ਹਾੜ੍ਹੀ ਦੇ ਪਿਆਜ਼ਾਂ ਦੀ ਕਾਸ਼ਤ ਲਈ ਨੁਕਤੇ
ਸੰਜੀਵ ਅਹੂਜਾ, ਉਰਵੀ ਸ਼ਰਮਾ, ਸਤਬੀਰ ਸਿੰਘ*
ਪਿਆਜ਼ ਦੇਸ਼ ਭਰ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਦੀਆਂ ਫ਼ਸਲਾਂ ਵਿੱਚੋਂ ਮਹੱਤਵਪੂਰਨ ਫ਼ਸਲ ਹੈ। ਇਸ ਦੀ ਵਰਤੋਂ ਸਲਾਦ, ਸਬਜ਼ੀਆਂ ਤੇ ਮਸਾਲਿਆਂ ਵਜੋਂ ਕੀਤੀ ਜਾਂਦੀ ਹੈ। ਇਸ ਦੀ ਕਾਸ਼ਤ ਕਿਚਨ ਗਾਰਡਨ ਅਤੇ ਵਪਾਰਕ ਪੱਧਰ ’ਤੇ ਕੀਤੀ ਜਾਂਦੀ ਹੈ। ਭਾਰਤ 16.2 ਲੱਖ ਹੈਕਟੇਅਰ ਖੇਤਰ, 266.4 ਲੱਖ ਮੀਟ੍ਰਿਕ ਟਨ ਉਤਪਾਦਨ ਅਤੇ 16.4 ਮਿਲੀਅਨ ਟਨ ਪ੍ਰਤੀ ਹੈਕਟੇਅਰ ਔਸਤ ਝਾੜ ਦੇ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਪਿਆਜ਼ ਉਤਪਾਦਕ ਦੇਸ਼ ਹੈ। ਪੰਜਾਬ ਵਿੱਚ ਇਸ ਫ਼ਸਲ ਹੇਠ ਰਕਬਾ 10.66 ਹਜ਼ਾਰ ਹੈਕਟੇਅਰ ਹੈ ਜਿਸ ਦਾ ਉਤਪਾਦਨ 2.45 ਲੱਖ ਮੀਟਰਿਕ ਟਨ ਹੈ ਅਤੇ ਔਸਤਨ ਝਾੜ 23.6 ਮਿਲੀਅਨ ਟਨ ਪ੍ਰਤੀ ਹੈਕਟੇਅਰ ਹੈ। ਭਾਰਤ ਦੇ ਦੱਖਣ-ਪੱਛਮੀ ਹਿੱਸਿਆਂ ਵਿੱਚ ਹਾੜ੍ਹੀ, ਸਾਉਣੀ ਅਤੇ ਦੇਰ ਸਾਉਣੀ ਦੇ ਮੌਸਮ ਵਿੱਚ ਇੱਕ ਸਾਲ ਵਿੱਚ ਤਿੰਨ ਵਾਰ ਪਿਆਜ਼ ਲਗਾਇਆ ਜਾਂਦਾ ਹੈ ਜਦੋਂਕਿ ਪੰਜਾਬ ਵਿੱਚ ਇਸ ਦੀ ਕਾਸ਼ਤ ਸਾਉਣੀ ਅਤੇ ਹਾੜ੍ਹੀ ਦੋਵਾਂ ਫ਼ਸਲਾਂ ਵਜੋਂ ਕੀਤੀ ਜਾਂਦੀ ਹੈ। ਕਿਸਾਨ ਜ਼ਿਆਦਾਤਰ ਹਾੜ੍ਹੀ ਦੇ ਸੀਜ਼ਨ (ਜਨਵਰੀ-ਅਪਰੈਲ) ਦੌਰਾਨ ਪਿਆਜ਼ ਉਗਾਉਂਦੇ ਹਨ। ਠੰਢੇ ਮੌਸਮ ਦੀ ਫ਼ਸਲ ਹੋਣ ਕਰ ਕੇ ਹਾੜ੍ਹੀ ਦੇ ਪਿਆਜ਼ ਦੀ ਕਾਸ਼ਤ ਵਧ ਔਸਤਨ ਝਾੜ ਦਿੰਦੀ ਹੈ ਅਤੇ ਮਾਰਕੀਟ ਵਿੱਚ ਵਧੀਆ ਦਾਮ ਮਿਲਣ ਵਜੋਂ ਕਿਸਾਨਾਂ ਨੂੰ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਹਾੜ੍ਹੀ ਦੇ ਪਿਆਜ਼ ਨੂੰ ਪੋਪਲਰ ਵਿੱਚ ਅੰਤਰ ਖੇਤੀ ਦੇ ਤੌਰ ’ਤੇ ਵੀ ਲਗਾਇਆ ਜਾਂਦਾ ਹੈ। ਇਸ ਦੀ ਉੱਨਤ ਕਾਸ਼ਤ ਲਈ ਹੇਠ ਲਿਖੀਆਂ ਉਤਪਾਦਨ ਤਕਨੀਕਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ:
ਕਿਸਮਾਂ ਦੀ ਚੋਣ: ਪਿਆਜ਼ ਦੀਆਂ ਹੇਠ ਲਿਖੀਆਂ ਹਾਈਬ੍ਰਿਡ ਅਤੇ ਸੁਧਰੀਆਂ ਕਿਸਮਾਂ ਹਾੜ੍ਹੀ ਦੇ ਮੌਸਮ ਵਿੱਚ ਬੀਜਣ ਲਈ ਢੁਕਵੀਆਂ ਹਨ:
ਪੀ ਓ ਐਚ -1, ਹਾਈਬ੍ਰਿਡ ਦਾ ਝਾੜ 221 ਕੁਇੰਟਲ ਪ੍ਰਤੀ ਏਕੜ। ਪੀ ਆਰ ਓ -7 ਦਾ ਝਾੜ 159 ਕੁਇੰਟਲ ਪ੍ਰਤੀ ਏਕੜ। ਪੀ ਵਾਈ ਓ-1 ਦਾ ਝਾੜ 164 ਕੁਇੰਟਲ ਪ੍ਰਤੀ ਏਕੜ। ਪੀ ਡਬਲਜੂ ਓ -2 ਦਾ ਝਾੜ 155 ਕੁਇੰਟਲ ਪ੍ਰਤੀ ਏਕੜ। ਪੀ ਆਰ ਓ -6 ਦਾ ਝਾੜ 175 ਕੁਇੰਟਲ ਪ੍ਰਤੀ ਏਕੜ। ਪੰਜਾਬ ਵ੍ਹਾਈਟ ਦਾ ਝਾੜ 135 ਕੁਇੰਟਲ ਪ੍ਰਤੀ ਏਕੜ ਅਤੇ ਪੰਜਾਬ ਨਰੋਆ ਦਾ ਝਾੜ 150 ਕੁਇੰਟਲ ਪ੍ਰਤੀ ਏਕੜ ਹੈ।
ਬੀਜਣ ਦਾ ਢੰਗ: ਹਾੜ੍ਹੀ ਦੇ ਪਿਆਜ਼ ਨੂੰ ਸਭ ਤੋਂ ਵਧੀਆ ਪਨੀਰੀ ਤਿਆਰ ਕਰ ਕੇ ਲਗਾਇਆ ਜਾਂਦਾ ਹੈ।
ਪਨੀਰੀ ਤਿਆਰ ਕਰਨਾ: ਨਰਸਰੀ ਬੈਡ ਬਣਾਉਣ ਲਈ ਖੇਤ ਨੂੰ ਦੋ ਜਾਂ ਤਿੰਨ ਵਾਰ ਕਲਟੀਵੇਟਰ ਅਤੇ ਹਲ ਦੀ ਵਰਤੋਂ ਕਰ ਕੇ ਡੂੰਘਾਈ ਨਾਲ ਵਾਹੁਣਾ ਚਾਹੀਦਾ ਹੈ। ਇੱਕ ਏਕੜ ਖੇਤਰ ਵਿੱਚ ਬੂਟੇ ਲਗਾਉਣ ਲਈ 200 ਵਰਗ ਮੀਟਰ (8 ਮਰਲੇ) ਰਕਬੇ ਵਿੱਚ ਨਰਸਰੀ ਤਿਆਰ ਕੀਤੀ ਜਾਂਦੀ ਹੈ। ਨਰਸਰੀ ਬੈੱਡਾਂ ਵਿੱਚ 10 ਕੁਇੰਟਲ ਪ੍ਰਤੀ 8 ਮਰਲੇ ਦੇ ਹਿਸਾਬ ਨਾਲ ਚੰਗੀ ਤਰ੍ਹਾਂ ਸੜੀ ਹੋਈ ਰੁੜੀ ਮਿਲਾਓ। 15 ਸੈਂਟੀਮੀਟਰ ਦੀ ਉਚਾਈ, 1.2 ਮੀਟਰ ਚੌੜਾਈ ਅਤੇ ਕਿਸੇ ਵੀ ਸੁਵਿਧਾਜਨਕ ਲੰਬਾਈ ਵਾਲੇ ਬੈੱਡ ਤਿਆਰ ਕਰੋ। ਬੀਜ ਨੂੰ 1-2 ਸੈਂਟੀਮੀਟਰ ਡੂੰਘਾਈ ’ਤੇ ਕਤਾਰਾਂ (5 ਸੈਂਟੀਮੀਟਰ ਦੀ ਦੂਰੀ) ਵਿੱਚ ਬੀਜੋ। ਬਿਜਾਈ ਤੋਂ ਬਾਅਦ ਬੀਜਾਂ ਉੱਤੇ ਬਾਰੀਕ ਮਿੱਟੀ ਅਤੇ ਭੁਰਭੁਰੀ ਰੂੜੀ ਜਾਂ ਵਰਮੀ ਕੰਪੋਸਟ ਨਾਲ ਢੱਕ ਦਿਓ। ਇਕਸਾਰ ਉੱਗਣ ਲਈ ਹਲਕਾ ਪਾਣੀ ਦਿਓ। ਨਰਸਰੀ ਬੈੱਡਾਂ ਨੂੰ ਝੋਨੇ ਦੀ ਪਰਾਲੀ ਦੀ ਪਤਲੀ ਪਰਤ ਨਾਲ ਢਕਿਆ ਜਾ ਸਕਦਾ ਹੈ।
ਪਿਆਜ਼ ਦੀ ਪਨੀਰੀ ਲਈ ਨਰਸਰੀ ਬੈਡ ਤਿਆਰ ਕਰਨਾ
ਖੇਤ ਦੀ ਤਿਆਰੀ ਅਤੇ ਲੁਆਈ: ਖੇਤ ਨੂੰ ਡੂੰਘਾ ਹਲ ਵਾਹੁਣਾ ਚਾਹੀਦਾ ਹੈ ਅਤੇ ਮਿੱਟੀ ਦੇ ਡਲਿਆਂ ਨੂੰ ਤੋੜਨ ਲਈ ਚੰਗੀ ਤਰ੍ਹਾਂ ਪੱਧਰਾ ਕਰਨਾ ਚਾਹੀਦਾ ਹੈ। ਆਖ਼ਰੀ ਵਾਹੁਣ ਵੇਲੇ ਤਕਰੀਬਨ 20 ਟਨ ਪ੍ਰਤੀ ਏਕੜ ਖਾਦ ਪਾਣੀ ਚਾਹੀਦੀ ਹੈ। ਤਿਆਰ ਪਨੀਰੀ (10-15 ਸੈਂਟੀਮੀਟਰ ਲੰਬਾਈ ਵਾਲੇ ਬੂਟੇ) ਨੂੰ ਪੁੱਟ ਕੇ ਅੱਧ-ਦਸੰਬਰ ਤੋਂ ਮੱਧ-ਜਨਵਰੀ ਦੇ ਵਿਚਕਾਰ 15x7.5 ਸੈਂਟੀਮੀਟਰ ਦੀ ਦੂਰੀ ਉੱਤੇ ਵੱਤਰ ਖੇਤ ਵਿੱਚ ਲਗਾਓ।
ਪ੍ਰਬੰਧਨ: ਹਾੜ੍ਹੀ ਦੇ ਪਿਆਜ਼ ਲਈ N:P:K ਦੀ ਸਿਫ਼ਾਰਸ਼ ਕੀਤੀ ਖ਼ੁਰਾਕ 40:20:20 ਕਿਲੋ ਪ੍ਰਤੀ ਏਕੜ ਹੈ ਜਿਸ ਨੂੰ ਖਾਦਾਂ ਦੀਆਂ ਹੇਠ ਲਿਖੀਆਂ ਖ਼ੁਰਾਕਾਂ ਨਾਲ ਪੂਰਾ ਕੀਤਾ ਜਾ ਸਕਦਾ ਹੈ:
ਯੂਰੀਆ 90 ਕਿਲੋ ਯੂਰੀਆ ਪ੍ਰਤੀ ਏਕੜ ਦੀ ਅੱਧੀ ਖੁਰਾਕ ਲੁਆਈ ਕਰਨ ਤੋਂ ਪਹਿਲਾਂ ਤਿਆਰ ਖੇਤ ਵਿੱਚ ਪਾਓ ਤੇ ਬਾਕੀ ਦੀ ਖੁਰਾਕ 4-6 ਹਫ਼ਤਿਆਂ ਬਾਅਦ ਪਾਓ।
ਸੁਪਰਫ਼ਾਸਫੇਟ 125 ਕਿਲੋ ਪ੍ਰਤੀ ਏਕੜ। ਅਤੇ ਮਿਊਰੇਟ ਆਫ਼ ਪੋਟਾਸ਼ 35 ਕਿਲੋ ਪ੍ਰਤੀ ਏਕੜ ਪਾਓ। ਇਹ ਦੋਵੇਂ ਖੇਤ ਤਿਆਰ ਕਰਨ ਵੇਲੇ (ਲੁਆਈ ਤੋਂ ਪਹਿਲਾਂ) ਪਾਓ।
ਨਦੀਨਾਂ ਦਾ ਪ੍ਰਬੰਧਨ: ਪਿਆਜ਼ ਦੀ ਫ਼ਸਲ ਦੇ ਸਫ਼ਲ ਉਤਪਾਦਨ ਵਿੱਚ ਨਦੀਨਾਂ ਦਾ ਪ੍ਰਬੰਧਨ ਮਹੱਤਵਪੂਰਨ ਹੈ। ਨਦੀਨਾਂ ਦੀ ਰੋਕਥਾਮ ਲਈ ਲੁਆਈ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਕਰ ਕੇ ਕੁੱਲ ਤਿੰਨ ਤੋਂ ਚਾਰ ਗੋਡੀਆਂ ਕਰਨੀਆਂ ਜ਼ਰੂਰੀ ਹਨ। ਨਦੀਨਨਾਸ਼ਕ, ਗੋਲ 23.5 ਈਸੀ (ਆਕਸੀਫਲੋਰਫਿਨ) @ 380 ਮਿਲੀਲਿਟਰ ਪ੍ਰਤੀ ਏਕੜ (ਬਿਜਾਈ ਤੋਂ ਬਾਅਦ 7 ਦਿਨਾਂ ਦੇ ਅੰਦਰ) 200 ਲਿਟਰ ਪਾਣੀ ਦੀ ਵਰਤੋਂ ਕਰ ਕੇ ਵੀ ਨਦੀਨਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਨਦੀਨਨਾਸ਼ਕ ਦੇ ਛਿੜਕਾਅ ਦੇ 3 ਮਹੀਨੇ ਬਾਅਦ ਇੱਕ ਗੋਡੀ ਕਰੋ।
ਪਾਣੀ ਦਾ ਪ੍ਰਬੰਧਨ: ਪਹਿਲੀ ਸਿੰਜਾਈ ਪਨੀਰੀ ਲਾਉਣ ਤੋਂ ਤੁਰੰਤ ਬਾਅਦ ਕਰੋ। ਇਸ ਨੂੰ ਮਿੱਟੀ ਦੀ ਨਮੀ ਦੇ ਆਧਾਰ ’ਤੇ 7-10 ਦਿਨਾਂ ਦੇ ਅੰਤਰਾਲ ’ਤੇ ਸਿੰਜਾਈ ਦੀ ਲੋੜ ਹੁੰਦੀ ਹੈ। ਜਦੋਂ ਫ਼ਸਲ ਪੱਕਣ ’ਤੇ ਪਹੁੰਚ ਜਾਂਦੀ ਹੈ (ਕਟਾਈ ਤੋਂ 10-15 ਦਿਨ ਪਹਿਲਾਂ) ਤਾਂ ਸਿੰਜਾਈ ਨੂੰ ਬੰਦ ਕਰਨ ਦੀ ਲੋੜ ਹੁੰਦੀ ਹੈ।
ਕੀੜੇ-ਮਕੌੜੇ ਅਤੇ ਰੋਗ ਪ੍ਰਬੰਧਨ: ਕੁਝ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਪਿਆਜ਼ ਦੇ ਪੱਤਿਆਂ, ਫੁੱਲਾਂ ਅਤੇ ਬਲਬ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਲਈ ਇਨ੍ਹਾਂ ਦੀ ਨਿਸ਼ਾਨੀਆਂ ਅਤੇ ਰੋਕਥਾਮ ਹੇਠ ਲਿਖੇ ਅਨੁਸਾਰ ਕਰੋ:
ਥ੍ਰਿਪਸ (ਜੂੰ) ਦੇ ਹਲਕੇ ਪੀਲੇ ਰੰਗ ਦੇ ਬੱਚੇ ਤੇ ਥ੍ਰਿਪਸ ਦੇ ਬਾਲਗ ਭੂਕਾਂ ਨੂੰ ਖੁਰਚ ਕੇ ਰਸ ਚੂਸਦੇ ਹਨ ਜੋ ਕੀ ਚਿੱਟੇ ਧੱਬੇ ਪੈਦਾ ਕਰਦੇ ਹਨ। ਇਸ ਦੀ ਰੋਕਥਾਮ ਲਈ 30 ਗ੍ਰਾਮ ਜੰਪ 80 ਡਬਲਯੂ ਜੀ (ਫਿਪਰੋਨਿਲ) ਜਾਂ 250 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਪਿਆਜ਼ ਦੀ ਸੁੰਡੀ ਬਲਬ ਦੇ ਅੰਦਰ ਸੁਰੰਗ ਬਣਾ ਕੇ ਨੁਕਸਾਨ ਪਹੁੰਚਾਉਂਦੀ ਹੈ। ਜੜ੍ਹਾਂ ਵਿੱਚ ਖਾਣ ਦੇ ਨਤੀਜੇ ਵਜੋਂ ਪੌਦੇ ਛੋਟੇ ਰਹਿ ਜਾਂਦੇ ਹਨ। ਅੰਤ ਵਿੱਚ ਪੌਦੇ ਪੀਲੇ ਅਤੇ ਮੁਰਝਾ ਜਾਂਦੇ ਹਨ। ਇਸ ਦੀ ਰੋਕਥਾਮ ਲਈ ਪੌਦਿਆਂ ਦੇ ਮਲਬੇ ਨੂੰ ਹਟਾਓ। ਲਾਗ ਵਾਲੇ ਪੌਦਿਆਂ ਨੂੰ ਗੰਡਿਆਂ ਦੇ ਨਾਲ ਨਸ਼ਟ ਕਰੋ।
ਬਿਮਾਰੀਆਂ: ਜਾਮਨੀ ਧੱਬਾ ਬਿਮਾਰੀ ਨਾਲ ਭੂੂਕਾਂ ’ਤੇ ਛੋਟੇ ਜਾਮਨੀ ਧੱਬੇ ਦਿਖਾਈ ਦਿੰਦੇ ਹਨ। ਇਹ ਧੱਬੇ ਵੱਡੇ ਹੋ ਜਾਂਦੇ ਹਨ ਅਤੇ ਆਖ਼ਰਕਾਰ ਇੱਕ ਪੀਲੇ ਕਿਨਾਰੇ ਵਾਲੇ ਧੱਬੇ ਵਿੱਚ ਬਦਲ ਜਾਂਦੇ ਹਨ।
ਪੀਲੇ ਧੱਬੇ (ਡਾਊਨੀ ਫ਼ਫ਼ੂੰਦੀ) ਭੂਕਾਂ ਦੇ ਵਿਚਕਾਰ ਸਲੇਟੀ ਉੱਲੀ ਦੇ ਵਿਕਾਸ ਵਜੋਂ ਪ੍ਰਭਾਵਿਤ ਉੱਪਰਲੇ ਹਿੱਸੇ ’ਤੇ ਪੀਲੇ ਧੱਬੇ ਪੈ ਜਾਂਦੇ ਹਨ। ਅੰਤ ਵਿੱਚ ਭੂਰੇ ਤੇ ਸੁੱਕੇ ਝੁਲਸੇ ਹੋਏ ਪੌਦੇ ਦਿਖਦੇ ਹਨ।
ਸਟੈਂਫਿਲੀਅਮ ਝੁਲਸ ਰੋਗ ਨਾਲ ਛੋਟੀਆਂ ਪੀਲੀਆਂ ਤੋਂ ਸੰਤਰੀ ਧਾਰੀਆਂ ਭੂਕਾਂ ’ਤੇ ਦਿਖਾਈ ਦਿੰਦਿਆਂ ਹਨ।
ਇਨ੍ਹਾਂ ਦੀ ਰੋਕਥਾਮ ਲਈ ਬਿਮਾਰੀ ਰਹਿਤ ਬੀਜ ਦੀ ਵਰਤੋਂ ਕਰੋ। ਜਿਵੇਂ ਹੀ ਬਿਮਾਰੀ ਦੇ ਪਹਿਲੇ ਲੱਛਣ ਦਿਖਾਈ ਦਿੰਦੇ ਹਨ 300 ਗ੍ਰਾਮ ਕੇਵੀਅਟ 25 ਡਬਲਯੂ ਜੀ ਜਾਂ 600 ਗ੍ਰਾਮ ਇੰਡੋਫਿਲ ਐਮ-45 ਦੇ ਨਾਲ 200 ਮਿਲੀਲੀਟਰ ਟਰਾਈਟੋਨ ਜਾਂ ਤਿਲ ਦਾ ਤੇਲ 200 ਲਿਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ ਛਿੜਕਾਅ ਕਰੋ। ਉਸ ਤੋਂ ਬਾਅਦ, ਬਿਮਾਰੀ ਦੀ ਗੰਭੀਰਤਾ ਦੇ ਆਧਾਰ ’ਤੇ 10 ਦਿਨਾਂ ਦੇ ਅੰਤਰਾਲ ’ਤੇ ਛਿੜਕਾਅ ਕਰੋ।
*ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ।