ਪੱਛਮੀ ਬੰਗਾਲ ਪੰਚਾਇਤੀ ਚੋਣਾਂ ’ਚ ਟੀਐੱਮਸੀ ਦਾ ਦਬਦਬਾ
ਕੋਲਕਾਤਾ, 11 ਜੁਲਾਈ
ਪੱਛਮੀ ਬੰਗਾਲ ਦੀਆਂ ਪੰਚਾਇਤੀ ਚੋਣਾਂ ਦੇ ਨਤੀਜਿਆਂ ’ਚ ਹਾਕਮ ਧਿਰ ਤ੍ਰਿਣਮੂਲ ਕਾਂਗਰਸ ਦਾ ਦਬਦਬਾ ਬਣਿਆ ਹੋਇਆ ਹੈ ਅਤੇ ਸੂਬਾਈ ਚੋਣ ਕਮਿਸ਼ਨ ਵੱਲੋਂ ਹੁਣ ਤੱਕ ਐਲਾਨੇ ਗਏ ਨਤੀਜਿਆਂ ਵਿੱਚ ਟੀਐੱਮਸੀ ਨੇ ਗ੍ਰਾਮ ਪੰਚਾਇਤ ਦੀਆਂ 28,985 ਸੀਟਾਂ ਜਿੱਤ ਲਈਆਂ ਹਨ ਜਦਕਿ 1540 ਸੀਟਾਂ ’ਤੇ ਪਾਰਟੀ ਅੱਗੇ ਚੱਲ ਰਹੀ ਹੈ।
ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟੀਐੱਮਸੀ ਦੀ ਨੇੜਲੀ ਵਿਰੋਧੀ ਪਾਰਟੀ ਭਾਜਪਾ ਨੇ 7764 ਸੀਟਾਂ ਜਿੱਤੀਆਂ ਹਨ ਤੇ ਇਹ 417 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ’ਚ ਗ੍ਰਾਮ ਪੰਚਾਇਤ ਦੀਆਂ 63,229 ਸੀਟਾਂ ’ਤੇ ਚੋਣਾਂ ਹੋ ਰਹੀਆਂ ਹਨ। ਦੂਜੇ ਪਾਸੇ ਖੱਬੀਆਂ ਪਾਰਟੀਆਂ ਦੇ ਮੋਰਚੇ ਨੇ ਗ੍ਰਾਮ ਪੰਚਾਇਤ ਦੀਆਂ 2468 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਤੇ ਇਨ੍ਹਾਂ ’ਚੋਂ ਇਕੱਲੀ ਸੀਪੀਆਈ (ਐੱਮ) ਨੇ ਹੀ 2409 ਸੀਟਾਂ ਜਿੱਤੀਆਂ ਹਨ। ਖੱਬਾ ਮੋਰਚਾ 260 ਸੀਟਾਂ ’ਤੇ ਅੱਗੇ ਚੱਲ ਰਿਹਾ ਹੈ। ਇਸੇ ਤਰ੍ਹਾਂ ਕਾਂਗਰਸ 2022 ਸੀਟਾਂ ਜਿੱਤ ਕੇ 139 ਸੀਟਾਂ ’ਤੇ ਅੱਗੇ ਚੱਲ ਰਹੀ ਹੈ।
ਇਸੇ ਤਰ੍ਹਾਂ ਟੀਐੱਮਸੀ ਨੇ ਪੰਚਾਇਤ ਕਮੇਟੀ ਦੀਆਂ 2155 ਸੀਟਾਂ ਜਿੱਤ ਲਈਆਂ ਹਨ ਜਦਕਿ ਉਹ 493 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਭਾਜਪਾ ਨੇ 214 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਅਤੇ 113 ’ਤੇ ਅੱਗੇ ਚੱਲ ਰਹੀ ਹੈ। ਜਦਕਿ ਸੀਪੀਆਈ (ਐੱਮ) ਨੇ 47 ਸੀਟਾਂ ਜਿੱਤਣ ਮਗਰੋਂ 48 ਹੋਰ ਸੀਟਾਂ ’ਤੇ ਲੀਡ ਬਣਾਈ ਹੋਈ ਹੈ। ਕਾਂਗਰਸ 38 ਸੀਟਾਂ ਜਿੱਤ ਚੁੱਕੀ ਹੈ ਅਤੇ 23 ’ਤੇ ਲੀਡ ਬਣਾਈ ਹੋਈ ਹੈ। ਸੂਬੇ ਦੀਆਂ 9728 ਪੰਚਾਇਤ ਕਮੇਟੀ ਸੀਟਾਂ ’ਤੇ ਚੋਣਾਂ ਹੋਈਆਂ ਹਨ। ਇਸੇ ਦਰਮਿਆਨ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਨਤੀਜਿਆਂ ਅਨੁਸਾਰ ਟੀਐੱਮਸੀ ਨੇ ਜ਼ਿਲ੍ਹਾ ਪਰਿਸ਼ਦ ਦੀਆਂ 70 ਸੀਟਾਂ ਜਿੱਤ ਲਈਆਂ ਹਨ ਤੇ 92 ਹੋਰ ਸੀਟਾਂ ’ਤੇ ਲੀਡ ਬਣਾਈ ਹੋਈ ਹੈ ਜਦਕਿ ਸੀਪੀਆਈ (ਐੱਮ) ਨੇ ਪੰਜ ਸੀਟਾਂ ’ਤੇ ਲੀਡ ਬਣਾਈ ਹੋਈ ਹੈ। -ਪੀਟੀਆਈ