For the best experience, open
https://m.punjabitribuneonline.com
on your mobile browser.
Advertisement

ਨੌਜਵਾਨਾਂ ਨਾਲ ਸੰਵਾਦ ਦੀ ਪਹਿਲ ਵੱਡੇ ਕਰਨ

06:13 AM Jul 07, 2023 IST
ਨੌਜਵਾਨਾਂ ਨਾਲ ਸੰਵਾਦ ਦੀ ਪਹਿਲ ਵੱਡੇ ਕਰਨ
Advertisement

ਡਾ. ਸ਼ਿਆਮ ਸੁੰਦਰ ਦੀਪਤੀ

ਅੱਜ ਜਦੋਂ ਵਧ ਰਹੀਆਂ ਪਰਿਵਾਰਕ ਅਤੇ ਸਮਾਜਿਕ ਸਮੱਸਿਆਵਾਂ ਦੀ ਤਹਿ ਤਕ ਜਾਇਆ ਜਾਵੇ ਤਾਂ ਇਕ ਵੱਡਾ ਕਾਰਨ ਪਤਾ ਲੱਗੇਗਾ ਕਿ ਆਪਸੀ ਸੰਵਾਦ ਦਾ ਸੰਕਟ ਹੈ ਜਾਂ ਕਹਿ ਲਈਏ ਕਿ ਜੇ ਦੋਵੇਂ ਧਿਰਾਂ ਜਿਨ੍ਹਾਂ ਵਿਚਕਾਰ ਸਮੱਸਿਆ ਹੈ, ਰਲ ਬੈਠ ਕੇ, ਖੁੱਲ੍ਹੇ ਦਿਲ ਨਾਲ ਗੱਲਬਾਤ ਕਰ ਲੈਣ ਤਾਂ ਬਹੁਤੇ ਮਸਲੇ ਹੱਲ ਹੋ ਜਾਣ ਤੇ ਗੱਲ ਕਿਸੇ ਵੱਡੀ ਸਮੱਸਿਆ ਤਕ ਪਹੁੰਚਣ ਤੋਂ ਬਚ ਜਾਵੇ। ਸਮਾਜ ਵਿਗਿਆਨ ਦੇ ਮਾਹਿਰਾਂ ਨੇ ਸੰਵਾਦ ਦੇ ਮਹੱਤਵ ’ਤੇ ਗੱਲ ਤਾਂ ਕੀਤੀ ਹੀ ਹੈ, ਨਾਲੇ ਸੰਵਾਦ ਦੇ ਵੱਖੋ-ਵੱਖਰੇ ਤਰੀਕੇ ਵੀ ਬਿਆਨ ਕੀਤੇ ਹਨ।
ਅਸੀਂ ਅਕਸਰ ਦੇਖਦੇ ਹਾਂ, ਗੱਲਬਾਤ ਦੌਰਾਨ ਕੋਈ ਅੜੀਅਲ ਹੁੰਦਾ ਹੈ, ‘ਮੈਂ ਨਾ ਮਾਨੂੰ’ ਵਾਲੇ ਰੱਵਈਏ ਵਾਲਾ, ਕੋਈ ਸਾਊ ਬਣਿਆ ਚੁੱਪ-ਚਾਪ ਸੁਣੀ ਜਾਂਦਾ ਹੈ ਤੇ ‘ਹਾਂ ਹਾਂ’ ਕਰਦਾ ਰਹਿੰਦਾ ਹੈ। ਇਕ ਕਿਸੇ ਨੂੰ ਬੋਲਣ ਨਹੀਂ ਦਿੰਦਾ ਤੇ ਦੂਸਰਾ ਕੋਈ
ਆਪਣੀ ਰਾਇ ਤੱਕ ਨਹੀਂ ਰੱਖਦਾ। ਇਹ ਦੋਵੇਂ ਤਰੀਕੇ ਹੀ ਸਾਰਥਕ ਨਹੀਂ। ਇਸੇ ਪ੍ਰਸੰਗ ਵਿਚ ਇਕ ਤਰੀਕਾ ਸੰਵਾਦ ਦਾ ਹੈ, ਲੋਕਤੰਤਰੀ ਸੰਵਾਦ। ਆਪਸੀ ਚਰਚਾ, ਵਾਦ-ਵਿਵਾਦ ਤੇ ਫਿਰ ਕੋਈ ਨਤੀਜਾ।
ਬਾਬਾ ਨਾਨਕ ਦੇ ਸ਼ਬਦ ਹਨ- ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥’ ਭਾਵ ਸਾਫ ਹੈ- ਜਦ ਤਕ ਦੁਨੀਆ ਰਹਿਣੀ ਹੈ, ਸੰਵਾਦ ਚੱਲਦਾ ਰਹਿਣਾ ਹੈ ਪਰ ਇਨ੍ਹਾਂ ਬੋਲਾਂ ਵਿਚ ਆਪਾਂ ਦੇਖਦੇ ਹਾਂ ਕਿ ਸੁਣਨਾ ਪਹਿਲਾਂ ਹੈ, ਬੋਲਣਾ ਬਾਅਦ ਵਿਚ। ਇਹ ਤਰਤੀਬ ਮਨੋਵਿਗਿਆਨਕ ਹੈ ਕਿ ਸੁਣੇ ਬਗੈਰ ਚੰਗੇ ਢੰਗ ਨਾਲ ਗੱਲ ਦਾ ਜਵਾਬ ਦਿੱਤਾ ਨਹੀਂ ਜਾ ਸਕਦਾ। ਸੁਣਨਾ ਕਿਉਂ ਹੈ? ਸੁਣਨਾ ਹੈ ਸਮਝਣ ਲਈ। ਤਾਂ ਹੀ ਕਿਹਾ ਜਾਂਦਾ ਹੈ, ‘ਕੰਨ ਲਾ ਕੇ ਸੁਣ।’ ਬਗੈਰ ਸੁਣੇ, ਸਮਝੇ ਕੋਈ ਕੀ ਬੋਲੇਗਾ? ਅਸੀਂ ਇਸ ਪੱਖ ਤੋਂ ਪਤੀ-ਪਤਨੀ ਦੇ ਆਪਸੀ ਸੰਵਾਦ ਨੂੰ ਵੀ ਪਰਖ ਸਕਦੇ ਹਾਂ ਤੇ ਇਸੇ ਤਰਜ਼ ’ਤੇ ਹੀ ਨੌਜਵਾਨਾਂ ਅਤੇ ਮਾਪਿਆਂ ਦੇ ਆਪਸੀ ਸੰਵਾਦ ਦੀ ਸਥਿਤੀ ਵੀ ਸਮਝੀ ਜਾ ਸਕਦੀ ਹੈ।
ਦੋਹਾਂ ਪੱਖਾਂ ਨਾਲ ਗੱਲ ਕਰ ਕੇ ਦੇਖੋ, ਸਾਂਝਾ ਬਿਆਨ ਸੁਣਨ ਨੂੰ ਮਿਲੇਗਾ। ਸਿਆਣੇ (ਬਜ਼ੁਰਗ) ਕਹਿੰਦੇ ਹਨ ਕਿ ਨੌਜਵਾਨ ਸੁਣਦੇ ਨਹੀਂ; ਇਹੀ ਗੱਲ ਨੌਜਵਾਨ ਮਾਪਿਆਂ ਬਾਰੇ ਕਹਿੰਦੇ ਹਨ। ਨਿਸ਼ਚਿਤ ਹੀ ਦੋ ਧਿਰਾਂ ਹਨ। ਗੱਲਬਾਤ ਕਰਨਾ ਹੀ ਹੱਲ ਹੈ ਪਰ ਇਸ ਤਰ੍ਹਾਂ ਦੀ ਹਾਲਤ ਵਿਚ ਗੱਲ ਦੀ ਸ਼ੁਰੂਆਤ ਕੌਣ ਕਰੇ? ਸਾਫ ਸਪੱਸ਼ਟ ਜਿਹਾ ਜਵਾਬ ਹੈ- ਵੱਡੇ ਪਹਿਲ ਕਰਨ। ਉਹ ਸਿਆਣੇ ਮੰਨੇ ਜਾਂਦੇ ਹਨ, ਤਜਰਬੇਕਾਰ ਵੀ। ਨਾਲੇ ਨੌਜਵਾਨ ਬੱਚੇ ਉਨ੍ਹਾਂ ਸਾਹਮਣੇ ਹੀ ਵੱਡੇ ਹੋਏ ਹਨ। ਇਹ ਗੱਲ ਕਿੰਨੀ ਕੁ ਵਧੀਆ ਲਗਦੀ ਹੈ ਜਾਂ ਜਚਦੀ ਹੈ ਕਿ ਮਾਪੇ ਬੱਚਿਆਂ ਅੱਗੇ ਅੜ ਰਹੇ ਹਨ? ਖੈਰ! ਗੱਲ ਦੀ ਸ਼ੁਰੂਆਤ ਦੇ ਵੀ ਕੁਝ ਪੈਮਾਨੇ ਹਨ। ਉਹੀ ਪੈਮਾਨੇ ਮਾਪੇ ਵੀ ਸਮਝਣ ਤੇ ਉਨ੍ਹਾਂ ਦੇ ਮੱਦੇਨਜ਼ਰ ਗੱਲ ਕਰਨ ਤਾਂ ਵਧੀਆ ਨਤੀਜੇ ਮਿਲ ਸਕਦੇ ਹਨ।
ਅਸੀਂ ਇਕ ਪੱਖ ਇਹ ਵੀ ਜਾਣਦੇ ਹਾਂ ਕਿ ਮਾਪਿਆਂ ਕੋਲ ਤਜਰਬਾ ਹੈ। ਉਨ੍ਹਾਂ ਬੱਚਿਆਂ ਨੂੰ ਗੋਦੀ ਵਿਚ ਖਿਡਾਇਆ ਅਤੇ ਲੋਰੀਆਂ ਸੁਣਾਈਆਂ ਹਨ, ਆਪਣੀ ਉਂਗਲ ਫੜਾ ਕੇ ਇਕ ਇਕ ਕਦਮ ਚਲਣਾ ਸਿਖਾਇਆ ਹੈ। ਬਹੁਤ ਮਾਪਿਆਂ ਨੂੰ ਬੱਚੇ ਦੇ ਵਿਕਾਸ ਪੜਾਵਾਂ ਦਾ ਪਤਾ ਨਹੀਂ ਹੈ। ਬੱਚਾ ਕਦੋਂ ਬੈਠਣਾ ਸ਼ੁਰੂ ਕਰਦਾ ਹੈ, ਕਦੋਂ ਤੁਰਨਾ ਤੇ ਦੌੜਨਾ। ਅਸੀਂ ਬੱਚਿਆਂ ਦੇ ਕੱਪੜੇ ਜਾਂ ਖਿਡੌਣੇ ਖਰੀਦਣੇ ਹੋਣ ਤਾਂ ਉਮਰ ਮੁਤਾਬਕ ਖਰੀਦਦੇ ਹਾਂ। ਇਥੋਂ ਹੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਬੱਚੇ ਦੇ ਸਰੀਰਕ ਵਿਕਾਸ ਨਾਲ ਮਾਪਿਆਂ ਨੂੰ ਬੱਚੇ ਦੇ ਮਾਨਸਿਕ ਵਿਕਾਸ ਅਤੇ ਉਸ ਮੁਤਾਬਕ ਉਸ ਦੀਆਂ ਲੋੜਾਂ ਦਾ ਪਤਾ ਹੋਵੇ। ਪਤਾ ਹੋਵੇ ਕਿ ਗਿਆਰਾਂ-ਬਾਰਾਂ ਸਾਲ ਦੀ ਉਮਰ ਤੋਂ ਬਾਅਦ ਬੱਚੇ ਨੇ ਕੱਦ ਕੱਢਣਾ ਹੈ, ਉਸ ਸਮੇਂ ਖਾਣੇ ਵਿਚ ਕਿਸ ਤਰ੍ਹਾਂ ਦੇ ਪੌਸ਼ਟਿਕ ਭੋਜਨ, ਪ੍ਰੋਟੀਨ ਅਤੇ ਖਣਿਜ ਪਦਾਰਥ ਜਿਵੇਂ ਕੈਲਸ਼ੀਅਮ ਤੇ ਲੋਹੇ ਦੀ ਵੱਧ ਲੋੜ ਹੈ। ਅਸੀਂ ਪਹਿਲਾਂ ਹੀ ਪਤਾ ਕਰ ਕੇ ਉਹ ਸਭ ਮੁਹੱਈਆ ਕਰਵਾਈਏ ਜੋ ਬਜ਼ੁਰਗ ਸਾਨੂੰ ਦੱਸਦੇ ਰਹੇ ਹਨ ਪਰ ਸਮੇਂ ਨੇ ਉਨ੍ਹਾਂ ਨੂੰ ਅਨਪੜ੍ਹ-ਅਣਜਾਣ ਕਰਾਰ ਦੇ ਦਿੱਤਾ ਹੈ।
ਜਿਥੋਂ ਤਕ ਸਮਾਜਿਕ ਅਤੇ ਮਾਨਸਿਕ ਵਿਕਾਸ ਦੀ ਗੱਲ ਹੈ, ਬੱਚੇ ਦਾ ਮਨ ਆਪਣੀ ਪਛਾਣ ਬਣਾਉਣ ਜਾਂ ਖ਼ੁਦ ਨੂੰ ਵੱਖਰੀ ਹਸਤੀ ਸਮਝਣ ਲੱਗਦਾ ਹੈ। ਆਪਣੀਆਂ ਪਸੰਦਾਂ, ਨਾ-ਪਸੰਦਾਂ ਬਾਰੇ ਬੋਲਦਾ, ਸੰਵਾਦ ਕਰਦਾ ਹੈ, ਰਾਇ ਰੱਖਦਾ ਹੈ। ਇਸੇ ਤਰ੍ਹਾਂ ਹੀ ਸਮਾਜਿਕ ਰਿਸ਼ਤਿਆਂ ਬਾਰੇ ਵੀ ਉਸ ਦੀ ਸਮਝ ਦਾ ਵਿਕਾਸ ਹੋ ਰਿਹਾ ਹੁੰਦਾ ਹੈ; ਉਹ ਕਿਹੜੇ ਰਿਸ਼ਤੇ ਮਨਜ਼ੂਰ ਕਰਦਾ ਹੈ, ਕਿਹੜੇ ਰਿਸ਼ਤਿਆਂ ਨੂੰ ਲੈ ਕੇ ਨਾਂਹ-ਨੁਕਰ ਕਰਦਾ ਹੈ, ਸਾਫ ਨਜ਼ਰ ਆਉਣ ਲਗਦਾ ਹੈ।
ਇਸ ਪੜਾਅ ’ਤੇ ਮਾਪਿਆਂ ਨੂੰ ਬਦਲ ਰਹੇ ਵਿਹਾਰ, ਰਿਸ਼ਤਿਆਂ ਪ੍ਰਤੀ ਬਣ ਰਹੀ ਸਮਝ ਬਾਰੇ ਸੁਚੇਤ ਹੋਣਾ ਚਾਹੀਦਾ ਹੈ। ਬੱਚੇ ’ਤੇ ਆਪਣਾ ਹੁਕਮ ਚਲਾਉਣ ਦੀ ਬਜਾਇ ਇਕੋ ਇਕ ਵਧੀਆ, ਸਾਰਥਕ ਤੇ ਕਾਰਗਰ ਤਰੀਕਾ ਹੈ, ਬੱਚੇ ਨਾਲ ਬੈਠ ਕੇ ਗੱਲ ਹੋਵੇ ਕਿ ਉਹ ਚਾਚੇ ਨਾਲ ਕਿਉਂ ਠੀਕ ਤਰੀਕੇ ਨਾਲ ਗੱਲ ਨਹੀਂ ਕਰਦਾ, ਭੂਆ ਉਸ ਨੂੰ ਕਿਉਂ ਵੱਧ ਚੰਗੀ ਲੱਗਦੀ ਹੈ, ਮਾਮੇ ਕੋਲ ਜਾਣ ਨੂੰ ਉਸ ਦਾ ਵੱਧ ਮਨ ਕਿਉਂ ਕਰਦਾ ਹੈ? ਇਹ ਵਿਹਾਰ ਬਰੀਕਬੀਨੀ ਨਾਲ ਸਮਝਣ ਦੀ ਲੋੜ ਹੈ।
ਇਸੇ ਤਰ੍ਹਾਂ ਬੱਚਾ ਹੌਲੀ ਹੌਲੀ ਆਪਣੇ ਕਰੀਅਰ ਬਾਰੇ ਸੁਚੇਤ ਹੁੰਦਾ ਹੈ। ਉਹ ਹਰ ਰੋਜ਼ ਆਪਣਾ ਬਿਆਨ ਬਦਲਦਾ ਨਜ਼ਰ ਆਵੇਗਾ। ਕਦੇ ਡਾਕਟਰ ਤੇ ਕਦੇ ਪੁਲੀਸ ਅਫਸਰ, ਕਦੇ ਫੌਜੀ ਤੇ ਕਦੇ ਅਧਿਆਪਕ। ਬੱਚੇ ਦੇ ਇਹ ਸਾਰੇ ਭਾਵ ਜਾਣਨੇ-ਸੁਣਨੇ ਚਾਹੀਦੇ ਹਨ ਤੇ ਨਾਲੋ-ਨਾਲ ਉਸ ਪ੍ਰਤੀ ਖੁੱਲ੍ਹ ਕੇ ਗੱਲ ਕਰਨੀ ਤੇ ਬੱਚੇ ਦੀ ਰਾਇ ਸੁਣਨੀ ਚਾਹੀਦੀ ਹੈ। ਕਿੰਨੇ ਹੀ ਪੱਖ ਬੱਚੇ ਨੂੰ ਪ੍ਰਭਾਵਿਤ ਕਰਦੇ ਹਨ। ਆਪਣੇ ਹਮਉਮਰ ਸਾਥੀਆਂ ਤੋਂ ਵੀ ਉਹ ਸੁਣਦਾ ਹੈ ਤੇ ਹੁਣ ਮੋਬਾਈਲ ਜਾਂ ਹੋਰ ਸੋਸ਼ਲ ਮੀਡੀਆ ਤੋਂ ਵੀ ਉਹ ਪ੍ਰਭਾਵਿਤ ਹੁੰਦਾ ਹੈ। ਗੱਲਾਂ ਗੱਲਾਂ ਰਾਹੀਂ ਹਰ ਪਹਿਲੂ ਤੋਂ ਸੁਣੋ ਤੇ ਖੁੱਲ੍ਹ ਕੇ ਸੰਵਾਦ ਕਰੋ, ਅੰਤਮ ਫੈਸਲਾ ਦਸਵੀਂ ਜਮਾਤ ਦੇ ਨੇੜੇ ਜਾ ਕੇ ਹੋਣਾ ਚਾਹੀਦਾ ਹੈ। ਪਹਿਲਾ ਵੱਡਾ ਫੈਸਲਾ ਗਿਆਰਵੀਂ ਵਿਚ ਦਾਖਲ ਹੋ ਰਹੇ ਬੱਚੇ ਦੀ ਮੁੱਖ ਧਾਰਾ ਦਾ ਹੋ ਜਾਂਦਾ ਹੈ। ਜਦੋਂ ਤੈਅ ਹੁੰਦਾ ਹੈ ਕਿ ਵਿਗਿਆਨ ਅਤੇ ਆਰਟਸ ਵਿਚੋਂ ਕਿਧਰ ਜਾਣਾ ਹੈ।
ਸਾਰੀ ਗੱਲ ਦਾ ਮਤਲਬ ਇਹ ਕਿ ਮਾਪਿਆਂ ਨੂੰ ਬੱਚੇ ਦੀ ਉਮਰ ਮੁਤਾਬਕ ਉਸ ਦੇ ਬਦਲ ਰਹੇ ਸੁਭਾਵਿਕ ਵਿਕਾਸ ਬਾਰੇ ਪਤਾ ਹੋਵੇ। ਮਾਪਿਆਂ ਨੂੰ ਆਪਣੇ ਨਿਜੀ ਤਜਰਬੇ, ਵੀਹ ਸਾਲ ਪਹਿਲਾਂ ਦੇ ਤਜਰਬੇ ਦੇ ਨਾਲ ਨਾਲ ਸਮਾਜ ਮਨੋਵਿਗਿਆਨ ਦੀਆਂ ਨਵੀਆਂ ਖੋਜਾਂ ਦਾ ਵੀ ਪਤਾ ਰੱਖਣਾ ਚਾਹੀਦਾ ਹੈ। ਇਹ ਠੀਕ ਹੈ ਕਿ ਸਾਡੀ ਪਰਵਰਿਸ਼ ਵਿਚ ਹੀ ਸੰਵਾਦ ਦੇ ਹੁਨਰ ਦੀ ਸਿਖਲਾਈ ਨਹੀਂ ਹੈ; ਸਭ ਕੁਝ ਇਕਪਾਸੜ ਹੋ ਰਿਹਾ ਹੈ। ਬੱਚਾ ਆਪਣੇ ਮਾਂ-ਪਿਉ ਦੇ ਆਪਸੀ ਰਿਸ਼ਤੇ ਵਿਚ ਵੀ ਉਹ ਝਲਕ ਪਾ ਲੈਂਦਾ ਹੈ ਕਿ ਘਰੇ ਸਿਰਫ ਪਿਉ ਦੀ ਚੱਲਦੀ ਹੈ। ਉਹੀ ਸਥਿਤੀ ਹੀ ਸਾਹਮਣੇ ਹੁੰਦੀ ਹੈ ਜਿਥੇ ਦਾਦਾ-ਦਾਦੀ ਰਹਿੰਦੇ ਹੋਣ। ਦਾਦੇ ਦਾ ਬੱਚੇ ਦੇ ਪਿਉ ਨਾਲ ਵਿਹਾਰ ਵੀ ਉਸੇ ਲਹਿਜੇ ਦਾ ਹੁੰਦਾ ਹੈ। ਫਿਰ ਇਹ ਭਾਵ ਸਾਹਮਣੇ ਆਉਂਦਾ ਹੈ ਕਿ ਸਾਡੇ ਖਾਨਦਾਨ ਵਿਚ ਅਜਿਹਾ ਹੀ ਹੈ। ਖਾਨਦਾਨੀ।
ਅਸੀਂ ਸਾਰੇ ਕੁਦਰਤ ਦਾ ਹਿੱਸਾ ਹਾਂ, ਕੁਦਰਤ ਤੋਂ ਸਿੱਖੀਏ ਕਿ ਕਿਵੇਂ ਕੁਦਰਤ ਆਪਣੇ ਜੀਵਾਂ ਦਾ ਖਿਆਲ ਰੱਖਦੀ ਹੈ। ਬੱਚੇ ਨੇ ਨੌਂ ਮਹੀਨੇ ਕੁੱਖ ਵਿਚ ਰਹਿ ਕੇ ਜਨਮ ਲੈਣਾ ਹੈ। ਕੁਦਰਤ ਨੂੰ ਪਤਾ ਹੈ, ਉਹ ਪਹਿਲਾਂ ਹੀ ਬੱਚੇ ਦੀ ਖੁਰਾਕ ਲਈ ਮਾਂ ਦੀਆਂ ਛਾਤੀਆਂ ਨੂੰ ਤਿਆਰ ਕਰ ਦਿੰਦੀ ਹੈ। ਇਸੇ ਤਰੀਕੇ ਨਾਲ ਮਾਪਿਆਂ ਨੂੰ ਨੌਜਵਾਨਾਂ/ਬੱਚਿਆਂ ਦੀਆਂ ਲੋੜਾਂ ਦਾ ਪਹਿਲਾਂ ਪਤਾ ਹੋਵੇ। ਬੱਚੇ ਦੇ ਬੋਲਣ ਤੋਂ ਪਹਿਲਾਂ ਹੀ ਉਸ ਚੀਜ਼/ਲੋੜ ਦਾ ਬੰਦੋਬਸਤ ਹੋਇਆ ਮਿਲੇ।
ਹੁਣ ਸਾਂਝੇ ਪਰਿਵਾਰਾਂ ਨੇ ਇਕਾਕੀ ਪਰਿਵਾਰਾਂ ਦਾ ਰੂਪ ਧਾਰ ਲਿਆ ਹੈ। ਮਾਂ ਪਿਉ ਦੋਵੇਂ ਕਮਾਉਂਦੇ ਨੇ। ਆਰਥਿਕ ਪੱਖੋਂ ਸੌਖੇ ਹਨ। ਖਾਣ-ਪੀਣ, ਪਹਿਨਣ, ਖਿਡੌਣਿਆਂ ਆਦਿ ਦੀ ਭਰਮਾਰ ਹੈ। ਇਕ ਚੀਜ਼ ਮੰਗੀ ਜਾਂਦੀ ਹੈ ਤਾਂ ਚਾਰ ਪਰੋਸੀਆਂ ਜਾ ਰਹੀਆਂ ਹਨ ਪਰ ਜੋ ਸਮਝ ਦਾ ਹਿੱਸਾ ਨਹੀਂ ਬਣਿਆ, ਉਹ ਹੈ ਮਾਨਸਿਕ ਲੋੜਾਂ ਦੀ ਪੂਰਤੀ। ਉਸ ਦੀ ਵੱਡੀ ਭਰਪਾਈ ਆਪਸੀ ਗੱਲਬਾਤ ਨਾਲ ਹੋ ਸਕਦੀ ਹੈ। ਜੇ ਮਾਪੇ ਬੱਚਿਆਂ ਨੂੰ ਕਾਰਗਰ, ਸਾਰਥਕ ਸਮਾਂ ਦੇਣ, ਭਾਵੇਂ ਥੋੜ੍ਹਾ ਦੇਣ; ਬੱਚੇ ਨੂੰ ਲੱਗੇ ਕਿ ਇਹ ਸਿਰਫ ਮੇਰੇ ਲਈ ਹੈ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਸੁਲਝ ਸਕਦੀਆਂ ਹਨ, ਸਹੀ ਕਹੀਏ ਤਾਂ ਪੈਦਾ ਹੀ ਨਾ ਹੋਣ।
ਜਦੋਂ ਅਸੀਂ ਕਿਸ਼ੋਰ ਅਵਸਥਾ ਨੂੰ ਜਵਾਨੀ ਅਤੇ ਅਗਾਂਹ ਵਾਲੇ ਜੀਵਨ ਲਈ ਬੁਨਿਆਦ ਦੇ ਦਿਨ ਕਹਿੰਦੇ ਹਾਂ ਤਾਂ ਉਸ ਲਈ ਜ਼ਰੂਰੀ ਇਹ ਨਹੀਂ ਕਿ ਤੁਹਾਡੇ ਕੋਲ ਕਿਹੜੀਆਂ ਸਹੂਲਤਾਂ ਹਨ ਤੇ ਇਹ ਬੱਚੇ ਕਿਵੇਂ ਇਹ ਸਹੂਲਤਾਂ ਬਣਾ ਕੇ ਰੱਖਣਗੇ; ਜ਼ਰੂਰਤ ਹੈ ਕਿ ਉਸਰ ਰਹੀ ਬੁਨਿਆਦ ਵਿਚ ਜ਼ਿੰਦਗੀ ਜਿਊਣ ਦਾ ਸਲੀਕਾ ਹੈ, ਆਪਸੀ ਪਿਆਰ ਹੈ, ਸਦਭਾਵਨਾ ਹੈ, ਮਿਲ ਕੇ ਰਹਿਣ ਦਾ ਜਜ਼ਬਾ ਹੈ ਕਿ ਨਹੀਂ। ਉਹ ਵੀ ਸਿਰਫ਼ ਪਰਿਵਾਰ ਤਕ ਸੀਮਤ ਨਾ ਹੋ ਕੇ ਸਮਾਜ ਤਕ ਫੈਲਿਆ ਹੋਵੇ।
ਬੱਚਾ ਪਰਿਵਾਰ ਦਾ ਸਰਮਾਇਆ ਹੈ ਪਰ ਨਾਲ ਉਹ ਸਮਾਜ ਅਤੇ ਮੁਲਕ ਲਈ ਵਧੀਆ ਨਾਗਰਿਕ ਵੀ ਹੈ। ਇਸ ਸੋਚ ਨਾਲ ਬੱਚੇ ਦੀ ਬੁਨਿਆਦ ’ਤੇ ਕੰਮ ਕਰਨ ਦੀ ਲੋੜ ਹੁੰਦੀ ਹੈ। ਲਾਡ ਲਡਾਉਣਾ ਤੇ ਪਿਆਰ ਕਰਨਾ ਮਾਪਿਆਂ ਦੀ ਜਿ਼ੰਮੇਵਾਰੀ ਹੈ ਤਾਂ ਬੱਚੇ ਦੀ ਜ਼ਰੂਰਤ ਵੀ ਪਰ ਲਾਡ ਪਿਆਰ ਇਸ ਤਰ੍ਹਾਂ ਦਾ ਨਾ ਹੋਵੇ ਕਿ ਬੱਚਾ ਆਪਣੀ ਹਸਤੀ, ਹਿੰਮਤ ਅਤੇ ਵਿਸ਼ਵਾਸ ਨਾਲ ਤੁਹਾਡਾ ਹੱਥ ਛੁਡਾ ਕੇ ਚੱਲ ਹੀ ਨਾ ਸਕੇ। ਜਜ਼ਬਾਤ ਬੰਦੇ ਨੂੰ ਜੋੜ ਕੇ ਰਹਿਣਾ ਸਿਖਾਉਂਦੇ ਹਨ ਪਰ ਇਹੀ ਜਜ਼ਬਾਤ ਕਮਜ਼ੋਰ ਵੀ ਕਰਦੇ ਹਨ। ਇਸ ਦਾ ਸੰਤੁਲਨ ਬਣਾਉਣਾ-ਸਮਝਾਉਣਾ ਮਾਪਿਆਂ ਦਾ ਕੰਮ ਹੈ। ਇਹ ਪਹਿਲ ਉਨ੍ਹਾਂ ਹੀ ਕਰਨੀ ਹੈ। ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਮਾਪੇ ਇਕ ਦਿਨ ਹੈਰਾਨ ਹੋ ਜਾਂਦੇ ਹਨ ਕਿ ਬੱਚਾ ਕਦੋਂ ਇੰਨਾ ਵੱਡਾ ਹੋ ਗਿਆ; ਸੋਚਿਆ ਹੀ ਨਹੀਂ ਸੀ ਕਿ ਇਹ ਸਾਨੂੰ ਸਮਝਾਏਗਾ। ਉਹ ਦਿਨ ਨਿਸ਼ਚਤ ਹੀ ਸਭ ਦੀ ਜ਼ਿੰਦਗੀ ਲਈ ਅਹਿਮ ਹੁੰਦਾ ਹੈ ਅਤੇ ਸਭ ਦੀ ਚਾਹਤ ਵੀ ਪਰ ਇਹ ਆਪੇ ਨਹੀਂ ਆਉਂਦਾ, ਮਿਹਨਤ ਕਰਨੀ ਪੈਂਦੀ ਹੈ, ਅੱਗੇ ਹੋ ਕੇ ਤੁਰਨਾ ਪੈਂਦਾ ਹੈ।
ਸੰਪਰਕ: 98158-08506

Advertisement

Advertisement
Tags :
Author Image

joginder kumar

View all posts

Advertisement
Advertisement
×