For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਸਿਹਤਮੰਦ ਪਨੀਰੀ ਤਿਆਰ ਕਰਨ ਦੇ ਨੁਕਤੇ

08:09 AM May 20, 2024 IST
ਝੋਨੇ ਦੀ ਸਿਹਤਮੰਦ ਪਨੀਰੀ ਤਿਆਰ ਕਰਨ ਦੇ ਨੁਕਤੇ
Advertisement

ਮਨਿੰਦਰ ਸਿੰਘ*/ਜਗਜੋਤ ਸਿੰਘ ਗਿੱਲ**

ਕਿਸੇ ਵੀ ਫ਼ਸਲ ਦੇ ਚੰਗੇ ਝਾੜ ਦਾ ਮੁੱਢ ਉਸ ਦੇ ਸਿਹਤਮੰਦ ਬੀਜ, ਚੰਗੇ ਜੰਮ ਅਤੇ ਨਰੋਈ ਪਨੀਰੀ ਤੋਂ ਬੱਝਦਾ ਹੈ। ਜਿਨ੍ਹਾਂ ਫ਼ਸਲਾਂ (ਮੱਕੀ, ਕਣਕ ਆਦਿ) ਦੀ ਕਾਸ਼ਤ ਲਈ ਅਸੀਂ ਬੀਜ ਨੂੰ ਸਿੱਧਾ ਖੇਤ ’ਚ ਬੀਜਦੇ ਹਾਂ, ਉੱਥੇ ਬੀਜ ਦਾ ਨਰੋਆਪਣ ਅਤੇ ਚੰਗਾ ਜੰਮ, ਫ਼ਸਲ ਤੋਂ ਪ੍ਰਾਪਤ ਹੋਣ ਵਾਲੇ ਚੰਗੇ ਝਾੜ ਨੂੰ ਨਿਰਧਾਰਤ ਕਰਦਾ ਹੈ। ਕਈ ਫ਼ਸਲਾਂ ਜਿਵੇਂ ਝੋਨਾ ਆਦਿ ਦੀ ਪਹਿਲਾਂ ਥੋੜ੍ਹੀ ਜਗ੍ਹਾ ਵਿੱਚ ਪਨੀਰੀ ਤਿਆਰ ਕੀਤੀ ਜਾਂਦੀ ਹੈ; ਫਿਰ ਪਨੀਰੀ ਖੇਤ ਵਿੱਚ ਲਗਾਈ ਜਾਂਦੀ ਹੈ। ਇਸ ਤਰ੍ਹਾਂ ਦੀਆਂ ਫ਼ਸਲਾਂ ਦੇ ਚੰਗੇ ਝਾੜ ਲਈ ਸਿਹਤਮੰਦ ਅਤੇ ਨਰੋਈ ਪਨੀਰੀ ਮੁੱਢ ਬੰਨ੍ਹਦੀ ਹੈ। ਝੋਨੇ ਦੀ ਤੰਦਰੁਸਤ ਪਨੀਰੀ ਲਈ ਕਾਸ਼ਤਕਾਰੀ ਢੰਗਾਂ, ਕਿਸਮ, ਜ਼ਮੀਨ ਦੀ ਬਣਤਰ, ਉਪਲੱਭਧ ਸਾਧਨ ਆਦਿ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਮੁੱਖ ਤੌਰ ’ਤੇ ਝੋਨੇ ਦੀ ਲਵਾਈ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਪਹਿਲਾ ਹੱਥੀਂ ਪਨੀਰੀ ਲਗਾ ਕੇ ਅਤੇ ਦੂਜਾ ਮਸ਼ੀਨ ਨਾਲ ਪਨੀਰੀ ਲਗਾ ਕੇ। ਦੋਵਾਂ ਢੰਗਾਂ ਲਈ ਪਨੀਰੀ ਬੀਜਣ ਦਾ ਤਰੀਕਾ ਵੀ ਵੱਖੋ-ਵੱਖ ਹੈ।
ਹੱਥੀਂ ਲਵਾਈ ਲਈ ਪਨੀਰੀ
ਬਿਜਾਈ ਦਾ ਸਮਾਂ: ਪੀਆਰ 121, ਪੀਆਰ 122, ਪੀਆਰ 128, ਪੀਆਰ 131, ਪੀਆਰ 114, ਪੀਆਰ 113 ਦੀ ਪਨੀਰੀ ਦੀ ਬਿਜਾਈ ਦਾ ਸਮਾਂ 20-25 ਮਈ ਹੈ। ਪੀਆਰ 127, ਪੀਆਰ 130, ਐਚਕੇਆਰ 47 ਦਾ ਸਮਾਂ 25-31 ਮਈ ਹੈ। ਪੀਆਰ 126 ਦੀ ਪਨੀਰੀ 25 ਮਈ ਤੋਂ 20 ਜੂਨ ਤਕ ਬੀਜੀ ਜਾ ਸਕਦੀ ਹੈ।
ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਪਹਿਲਾਂ ਬੀਜਣਾ ਚਾਹੀਦਾ ਹੈ ਤੇ 25-30 ਦਿਨ ਉਮਰ ਦੀ ਪਨੀਰੀ ਨੂੰ ਖੇਤ ਵਿੱਚ ਲਗਾ ਦੇਣਾ ਚਾਹੀਦਾ ਹੈ। ਪਨੀਰੀ ਨਰਮ ਹੋਣੀ ਚਾਹੀਦੀ ਹੈ; ਪੱਕੜ ਪਨੀਰੀ ਨਹੀਂ ਲਗਾਉਣੀ ਚਾਹੀਦੀ। ਇਸ ਨਾਲ ਬੂਟੇ ਖੇਤ ਵਿੱਚ ਬੂਝਾ ਘੱਟ ਮਾਰਦੇ ਹਨ ਅਤੇ ਜਲਦੀ ਹੀ ਮੁੰਝਰ ਕੱਢ ਲੈਂਦੇ ਹਨ ਜਿਸ ਕਾਰਨ ਝਾੜ ਉੱਤੇ ਮਾੜਾ ਅਸਰ ਪੈਂਦਾ ਹੈ। ਛੋਟੀ ਉਮਰ ਅਤੇ ਜਲਦ ਵਾਧੇ ਵਾਲੀਆਂ ਕਿਸਮਾਂ (ਜਿਵੇਂ ਪੀਆਰ 126) ਦੀ ਪਨੀਰੀ 25 ਦਿਨਾਂ ਵਿੱਚ ਹੀ ਲਗਾਉਣ ਲਈ ਤਿਆਰ ਹੋ ਜਾਂਦੀ ਹੈ। ਇਸ ਨੂੰ ਇਸ ਸਮੇਂ ਲਗਾਉਣ ਨਾਲ ਚੰਗੀ ਪੈਦਾਵਾਰ ਲਈ ਜਾ ਸਕਦੀ ਹੈ। ਜੇ ਝੋਨਾ ਜ਼ਿਆਦਾ ਰਕਬੇ ਵਿੱਚ ਲਗਾਉਣਾ ਹੋਵੇ ਤਾਂ ਸਾਰੀ ਪਨੀਰੀ ਨੂੰ ਇੱਕੋ ਸਮੇਂ ਨਹੀਂ ਬੀਜਣਾ ਚਾਹੀਦਾ ਸਗੋਂ ਪਨੀਰੀ ਨੂੰ ਥੋੜ੍ਹੇ-ਥੋੜ੍ਹੇ ਰਕਬੇ ਉੱਤੇ ਸਮੇਂ ਵਿੱਚ ਅੰਤਰ ਰੱਖ ਕੇ ਬੀਜਣਾ ਚਾਹੀਦਾ ਹੈ।
ਬੀਜ ਮਾਤਰਾ ਅਤੇ ਸੋਧ: ਸੁਧਾਈ ਲਈ ਬੀਜ ਨੂੰ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲਾਉਣਾ ਚਾਹੀਦਾ ਹੈ। ਜਿਹੜਾ ਬੀਜ ਪਾਣੀ ਉੱਤੇ ਤਰ ਜਾਵੇ, ਉਸ ਨੂੰ ਵੱਖ ਕਰ ਲੈਣਾ ਚਾਹੀਦਾ ਹੈ। ਹੇਠਾਂ ਡੁੱਬੇ ਬੀਜ ਨੂੰ ਹੀ ਬਿਜਾਈ ਲਈ ਵਰਤਣਾ ਚਾਹੀਦਾ ਹੈ। ਅਜਿਹੇ ਅੱਠ ਕਿਲੋ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਦੀ ਲਵਾਈ ਲਈ ਕਾਫ਼ੀ ਹੋ ਜਾਂਦੀ ਹੈ। ਬੀਜ ਨੂੰ ਪਾਣੀ ਵਿੱਚੋਂ ਕੱਢ ਕੇ ਬੀਜਣ ਤੋਂ ਪਹਿਲਾਂ 3 ਗ੍ਰਾਮ ਸਪਰਿੰਟ 75 ਡਬਲਊਐਸ ਨੂੰ 10-12 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਨੂੰ ਚੰਗੀ ਤਰ੍ਹਾਂ ਲਗਾ ਲੈਣੀ ਚਾਹੀਦੀ ਹੈ। ਸੋਧੇ ਹੋਏ ਭਿੱਜੇ ਬੀਜ ਨੂੰ ਛਾਂ ਵਾਲੀ ਜਗ੍ਹਾ ਵਿੱਚ ਪਟਸਨ ਦੀਆਂ ਗਿੱਲੀਆਂ ਬੋਰੀਆਂ ਉੱਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਿਲਾਰ ਕੇ ਉੱਪਰੋਂ ਪਟਸਨ ਦੀਆਂ ਗਿੱਲੀਆਂ ਬੋਰੀਆਂ ਨਾਲ ਢਕ ਦੇਣਾ ਚਾਹੀਦਾ ਹੈ; ਢਕੇ ਬੀਜ ਨੂੰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਗਿੱਲਾ ਰੱਖਣਾ ਚਾਹੀਦਾ ਹੈ। ਬੀਜ ਗਿੱਲਾ ਰੱਖਣ ਲਈ ਪਾਣੀ ਦੀ ਮਾਤਰਾ ਨੂੰ ਢੁੱਕਵਾਂ ਰੱਖਣਾ ਚਾਹੀਦਾ ਹੈ। ਜ਼ਿਆਦਾ ਪਾਣੀ ਲਾਉਣ ਦਾ ਕੋਈ ਫ਼ਾਇਦਾ ਨਹੀ ਹੁੰਦਾ। ਇਸ ਤਰ੍ਹਾਂ 24-36 ਘੰਟੇ ਦੇ ਅੰਦਰ ਬੀਜ ਪੁੰਗਰ ਆਉਂਦਾ ਹੈ ਅਤੇ ਇਸ ਪੁੰਗਰੇ ਬੀਜ ਨੂੰ ਖੇਤ ਵਿੱਚ ਛੱਟਾ ਦੇਣਾ ਚਾਹੀਦਾ ਹੈ। ਬੀਜ ਨੂੰ ਜ਼ਿਆਦਾ ਦੇਰ ਤੱਕ ਨਹੀਂ ਦਬਾਉਣਾ ਚਾਹੀਦਾ, ਜੇ ਪੁੰਗਾਰ ਜ਼ਿਆਦਾ ਵੱਡਾ ਹੋ ਜਾਵੇ ਤਾਂ ਟੁੱਟਣ ਅਤੇ ਸੁੱਕਣ ਦਾ ਡਰ ਰਹਿੰਦਾ ਹੈ। ਇਸੇ ਤਰ੍ਹਾਂ ਬੀਜ ਨੂੰ ਗਰਮ ਜਗ੍ਹਾ ਜਾਂ ਧੁੱਪ ਵਿੱਚ ਨਹੀਂ ਦਬਾਉਣਾ ਚਾਹੀਦਾ। ਇਸ ਨਾਲ ਬੀਜ ਭੜਾਸ ਮਾਰ ਜਾਂਦਾ ਹੈ ਅਤੇ ਪੁੰਗਾਰ ਮਰ ਜਾਂਦਾ ਹੈ।
ਜ਼ਮੀਨ ਦੀ ਤਿਆਰੀ ਤੇ ਖਾਦਾਂ: ਖੇਤ ਵਿੱਚ ਬੀਜ ਬੀਜਣ ਤੋਂ ਪਹਿਲਾਂ 12-15 ਟਨ ਪ੍ਰਤੀ ਏਕੜ ਤਿਆਰ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦੇਣਾ ਚਾਹੀਦਾ ਹੈ ਤਾਂ ਜੋ ਜ਼ਮੀਨ ਅਤੇ ਰੂੜੀ ਵਿੱਚ ਪਏ ਨਦੀਨ ਉੱਗ ਪੈਣ। ਨਦੀਨਾਂ ਦੀ ਰੋਕਥਾਮ ਲਈ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲੈਣਾ ਚਾਹੀਦਾ ਹੈ। ਪਨੀਰੀ ਬੀਜਣ ਸਮੇਂ 26 ਕਿਲੋ ਯੂਰੀਆ 60 ਕਿਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡੇਟ ਜਾਂ 25.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਵਿੱਚ ਪਾ ਲੈਣਾ ਚਾਹੀਦਾ ਹੈ। ਖੇਤ ਕੱਦੂ ਕਰ ਕੇ ਜਾਂ ਬਿਨਾਂ ਕੱਦੂ ਕੀਤੇ ਵੀ ਪਨੀਰੀ ਬੀਜੀ ਜਾ ਸਕਦੀ ਹੈ। ਹਲਕੀਆਂ ਜ਼ਮੀਨਾਂ ਵਿੱਚ ਖੇਤ ਕੱਦੂ ਕਰ ਕੇ ਹੀ ਪਨੀਰੀ ਬੀਜਣੀ ਚਾਹੀਦੀ ਹੈ। ਇਸ ਨਾਲ ਪਨੀਰੀ ਵਿੱਚ ਲੋਹੇ ਦੀ ਘਾਟ ਆਉਣ ਦਾ ਖ਼ਦਸ਼ਾ ਨਹੀਂ ਰਹਿੰਦਾ। ਪੁੰਗਰੇ ਬੀਜ ਨੂੰ ਇਕਸਾਰ ਛੱਟਾ ਮਾਰ ਕੇ ਬੀਜ ਦੇਣਾ ਚਾਹੀਦਾ ਹੈ। ਜ਼ਮੀਨ ਨੂੰ ਵਾਰ-ਵਾਰ ਪਾਣੀ ਲਾ ਕੇ ਗਿੱਲਾ ਰੱਖਣਾ ਚਾਹੀਦਾ ਹੈ। ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉਣਾ ਚਾਹੀਦਾ ਹੈ। ਜੇ ਕੁਝ ਕਾਰਨਾਂ ਕਰ ਕੇ ਪਨੀਰੀ ਦੀ ਉਮਰ 45 ਦਿਨਾਂ ਤੋਂ ਵੱਧ ਹੋਣ ਦੀ ਸੰਭਾਵਨਾ ਹੋਵੇ ਤਾਂ ਬਿਜਾਈ ਤੋਂ 4 ਹਫ਼ਤੇ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉਣਾ ਚਾਹੀਦਾ ਹੈ।
ਨਦੀਨਾਂ ਦੀ ਰੋਕਥਾਮ: ਝੋਨੇ ਦੀ ਪਨੀਰੀ ਵਿੱਚ ਨਦੀਨ ਸਮੱਸਿਆ ਪੈਦਾ ਕਰ ਸਕਦੇ ਹਨ। ਮੌਸਮੀ ਘਾਹ, ਸਵਾਂਕ ਆਦਿ ਦੀ ਰੋਕਥਾਮ ਲਈ 1200 ਮਿਲੀਲਿਟਰ ਬੂਟਾਕਲੋਰ 50 ਈਸੀ ਦੇ ਸਿਫ਼ਾਰਸ਼ ਕੀਤੇ ਨਦੀਨਨਾਸ਼ਕਾਂ ਵਿੱਚੋਂ ਕਿਸੇ ਇਕ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 7 ਦਿਨਾਂ ਪਿੱਛੋਂ ਜਾਂ 500 ਮਿਲੀਲਿਟਰ ਸੋਫਿਟ 37.5 ਈਸੀ ਨੂੰ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 3 ਦਿਨਾਂ ਬਾਅਦ ਛੱਟਾ ਦੇਣਾ ਚਾਹੀਦਾ ਹੈ ਜਾਂ 100 ਮਿਲੀਲਿਟਰ ਪ੍ਰਤੀ ਏਕੜ ਨੌਮਿਨੀ ਗੋਲਡ, ਵਾਸ਼ਆਊਟ, ਮਾਚੋ, ਤਾਰਕ 10 ਐਸਸੀ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 15-20 ਦਿਨਾਂ ਬਾਅਦ ਛਿੜਕਾਅ ਕਰੋ।
ਮਸ਼ੀਨੀ ਲਵਾਈ ਲਈ ਪਨੀਰੀ: ਮਸ਼ੀਨੀ ਲਵਾਈ ਲਈ ਪਨੀਰੀ ਤਿਆਰ ਕਰਨ ਲਈ ਪਨੀਰੀ ਦੀ ਬਿਜਾਈ ਝੋਨਾ ਲਗਾਉਣ ਵਾਲੇ ਖੇਤਾਂ ਦੇ ਨੇੜੇ ਕਰੋ। ਪਨੀਰੀ ਬੀਜਣ ਵਾਲੇ ਖੇਤ ਉਪਜਾਊ ਮਿੱਟੀ ਵਾਲੇ ਅਤੇ ਚੰਗੀ ਤਰ੍ਹਾਂ ਪੱਧਰੇ ਹੋਣੇ ਚਾਹੀਦੇ ਹਨ। ਇਹ ਖੇਤ ਟਿਊਬਵੈੱਲ ਜਾਂ ਦਰੱਖਤਾਂ ਤੋਂ ਘੱਟੋ-ਘੱਟ 20 ਮੀਟਰ ਦੀ ਵਿੱਥ ’ਤੇ ਹੋਣੇ ਚਾਹੀਦੇ ਹਨ। ਖੇਤ ਦੀ ਮਿੱਟੀ ਵਿੱਚ ਕਿਸੇ ਤਰ੍ਹਾਂ ਦੇ ਪੱਥਰ, ਰੋੜੇ ਜਾਂ ਸਖ਼ਤ ਚੀਜ਼ ਨਹੀਂ ਹੋਣੀ ਚਾਹੀਦੀ। ਖੇਤ ਨੂੰ ਰੌਣੀ ਕਰ ਲੈਣੀ ਚਾਹੀਦੀ ਹੈ ਅਤੇ ਵੱਤਰ ਆਉਣ ’ਤੇ ਚੰਗੀ ਵਾਹ ਕੇ ਸੁਹਾਗਾ ਮਾਰ ਲੈਣਾ ਚਾਹੀਦਾ ਹੈ। ਤਿਆਰ ਜ਼ਮੀਨ ਉੱਤੇ 50-60 ਗੇਜ ਦੀ ਪਤਲੀ ਅਤੇ 90-100 ਸੈਂਟੀਮੀਟਰ ਚੌੜੀ ਪਲਾਸਟਿਕ ਦੀ ਚਾਦਰ ਜਿਸ ਵਿੱਚ 1-2 ਮਿਲੀਮੀਟਰ ਚੌੜੇ ਸੁਰਾਖ ਕੀਤੇ ਹੋਣ, ਵਿਛਾ ਦੇਣੀ ਚਾਹੀਦੀ ਹੈ। ਇੱਕ ਏਕੜ ਦੀ ਪਨੀਰੀ ਲਈ 15 ਕੁ ਮੀਟਰ ਲੰਬੀ ਚਾਦਰ ਦੀ ਜ਼ਰੂਰਤ ਪੈਂਦੀ ਹੈ। ਵਿਛਾਈ ਹੋਈ ਸ਼ੀਟ ਉੱਤੇ ਲੋੜ ਅਨੁਸਾਰ ਫਰੇਮ ਰੱਖ ਕੇ, ਫਰੇਮ ਦੇ ਦੋਵੇਂ ਪਾਸਿਆਂ ਤੋਂ ਇਕਸਾਰ ਮਿੱਟੀ ਚੁੱਕ ਕੇ ਫਰੇਮ ਵਿੱਚ ਪਾ ਕੇ ਪੱਧਰ ਕਰ ਦਿਉ। ਫਰੇਮ ਦੇ ਖਾਨੇ ਅਤੇ ਨਾਪ ਮਸ਼ੀਨ ਮੁਤਾਬਕ ਹੋਣੇ ਚਾਹੀਦੇ ਹਨ। ਫਰੇਮ ਦੇ ਇਕ ਖਾਨੇ ਦਾ ਨਾਪ ਇੰਜਣ ਵਾਲੀ ਮਸ਼ੀਨ ਲਈ 45X21X2 ਸੈਂਟੀਮੀਟਰ ਅਤੇ ਸਵੈਚਲਿਤ ਮਸ਼ੀਨ ਲਈ 58X28X2 ਸੈਂਟੀਮੀਟਰ ਹੁੰਦਾ ਹੈ। ਪੱਧਰ ਕੀਤੇ ਹਰ ਖਾਨੇ ਵਿੱਚ 50-60 ਗ੍ਰਾਮ ਪੁੰਗਰਿਆ ਹੋਇਆ ਬੀਜ ਇਕਸਾਰ ਇਸ ਤਰ੍ਹਾਂ ਖਿਲਾਰ ਦਿਓ ਕਿ ਇਕ ਸੈਂਟੀਮੀਟਰ ਖੇਤਰਫਲ ਵਿੱਚ 2-3 ਦਾਣੇ ਆਉਣ। ਬੀਜ ਨੂੰ ਇਕਸਾਰ ਖਿਲਾਰਨ ਲਈ ਬੀਜ ਖਿਲਾਰਨ ਵਾਲਾ ਰੋਲਰ ਵੀ ਵਰਤਿਆ ਜਾ ਸਕਦਾ ਹੈ। ਇਕ ਏਕੜ ਵਿੱਚ ਪਨੀਰੀ ਦੀ ਲਵਾਈ ਕਰਨ ਲਈ 10-12 ਕਿਲੋ ਬੀਜ ਕਾਫ਼ੀ ਹੁੰਦਾ ਹੈ; ਇਸ ਤੋਂ ਤਕਰੀਬਨ 150 ਮੈਟ ਤਿਆਰ ਹੋ ਜਾਂਦੇ ਹਨ। ਬੀਜ ਨੂੰ ਮਿੱਟੀ ਦੀ ਬਾਰੀਕ ਪਰਤ ਨਾਲ ਢੱਕਣ ਉਪਰੰਤ ਹੱਥ ਵਾਲੇ ਫੁਆਰੇ ਨਾਲ ਪਾਣੀ ਛਿੜਕ ਦਿਓ। ਬੀਜ ਢਕਣ ਲਈ ਰੋਲਰ ਵੀ ਵਰਤਿਆ ਜਾ ਸਕਦਾ ਹੈ ਜਿਸ ਵਿੱਚ ਛਾਣੀ ਮਿੱਟੀ ਵਰਤਣੀ ਚਾਹੀਦੀ ਹੈ। ਮਿੱਟੀ ਟਿਕ ਜਾਵੇ ਤਾਂ ਫਰੇਮ ਹੌਲੀ ਜਿਹੀ ਚੁੱਕ ਲਵੋ ਅਤੇ ਵਿਛਾਈ ਹੋਈ ਪਲਾਸਟਿਕ ਸ਼ੀਟ ਉੱਤੇ ਅੱਗੇ ਰੱਖ ਦਿਓ ਅਤੇ ਲੋੜ ਮੁਤਾਬਕ ਉੱਪਰ ਦੱਸੀ ਵਿਧੀ ਦੁਹਰਾਓ। ਪਨੀਰੀ ਦੀ ਬਿਜਾਈ ਤੋਂ ਬਾਅਦ ਖੇਤ ਨੂੰ ਪਾਣੀ ਦਿਓ। ਪਹਿਲੇ 2-3 ਪਾਣੀ ਬਹੁਤ ਧਿਆਨ ਨਾਲ ਲ਼ਾਓ, ਪਾਣੀ ਦਾ ਵਹਾਅ ਘੱਟ ਅਤੇ ਇਕਸਾਰ ਹੋਵੇ। ਪਾਣੀ ਹਰ ਰੋਜ਼ ਲਗਾਉਣਾ ਜ਼ਰੂਰੀ ਹੈ।

Advertisement

*ਜ਼ਿਲ੍ਹਾ ਪਸਾਰ ਵਿਗਿਆਨੀ, ਪੀਏਯੂ।
**ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਜਲੰਧਰ ਤੇ ਫ਼ਿਰੋਜ਼ਪੁਰ।

Advertisement
Author Image

sukhwinder singh

View all posts

Advertisement
Advertisement
×