ਤੀਆਂ: ਪੰਜਾਬੀ ਯੂਨੀਵਰਸਿਟੀ ਵਿੱਚ ਗਿੱਧੇ ਦਾ ਪਿੜ ਮਘਿਆ
ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਗਸਤ
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਸਹਿਜ ਗਰੁੱਪ’ ਅਤੇ ‘ਸਰਬ ਸਾਂਝੀ ਸੰਸਥਾ’ ਦੇ ਸਹਿਯੋਗ ਨਾਲ ‘ਤੀਆਂ ਤੀਜ ਦੀਆਂ’ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਕੈਬਨਿਟ ’ਚ ਚੀਫ਼ ਵਿ੍ਹਪ ਪ੍ਰੋ. ਬਲਜਿੰਦਰ ਕੌਰ ਨੇ ਬੋਲੀਆਂ ਪਾਉਂਦਿਆਂ ਗਿੱਧਾ ਪਾਇਆ ਅਤੇ ਪੀਂਘ ਵੀ ਝੂਟੀ। ਯੂਨੀਵਰਸਿਟੀ ਨਾਲ਼ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵੀ ਇਸ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਵਿਦਿਆਰਥੀ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ।
ਸਮਾਗਮ ’ਚ ਆਇਸਰ ਮੁਹਾਲੀ ਤੋਂ ਪ੍ਰੋ. ਕਵਿਤਾ ਦੋਰਾਏ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਤੀਆਂ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ। ਮੁੱਖ ਬੁਲਾਰੇ ਵਜੋਂ ਪ੍ਰੋ. ਕੁਲਦੀਪ ਟਿਵਾਣਾ ਨੇ ਤੀਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ’ਪੰਜਾਬਣ’ ਨੂੰ ਲੋਕ ਸਾਹਿਤ ਰਾਹੀਂ ਹੀ ਸਮਝਿਆ ਜਾ ਸਕਦਾ ਹੈ। ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਇਹ ਤਿਉਹਾਰ ਸਮਾਜ ਦੇ ਸਾਰੇ ਵਰਗਾਂ ਦਾ ਸਾਂਝਾ ਤਿਉਹਾਰ ਹੈ। ਤੀਆਂ ਦੇ ਤਿਉਹਾਰ ਨਾਲ ਸਬੰਧਿਤ ਪੁਰਾਣੀਆਂ ਯਾਦਾਂ ਨੂੰ ਚੇਤੇ ਕਰਦਿਆਂ, ਉਨ੍ਹਾਂ ਪੰਜਾਬੀ ਸੱਭਿਆਚਾਰ ਦੇ ਪੱਖਾਂ ਸਬੰਧੀ ਖੋਜ ਉੱਤੇ ਜ਼ੋਰ ਦਿੱਤਾ।
ਪ੍ਰੋਗਰਾਮ ਦੇ ਪਹਿਲੇ ਪੜਾਅ ਤੋਂ ਬਾਅਦ ਖੁੱਲ੍ਹੇ ਮੈਦਾਨ ਵਿੱਚ ’ਤੀਆਂ ਦਾ ਮੇਲਾ’ ਲਗਾਇਆ ਗਿਆ ਜਿਸ ਵਿੱਚ ਕਰਮਚਾਰੀ ਔਰਤਾਂ ਅਤੇ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ। ਮੇਲੇ ਦੌਰਾਨ ਚੂੜੀਆਂ ਦਾ ਸਟਾਲ, ਖਾਣ-ਪੀਣ ਦੇ ਸਟਾਲ, ਔਰਤਾਂ ਦੇ ਸੂਟਾਂ ਦੇ ਸਟਾਲ ਅਤੇ ਹੋਰ ਸਟਾਲ ਵੀ ਲਗਾਏ ਗਏ। ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਮੁਕਾਬਲੇ ਵੀ ਕਰਵਾਏ ਗਏ।