ਪੰਚਾਇਤ ਚੋਣਾਂ ਨਾਲ ਜੁਡ਼ੀ ਹਿੰਸਾ ’ਚ ਟੀਅੈੱਮਸੀ ਵਰਕਰ ਦੀ ਹੱਤਿਆ
ਕੋਲਕਾਤਾ, 2 ਜੁਲਾਈ
ਪੱਛਮੀ ਬੰਗਾਲ ’ਚ ਇਕ ਟੀਅੈਮਸੀ ਵਰਕਰ ਦੀ ਹੱਤਿਆ ਕਰ ਦਿੱਤੀ ਗਈ ਹੈ। ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਕਈ ਹੋਰ ਮੈਂਬਰ ਪੰਚਾਇਤ ਚੋਣਾਂ ਨਾਲ ਜੁਡ਼ੀ ਹਿੰਸਾ ਵਿਚ ਜ਼ਖ਼ਮੀ ਵੀ ਹੋਏ ਹਨ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਵਿਚ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਹਨ। ਮਾਰੇ ਗਏ ਤ੍ਰਿਣਮੂਲ ਵਰਕਰ ਦੀ ਸ਼ਨਾਖ਼ਤ 52 ਸਾਲਾ ਜਿਆਰੁਲ ਮੌਲਾ ਵਜੋਂ ਹੋਈ ਹੈ। ਉਸ ਨੂੰ ਦੱਖਣੀ 24 ਪਰਗਣਾ ਜ਼ਿਲ੍ਹੇ ਦੇ ਬਸੰਤੀ ਇਲਾਕੇ ਵਿਚ ਸ਼ਨਿਚਰਵਾਰ ਦੇਰ ਰਾਤ ਗੋਲੀ ਮਾਰੀ ਗਈ। ਘਟਨਾ ਵਾਪਰਨ ਵੇਲੇ ਉਹ ਘਰ ਵਾਪਸ ਜਾ ਰਿਹਾ ਸੀ। ਗੋਲੀ ਲੱਗਣ ਤੋਂ ਬਾਅਦ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਅੈਲਾਨ ਦਿੱਤਾ। ਸਥਾਨਕ ‘ਇੰਡੀਅਨ ਸੈਕੁਲਰ ਫਰੰਟ’ (ਆਈਅੈੱਸਅੈਫ) ਦੇ ਆਗੂ ਨੇ ਦਾਅਵਾ ਕੀਤਾ ਕਿ ਮ੍ਰਿਤਕ ਵਿਅਕਤੀ ਟੀਅੈਮਸੀ ਆਗੂ ਅਮਾਰੁਲ ਲਸਕਰ ਦਾ ਕਰੀਬੀ ਸੀ ਤੇ ਉਹ ਸੱਤਾਧਾਰੀ ਧਿਰ ’ਚ ਅੰਦਰਖਾਤੇ ਚੱਲ ਰਹੀ ਲਡ਼ਾਈ ਦਾ ਸ਼ਿਕਾਰ ਹੋਇਆ ਹੈ। ਮ੍ਰਿਤਕ ਦੀ ਬੇਟੀ ਜੋ ਕਿ ਪੰਚਾਇਤ ਚੋਣਾਂ ਵਿਚ ਟੀਅੈਮਸੀ ਦੀ ਉਮੀਦਵਾਰ ਹੈ, ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਿਤਾ ਨੇ ਵਿਰੋਧੀ ਧਡ਼ੇ ਵੱਲੋਂ ਮਿਲ ਰਹੀਆਂ ਧਮਕੀਆਂ ਬਾਰੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ, ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਮ੍ਰਿਤਕ ਦੀ ਧੀ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਇਕ ਹੋਰ ਘਟਨਾ ਵਿਚ ਟੀਅੈਮਸੀ ਉਮੀਦਵਾਰ ਇਬਰਾਹਿਮ ਮੌਲਾ ਗੰਭੀਰ ਫੱਟਡ਼ ਹੋ ਗਿਆ ਹੈ। ਉਸ ’ਤੇ ਕਥਿਤ ਤੌਰ ’ਤੇ ਆਈਅੈੱਸਅੈਫ ਦੇ ਕਾਰਕੁਨਾਂ ਨੇ ਹਮਲਾ ਕੀਤਾ ਹੈ। ਉਹ ਦੱਖਣੀ 24 ਪਰਗਣਾ ਜ਼ਿਲ੍ਹੇ ਦੇ ਇਲਾਕੇ ਵਿਚੋਂ ਚੋਣ ਪ੍ਰਚਾਰ ਤੋਂ ਪਰਤ ਰਿਹਾ ਸੀ। -ਪੀਟੀਆਈ
ਰਾਜਪਾਲ ਨੇ ਇਲਾਕੇ ਦਾ ਜਾਇਜ਼ਾ ਲਿਆ
ਕੂਚ ਬਿਹਾਰ: ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਅਾਨੰਦ ਬੋਸ ਨੇ ਕੂਚ ਬਿਹਾਰ ਇਲਾਕੇ ਵਿਚ ਚੋਣ ਹਿੰਸਾ ਤੋਂ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਹੈ। ਇੱਥੇ ਸ਼ਨਿਚਰਵਾਰ ਤੇ ਅੈਤਵਾਰ ਦੀ ਦਰਮਿਆਨੀ ਰਾਤ ਹਿੰਸਾ ਹੋਈ ਹੈ। ਹਿੰਸਾ ਵਿਚ ਪੰਜ ਲੋਕ ਫੱਟਡ਼ ਹੋਏ ਹਨ। ਜ਼ਖ਼ਮੀਆਂ ਵਿਚ ਇਕ ਟੀਅੈਮਸੀ ਉਮੀਦਵਾਰ ਦਾ ਰਿਸ਼ਤੇਦਾਰ ਹੈ। ਬੋਸ ਨੇ ਸਰਕਟ ਹਾਊਸ ਤੋਂ ਪੂਰੀ ਰਾਤ ਸਥਿਤੀ ਜਾਇਜ਼ਾ ਲਿਆ ਤੇ ਰਾਜ ਚੋਣ ਕਮਿਸ਼ਨਰ ਨੂੰ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਹਸਪਤਾਲ ਜਾ ਕੇ ਜ਼ਖ਼ਮੀਆਂ ਨਾਲ ਮੁਲਾਕਾਤ ਵੀ ਕੀਤੀ। -ਪੀਟੀਆਈ
ਹੁਣ ਤੱਕ 10 ਮੌਤਾਂ ਹੋੲੀਆਂ
ਪੱਛਮੀ ਬੰਗਾਲ ’ਚ ਪੰਚਾਇਤ ਚੋਣਾਂ ਲਈ 9 ਜੂਨ ਨੂੰ ਨਾਮਜ਼ਦਗੀਆਂ ਸ਼ੁਰੂ ਹੋਣ ਤੋਂ ਬਾਅਦ ਚੋਣਾਂ ਨਾਲ ਜੁਡ਼ੀ ਹਿੰਸਾ ਵਿਚ ਹੁਣ ਤੱਕ 10 ਲੋਕ ਮਾਰੇ ਜਾ ਚੁੱਕੇ ਹਨ। ਸੂਬੇ ਵਿਚ ਚੋਣਾਂ 8 ਜੁਲਾਈ ਨੂੰ ਹੋਣੀਆਂ ਹਨ। ਪੁਲੀਸ ਰਿਪੋਰਟਾਂ ਮੁਤਾਬਕ ਅੈਤਵਾਰ ਪੱਛਿਮ ਮੇਦਿਨੀਪੁਰ ਜ਼ਿਲ੍ਹੇ ਵਿਚ ਸੀਪੀਅੈਮ-ਆਈਅੈੱਸਅੈਫ ਅਤੇ ਟੀਅੈਮਸੀ ਦੇ ਦੋ ਧਡ਼ਿਆਂ ਵਿਚਾਲੇ ਹੋਏ ਟਕਰਾਅ ’ਚ ਕਰੀਬ 10 ਜਣੇ ਫੱਟਡ਼ ਹੋ ਗਏ ਹਨ। ਇਹ ਘਟਨਾ ਕ੍ਰਿਸ਼ਨਾਪੁਰ ਇਲਾਕੇ ਵਿਚ ਵਾਪਰੀ ਜਿੱਥੇ ਹੁਣ ਵੱਡੀ ਗਿਣਤੀ ਵਿਚ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਹੈ।