For the best experience, open
https://m.punjabitribuneonline.com
on your mobile browser.
Advertisement

ਖ਼ਤਾਂ ’ਚ ਪਾਤਰ ਦਾ ਸਿਰਨਾਵਾਂ

10:12 AM May 19, 2024 IST
ਖ਼ਤਾਂ ’ਚ ਪਾਤਰ ਦਾ ਸਿਰਨਾਵਾਂ
Advertisement

ਅਲਵਿਦਾ ਪਾਤਰ

1968 ਦਾ ਸਾਲ। ਮੈਂ ਗਿਆਰ੍ਹਵੀਂ ਜਮਾਤ ਦਾ, ਪਾਤਰ ਐਮ.ਏ. ਦਾ ਵਿਦਿਆਰਥੀ। ਲਾਲੀ ਦੀ ਹਵੇਲੀ, ਬਹੇੜਾ ਰੋਡ ਪਟਿਆਲਾ ਵਿਚ ਮੈਂ ਤਬੇਲੇ ਦਾ ਬਾਸ਼ਿੰਦਾ। ਸਾਹਿਤਕਾਰਾਂ, ਸ਼ਾਇਰਾਂ, ਰੰਗਕਰਮੀਆਂ ਦੇ ਪੂਰਾਂ ਦੇ ਪੂਰ ਬੱਦਲਾਂ ਵਾਂਗ ਆਣ ਉਤਰਦੇ। ਹਰਪਾਲ ਟਿਵਾਣਾ, ਵਿਸ਼ਵਨਾਥ ਤਿਵਾੜੀ, ਸੁਤਿੰਦਰ ਨੂਰ, ਦਲੀਪ ਕੌਰ ਟਿਵਾਣਾ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਲੀ। ਮੇਰੀ ਡਿਊਟੀ ਚਾਹ ਪਾਣੀ ਪਿਲਾਉਣ ਦੀ। ਭੁੱਖ ਲੱਗੀ ਢਾਬੇ ਤੋਂ ਦਾਲ ਰੋਟੀ ਲਿਆਉਣ ਦੀ।
ਵੱਡੀ ਟੇਪ ਰਿਕਾਰਡ ਦੇ ਵੱਡੇ ਵੱਡੇ ਸਪੂਲ। ਚਰਖੀਆਂ ਘੁੰਮਦੀਆਂ। ਸ਼ਿਵ ਕੁਮਾਰ ਦੀ ਆਵਾਜ਼ ਰਿਕਾਰਡ ਹੋ ਰਹੀ ਹੈ, ਕਦੀ ਸੁਰਜੀਤ ਪਾਤਰ ਦੀ। ਹਰਪਾਲ ਟਿਵਾਣਾ ਲੋਰਕਾ ਦੀ ਅੱਗ ਦੇ ਕਲੀਰੇ ਵਿਚਲੇ ਸੰਵਾਦ ਗੱਜਵੀਂ ਆਵਾਜ਼ ਵਿਚ ਰਿਕਾਰਡ ਕਰਵਾ ਰਿਹਾ।
ਸੋਮਪਾਲ ਰੰਚਨ ਆਖਦਾ- ਪੰਜਾਬਣਾਂ ਸੁਹਣੀਆਂ ਹਨ। ਘਰਾਂ ਵਿਚ ਖੇਤਾਂ ਵਿਚ ਸਖਤ ਮਿਹਨਤ ਕਰਦੀਆਂ ਹਨ। ਇਸ਼ਕ ਕਰਦੀਆਂ ਜਾਨ ਵਾਰ ਦਿੰਦੀਆਂ ਹਨ। ਮਰਦ ਧਰਮਯੁੱਧ ਵਿਚਕਾਰੇ ਛੱਡ ਕੇ ਘਰੀਂ ਪਰਤ ਆਉਣ ਤਾਂ ਇਹ ਦੁਬਾਰਾ ਯੁੱਧ ਵਿੱਚ ਲਿਜਾਕੇ ਚਾਲੀ ਯੋਧਿਆਂ ਨੂੰ ਮੁਕਤਿਆਂ ਦਾ ਰੁਤਬਾ ਦਿਵਾਉਂਦੀਆਂ ਹਨ। ਜੋ ਕੰਮ ਇਹ ਕਰ ਨਹੀਂ ਸਕਦੀਆਂ ਉਹ ਇਹ ਕਿ ਮੀਰਾਬਾਈ ਵਾਂਗ ਪੈਰਾਂ ’ਚ ਘੁੰਗਰੂ ਬੰਨ੍ਹ ਕੇ ਪੱਥਰ ਦੇ ਬੁੱਤ ਅੱਗੇ ਨੱਚ ਨਹੀਂ ਸਕਦੀਆਂ।
ਕੁਲਵੰਤ ਗਰੇਵਾਲ ਗੀਤ ਦਾ ਸੁਰ ਛੇੜਦਾ-
ਨੱਢੀਆਂ ਘੁੱਟ ਹਾਸੇ ਦੇ
ਗੱਭਰੂ ਘੁੱਟ ਚਾਨਣ ਦੇ
ਕਿਸ ਦੌਰ ਚ ਗੁੰਮ ਹੋਈ
ਮਹਿਫਲ ਸੁਲਤਾਨਾ ਦੀ।
- ਹਰਪਾਲ ਸਿੰਘ ਪੰਨੂ, ਈ-ਮੇਲ

Advertisement

ਵੱਡੀ ਹਾਜ਼ਰੀ ਲੁਆਈ

ਸੁਰਜੀਤ ਪਾਤਰ ਇਸ ਮਾਤਲੋਕ ਵਿੱਚ ਹਾਜ਼ਰੀ ਲੁਆ ਕੇ ਤੇ ਆਪਣੇ ਸਾਹਿਤ ਰਾਹੀਂ ਮਾਨਵੀ ਦੁੱਖਾਂ ਦਰਦਾਂ ਦਾ ਅਨੁਭਵ ਪ੍ਰਗਟਾ ਕੇ ਵੱਡੀ ਹਾਜ਼ਰੀ ਭਰ ਗਿਆ ਹੈ। ਪਿਛਲੇ ਪਹਿਰੇ ਉਸ ਦਾ ਲਬਾਦਾ ਉਸ ਦੇ ਹਰਫ਼, ਉਸ ਦਾ ਮੁਕਾਲਮਾ, ਉਸ ਦੇ ਬੋਲ, ਉਸ ਦਾ ਲਹਿਜਾ ਤੇ ਉਸ ਦਾ ਸਮੁੱਚਾ ਵਜੂਦ ਉੱਚ ਪਾਏ ਦੀ ਪੁਖਤਾ ਕਵਿਤਾ ਵਰਗਾ ਹੀ ਹੋ ਗਿਆ ਸੀ। ਆਪਣੀ ਇਬਾਰਤ ਵਿੱਚ ਵੱਡੇ ਅਰਥਾਂ ਦਾ ਅੰਦਰਾਜ ਕਰ ਗਿਆ ਪਾਤਰ। ਜਦ ਉਸ ਦੀ ਕਵਿਤਾ ਆਪਣੇ ਨਿਆਰੇ ਅੰਦਾਜ਼ ਵਿੱਚ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਹਿਬ ਦਾ ਜ਼ਿਕਰ ਕਰਦੀ ਤੇ ਵੱਡੇ ਰਹੱਸਾਂ ਦੇ ਨਕਸ਼ ਉਘਾੜਦੀ ਤਾਂ ਹੋਰ ਭਾਸ਼ਾਵਾਂ ਬੋਲਣ ਵਾਲੇ ਓਪਰੇ ਲੋਕ ਵੀ ਅਸ਼ ਅਸ਼ ਕਰ ਉੱਠਦੇ, ਸਿਜਦਾ ਕਰਦੇ ਲੱਗਦੇ। ਪਾਤਰ ਨੂੰ ਗੱਲ ਤੋਰਨੀ, ਨਿਭਾਉਣੀ ਤੇ ਵਿਛਾਉਣੀ ਆਉਂਦੀ ਸੀ। ਆਪਣੀ ਨਿਵੇਕਲੀ ਸਾਹਿਤਕ ਸ਼ਬਦ-ਲੀਲ੍ਹਾ ਰਾਹੀਂ ਇਸ ਦੁਨਿਆਵੀ ਜਗਤ ਵਿੱਚ ਵੱਡੀ ਹਾਜ਼ਰੀ ਲੁਆ ਗਿਆ ਸੁਰਜੀਤ ਪਾਤਰ ਚਾਹੇ ਸਦੀਵੀ ਵਿਛੋੜਾ ਦੇ ਗਿਆ, ਪਰ ਉਹ ਹਮੇਸ਼ਾ ਲਈ ਸਾਡੇ ਸੁਚੇਤ ਮਨ ਦਾ ਹਿੱਸਾ ਬਣਿਆ ਰਹੇਗਾ। ਉਸ ਦੇ ਬੌਧਿਕ ਬੋਲਾਂ ਦੀ ਗੂੰਜ ਸਾਡੀ ਪੰਜਾਬੀ ਦੁਨੀਆ ਦੀ ਫਿਜ਼ਾ ਵਿੱਚ ਸਦਾ ਲਈ ਤੈਰਦੀ ਰਹੇਗੀ।
- ਗੱਜਣਵਾਲਾ ਸੁਖਮਿੰਦਰ, ਈ-ਮੇਲ

ਕੋਹਿਨੂਰ ਸੀ ਪਾਤਰ

ਵਿਸ਼ਵ ਪੱਧਰ ’ਤੇ ਵਸਦੇ ਪੰਜਾਬੀ ਪਿਆਰਿਆਂ ਨੇ 11 ਮਈ ਦੀ ਸੋਗਮਈ ਖ਼ਬਰ ਅਗਲੇ ਦਿਨ ਦੇ ਅਖ਼ਬਾਰਾਂ ਵਿਚ ਪੜ੍ਹੀ ਕਿ ਪਾਤਰ ਹੋਰੀਂ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਬਾਰੇ ਕੁਝ ਲਿਖਣਾ ਸੂਰਜ ਨੂੰ ਦੀਵਾ ਵਿਖਾਉਣਾ ਹੋਵੇਗਾ। ਫਿਰ ਵੀ ਇਹ ਕਹਿੰਦਾ ਹਾਂ ਕਿ ਉਨ੍ਹਾਂ ਦੇ ਚਲਾਣੇ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰ ਉਹ ਆਪਣੀਆਂ ਰਚਨਾਵਾਂ ਸਦਕਾ ਹਮੇਸ਼ਾ ਹੀ ਸਾਡੇ ਵਿੱਚ ਰਹਿਣਗੇ। ਉਨ੍ਹਾਂ ਦੀਆਂ ਰਚਨਾਵਾਂ ਨੂੰ ਕਿਸੇ ਵੀ ਮਾਪਦੰਡ ਨਾਲ ਮਾਪਣਾ ਬਹੁਤ ਮੁਸ਼ਕਿਲ ਹੈ। ‘ਸੁੰਨੇ ਸੁੰਨੇ ਰਾਹਾਂ ਵਿੱਚ’ ਤੇ ‘ਲੱਗੀ ਨਜ਼ਰ ਪੰਜਾਬ ਨੂੰ...’ ਸਮੇਤ ਆਪਣੀਆਂ ਹੋਰ ਰਚਨਾਵਾਂ ਵਿੱਚ ਪੰਜਾਬ ਤੇ ਪੰਜਾਬੀ ਪ੍ਰਤੀ ਦਰਦ ਨੂੰ ਥੋੜ੍ਹੇ ਸ਼ਬਦਾਂ ਵਿੱਚ ਪਰੋਣ ਦੀ ਕਲਾ ਪਾਤਰ ਵਿੱਚ ਹੀ ਸੀ। ਉਨ੍ਹਾਂ ਨੇ ਆਪਣੀ ਰਚਨਾ ‘ਲੱਗੀ ਨਜ਼ਰ ਪੰਜਾਬ ਨੂੰ...’ ਵਿੱਚ ਪੰਜਾਬ ਵੱਲੋਂ 1980 ਤੋਂ 1999 ਤੱਕ ਆਪਣੇ ਪਿੰਡੇ ’ਤੇ ਹੰਢਾਇਆ ਦੁੱਖ ਦਰਦ ਇੰਨ-ਬਿੰਨ ਬਿਆਨ ਕੀਤਾ ਸੀ।
- ਬਲਦੇਵ ਸਿੰਘ ਵਿਰਕ, ਝੂਰੜ ਖੇੜਾ (ਅਬੋਹਰ)

...ਸਿਵੇ ’ਚ ਅਨੁਵਾਦ ਹੋਣਾ

ਕੀ ਪਤਾ ਸੀ ਕਿ ਇਸੇ ਵਰ੍ਹੇ 3 ਮਾਰਚ ਨੂੰ ਮਰਹੂਮ ਵਿਦਵਾਨ ਡਾਕਟਰ ਹਰਦੇਵ ਸਿੰਘ ਸੱਚਰ ਦੀ ਯਾਦ ਵਿੱਚ ਫਗਵਾੜੇ ਹੋਏ ਸਮਾਗਮ ਵਿੱਚ ਸੁਰਜੀਤ ਪਾਤਰ ਹੋਰਾਂ ਨਾਲ ਹੋਈ ਸੁਭਾਗੀ ਮਿਲਣੀ, ਆਖ਼ਰੀ ਮਿਲਣੀ ਹੋ ਨਿਬੜੇਗੀ ਤੇ ਤਿੰਨ ਮਹੀਨੇ ਬਾਅਦ ਹੀ ਪਾਤਰ ਹੋਰੀਂ ਵੀ ਮਰਹੂਮ ਹੋ ਜਾਣਗੇ!! ਮੈਂ ਆਪਣੇ ਪਿੰਡ ਮੋਟਰ ’ਤੇ ਬੈਠਾ ਗੁਰਮੁਖੀ ਦਾ ‘ਹੋਮ ਵਰਕ’ ਕਰ ਰਹੀ ਨਿੱਕੀ ਧੀ ਦੀ ਇੱਕ ਫੋਟੋ ਖਿੱਚੀ ਹੋਈ ਸੀ। ਉਸ ਮੌਕੇ ਮੈਂ ਉਹ ਫੋਟੋ ਪਾਤਰ ਹੋਰਾਂ ਨੂੰ ਵਿਖਾਉਂਦਿਆਂ ਕਿਹਾ, ‘‘ਦੇਖੋ ਜੀ, ਮੈਂ ਤੁਹਾਡੀ ਇੱਕ ਕਵਿਤਾ ਵਿਚਲੇ ਨੰਦ ਕਿਸ਼ੋਰ ਅਤੇ ਰਾਮਕਲੀ ਦੀ ਬੇਟੀ ‘ਮਾਧੁਰੀ’ ਲੱਭ ਲਈ ਐ!!’’ ਬੜੀ ਉਤਸੁਕਤਾ ਨਾਲ ਮੇਰੇ ਮੋਬਾਈਲ ’ਤੇ ਇਹ ਫੋਟੋ ਦੇਖਦਿਆਂ ਉਹ ਇਕਦਮ ਕਹਿੰਦੇ, ‘‘ਮੇਰੇ ਵੱਟਸਐਪ ’ਤੇ ਭੇਜੋ ਇਹ ਫੋਟੋ!’’ ਆਹ ਪਾਤਰ ਜੀ! ਤੁਸੀਂ ਤਾਂ ਪਹਿਲੋਂ ਹੀ ਕਹਿ ਗਏ:
‘ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ
ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ।
ਕਿਸੇ ਦਿਸਣਾ, ਕਿਸੇ ਨੇ ਗੁੰਮ ਹੋਣਾ
ਕਿਸੇ ਗੁੰਬਦ, ਕਿਸੇ ਬੁਨਿਆਦ ਹੋਣਾ।
ਮੇਰੇ ਨ੍ਹੇਰੇ ਤੇ ਤੇਰੀ ਰੌਸ਼ਨੀ ਦਾ
ਹੈ ਮਨ ਵਿਚ ਉਮਰ ਭਰ ਸੰਵਾਦ ਹੋਣਾ।
ਸੁਲਗਦੇ ਲਫ਼ਜ਼ ਨੇ ਸੜ ਜਾਣਗੇ ਇਹ
ਨਹੀਂ ਇਨ੍ਹਾਂ ਕਦੇ ਫਰਿਆਦ ਹੋਣਾ।
ਉਦੋਂ ਸਮਝਣਗੇ ਲੋਕੀਂ ਦਿਲ ਦੀ ਅੱਗ ਨੂੰ
ਸਿਵੇ ਵਿਚ ਜਦ ਇਹਦਾ ਅਨੁਵਾਦ ਹੋਣਾ!’
- ਤਰਲੋਚਨ ਸਿੰਘ ਦੁਪਾਲ ਪੁਰ, ਈ-ਮੇਲ

ਚੰਨ ਸੂਰਜ ਦੀ ਵਹਿੰਗੀ ਵਾਲਾ

ਚੰਨ ਸੂਰਜ ਦੀ ਵਹਿੰਗੀ ਵਾਲੇ ਸੁਰਜੀਤ ਪਾਤਰ ਨੂੰ ਸਟੇਜ ਉੱਤੇ ਆਪਣੀ ਕਵਿਤਾ ਦੇ ਰੰਗ ਬੰਨ੍ਹਦਿਆਂ ਦੇਖਿਆ ਹੈ। ਮੈਨੂੰ ਇੱਕ ਪ੍ਰਕਾਸ਼ਕ ਦੇ ਦਫ਼ਤਰ ’ਚ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ ਸੀ। ਉਨ੍ਹਾਂ ਦੇ ਦੇਹਾਂਤ ਬਾਰੇ ਦੁਖਦ ਖ਼ਬਰ ਸੁਣੀ ਤਾਂ ਯਕੀਨ ਨਹੀਂ ਆਇਆ। ਉਹ ਉਦਾਸੀ ਨੂੰ ਸਦਾਬਹਾਰ ਨਹੀਂ ਮੰਨਦਾ ਸੀ- ‘ਜੇ ਆਈ ਪੱਤਝੜ ਤਾਂ ਫੇਰ ਕੀ ਹੈ, ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ, ਮੈਂ ਲੱਭ ਕੇ ਲਿਆਉਨਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।’ ਲਫ਼ਜ਼ ਉਸ ਲਈ ਰੱਬੀ ਸ਼ਕਤੀ ਹੀ ਸਨ। ਲਫ਼ਜ਼ਾਂ ਦੀ ਦਰਗ਼ਾਹ ਦੀ ਪਹਿਲੀ ਕਵਿਤਾ ਹੀ ਕਹਿੰਦੀ ਹੈ- ‘ਸੰਤਾਪ ਨੂੰ ਗੀਤ ਬਣਾ ਲੈਣਾ, ਮੇਰੀ ਮੁਕਤੀ ਦਾ ਇੱਕ ਰਾਹ ਤਾਂ ਹੈ, ਜੇ ਹੋਰ ਨਹੀਂ ਹੈ ਦਰ ਕੋਈ, ਇਹ ਲਫ਼ਜ਼ਾਂ ਦੀ ਦਰਗ਼ਾਹ ਤਾਂ ਹੈ।’ ਨਿਰਸੰਦੇਹ, ਇਹ ਲਫ਼ਜ਼ ਮਨੁੱਖੀ ਜ਼ਿੰਦਗੀ ਦੇ ਅਹਿਮ ਹਥਿਆਰ ਹਨ। ਉਸ ਦੀਆਂ ਗ਼ਜ਼ਲਾਂ ਦੇ ਸ਼ੇਅਰ ਮਨੋਵਿਗਿਆਨ ਨੂੰ ਵੀ ਖੋਲ੍ਹ ਕੇ ਰੱਖ ਦਿੰਦੇ ਹਨ- ‘ਜਿੱਥੇ ਵੀ ਦੋ ਬੰਦੇ ਰਲ ਕੇ ਬਹਿੰਦੇ ਹਨ, ਤੀਜੇ ਦਾ ਪ੍ਰਛਾਵਾਂ ਵੱਢਦੇ ਰਹਿੰਦੇ ਹਨ।’ ਧਰਮ ਨਿਰਪੱਖਤਾ ਉੱਤੇ ਤਰਕਸ਼ੀਲਤਾ ਨਾਲ ਵਿਚਾਰ ਕਰਨ ਦੀ ਬਜਾਏ ਸੁਰਜੀਤ ਪਾਤਰ ਜਿਵੇਂ ਸ਼ੇਅਰ ਵਿੱਚ ਖੋਲ੍ਹ ਕੇ ਰੱਖ ਦਿੰਦਾ ਹੈ, ਪੰਜਾਬੀ ਭਾਸ਼ਾ ਦੀ ਸ਼ਾਨ ਨੂੰ ਵੀ ਚਾਰ ਚੰਨ ਲਾ ਦਿੰਦਾ ਹੈ- ‘ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੀ ਭੀੜ ਵਿੱਚ, ਰੱਬ ਢੂੰਡਦਾ ਫਿਰੇ ਮੇਰਾ ਬੰਦਾ ਕਿੱਧਰ ਗਿਆ।’ ਉਸ ਦਾ ਅਮਰ ਗੀਤ ਸੀ- ‘ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ।’ ਆਲੇ-ਦੁਆਲੇ ਵਾਪਰਦੇ ਸੱਚ ਨੂੰ ਵੀ ਉਹ ਆਪਣੇ ਸ਼ੇਅਰ ਵਿੱਚ ਇਸ ਕਦਰ ਕੈਦ ਕਰ ਲੈਂਦਾ ਸੀ ਕਿ ਉਹ ਕਾਵਿ ਟੋਟਾ ਮੁਹਾਵਰੇ ਵਾਂਗ ਧੁਰ ਰੂਹ ਅੰਦਰ ਵਸ ਜਾਂਦਾ। ਇਤਿਹਾਸ ਦੀ ਹਜ਼ਾਰਾਂ ਸਾਲ ਪੁਰਾਣੀ ਘਟਨਾ ਨੂੰ ਵੀ ਉਹ ਆਪਣੇ ਸ਼ੇਅਰ ਵਿੱਚ ਇਉਂ ਬਿਆਨ ਕਰਨ ਦੇ ਸਮਰੱਥ ਸੀ, ਜਿਵੇਂ ਸੱਚਮੁੱਚ ਹੀ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰਨਾ ਹੋਵੇ- ‘ਜ਼ਹਿਰ ਦਾ ਪਿਆਲਾ ਮੇਰੇ ਹੋਠਾਂ ’ਤੇ ਆ ਕੇ ਰੁਕ ਗਿਆ, ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫ਼ਾਸਲਾ।’ ਸਾਜ਼ ਤੇ ਤਲਵਾਰ ਦੀ ਰੂਹ ਉੱਤੇ ਵੀ ਉਸ ਦਾ ਬਾਕਮਾਲ ਸ਼ੇਅਰ ਹੈ- ‘ਸਾਜ਼ ਕਹੇ ਤਲਵਾਰ ਨੂੰ, ਦਿਲ ਦੇ ਰੰਗ ਹਜ਼ਾਰ, ਤੇਗ਼ ਕਹੇ ਇੱਕ ਲੋਥੜਾ ਲਹੂ ਦੀਆਂ ਬੂੰਦਾਂ ਚਾਰ।’ ਉਸ ਦੇ ਬਿਹਤਰੀਨ ਸ਼ੇਅਰਾਂ ਦੀ ਸੂਚੀ ਬਹੁਤ ਲੰਮੀ ਹੈ। ਬੱਸ ਹੁਣ ਤਾਂ ਏਨਾ ਹੀ ਕਹਿਣਾ ਹੈ ਕਿ ਉਹ ਪੰਜਾਬੀ ਮਾਂ ਬੋਲੀ ਨੂੰ ਪ੍ਰਣਾਇਆ ਪੰਜਾਬੀ ਮਾਂ ਦਾ ਪੁੱਤ ਸੀ। ਉਹ ਤਾਂ ਜਿਉਂਦੇ ਜੀਅ ਵੀ ਮਕਬੂਲ ਸੀ ਜਿਹੜੀ ਸ਼ੁਹਰਤ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ। ਆਪਣੇ ਹਰਫ਼ਾਂ ਸਦਕਾ ਉਹ ਸਦਾ ਅਮਰ ਰਹੇਗਾ।
- ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਹੁੰਦੇ ਰਹੋਗੇ ਸੁਰਜੀਤ

ਡਾ. ਸੁਰਜੀਤ ਪਾਤਰ ਦੇ ਸਦੀਵੀ ਨੀਂਦ ਵਿੱਚ ਚਲੇ ਜਾਣ ਦੀ ਖ਼ਬਰ ਨੇ ਝੰਜੋੜ ਕੇ ਰੱਖ ਦਿੱਤਾ। ਸਕੂਲ ਵਿਦਿਆਰਥੀ ਸੀ ਜਦੋਂ ਉਨ੍ਹਾਂ ਦਾ ਨਾਮ ਸੁਣਿਆ ਸੀ ਤੇ ਸਰਕਾਰੀ ਕਾਲਜ (ਲੜਕੇ) ਲੁਧਿਆਣਾ ਦੇ ਵਿਦਿਆਰਥੀ ਕਾਲ ਵਿੱਚ ਦੋ ਵਾਰ ਨੇੜਿਓਂ ਤੱਕਿਆ, ਸੁਣਿਆ। ਇੱਥੇ ਹੀ ਉਨ੍ਹਾਂ ਦੀਆਂ ਕਿਤਾਬਾਂ ਨਾਲ ਸਾਂਝ ਬਣੀ ਤੇ ਹੁਣ ਵੀ ਹੈ। ਪੰਜਾਬੀ ਭਵਨ, ਲੁਧਿਆਣਾ ਵਿੱਚ ਵੀ ਨੇੜਿਓਂ ਵੇਖਣ ਤੇ ਸੁਣਨ ਦਾ ਸਬੱਬ ਬਣਿਆ। ਕੋਈ ਝਿਜਕ ਸੀ ਜਾਂ ਖੌਰੇ ਕੀ ਸੀ, ਉਨ੍ਹਾਂ ਨਾਲ ਕਦੇ ਗੱਲ ਨਾ ਹੋ ਸਕੀ। ਹਰ ਪੰਜਾਬੀ ਸ਼ਾਇਰਾਨਾ ਮਹਿਫ਼ਲ ਜਾਂ ਸਮਾਗਮ ਵਿੱਚ ਉਨ੍ਹਾਂ ਦੀਆਂ ਪੰਕਤੀਆਂ ਕਿਸੇ ਚੁਬਾਰੇ ਦੀ ਨੀਂਹ ਦੀਆਂ ਮਜ਼ਬੂਤ ਇੱਟਾਂ ਹੋ ਨਿੱਬੜਦੀਆਂ।
ਅਲਵਿਦਾ ਮਹਿਬੂਬ ਸ਼ਾਇਰ। ਤੁਸੀਂ ਆਪਣੇ ਸਾਹਿਤ ਤੇ ਸਾਧਾਰਨ ਪੰਜਾਬੀ ਬੋਲਚਾਲ ਵਿੱਚ ਆਪਣੀਆਂ ਗ਼ਜ਼ਲਾਂ/ਕਵਿਤਾਵਾਂ ਰਾਹੀਂ ਮੁੜ-ਮੁੜ ਸੁਰਜੀਤ ਹੁੰਦੇ ਰਹੋਗੇ।
ਕਿਤੇ ਨੂਰ ਨੂੰ ਕਿਤੇ ਨਾਰ ਨੂੰ
ਕਿਤੇ ਬਾਦਸ਼ਾਹ ਦੀ ਕਟਾਰ ਨੂੰ
ਮੈਥੋਂ ਜਾਵੀਂ ਨਾ ਦੂਰ ਮੇਰੇ ਪੂਰਨਾ
ਤੇਰੀ ਹਰ ਕਿਸੇ ਨੂੰ ਲੋੜ ਹੈ।
- ਮਨਜੀਤ ਸਿੰਘ ਬੱਧਣ, ਲੁਧਿਆਣਾ
ਸੁਰੀਲੀ ਆਵਾਜ਼ ਦਾ ਮਾਲਕ
ਐਤਵਾਰ, 12 ਮਈ ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਪੰਜਾਬੀ ਦੇ ਉਸਤਾਦ ਸ਼ਾਇਰ ਤੇ ਸੁਰੀਲੀ, ਪਰ ਬੁਲੰਦ ਆਵਾਜ਼ ਵਾਲੇ ਕਵੀ ਸੁਰਜੀਤ ਪਾਤਰ ਦੇ ਅਚਾਨਕ ਦੇਹਾਂਤ ਦੀ ਖ਼ਬਰ ਨੇ ਸੁੰਨ ਕਰ ਦਿੱਤਾ। ‘ਪੰਜਾਬੀ ਟ੍ਰਿਬਿਊਨ’ ਪਿਛਲੇ ਹਫ਼ਤੇ ਦਾ ਅੰਕ ਇਸ ਮਹਾਨ ਕਵੀ ਨੂੰ ਸਮਰਪਿਤ ਕੀਤਾ। ਇਸ ਅੰਕ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹ ਕੇ ਰੂਹ ਖ਼ੁਸ਼ ਹੋ ਗਈ। ਇਹ ਕਵਿਤਾਵਾਂ ਉਹ ਖ਼ੁਦ ਸਟੇਜਾਂ ’ਤੇ ਆਪਣੀ ਬੁਲੰਦ ਤੇ ਸੁਰੀਲੀ ਆਵਾਜ਼ ਵਿਚ ਸੁਣਾਇਆ ਕਰਦੇ ਸਨ। ਸਾਹਿਤ ਸਭਾਵਾਂ ਵਿਚ ਪਹੁੰਚ ਕੇ ਬਹੁਤ ਖ਼ੁਸ਼ ਹੁੰਦੇ ਸਨ। ਭਾਵੇਂ ਸਰੀਰ ਇਸ ਦੀ ਇਜਾਜ਼ਤ ਨਹੀਂ ਸੀ ਦਿੰਦਾ, ਪਰ ਪੰਜਾਬੀ ਤੇ ਪੰਜਾਬੀਅਤ ਨਾਲ ਉਹ ਐਨੇ ਇਕ-ਮਿਕ ਸਨ ਕਿ ਮਾਮੂਲੀ ਫੋਨ ਕਰਨ ’ਤੇ ਵੀ ਉਹ ਸਮੇਂ ਸਿਰ ਸਭਾ ਦੇ ਸਾਹਿਤਕ ਸਮਾਗਮ ਵਿਚ ਪਹੁੰਚ ਜਾਂਦੇ ਸਨ। ਉਹ ਨਵੇਂ ਕਵੀਆਂ ਨੂੰ ਥਾਪੜਾ ਦਿੰਦੇ ਸਨ। ਉਨ੍ਹਾਂ ਆਪਣੀ ਸਾਰੀ ਉਮਰ ਨੇ ਪੰਜਾਬ ਤੇ ਪੰਜਾਬੀ ਲਈ ਸਮਰਪਿਤ ਕੀਤੀ। ਪਾਤਰ ਹੋਰੀਂ ਪੰਜਾਬੀ ਕਵਿਤਾ ਦਾ ਸੂਰਜ ਸਨ।
- ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ

ਸਾਦਗੀ ਦੀ ਮੂਰਤ

ਐਤਵਾਰ, 12 ਮਈ ਦਾ ‘ਪੰਜਾਬੀ ਟ੍ਰਿਬਿਊਨ’ ਦਾ ਅੰਕ ਪੰਜਾਬੀ ਦੇ ਸਿਰਮੌਰ ਸ਼ਾਇਰ (ਮਰਹੂਮ) ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਸੀ ਜਿਸ ਵਿੱਚ ਪਾਤਰ ਹੋਰਾਂ ਦੀਆਂ ਰਚਨਾਵਾਂ ਅਤੇ ਉਨ੍ਹਾਂ ਦੀ ਜ਼ਿੰਦਗੀ ’ਤੇ ਬਾਖ਼ੂਬੀ ਝਾਤ ਪਾਈ ਗਈ। ਸੁਰਜੀਤ ਪਾਤਰ ਇਕ ਕਵੀ ਜਾਂ ਲੇਖਕ ਹੀ ਨਹੀਂ ਸਗੋਂ ਸਾਦਗੀ ਦੀ ਮੂਰਤ ਸਨ। ਅਣਗਿਣਤ ਮਾਣ ਸਨਮਾਨ ਮਿਲਣ ਦੇ ਬਾਵਜੂਦ ਕਦੇ ਉਨ੍ਹਾਂ ਵਿੱਚ ਮੈਂ ਦੀ ਭਾਵਨਾ ਨਹੀਂ ਆਈ। ਔਖੇ ਸਮਿਆਂ ਵਿੱਚ ਵੀ ਉਨ੍ਹਾਂ ਦੇ ਚਿਹਰੇ ਤੋਂ ਠਰੰਮਾ ਝਲਕਦਾ ਦਿਸਦਾ ਸੀ ਅਤੇ ਅਜਿਹਾ ਹੀ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੇਖਣ ਨੂੰ ਮਿਲਿਆ। ਪਾਤਰ ਹੋਰਾਂ ਨੇ ਪੰਜਾਬ ਦੇ ਕਾਲੇ ਦੌਰ ਨੂੰ ਆਪਣੀ ਕਲਮ ਰਾਹੀਂ ਸ਼ਬਦਾਂ ਦਾ ਰੂਪ ਦਿੱਤਾ। ਸੁਰਜੀਤ ਪਾਤਰ ਦੀਆਂ ਰਚਨਾਵਾਂ ਪੜ੍ਹ ਕੇ ਦੁੱਖਾਂ ਨੂੰ ਸਹਿਣ ਕਰਨ ਦਾ ਬਲ ਅਤੇ ਮੁਸ਼ਕਿਲਾਂ ’ਚੋਂ ਲੰਘ ਕੇ ਮੰਜ਼ਿਲ ਪ੍ਰਾਪਤ ਕਰਨ ਦਾ ਹੌਸਲਾ ਮਿਲਦਾ ਹੈ। ਉਨ੍ਹਾਂ ਦੀ ਕਲਮ ਹਨੇਰੇ ਵਿੱਚ ਦੀਪਕ ਜਗਾਉਣ ਦਾ ਕੰਮ ਕਰਦੀ ਹੈ। ਪਾਤਰ ਹੋਰੀਂ ਪੰਜਾਬੀ ਭਾਸ਼ਾ ਦੀ ਗੁੜ੍ਹਤੀ ਲੈਣ ਵਾਲਾ ਪੰਜਾਬੀ ਬੋਲੀ ਦਾ ਸੱਚਾ ਪੁੱਤਰ ਬਣ ਕੇ ਰੁਖ਼ਸਤ ਹੋਏ।
- ਰਜਵਿੰਦਰ ਪਾਲ ਸ਼ਰਮਾ, ਈ-ਮੇਲ

ਹਰਫ਼ਾਂ ਰਾਹੀਂ ਹਕੀਕਤ ਬਿਆਨ

ਸੁਰਜੀਤ ਪਾਤਰ ਨੇ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਸਦਾ ਇਸ ਪੁੱਤ ਦੇ ਰਿਣੀ ਰਹਿਣਗੇ। ਅੱਜ ਮਾਹੌਲ ਗ਼ਮਗੀਨ ਹੈ ਪਰ ਪਾਤਰ ਹੋਰੀਂ ਪੰਜਾਬੀ ਸਾਹਿਤ ਵਿਚ ਹਮੇਸ਼ਾ ਧੜਕਦੇ ਰਹਿਣਗੇ। ਉਨ੍ਹਾਂ ਕੋਲ ਜ਼ਿੰਦਗੀ ਦੀਆਂ ਅਸਲ ਤਲਖ਼ ਹਕੀਕਤਾਂ ਨੂੰ ਹਰਫ਼ਾਂ ਰਾਹੀਂ ਬਿਆਨ ਕਰਨ ਦੀ ਬਾਕਮਾਲ ਕਲਾ ਸੀ। ਇਸੇ ਲਈ ਪਾਠਕ ਭਾਵਨਾਤਮਕ ਤੌਰ ’ਤੇ ਉਨ੍ਹਾਂ ਨਾਲ ਜੁੜਿਆ ਮਹਿਸੂਸ ਕਰਦੇ ਹਨ। ਤਾਰਿਆਂ ਦਾ ਟੁੱਟਣਾ ਕੁਦਰਤੀ ਕਿਰਿਆ ਹੈ, ਪਰ ਦੂਜਿਆਂ ਨੂੰ ਰੁਸ਼ਨਾਉਣ ਵਾਲੇ ਸੁਰਜੀਤ ਪਾਤਰ ਵਰਗੇ ਚਮਕਦੇ ਤਾਰੇ ਦਾ ਟੁੱਟਣਾ ਉਦਾਸੀਨਤਾ ਛੱਡ ਗਿਆ। ਉਨ੍ਹਾਂ ਦੀਆਂ ਕਵਿਤਾਵਾਂ, ਨਜ਼ਮਾਂ, ਗ਼ਜ਼ਲਾਂ ’ਚ ਹਰ ਤਰ੍ਹਾਂ ਦੀ ਵੰਨਗੀ ਹੈ। ਪਾਤਰ ਦੀ ਸ਼ਾਇਰੀ ਹੌਸਲਾ ਛੱਡ ਚੁੱਕੇ ਬੰਦੇ ਨੂੰ ਫਿਰ ਤੋਂ ਉੱਠ ਖਲੋਣ ਲਈ ਪ੍ਰੇਰਦੀ ਰਹੀ: ‘‘ਜੇ ਆਈ ਪੱਤਝੜ ਤਾਂ ਫੇਰ ਕੀ ਏ/ ਤੂੰ ਅਗਲੀ ਰੁੱਤ ’ਚ ਯਕੀਨ ਰੱਖੀ/ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ/ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।’’ ਸ਼ਬਦਾਂ ’ਚ ਗਹਿਰਾਈ ਸਿਰਜਣ ਵਾਲੀ ਕਲਮ ਖ਼ਾਮੋਸ਼ ਹੋ ਗਈ ਹੈ।
ਅਲਵਿਦਾ ਪਾਤਰ ਜੀ! ਤੁਸੀਂ ਪੰਜਾਬੀ ਸਾਹਿਤ ਅਤੇ ਪਾਠਕਾਂ ਦੇ ਦਿਲਾਂ ’ਚ ਹਮੇਸ਼ਾ ਸੁਰਜੀਤ ਰਹੋਗੇ।
- ਸੁਖਪਾਲ ਕੌਰ, ਚੰਡੀਗੜ੍ਹ

Advertisement
Author Image

sukhwinder singh

View all posts

Advertisement
Advertisement
×