For the best experience, open
https://m.punjabitribuneonline.com
on your mobile browser.
Advertisement

ਨਰਮੇ ਦੀ ਬਿਜਾਈ ਸਬੰਧੀ ਨੁਕਤੇ

12:13 PM Mar 23, 2024 IST
ਨਰਮੇ ਦੀ ਬਿਜਾਈ ਸਬੰਧੀ ਨੁਕਤੇ
Advertisement

ਨਵਨੀਤ ਕੌਰ/ਅਮਰਜੀਤ ਸਿੰਘ ਸੰਧੂ/ਪ੍ਰਿਤਪਾਲ ਸਿੰਘ*

ਮਾਲਵਾ ਪੱਟੀ ਦੇ ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਆਦਿ ਜ਼ਿਲ੍ਹਿਆਂ ਵਿੱਚ ਨਰਮੇ ਦੀ ਕਾਸ਼ਤ ਕਾਫ਼ੀ ਰਕਬੇ ਵਿੱਚ ਕੀਤੀ ਜਾਂਦੀ ਹੈ। ਪਿਛਲੇ ਕਈ ਸਾਲਾਂ ਦੌਰਾਨ ਵੱਖ-ਵੱਖ ਕੀੜਿਆਂ, ਬਿਮਾਰੀਆਂ ਅਤੇ ਮੌਸਮੀ ਦੁਰਪ੍ਰਭਾਵਾਂ ਕਰ ਕੇ ਫ਼ਸਲ ਦੇ ਝਾੜ ’ਤੇ ਮਾੜਾ ਅਸਰ ਪਿਆ ਹੈ। ਨਰਮੇ ਦੀ ਫ਼ਸਲ ਦੀ ਬਿਜਾਈ ਵੇਲੇ ਕੁਝ ਅਹਿਮ ਨੁਕਤੇ ਜ਼ਰੂਰ ਧਿਆਨ ਵਿੱਚ ਰੱਖਣੇ ਚਾਹੀਦੇ ਹਨ ਤਾਂ ਕਿ ਫ਼ਸਲ ਦੀ ਬਿਜਾਈ ਸਮੇਂ ਕੋਈ ਵੀ ਊਣਤਾਈ ਨਾ ਰਹਿ ਜਾਵੇ ਜੋ ਕਿ ਫ਼ਸਲ ਦੇ ਝਾੜ ’ਤੇ ਮਾੜਾ ਅਸਰ ਪਾਵੇ। ਇਸ ਲੇਖ ਰਾਹੀਂ ਨਰਮੇ ਦੀ ਫ਼ਸਲ ਦੀ ਬਿਜਾਈ ਕਰਨ ਸਮੇਂ ਕੁਝ ਜ਼ਰੂਰੀ ਨੁਕਤੇ ਸਾਂਝੇ ਕੀਤੇ ਜਾ ਰਹੇ ਹਨ।
ਬੀਜ ਅਤੇ ਕਿਸਮ ਦੀ ਚੋਣ: ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੀਆਂ ਹੋਈਆਂ ਕਿਸਮਾਂ ਜਾਂ ਆਪਣੇ ਆਲੇ-ਦੁਆਲੇ ਦੇ ਖੇਤਾਂ ਵਿੱਚ ਪਿਛਲੇ ਸਾਲਾਂ ਦੌਰਾਨ ਪਰਖੀਆਂ ਕਿਸਮਾਂ, ਜਿਨ੍ਹਾਂ ਦਾ ਝਾੜ ਪਿਛਲੇ ਸਾਲਾਂ ਵਿੱਚ ਵਧੀਆ ਰਿਹਾ ਹੋਵੇ ਅਤੇ ਉਹ ਕਿਸਮਾਂ ਜੋ ਰਸ ਚੂਸਣ ਵਾਲੇ ਕੀੜਿਆਂ ਅਤੇ ਪੱਤਾ ਮਰੋੜ ਬਿਮਾਰੀ ਦਾ ਟਾਕਰਾ ਕਰਨ ਦੀ ਸਮੱਰਥਾ ਰੱਖਦੀਆਂ ਹੋਣ, ਉਨ੍ਹਾਂ ਦੀ ਹੀ ਚੋਣ ਕਰਨ। ਇਹ ਵੀ ਧਿਆਨ ਰੱਖਿਆ ਜਾਵੇ ਕਿ ਬੀਜ ਭਰੋਸੇਯੋਗ ਸੂਤਰ ਤੋਂ ਹੀ ਖ਼ਰੀਦਿਆ ਜਾਵੇ ਅਤੇ ਬਿੱਲ ਨਾਲ ਲਿਆ ਜਾਵੇ। ਕਿਸੇ ਵੀ ਹਾਲਤ ਵਿੱਚ ਬਾਹਰਲੇ ਰਾਜਾਂ ਤੋਂ ਗ਼ੈਰ-ਪ੍ਰਮਾਣਿਤ ਕਿਸਮਾਂ ਦਾ ਬੀਜ ਲਿਆ ਕੇ ਨਾ ਬੀਜਿਆ ਜਾਵੇ ਜੋ ਕਿ ਕੀੜਿਆਂ ਅਤੇ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਹਨ।
ਬਿਜਾਈ ਦਾ ਸਮਾਂ: ਢੁੱਕਵੇਂ ਸਮੇਂ ਨਾਲੋਂ ਅਗੇਤੀ ਅਤੇ ਪਿਛੇਤੀ ਬਿਜਾਈ ਨਰਮੇ ਦਾ ਝਾੜ ਘਟਾ ਦਿੰਦੀ ਹੈ ਅਤੇ ਫ਼ਸਲ ਤੇ ਕੀੜੇ-ਮਕੌੜਿਆਂ ਦਾ ਹਮਲਾ ਵੀ ਵੱਧ ਹੁੰਦਾ ਹੈ। ਬਿਜਾਈ ਦਾ ਢੁਕਵਾਂ ਸਮਾਂ 1 ਅਪਰੈਲ ਤੋਂ 15 ਮਈ ਹੈ ਹਰ ਹਾਲਤ ਵਿੱਚ ਬਿਜਾਈ 15 ਮਈ ਤੋਂ ਪਹਿਲਾਂ ਕਰੋ। ਪਿਛੇਤੀ ਫ਼ਸਲ ਵਿੱਚ ਲੋਆਂ ਵਗਣ ਕਰ ਕੇ ਬਹੁਤ ਸਾਰੇ ਪੌਦੇ ਸੜ੍ਹ ਜਾਂਦੇ ਹਨ। ਇਸ ਕਰ ਕੇ ਫ਼ਸਲ ਵਿਰਲੀ ਹੋ ਜਾਂਦੀ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਪਿਛੇਤੀ ਬਿਜਾਈ ਵਾਲੇ ਖੇਤ ਚਿੱਟੀ ਮੱਖੀ ਦੇ ਹਮਲੇ ਨਾਲ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਫ਼ਸਲ ਦੇ ਵਧੀਆ ਜੰਮ ਅਤੇ ਮੁੱਢਲੇ ਵਾਧੇ ਲਈ ਨਹਿਰੀ ਪਾਣੀ ਜਾਂ ਚੰਗੀ ਗੁਣਵੱਤਾ ਵਾਲੇ ਪਾਣੀ ਨਾਲ ਭਰਵੀਂ ਰੌਣੀ ਕਰੋ। ਬੀਟੀ ਰਹਿਤ ਨਰਮੇ ਦੀਆਂ ਕਿਸਮਾਂ (ਐਫ-2228, ਐਲ. ਐਚ.-2108) ਦਾ 3.5 ਕਿਲੋ, ਬੀਟੀ ਕਿਸਮਾਂ (ਪੀ. ਏ. ਯੂ.-ਬੀ ਟੀ -1, 2 ਅਤੇ 3) ਦਾ 4 ਕਿਲੋ ਅਤੇ ਬੀਟੀ ਨਰਮੇ ਦੀਆਂ ਦੋਗਲੀਆਂ ਕਿਸਮਾਂ ਦਾ 900 ਗ੍ਰਾਮ ਬੀਜ ਪ੍ਰਤੀ ਏਕੜ ਵਰਤੋ। ਕੱਲਰ ਵਾਲੀਆਂ, ਸੇਮ ਵਾਲੀਆਂ ਅਤੇ ਜ਼ਿਆਦਾ ਰੇਤਲੀਆਂ ਜ਼ਮੀਨਾਂ ਵਿੱਚ ਨਰਮੇ ਦੀ ਕਾਸ਼ਤ ਕਰਨ ਤੋਂ ਪ੍ਰਹੇਜ਼ ਕਰੋ।
ਖੇਤ ਦੀ ਤਿਆਰੀ ਅਤੇ ਬਿਜਾਈ ਸਮੇਂ ਸਾਵਧਾਨੀਆਂ: ਪਿਛਲੇ ਕੁਝ ਸਾਲਾਂ ਦੇ ਸਰਵੇਖਣਾਂ ਦੌਰਾਨ ਇਹ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਖੇਤਾਂ ਵਿੱਚ ਜ਼ਮੀਨ ਵਿੱਚ ਸਖਤ ਤਹਿ ਬਣਨ ਨਾਲ ਵਿੱਚ ਪੌਦੇ ਦੀ ਜੜ੍ਹ ਦਾ ਸਹੀ ਵਿਕਾਸ ਨਹੀਂ ਹੁੰਦਾ। ਇਸ ਕਰ ਕੇ ਪੌਦੇ ਦਾ ਸਹੀ ਵਾਧਾ ਵਿਕਾਸ ਨਾ ਹੋਣ ਕਰ ਕੇ ਫ਼ਸਲ ਦੇ ਮਾੜਾ ਅਸਰ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ ਟਰੈਕਟਰ ਨਾਲ ਚੱਲਣ ਵਾਲੇ ਤਹਿ-ਤੋੜ ਹਲ ਨੂੰ ਇੱਕ ਮੀਟਰ ਦੀ ਦੂਰੀ ’ਤੇ ਦੋ ਤਰਫਾ 45-50 ਸੈਂਟੀਮੀਟਰ ਡੂੰਘਾ ਚਲਾਉ। ਮਿੱਟੀ ਦੇ ਡਲਿਆਂ ਨੂੰ ਸੁਹਾਗਾ ਮਾਰ ਕੇ ਤੋੜੋ। ਇਸ ਨਾਲ ਜ਼ਮੀਨ ਦੀ ਪਾਣੀ ਸੋਖਣ ਦੀ ਸ਼ਕਤੀ ਵਧੇਗੀ ਅਤੇ ਜੜ੍ਹਾਂ ਡੂੰਘੀਆਂ ਜਾਣ ਕਰ ਕੇ ਫ਼ਸਲ ਦਾ ਝਾੜ ਵਧੇਗਾ। ਜਿਹੜੇ ਕਿਸਾਨਾਂ ਕੋਲ ਪਾਣੀ ਦੀ ਕਮੀ ਨਹੀਂ ਹੈ, ਉਹ ਰੌਣੀ ਕਰਨ ਤੋਂ ਪਹਿਲਾਂ ਉਲਟਾਂਵੇ ਜਾਂ ਚੋਝੂ ਹਲ ਦੀ ਵੀ ਵਰਤੋਂ ਕਰ ਸਕਦੇ ਹਨ। ਰੌਣੀ ਕਰਨ ਤੋਂ ਬਾਅਦ ਉਲਟਾਂਵੇ ਜਾਂ ਚੋਝੂ/ਤੋਤਾ ਹਲ ਨਾ ਵਰਤੋ ਕਿਉਂਕਿ ਗਰਮ ਮੌਸਮ ਹੋਣ ਕਰ ਕੇ ਖੇਤ ਬਹੁਤ ਜਲਦੀ ਖੁਸ਼ਕ ਹੋ ਜਾਂਦੇ ਹਨ। ਇਸ ਨਾਲ ਬੀਜ ਦੇ ਪੁੰਗਰਨ ’ਤੇ ਮਾੜਾ ਅਸਰ ਪੈਂਦਾ ਹੈ। ਇਹ ਧਿਆਨ ਵਿੱਚ ਰੱਖੋ ਕਿ ਬਿਜਾਈ ਸਮੇਂ ਖੇਤ ਵਿੱਚ ਪੂਰਾ ਵੱਤਰ ਹੋਵੇ ਬਿਜਾਈ ਕਰਨ ਵੇਲੇ ਟਰੈਕਟਰ ਦੀ ਰਫ਼ਤਾਰ ਧੀਮੀ ਰੱਖੋ। ਡਰਿੱਲ ਦੀ ਡੂੰਘਾਈ ਦੋਵਾਂ ਪਾਸਿਆਂ ਤੋਂ ਇਕਸਾਰ ਹੋਵੇ। ਬਿਜਾਈ ਸਮੇਂ ਡਰਿੱਲ ਦੀ ਡੂੰਘਾਈ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਹੋਣ ਨਾਲ ਬੀਜ ਦੇ ਪੁੰਗਰਨ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ ਤੇ ਖੇਤ ਵਿੱਚ ਬੂਟਿਆਂ ਦੀ ਗਿਣਤੀ ਘਟ ਜਾਂਦੀ ਹੈ। ਪ੍ਰਤੀ ਏਕੜ ਦੇ ਹਿਸਾਬ ਘੱਟੋ-ਘੱਟ ਤਕਰੀਬਨ 7850 ਬੂਟੇ ਪੂਰੇ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ। ਜ਼ਿਆਦਾ ਵਿਰਲੀ ਫ਼ਸਲ ਵਿੱਚ ਨਦੀਨਾਂ ਦੀ ਸਮੱਸਿਆ ਬਹੁਤ ਆਉਂਦੀ ਹੈ। ਪੱਧਰੀ ਬਿਜਾਈ ਵਿੱਚ ਟਰੈਕਟਰ ਨਾਲ ਚੱਲਣ ਵਾਲੀ ਡਰਿੱਲ ਨਾਲ 67.5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ’ਤੇ ਬਿਜਾਈ ਕਰੋ ਅਤੇ ਪਹਿਲਾ ਪਾਣੀ ਲਾਉਣ ਤੋਂ ਬਾਅਦ ਬੂਟੇ ਤੋਂ ਬੂਟੇ ਦਾ ਫ਼ਾਸਲਾ 60 ਸੈਂਟੀਮੀਟਰ (ਬੀ.ਟੀ. ਰਹਿਤ ਨਰਮੇ ਲਈ) ਅਤੇ 75 ਸੈਂਟੀਮੀਟਰ (ਬੀ.ਟੀ. ਨਰਮੇ ਦੀਆਂ ਦੋਗਲੀਆਂ ਕਿਸਮਾਂ) ਰੱਖ ਕੇ ਨਰਮਾ ਵਿਰਲਾ ਕਰੋ। ਵਿਰਲੀ ਫ਼ਸਲ ਵਿੱਚ ਬੂਟਿਆਂ ਦੀ ਗਿਣਤੀ ਪੂਰੀ ਕਰਨ ਲਈ 4x6 ਦੇ ਪਲਾਸਟਿਕ ਦੇ ਲਿਫ਼ਾਫਿਆਂ ਵਿੱਚ ਮਿੱਟੀ ਅਤੇ ਰੂੜੀ ਬਰਾਬਰ ਭਰ ਕੇ ਪਨੀਰੀ ਉਗਾਉ। ਖਾਲੀ ਥਾਵਾਂ ਭਰਨ ਲਈ ਤਿੰਨ ਹਫ਼ਤੇ ਦੀ ਪਨੀਰੀ ਖੇਤ ਵਿੱਚ ਲਗਾਈ ਜਾ ਸਕਦੀ ਹੈ। ਜੇ ਫ਼ਸਲ ਦੀ ਬਿਜਾਈ ਤੋਂ ਬਾਅਦ ਜ਼ਿਆਦਾ ਬਰਸਾਤ ਹੋਣ ਕਰ ਕੇ ਖੇਤਾਂ ਵਿੱਚ ਪਾਣੀ ਖੜ੍ਹਾ ਹੋ ਜਾਵੇ ਤਾਂ ਫ਼ਸਲ ਦੀ ਬਿਜਾਈ ਦੁਬਾਰਾ ਕਰੋ ਕਿਉਂਕਿ ਇਨ੍ਹਾਂ ਹਾਲਤਾਂ ਵਿੱਚ ਕਰੰਡ ਨਹੀਂ ਤੋੜੀ ਜਾ ਸਕਦੀ। ਨਰਮੇ ਵਿੱਚ ਨਦੀਨ ਪ੍ਰਬੰਧਨ ਦਾ ਸੰਵੇਦਨਸ਼ੀਲ ਸਮਾਂ 20-60 ਦਿਨ ਹੈ। ਇਸ ਸਮੇਂ ਦੌਰਾਨ ਨਦੀਨਾਂ ਦਾ ਖੇਤ ਵਿੱਚ ਰਹਿਣਾ ਫ਼ਸਲ ਦੇ ਵਾਧੇ ਅਤੇ ਝਾੜ ’ਤੇ ਮਾੜਾ ਅਸਰ ਪਾਉਂਦਾ ਹੈ ਫ਼ਸਲ ਨੂੰ ਸ਼ੁਰੂਆਤੀ ਅਵਸਥਾ ਵਿੱਚ ਨਦੀਨ ਮੁਕਤ ਰੱਖਣ ਲਈ 1 ਲਿਟਰ ਸਟੌਂਪ 30 ਈ. ਸੀ. ਪ੍ਰਤੀ ਏਕੜ 200 ਲਿਟਰ ਪਾਣੀ ਵਰਤ ਕੇ ਬਿਜਾਈ ਤੋਂ 24 ਘੰਟੇ ਦੇ ਅੰਦਰ ਛਿੜਕਾਅ ਕਰੋ। ਛਿੜਕਾਅ ਸਵੇਰੇ ਜਾਂ ਸ਼ਾਮ ਸਮੇਂ ਹੀ ਕਰੋ ਅਤੇ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਵਾਲਾ ਪੰਪ ਹੀ ਵਰਤੋ।
ਖਾਦ-ਖ਼ੁਰਾਕ: ਪੰਜਾਬ ਦਾ ਦੱਖਣ ਪੱਛਮੀਂ ਹਿੱਸਾ, ਜਿਸ ਦੇ ਧਰਾਤਲ ਦਾ ਤਕਰੀਬਨ 40% ਰਕਬੇ ਹੇਠਲਾ ਪਾਣੀ ਮਾੜੀ ਕਿਸਮ ਦਾ ਹੋਣ ਕਾਰਨ ਨਰਮੇ ਦੇ ਵਾਧੇ ਅਤੇ ਝਾੜ ਨੂੰ ਪ੍ਰਭਾਵਿਤ ਕਰਦਾ ਹੈ। ਜ਼ਮੀਨ ਵਿੱਚ ਘੁਲਣਸ਼ੀਲ ਲੂਣਾਂ ਦੀ ਮਾਤਰਾ ਅਤੇ ਮਾੜੇ ਪਾਣੀ ਨਾਲ ਸਿੰਜਾਈ ਨਰਮੇਂ ਵਿੱਚ ਵਰਤੀਆਂ ਗਈਆਂ ਰਸਾਇਣਕ ਖ਼ਾਦਾਂ ਦੀ ਵਰਤੋਂ ਦੇ ਅਸਰ ਨੂੰ ਕਾਫ਼ੀ ਹੱਦ ਤੱਕ ਘਟਾ ਦਿੰਦਾ ਹੈ। ਇਸ ਕਾਰਨ ਨਰਮੇਂ ਦਾ ਮੁੱਢਲਾ ਬਨਾਸਪਿਤਕ ਵਾਧਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ। ਜੇ ਕਣਕ ਦੀ ਫ਼ਸਲ ਨੂੰ ਫਾਸਫੋਰਸ ਦੀ ਸਿਫ਼ਾਰਸ਼ ਕੀਤੀ ਗਈ ਮਾਤਰਾ (55 ਕਿਲੋ ਡੀ.ਏ.ਪੀ.) ਪਾਈ ਗਈ ਹੋਵੇ ਤਾਂ ਨਰਮੇ ਦੀ ਬਿਜਾਈ ਸਮੇਂ ਫਾਸਫੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ। ਰੇਤਲੀਆਂ ਜ਼ਮੀਨਾਂ ਵਿੱਚ ਬਿਜਾਈ ਸਮੇਂ 20 ਕਿਲੋ ਮਿਊਰੇਟ ਆਫ਼ ਪੋਟਾਸ਼ ਅਤੇ 10 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡਰੇਟ (21% ਜ਼ਿੰਕ) ਜਾਂ 6.5 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡਰੇਟ (33% ਜ਼ਿੰਕ) ਪ੍ਰਤੀ ਏਕੜ ਵੀ ਜ਼ਰੂਰ ਪਾਉ। ਜੇ ਜ਼ਮੀਨ ਦੀ ਮੁੱਢਲੀ ਉਪਜਾਊ 3 ਸ਼ਕਤੀ ਘੱਟ ਹੋਵੇ ਤਾਂ ਨਾਈਟ੍ਰੋਜਨ ਖਾਦ ਦੀ ਪਹਿਲੀ ਕਿਸ਼ਤ (45 ਕਿਲੋ ਯੂਰੀਆ/ਏਕੜ) ਬਿਜਾਈ ਸਮੇਂ ਹੀ ਪਾ ਦਿਓ, ਨਹੀਂ ਤਾਂ ਅੱਧੀ ਯੂਰੀਆ (45 ਕਿੱਲੋ/ਏਕੜ) ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਅੱਧੀ (45 ਕਿੱਲੋ ਯੂਰੀਆ/ਏਕੜ) ਫੁੱਲ ਨਿਕਲਣ ਸਮੇਂ ਪਾਓ।

Advertisement

*ਫਾਰਮ ਸਲਾਹਕਾਰ ਸੇਵਾ ਕੇਂਦਰ, ਬਠਿੰਡਾ।

Advertisement
Author Image

sukhwinder singh

View all posts

Advertisement
Advertisement
×