹਨੂੰ ਲਾਗੇ ਹੀ ਗਰਾਊਂਡ ਵਿੱਚ ਭੀੜ ਦਿਸੀ। ਸਪੀਕਰ ਵਿੱਚੋਂ ਆਵਾਜ਼ ਆਈ, ‘‘ਲਉ ਬਈ ਫਾਈਨਲ ਸ਼ੁਰੂ ਹੋਣ ਲੱਗਾ ਜੇ ...ਆਪਣੇ ਪਿੰਡ ਦੀ ਟੀਮ ਤੇ ਕਪੂਰਥਲੇ ਦੀ ਟੀਮ ਵਿੱਚ... ਮਤਲਬ ਕਿ ਆਪਣੇ ਪਿੰਡ ਦੀ ਟੀਮ ਤੇ ਰਾਵਣ ਦੀ ਟੀਮ... ਰਾਵਣ ਦੇ ਜੱਫ਼ੇ ’ਤੇ ਲੱਗਾ ਜੇ ਪੰਜ ਹਜ਼ਾਰ ਰੁਪਈਆ।’’
‘‘ਆਇਆ ... ਵੱਡਾ ਰਾਵਣ, ਟੀਕੇ ਲਾ ਲਾ ਖੇਡਦੇ ਨੇ ਹੁਣ,’’ ਮੁੱਖੇ ਨੇ ਮੂੰਹ ਵਿੱਚ ਬੁੜਬੁੜ ਕੀਤਾ ਤੇ ਅੱਗੇ ਨਿਕਲ ਗਿਆ। ਫੀਡ ਦੀ ਦੁਕਾਨ ’ਤੇ ਅੱਪੜਿਆ ਤਾਂ ਅੱਗੇ ਦੁਕਾਨ ਬੰਦ ਮਿਲੀ। ਦੁਕਾਨ ਵਾਲੇ ਦੀ ਘਰਵਾਲੀ ਨੇ ਦੱਸਿਆ, ‘‘ਕਬੱਡੀ ਵੇਖਣ ਗਏ ਨੇ ਗਰੌਂਡ ’ਚ।’’
‘‘ਕਮਲੀ ਹੋਈ ਪਈ ਐ ਦੁਨੀਆ’’ ਮੁੱਖੇ ਨੇ ਫਿਰ ਮੂੰਹ ਵਿੱਚ ਬੁੜਬੁੜ ਕੀਤੀ ਤੇ ਘਰ ਵੱਲ ਨੂੰ ਤੁਰ ਪਿਆ। ਵਾਪਸ ਫਿਰਨੀ ’ਤੇ ਪੁੱਜਾ ਤਾਂ ਕੰਨ ’ਚ ਫਿਰ ਆਵਾਜ਼ ਪਈ, ‘‘ਲਉ ਬਈ ਅਜੇ ਤੱਕ ਜੱਫਾ ਨਹੀਂ ਜੇ ਲੱਗਾ ਰਾਵਣ ਨੂੰ... ਇਹਦੇ ਜੱਫ਼ੇ ’ਤੇ ਹੁਣ ਲੱਗ ਗਿਆ ਜੇ ਪੂਰਾ ਦਸ ਹਜ਼ਾਰ।’’
ਮੁੱਖਾ ਮੂੰਹ ਵਿੱਚ ਕੁਝ ਬੁੜਬੁੜਾਉਣ ਜਿਹਾ ਲੱਗਾ ਹੀ ਸੀ ਕਿ ਉਹਨੂੰ ਸਪੀਕਰ ’ਚੋਂ ਇੱਕ ਅਣਕਿਆਸੀ ਜਿਹੀ ਅਨਾਊਂਸਮੈਂਟ ਸੁਣੀ, ‘‘ਲਉ ਬਈ ਹੁਣ ਜਾਫ਼ੀਆਂ ’ਚ ਜਾ ਖਲੋਤਾ ਜੇ ਮੁੱਖੇ ‘ਜੋਕ’ ਦਾ ਮੁੰਡਾ ਦੀਪ... ਕਹਿੰਦੇ ਮਾਸਟਰ ਗੁਰਮੇਲ ਸਿੰਘ ਨੇ ਮੰਨ ਲਈ ਜੇ ਪਿੰਡ ਵਾਲਿਆਂ ਦੀ ਮਿੰਨਤ... ਲੁਹਾ ’ਤੇ ਆਪਣੇ ਚੇਲੇ ਦੇ ਲੀੜੇ... ਹੁਣ ਹੋਊ ਟੱਕਰ...।’’
ਸੁਣ ਕੇ ਮੁੱਖੇ ਨੂੰ ਜਿਵੇਂ ਅਚੰਭਾ ਜਿਹਾ ਲੱਗਾ। ਉਹਦਾ ਸਾਈਕਲ ਆਪਮੁਹਾਰਾ ਹੀ ਗਰਾਊਂਡ ਵੱਲ ਮੁੜ ਪਿਆ ਪਰ ਉਹਨੂੰ ਜਿਵੇਂ ਆਪਣੀ ਕੋਈ ਹੋਸ਼ ਹੀ ਨਾ ਹੋਵੇ। ਗਰਾਊਂਡ ’ਚ ਅੱਪੜ ਕੇ ਉਹਨੇ ਕਾਹਲੀ ਨਾਲ ਸਾਈਕਲ ਦਾ ਸਟੈਂਡ ਲਾਇਆ। ਰਾਵਣ ਨੇ ਹੁਣ ਤੱਕ ਰੇਡ ਸ਼ੁਰੂ ਕਰ ਦਿੱਤਾ ਸੀ। ਭੀੜ ਨੇ ਮੁੱਖੇ ਨੂੰ ਅੱਗੇ ਨਾ ਲੰਘਣ ਦਿੱਤਾ। ਉਹ ਭੀੜ ਦੇ ਉੱਤੋਂ ਦੀ ਵੇਖਣ ਲੱਗਾ। ਦੀਪ ਕੋਨੇ ’ਤੇ ਖਲੋਤਾ ਸੀ। ਸਾਰੀ ਭੀੜ ਸਾਹ ਰੋਕ ਕੇ ਵੇਖ ਰਹੀ ਸੀ। ਰਾਵਣ ਦਾ ਵੀ ਸਾਰਾ ਧਿਆਨ ਦੀਪ ਵਿੱਚ ਸੀ। ਉਹਨੇ ਝਕਾਨੀ ਦੇ ਕੇ ਵਿਚਕਾਰਲੇ ਜਾਫ਼ੀ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਦੀਪ ਨੇ ਅੱਗੇ ਵਧ ਕੇ ਉਹਨੂੰ ‘ਟੱਚ’ ਕਰ ਲਿਆ ਤੇ ਬਾਹਵਾਂ ਖਿਲਾਰ ਕੇ ਸਾਹਮਣੇ ਖਲੋ ਗਿਆ।
ਸਪੀਕਰ ’ਚੋਂ ਆਵਾਜ਼ ਆਈ, ‘‘ਲਉ ਬਈ ਹੁਣ ਹੋ ਗਈਆਂ ਜੇ ਮਹਾਂ ਸ਼ਕਤੀਆਂ ਆਹਮੋ...।’’
ਕਮੈਂਟਰੀ ਵਾਲੇ ਨੇ ਅਜੇ ਵਾਕ ਪੂਰਾ ਵੀ ਨਹੀਂ ਸੀ ਕੀਤਾ ਤੇ ਕਿਸੇ ਨੂੰ ਪਤਾ ਤੱਕ ਨਾ ਲੱਗਾ ਕਦੋਂ ਦੀਪ ਰਾਵਣ ਦੀਆਂ ਲੱਤਾਂ ’ਚ ਜਾ ਬੈਠਾ।
‘‘ਚਿੰਬੜ ਜਾ ... ਹੁਣ ਜੋਕ ਬਣ ਕੇ’’ ਇਹ ਮੁੱਖੇ ਦੀ ਆਵਾਜ਼ ਸੀ ਜਿਹੜੀ ਭੀੜ ਦੇ ਰੌਲੇ ’ਚ ਗੁਆਚ ਗਈ।
ਰਾਵਣ ਦੀਪ ਨੂੰ ਢੇਰੀਆਂ ਵੱਲ ਖਿੱਚਣ ਲੱਗਾ ਤਾਂ ਦੀਪ ਨੇ ਦੂਜੀ ਲੱਤ ਨੂੰ ਵੀ ਕੈਂਚੀ ਨਾਲ ਜਕੜ ਲਿਆ। ਦੋਵਾਂ ਖਿਡਾਰੀਆਂ ਦਾ ਪੂਰਾ ਜ਼ੋਰ ਲੱਗ ਰਿਹਾ ਸੀ ਅਤੇ ਭੀੜ ਦਾ ਉਨ੍ਹਾਂ ਤੋਂ ਵੀ ਵੱਧ। ਆਖ਼ਰ ਜਦੋਂ ਰੈਫਰੀ ਨੇ ਸਮਾਂ ਖ਼ਤਮ ਹੋਣ ਦੀ ਸੀਟੀ ਮਾਰੀ ਤਾਂ ਭੀੜ ਗਰਾਊਂਡ ਵਿੱਚ ਜਾ ਵੜੀ। ਕਿਸੇ ਨੇ ਦੀਪ ਨੂੰ ਮੋਢਿਆਂ ’ਤੇ ਚੁੱਕ ਲਿਆ। ਲੋਕ ਪੈਸੇ ਸੁੱਟਣ ਲੱਗੇ ਤੇ ਲਲਕਾਰੇ ਮਾਰਨ ਲੱਗੇ। ਮੁੱਖੇ ਨੇ ਆਪਣਾ ਸਾਈਕਲ ਲਿਆ ਤੇ ਘਰ ਨੂੰ ਤੁਰ ਪਿਆ। ਘਰ ਆ ਕੇ ਉਹਨੇ ਸਾਈਕਲ ’ਤੋਂ ਫੀਡ ਵਾਲੀ ਬੋਰੀ ਇੱਕੋ ਹੱਥ ਨਾਲ ਵਗਾਹ ਕੇ ਮਾਰੀ। ਫਿਰ ਡਿੱਗੀ ਪਈ ਬੋਰੀ ਨੂੰ ਇੰਜ ਵੇਖਣ ਲੱਗਾ ਜਿਵੇਂ ਅੱਜ ਫਿਰ ਉਹਦੇ ਸਾਹਮਣੇ ਬਾਗਾ ‘ਬਿਜਲੀ’ ਪਿਆ ਹੋਵੇ।
ਸੰਪਰਕ: 89683-52349

Advertisement

Advertisement
Author Image

sanam grng

View all posts

Advertisement
Advertisement
×