For the best experience, open
https://m.punjabitribuneonline.com
on your mobile browser.
Advertisement

ਡਰੈਗਨ ਫਰੂਟ ਦੀ ਕਾਸ਼ਤ ਲਈ ਨੁਕਤੇ

11:37 AM Aug 24, 2024 IST
ਡਰੈਗਨ ਫਰੂਟ ਦੀ ਕਾਸ਼ਤ ਲਈ ਨੁਕਤੇ
Advertisement

ਜਸਵਿੰਦਰ ਸਿੰਘ ਬਰਾੜ/ਅਮਰਦੀਪ ਕੌਰ/ ਕਿਰਨਦੀਪ ਕੌਰ
ਡਰੈਗਨ ਫਰੂਟ ਕੈਕਟਸ ਸ਼੍ਰੇਣੀ ਦਾ ਵੇਲ-ਨੁੰਮਾਂ ਪੌਦਾ ਹੁੰਦਾ ਹੈ। ਆਮ ਤੌਰ ’ਤੇ ਇਸ ਫਲ ਦੀ ਕਾਸ਼ਤ ਗਰਮ ਖੇਤਰਾਂ ਵਿੱਚ ਕੀਤੀ ਜਾਂਦੀ ਹੈ ਪਰ ਇਸ ਨੂੰ ਅਰਧ-ਗਰਮ ਖੇਤਰਾਂ ਵਿੱਚ ਵੀ ਉਗਾਇਆ ਜਾ ਸਕਦਾ ਹੈ। ਇਸ ਫਲ ਹੇਠ ਰਕਬੇ ਵਿੱਚ ਪੰਜਾਬ ਸਣੇ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਡਰੈਗਨ ਫਰੂਟ ਦੀ ਉੱਚ ਬਾਜ਼ਾਰੀ ਕੀਮਤ ਅਤੇ ਖ਼ੁਰਾਕੀ ਤੱਤਾਂ ਦੀ ਭਰਪੂਰ ਮਾਤਰਾ ਹੋਣ ਕਰ ਕੇ ਇਸ ਨੂੰ ਹੁਣ ‘ਸੁਪਰ ਫਲ’ ਕਿਹਾ ਜਾਂਦਾ ਹੈ। ਆਮ ਤੌਰ ’ਤੇ ਵਪਾਰਕ ਪੱਧਰ ’ਤੇ ਕਾਸ਼ਤ ਕੀਤੇ ਜਾਂਦੇ ਡਰੈਗਨ ਫਰੂਟ ਨੂੰ ਮੁੱਖ ਤੌਰ ’ਤੇ ਦੋ ਕਿਸਮਾਂ ਭਾਵ ਚਿੱਟੇ ਗੁੱਦੇ ਅਤੇ ਲਾਲ ਗੁੱਦੇ ਵਾਲੀਆਂ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਇਸ ਦੇ ਫਲਾਂ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ ਖ਼ਾਸ ਕਰ ਕੇ ਲਾਲ ਗੁੱਦੇ ਵਾਲੇ ਫਲਾਂ ਵਿੱਚ ਬੀਟਾ-ਕੈਰੋਟੀਨ, ਫਿਨੋਲਸ, ਫਲੇਵਾਨੋਲ ਆਦਿ ਵਰਗੇ ਫਾਈਟੋਕੈਮੀਕਲਜ਼ ਕਾਫ਼ੀ ਮਾਤਰਾ ਵਿੱਚ ਉਪਲੱਬਧ ਹੁੰਦੇ ਹਨ। ਡਰੈਗਨ ਫਰੂਟ ਵਿੱਚ ਕੈਲਸ਼ੀਅਮ, ਫਾਸਫੋਰਸ, ਜ਼ਿੰਕ ਅਤੇ ਮੈਗਨੀਸ਼ੀਅਮ ਵਰਗੇ ਖਣਿਜਾਂ ਅਤੇ ਵੱਖ-ਵੱਖ ਵਿਟਾਮਿਨਾਂ ਅਤੇ ਫਾਈਬਰ ਦੀ ਵੀ ਮਾਤਰਾ ਕਾਫ਼ੀ ਹੁੰਦੀ ਹੈ।
ਇਸ ਫਲ ਦੀ ਮਹੱਤਤਾ ਅਤੇ ਮੰਗ ਨੂੰ ਦੇਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਦੋ ਕਿਸਮਾਂ ਪੰਜਾਬ ਵਿੱਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਹਨ; ਇਨ੍ਹਾਂ ਵਿਚੋਂ ਰੈਡ ਡਰੈਗਨ-1 ਕਿਸਮ ਦੇ ਫਲ ਚਮਕਦਾਰ ਲਾਲ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦਾ ਔਸਤਨ ਭਾਰ 325 ਗ੍ਰਾਮ ਹੁੰਦਾ ਹੈ। ਇਸ ਕਿਸਮ ਤੋਂ ਚਾਰ ਸਾਲ ਦੇ ਬੂਟਿਆਂ ਤੋਂ ਔਸਤਨ 8.35 ਕਿਲੋ ਪ੍ਰਤੀ ਖੰਭਾ ਝਾੜ ਪ੍ਰਾਪਤ ਹੋ ਜਾਂਦਾ ਹੈ। ਇਸ ਕਿਸਮ ਦੇ ਫਲਾਂ ਦਾ ਗੁੱਦਾ ਗੂੜਾ ਜਾਮਣੀ-ਲਾਲ ਰੰਗ ਦਾ ਹੁੰਦਾ ਹੈ। ਇਸ ਵਿੱਚ ਛੋਟੇ ਆਕਾਰ ਦੇ ਕਾਲੇ ਰੰਗ ਦੇ ਬੀਜ ਖਿਲਰੇ ਹੁੰਦੇ ਹਨ। ਇਸੇ ਤਰ੍ਹਾਂ ਵ੍ਹਾਈਟ ਡਰੈਗਨ-1 ਕਿਸਮ ਬਾਹਰੋਂ ਗੁਲਾਬੀ-ਲਾਲ ਰੰਗ ਦੇ ਹੁੰਦੇ ਹਨ ਪਰ ਇਨ੍ਹਾਂ ਦਾ ਗੁੱਦਾ ਸਫ਼ੈਦ ਹੁੰਦਾ ਹੈ। ਇਸ ਦੇ ਫਲਾਂ ਦਾ ਔਸਤਨ ਭਾਰ 285 ਗ੍ਰਾਮ ਹੁੰਦਾ ਹੈ ਅਤੇ ਚਾਰ ਸਾਲ ਦੇ ਬੂਟਿਆਂ ਤੋਂ ਔਸਤਨ 8.75 ਕਿਲੋ ਪ੍ਰਤੀ ਖੰਭਾ ਝਾੜ ਪ੍ਰਾਪਤ ਹੋ ਜਾਂਦਾ ਹੈ। ਇਸ ਦੇ ਫਲਾਂ ਵਿੱਚ ਆਇਰਨ, ਜ਼ਿੰਕ ਅਤੇ ਮੈਂਗਨੀਜ਼ ਕਾਫ਼ੀ ਮਾਤਰਾ ਵਿੱਚ ਉਪਲੱਬਧ ਹੁੰਦਾ ਹੈ। ਪੰਜਾਬ ਵਿੱਚ ਡਰੈਗਨ ਫਰੂਟ ਦੇ ਫਲ ਜੁਲਾਈ ਤੋਂ ਨਵੰਬਰ ਮਹੀਨਿਆਂ ਦੌਰਾਨ ਉਪਲਬੱਧ ਹੁੰਦੇ ਹਨ।
ਵਪਾਰਕ ਪੱਧਰ ’ਤੇ ਡਰੈਗਨ ਫ਼ਰੂਟ ਦੀ ਕਾਸ਼ਤ ਲਈ ਨੁਕਤੇ: ਇਸ ਫਲ ਦੀ ਕਾਸ਼ਤ ਕਰਨ ਲਈ ਸ਼ੁਰੂਆਤੀ ਲਾਗਤ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸ ਲਈ ਵਪਾਰਕ ਪੱਧਰ ’ਤੇ ਕਾਸ਼ਤ ਕਰਨ ਲਈ ਚੰਗੀ ਤਰ੍ਹਾਂ ਘੋਖ-ਪੜਤਾਲ ਕਰ ਲੈਣੀ ਚਾਹੀਦੀ ਹੈ। ਇਸ ਫਲ ਬਾਰੇ ਮਾਹਿਰਾਂ ਤੋਂ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਇਸ ਦੀ ਕਾਸ਼ਤ ਲਈ ਨਿਮਨ ਲਿਖਤ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।
* ਡਰੈਗਨ ਫਰੂਟ ਦੀ ਕਾਸ਼ਤ ਲਈ ਸ਼ੁਰੂਆਤੀ ਲਾਗਤ ਜ਼ਿਆਦਾ ਹੋਣ ਕਰ ਕੇ ਅਤੇ ਇਸ ਫਲ ਦੀ ਕਾਸ਼ਤ ਬਾਕੀ ਫਲਾਂ ਨਾਲੋਂ ਨਿਵੇਕਲੀ ਹੋਣ ਕਾਰਨ ਇਕਦਮ ਇਸ ਫਲ ਹੇਠ ਬਹੁਤ ਜ਼ਿਆਦਾ ਰਕਬਾ ਨਾ ਲਿਆਉ। ਇਸ ਹੇਠ ਰਕਬੇ ਵਿੱਚ ਸਾਲ ਦਰ ਸਾਲ ਵਾਧਾ ਕੀਤਾ ਜਾ ਸਕਦਾ ਹੈ।
* ਇਸ ਦੀ ਕਾਸ਼ਤ ਕਰਨ ਲਈ ਕਿਸਮ ਦੀ ਚੋਣ ਬਹੁਤ ਅਹਿਮੀਅਤ ਰੱਖਦੀ ਹੈ ਇਸ ਲਈ ਇਸ ਦੀ ਕਾਸ਼ਤ ਲਈ ਬਾਗ਼ਬਾਨੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰ ਲਵੋ। ਆਮ ਤੌਰ ’ਤੇ ਦੂਜੇ ਸੂਬਿਆਂ ਤੋਂ ਆ ਰਹੇ ਪਾਲੀਥੀਨ ਦੇ ਲਿਫ਼ਾਫ਼ਿਆਂ ਵੱਚ ਲੱਗੇ ਬੂਟੇ ਨੀਮਾਟੋਡ ਨਾਲ ਗ੍ਰਸਤ ਹੁੰਦੇ ਹਨ, ਇਸ ਲਈ ਕਦੇ ਵੀ ਇਸ ਤਰ੍ਹਾਂ ਦੇ ਬੂਟੇ ਨਾ ਲਗਾਉ। ਇਸ ਲਈ ਸਿਰਫ਼ ਕਲਮਾਂ ਲਿਆ ਕੇ ਇਸ ਦੇ ਬੂਟੇ ਆਪ ਤਿਆਰ ਕਰੋ ਜੋ ਸਸਤੇ ਵੀ ਪੈਣਗੇ ਅਤੇ ਨੀਮਾਟੋਡ ਆਦਿ ਦੀ ਸਮੱਸਿਆ ਤੋਂ ਵੀ ਰਹਿਤ ਹੋਣਗੇ।
* ਹਾਲਾਂਕਿ ਇਹ ਫਲ ਕਈ ਤਰ੍ਹਾਂ ਦੀਆਂ ਮਿੱਟੀਆਂ ’ਤੇ ਉਗਾਇਆ ਜਾ ਸਕਦਾ ਹੈ, ਪਰ ਦਰਮਿਆਨੀ, ਚੰਗੇ ਜਲ ਨਿਕਾਸ ਵਾਲੀ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਮਿੱਟੀ ਡਰੈਗਨ ਫਰੂਟ ਦੀ ਕਾਸ਼ਤ ਲਈ ਬਹੁਤ ਢੁਕਵੀਂ ਹੁੰਦੀ ਹੈ। ਬਹੁਤ ਜ਼ਿਆਦਾ ਰੇਤਲੀ ਅਤੇ ਮਾੜੇ ਜਲ ਨਿਕਾਸ ਵਾਲੀ ਮਿੱਟੀ ’ਤੇ ਡਰੈਗਨ ਫਰੂਟ ਦੀ ਕਾਸ਼ਤ ਤੋਂ ਪ੍ਰਹੇਜ਼ ਕਰੋ।
* ਇਹ ਫਲ ਸਖ਼ਤ ਮੌਸਮੀ ਸਥਿਤੀਆਂ ਨੂੰ ਕਾਫ਼ੀ ਹੱਦ ਤੱਕ ਸਹਿਣਸ਼ੀਲ ਹੁੰਦਾ ਹੈ ਪਰ ਮਈ-ਜੂਨ ਦੌਰਾਨ ਤੇਜ਼ ਧੁੱਪ ਅਤੇ ਖੁਸ਼ਕੀ ਕਾਰਨ ਇਸ ਦੇ ਬੂਟਿਆਂ ਦੀਆਂ ਸ਼ਾਖਾਵਾਂ ’ਤੇ ਪਿਲੱਤਣ ਫਿਰ ਸਕਦੀ ਅਤੇ ਅਤੇ ਨਾਜ਼ੁਕ ਸਿਰਿਆਂ ’ਤੇ ਸਾੜਾ ਪੈ ਸਕਦਾ ਹੈ । ਇਸੇ ਤਰ੍ਹਾਂ ਸਰਦੀਆਂ ਵਿੱਚ ਜ਼ਿਆਦਾ ਠੰਢ ਅਤੇ ਕੋਰੇ ਨਾਲ ਵੀ ਨਵੀਆਂ ਸ਼ਾਖਾਵਾਂ ਨੁਕਸਾਨੀਆਂ ਜਾ ਸਕਦੀਆਂ ਹਨ। ਸੁਚੱਜੇ ਪ੍ਰਬੰਧ ਨਾਲ ਇਸ ਦੀ ਨੁਕਸਾਨ ਦਰ ਘਟਾਈ ਜਾ ਸਕਦੀ ਹੈ। ਇਸ ਦੀ ਕਾਸ਼ਤ ਵਾਲੇ ਖੇਤਰ ਦੀ ਚੋਣ ਕਿਸੇ ਉੱਚੇ ਦਰੱਖਤਾਂ ਦੀ ਅੋਟ ਵਾਲੇ ਖੇਤਰ ਵਿੱਚ ਕਰੋ। ਹੋ ਸਕੇ ਤਾਂ ਅੱਧ-ਪਚੱਧ ਛਾਂਦਾਰ ਖੇਤਰ ਨੂੰ ਪਹਿਲ ਦਿਉ। ਇਸ ਨੂੰ ਜ਼ਿਆਦਾ ਗਰਮੀ ਤੋਂ ਬਚਾਉਣ ਲਈ ਉੱਚੇ ਕੱਦ ਵਾਲੀਆਂ ਅੰਤਰ-ਫ਼ਸਲਾਂ ਜਿਵੇਂ ਕਿ ਸੁਹੰਜਣਾ, ਮੱਕੀ, ਜੰਤਰ ਆਦਿ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਬਹੁਤ ਜ਼ਿਆਦਾ ਗਰਮੀ ਜਾਂ ਕੋਰੇ ਨਾਲ ਇਸ ਦੀਆਂ ਸ਼ਾਖਾਵਾਂ ਦਾ ਨੁਕਸਾਨ ਹੋਣ ਦੀ ਸਥਿਤੀ ਵਿੱਚ ਨੁਕਸਾਨੇ ਭਾਗਾਂ ਨੂੰ ਕੱਟ ਕੇ ਬੋਰਡੋ ਮਿਸ਼ਰਨ ਦਾ ਛਿੜਕਾਅ ਕਰੋ।
* ਡਰੈਗਨ ਫਰੂਟ ਦੇ ਪੌਦੇ ਫਰਵਰੀ-ਮਾਰਚ ਅਤੇ ਜੁਲਾਈ-ਸਤੰਬਰ ਦੇ ਮਹੀਨੇ ਲਗਾਏ ਜਾ ਸਕਦੇ ਹਨ। ਇਸ ਦੇ ਪੌਦਿਆਂ ਨੂੰ ਸੀਮਿੰਟ ਦੇ ਮਜ਼ਬੂਤ ਖੰਭੇ ਗੱਡ ਕੇ ਉੱਚੇ ਬੈੱਡਾਂ ’ਤੇ ਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਇਹ ਮਿੱਟੀ ਦੀ ਜ਼ਿਆਦਾ ਨਮੀ ਜਾਂ ਪਾਣੀ ਦੇ ਖੜ੍ਹੋਤ ਤੋਂ ਸੁਰੱਖਿਅਤ ਰਹਿਣ। ਆਮ ਤੌਰ ’ਤੇ ਇਸ ਦੇ ਪੌਦੇ ਸਿੰਗਲ ਪੋਲ ਪ੍ਰਣਾਲੀ ਵਿੱਚ 10×10 ਫੁੱਟ ਜਾਂ 12×8 ਫੁੱਟ ਦੀ ਦੂਰੀ ’ਤੇ ਲਾਏ ਜਾਂਦੇ ਹੈ। ਬੂਟਿਆਂ ਨੂੰ ਖੰਭਿਆਂ ਦੇ ਬਿਲਕੁਲ ਨੇੜੇ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਸਾਨੀ ਨਾਲ ਉਸ ਉੱਪਰ ਚੜ੍ਹ ਸਕਣ। ਖੰਭਿਆਂ ਦੇ ਸਾਰੇ ਪਾਸੇ ਚਾਰ ਪੌਦੇ ਲਗਾਉਣੇ ਚਾਹੀਦੇ ਹਨ। ਇਸ ਫਲ ਦੇ ਨਵੇਂ ਬੂਟੇ ਲਗਾਉਣ ਤੋਂ 15 ਦਿਨ ਪਹਿਲਾਂ ਹਰ ਖੰਭੇ ਦੁਆਲੇ 15-20 ਕਿਲੋ ਗਲੀ-ਸੜੀ ਰੂੜੀ ਵਾਲੀ ਖਾਦ ਪਾਓ ਅਤੇ ਮਿੱਟੀ ਵਿੱਚ ਮਿਲਾ ਦਿਉ। ਇਸ ਦੀ ਕਾਸ਼ਤ ਲਈ ਟਰੈਲਿਸ ਢਾਂਚਾ ਵੀ ਲਗਾਇਆ ਜਾ ਸਕਦਾ ਹੈ ਪਰ ਇਹ ਢਾਂਚਾ ਪੂਰਾ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਕਿ ਅਉਣ ਵਾਲੇ ਸਾਲਾਂ ਵਿੱਚ ਇਹ ਬੂਟਿਆਂ ਦਾ ਭਾਰ ਸਹਿਣ ਕਰ ਸਕੇ।
* ਬੂਟਿਆਂ ਨੂੰ ਖੰਭਿਆਂ ਦੇ ਨਾਲ-ਨਾਲ ਚੜ੍ਹਾਉਣ ਲਈ ਇਨ੍ਹਾਂ ਨੂੰ ਲਗਾਤਾਰ ਪਲਾਸਟਿਕ ਦੀ ਰੱਸੀ ਨਾਲ ਬੰਨ੍ਹਦੇ ਰਹੋ ਅਤੇ ਜਦੋਂ ਬੂਟੇ ਵਧ ਕੇ ਉੱਪਰਲੇ ਚੱਕਰ ਤੋਂ ਬਾਹਰ ਆ ਜਾਣ ਤਾਂ ਇਨ੍ਹਾਂ ਦੀ ਕਟਾਈ ਕਰੋ ਤਾਂ ਕਿ ਵਧੇਰੇ ਸ਼ਾਖਾਵਾਂ ਨਿੱਕਲ ਆਉਣ। ਜ਼ਮੀਨ ਤੋਂ ਲੈ ਕੇ ਉੱਪਰਲੇ ਚੱਕਰ ਤੱਕ ਬੂਟਿਆਂ ਦੇ ਪਾਸੇ ਤੋਂ ਨਿਕਲ ਰਹੇ ਫੁਟਾਰੇ ਨੂੰ ਕੱਟਦੇ ਰਹੋ। ਇਸੇ ਤਰ੍ਹਾਂ ਟਰੈਲਿਸ ਸਿਸਟਮ ਲਈ ਵੀ ਤਾਰਾਂ, ਬਾਂਸ ਦੀ ਸੋਟੀਆਂ ਜਾਂ ਫਾਕੜਾਂ ਦਾ ਇਸਤੇਮਾਲ ਕਰੋ।
* ਡਰੈਗਨ ਫਰੂਟ ਦੇ ਚੰਗੇ ਵਾਧੇ ਅਤੇ ਵਿਕਾਸ ਵਿੱਚ ਦੇਸੀ ਖਾਦਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ। ਇਸ ਫਲ ਲਈ ਗੋਬਰ ਦੀ ਸੱਲਰੀ ਅਤੇ ਰੂੜੀ ਵਾਲੀ ਖਾਦ ਬਹੁਤ ਫ਼ਇਦੇਮੰਦ ਹੁੰਦੀ ਹੈ। ਅੱਧ ਜਨਵਰੀ-ਫਰਵਰੀ ਮਹੀਨੇ ਇਸ ਦਾ ਇਸਤੇਮਾਲ ਕਰੋ। ਰਸਾਇਣਕ ਖਾਦਾਂ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਵਰਤੋ।
* ਭਾਵੇਂਕਿ ਇਹ ਫਸਲ ਕੈਕਟਸ ਪਰਿਵਾਰ ਨਾਲ ਸਬੰਧਤ ਹੈ, ਪਰ ਇਸ ਨੂੰ ਨਾਜ਼ੁਕ ਸਮੇਂ ਜਿਵੇਂ ਮਾਰਚ ਤੋਂ ਅਖੀਰ ਜੂਨ ਤੱਕ ਲਗਾਤਾਰ ਅਤੇ ਹਲਕੇ ਪਾਣੀਆਂ ਦੀ ਲੋੜ ਹੁੰਦੀ ਹੈ। ਬੂਟੇ ਦੇ ਚੰਗੇਰੇ ਵਾਧੇ ਅਤੇ ਫਲਾਂ ਦੇ ਵਿਕਾਸ ਦੌਰਾਨ ਮਿੱਟੀ ਦੀ ਨਮੀ ਬਣਾਈ ਰੱਖਣ ਲਈ ਤੁਪਕਾ ਸਿੰਚਾਈ ਪ੍ਰਣਾਲੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਜ਼ਮੀਨ ਵਿੱਚ ਜ਼ਿਆਦਾ ਨਮੀ ਅਤੇ ਪਾਣੀ ਖੜ੍ਹਨ ਦੀ ਸਥਿਤੀ ਤੋਂ ਬੂਟਿਆਂ ਨੂੰ ਬਚਾਉਣਾ ਚਾਹੀਦਾ ਹੈ। ਇਸ ਕਰ ਕੇ ਇਸ ਫਲ ਦੇ ਪੌਦੇ/ ਖੰਭੇ ਦੇ ਆਲੇ-ਦੁਆਲੇ ਉੱਚਾ ਬੈਡ ਬਣਾਉਣਾ ਚਾਹੀਦਾ ਹੈ।

Advertisement

Advertisement
Advertisement
Author Image

sanam grng

View all posts

Advertisement