ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਮਾਤ ਸ਼ਕਤੀ ਉੱਦਮ ਯੋਜਨਾ ਸ਼ੁਰੂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 21 ਅਕਤੂਬਰ
ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਉਨ੍ਹਾਂ ਦੀ ਆਰਥਿਕ ਤੇ ਸਮਾਜਿਕ ਸਥਿਤੀ ਸੁਧਾਰਨ ਲਈ ‘ਮਾਤ ਸ਼ਕਤੀ ਉਦਮ’ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਬੈਂਕਾਂ ਰਾਹੀਂ 5 ਲੱਖ ਤੱਕ ਦਾ ਕਰਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਮਹਿਲਾ ਵਿਕਾਸ ਨਿਗਮ ਰਾਹੀਂ ਇਹ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 5 ਲੱਖ ਤੋਂ ਸਾਲਾਨਾ ਘੱਟ ਆਮਦਨ ਵਾਲੀਆਂ ਤੇ ਹਰਿਆਣਾ ਦੀਆਂ ਸਥਾਈ ਵਸਨੀਕ ਔਰਤਾਂ ਇਸ ਯੋਜਨਾ ਦੇ ਯੋਗ ਹੋਣਗੀਆਂ। ਬਿਨੈ ਕਰਨ ਵਾਲੀ ਔਰਤ ਦੀ ਉਮਰ 18 ਤੋਂ 60 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਤੇ ਉਹ ਪਹਿਲਾਂ ਲਏ ਕਰਜ਼ ’ਚ ਡਿਫਾਲਟਰ ਨਹੀਂ ਹੋਣੀ ਚਾਹੀਦੀ। ਸਕੀਮ ਤਹਿਤ ਸਮੇਂ ਸਿਰ ਕਿਸ਼ਤਾਂ ਦਾ ਭੁਗਤਾਨ ਕਰਨ ਅਤੇ 7 ਫੀਸਦੀ ਵਿਆਜ ਸਬਸਿਡੀ ਦੀ ਰਾਸ਼ੀ 3 ਸਾਲਾਂ ਲਈ ਮਹਿਲਾ ਵਿਕਾਸ ਨਿਗਮ ਵੱਲੋਂ ਦਿੱਤੀ ਜਾਏਗੀ। ਇਸ ਕਰਜ਼ ਨਾਲ ਔਰਤਾਂ ਆਪਣੇ ਕਾਰੋਬਾਰ ਜਿਵੇਂ ਟਰਾਂਸਪੋਰਟ ਛੋਟੇ ਵਾਹਨ, ਛੋਟੇ ਮਾਲ ਵਾਹਨ, ਤਿੰਨ ਪਹੀਆ ਵਾਹਨ, ਈ-ਰਿਕਸ਼ਾ, ਟੈਕਸੀ, ਸਮਾਜਿਕ ਤੇ ਨਿੱਜੀ ਸੇਵਾਵਾਂ ਸ਼ੁਰੂ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਬਿਊਟੀ ਪਾਰਲਰ, ਟੇਲਰਿੰਗ, ਬੁੂਟੀਕ, ਫੋਟੋ ਸਟੇਟ ਦੀ ਦੁਕਾਨ, ਫੂਡ ਸਟਾਲ, ਮਿੱਟੀ ਦੇ ਭਾਂਡੇ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਹਾ ਲੈਣ ਲਈ ਬਿਨੈਕਾਰ ਨੂੰ ਬਿਨੈ ਪੱਤਰ ਨਾਲ ਨਿਰਧਾਰਤ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਣਗੇ।