For the best experience, open
https://m.punjabitribuneonline.com
on your mobile browser.
Advertisement

ਅਣਥੱਕ ਪ੍ਰਚਾਰਕ ਗੁਰੂ ਨਾਨਕ ਦੇਵ ਜੀ

07:48 AM Nov 15, 2024 IST
ਅਣਥੱਕ ਪ੍ਰਚਾਰਕ ਗੁਰੂ ਨਾਨਕ ਦੇਵ ਜੀ
Advertisement

ਸੰਤ ਸ਼ਮਸ਼ੇਰ ਸਿੰਘ ਜਗੇੜਾ

ਸਾਰੀ ਦੁਨੀਆ ਦੇ ਧਰਮਾਂ ਦੇ ਅਧਿਐਨ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸੇ ਵੀ ਧਰਮ ਕੋਲ ਗੁਰੂ ਨਾਨਕ ਦੇਵ ਜੀ ਵਰਗੀ ਕੋਈ ਅਣਥੱਕ ਹਸਤੀ ਨਹੀਂ ਹੈ, ਜਿਹੜੀ ਆਪਣੇ ਧਰਮ ਦੇ ਪ੍ਰਚਾਰ ਲਈ ਗੁਰੂ ਜੀ ਵਰਗੀ ਸਮਰਪਿਤ ਭਾਵਨਾ ਰੱਖਦੀ ਹੋਵੇ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਤਕਰੀਬਨ ਤੀਜਾ ਹਿੱਸਾ
ਆਪਣੇ ਧਰਮ ਦੇ ਆਦਰਸ਼ਾਂ ਦੇ ਪ੍ਰਚਾਰ ਲਈ ਲਗਾ ਦਿੱਤਾ। ਉਨ੍ਹਾਂ ਨੇ ਹਰ ਵਰਗ ਨੂੰ ਉਸ ਦੇ ਕਰਤਵਾਂ ਸਬੰਧੀ ਸੁਚੇਤ ਕੀਤਾ। ਉਨ੍ਹਾਂ ਨੇ ਰਾਜਿਆਂ, ਪੁਜਾਰੀਆਂ, ਅਧਿਆਪਕਾਂ ਅਤੇ ਹੋਰ ਆਗੂਆਂ ਆਦਿ ਨੂੰ ਸਹੀ ਮਾਰਗ ਦੱਸਿਆ। ਉਨ੍ਹਾਂ ਚਾਰ ਉਦਾਸੀਆਂ ਕੀਤੀਆਂ। ਅੰਦਾਜ਼ੇ ਮੁਤਾਬਕ ਗੁਰੂ ਨਾਨਕ ਦੇਵ ਜੀ ਰੋਜ਼ ਪੰਦਰਾਂ ਮੀਲ ਤਕ ਦਾ ਸਫ਼ਰ ਕਰਦੇ ਸਨ। ਰੱਬੀ ਮਿਸ਼ਨ ਦੇ ਪ੍ਰਚਾਰ ਦੀ ਲਗਨ ਤੇ ਪ੍ਰੀਤ ਦੇ ਜਜ਼ਬੇ ਉਨ੍ਹਾਂ ਦੀ ਅਣਥੱਕ ਸ਼ਕਤੀ ਦਾ ਕਾਰਨ ਬਣੇ ਰਹੇ। ਉਨ੍ਹਾਂ ਦੀਆਂ ਉਦਾਸੀਆਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ:
ਪਹਿਲੀ ਉਦਾਸੀ ਸੰਮਤ 1497 ਤੋਂ 1509 ਤਕ, 12 ਸਾਲ ਤਕ ਰਹੀ। ਇਸ ਧਾਰਮਿਕ ਯਾਤਰਾ ਦੌਰਾਨ ਉਨ੍ਹਾਂ ਕੁਰੂਕਸ਼ੇਤਰ, ਬਨਾਰਸ, ਹਰਿਦੁਆਰ, ਦਿੱਲੀ, ਅਯੁੱਧਿਆ, ਜਗਨ ਨਾਥ ਪੁਰੀ, ਢਾਕਾ ਆਦਿ ਥਾਵਾਂ ’ਤੇ ਯਾਤਰਾ ਕੀਤੀ ਤੇ ਲੋਕਾਂ ਦੇ ਵਹਿਮਾਂ-ਭਰਮਾਂ ਦੀ ਵਿਰੋਧਤਾ ਕੀਤੀ। ਉਨ੍ਹਾਂ ਬਨਾਰਸ ਵਿੱਚ ਪੰਡਿਤ ਚਤੁਰਦਾਸ ਨਾਲ ਚਰਚਾ ਕਰਕੇ ਬੁੱਤ-ਪੂਜਾ ਦਾ ਨਿਖੇਧ ਕੀਤਾ ਅਤੇ ਦੱਸਿਆ ਕਿ ‘ਪ੍ਰਭੂ’ ਘਟ-ਘਟ ’ਚ ਵਸਦਾ ਹੈ। ਇਸੇ ਤਰ੍ਹਾਂ ਜਗਨਨਾਥ ਪੁਰੀ ਵਿਚ ਇਕ ਵਿਅਕਤੀ ਦੀ ਵਿਸ਼ਾਲ ਸ਼ਖਸੀਅਤ ਦੀ ਉਸਾਰੀ ਲਈ ‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ’ ਦੇ ਸ਼ਬਦ ਰਾਹੀਂ ਆਰਤੀ ਵੱਲ ਧਿਆਨ ਦੁਆਇਆ।
ਦੂਜੀ ਉਦਾਸੀ ਦਾ ਸਮਾਂ ਸੰਮਤ 1510 ਤੋਂ 1515 ਤਕ ਦਾ ਹੈ। ਇਸ ਸਮੇਂ ਦੌਰਾਨ ਉਹ ਸਿਰਸਾ, ਬੀਕਾਨੇਰ, ਇੰਦੌਰ, ਬਿਦਰ-ਹੈਦਰਾਬਾਦ, ਮਦਰਾਸ, ਦਵਾਰਕਾ-ਸੋਮਨਾਥ ਤੇ ਲੰਕਾ ਤਕ ਗਏ ਅਤੇ ਜੈਨੀਆਂ, ਬੋਧੀਆਂ ਆਦਿ ਦੇ ਕੇਂਦਰਾਂ ’ਤੇ ਜਾ ਕੇ ਉਨ੍ਹਾਂ ਨੂੰ ਉਪਦੇਸ਼ ਦਿੱਤੇ। ਉਨ੍ਹਾਂ ਨੇ ਜੋਗੀ ਨੂੰ ਅਸਲ ਜੋਗੀ ਬਣਨ ਲਈ ਸਾਰੀ ਮਨੁੱਖਤਾ ਨੂੰ ਇਕ ਸਮਾਨ ਦ੍ਰਿਸ਼ਟੀ ਨਾਲ ਵੇਖਣ ਦੀ ਪ੍ਰੇਰਨਾ ਕੀਤੀ। ਜਿਵੇਂ:
ਗਲੀ ਜੋਗੁ ਨ ਹੋਈ।।
ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ।।
ਇਸੇ ਤਰ੍ਹਾਂ ਉਨ੍ਹਾਂ ਮੁਸਲਮਾਨ ਨੂੰ ਅਸਲੀ ਮੁਸਲਮਾਨ ਬਣਨ ਲਈ ਸਾਰੇ ਜੀਵਾਂ ਪ੍ਰਤੀ ਕਰੁਣਾਮਈ ਦ੍ਰਿਸ਼ਟੀ ਉਤਪੰਨ ਕਰਨ ਲਈ ਸੁਝਾਅ ਦਿੱਤਾ। ਜਿਵੇਂ:
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ।।
ਇਸ ਤਰ੍ਹਾਂ ਉਨ੍ਹਾਂ ਨੇ ਇਸ ਨਵੇਂ ਧਾਰਮਿਕ ਸਭਿਆਚਾਰ ਦੀ ਉਸਾਰੀ ਲਈ ਰਾਹ ਪੱਧਰਾ ਕੀਤਾ ਤੇ ਦੂਜੇ ਧਰਮਾਂ ਪ੍ਰਤੀ ਆਦਰ ਤੇ ਸਹਿਨਸ਼ੀਲਤਾ ਵਾਲਾ ਵਤੀਰਾ ਧਾਰਨ ਕਰਨ ਲਈ ਆਧਾਰ ਪ੍ਰਦਾਨ ਕੀਤਾ।
ਤੀਜੀ ਉਦਾਸੀ ਸਮੇਂ ਗੁਰੂ ਸਾਹਿਬ ਦੀ ਉਮਰ 47 ਸਾਲ ਸੀ। ਇਸ ਉਦਾਸੀ ਦੌਰਾਨ ਉਹ ਜੰਮੂ-ਕਸ਼ਮੀਰ, ਨੇਪਾਲ, ਸਿੱਕਮ, ਭੂਟਾਨ ਦੇ ਰਾਹ ਹੁੰਦੇ ਹੋਏ ਚੀਨ ਤਕ ਗਏ। ਇਹ ਉਦਾਸੀ ਸੰਮਤ 1575 ਤਕ ਜਾਰੀ ਰਹੀ। ਇਸ ਉਦਾਸੀ ਦੌਰਾਨ ਮਟਨ (ਕਸ਼ਮੀਰ) ਦੇ ਪੰਡਿਤ ਬ੍ਰਹਮਦਾਸ ਨਾਲ ਚਰਚਾ ਵੇਲੇ ਵਿਦਿਅਕ ਸੰਕਲਪ ਨੂੰ ਸਪੱਸ਼ਟ ਕੀਤਾ ਕਿ ਹਰ ਕਿਸਮ ਦੀ ਪੜ੍ਹਾਈ ਦਾ ਮਨੋਰਬ ਪ੍ਰਭੂ ਨਾਲੋਂ ਆਪਣੀ ਵਖਰੀ ਹੋਂਦ ਮਿਟਾਉਣਾ ਹੁੰਦਾ ਹੈ। ਜਿਵੇਂ:
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥
ਸੁਮੇਰ ਪਰਬਤ ’ਤੇ ਸਿੱਧਾਂ ਨੂੰ ਉਪਦੇਸ਼ ਕੀਤਾ ਕਿ ਭਾਂਜਵਾਦੀ ਹੋ ਕੇ ਸਮਾਜਿਕ ਕਰਤਵਾਂ ਤੋਂ ਪਿੱਛੇ ਹਟਣਾ ਧਰਮੀਆਂ ਦਾ ਕੰਮ ਨਹੀਂ। ਇਸ ਤਰ੍ਹਾਂ ਚੌਥੀ ਉਦਾਸੀ ਵੇਲੇ ਉਨ੍ਹਾਂ ਮੱਕੇ ’ਚ ਅੱਲ੍ਹਾ ਨੂੰ ਸਰਬਵਿਆਪਕ ਦੱਸਿਆ। ਰੁਕਨਦੀਨ ਨਾਲ ਚਰਚਾ ਸਮੇਂ ਸ਼ੁਭ ਅਮਲਾਂ ਤੋਂ ਬਿਨਾਂ ਸਾਰੇ ਧਰਮਾਂ ਨੂੰ ਨਿਰਾਰਥਕ ਕਰਾਰ ਦਿੱਤਾ। ਇਸ ਉਦਾਸੀ ਵੇਲੇ ਸੈਦਪੁਰ ਵਿੱਚ ਹਮਲਾਵਰ ਬਾਬਰ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਇਹ ਦਰਸਾਇਆ ਕਿ ਬਾਬਰ ਧੱਕੇ ਅਤੇ ਅਨਿਆਂ ਵਾਲਾ ਰਾਜ ਨਾ ਕਰੇ, ਨਹੀਂ ਤਾਂ ਉਸ ਦੇ ਰਾਜ ਨੂੰ ਖ਼ਤਮ ਕਰਨ ਲਈ ਕੋਈ ਉਠ ਸਕਦਾ ਹੈ। ਜਿਵੇਂ:
ਆਵਨਿ ਅਠਤਰੈ ਜਾਨਿ ਸਤਾਨਵੇ ਹੋਰੁ ਭੀ ਉਠਸੀ ਮਰਦ ਕਾ ਚੇਲਾ।।
ਉਦਾਸੀਆਂ ਮਗਰੋਂ ਕਰਤਾਰਪੁਰ ’ਚ ਹੱਥੀਂ ਖੇਤੀ ਕਰਕੇ ਉਨ੍ਹਾਂ ਅਮਲੀ ਧਾਰਮਕ ਜੀਵਨ ਜੀਅ ਕੇ ਦਿਖਾਇਆ।
ਸੰਪਰਕ: 98147-88012

Advertisement

Advertisement
Advertisement
Author Image

sukhwinder singh

View all posts

Advertisement