ਨਰਮੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਕਰਨ ਸਬੰਧੀ ਸੁਝਾਅ
ਹਰਮਿੰਦਰ ਕੌਰ ਦਿਉਸੀ, ਅਮਨਦੀਪ ਕੌਰ ਅਤੇ ਵਿਜੇ ਕੁਮਾਰ*
ਨਰਮਾ ਕਪਾਹ ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹੇ ਮਾਨਸਾ, ਮੁਕਤਸਰ, ਫ਼ਰੀਦਕੋਟ, ਬਠਿੰਡਾ ਅਤੇ ਫਾਜ਼ਿਲਕਾ ਆਦਿ ਜ਼ਿਲ੍ਹਿਆਂ ਦੀ ਸਾਉਣੀ ਦੀ ਮੁੱਖ ਫ਼ਸਲ ਹੈ। ਪਿਛਲੇ ਦਹਾਕੇ ਵਿੱਚ ਨਰਮੇ ਦੀ ਫ਼ਸਲ ਲਈ ਕੀੜਿਆਂ ਦੀ ਰੋਕਥਾਮ ਇੱਕ ਚੁਣੌਤੀ ਬਣੀ ਰਹੀ ਹੈ। ਪਰ ਜੇ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਸਮੇਂ ਰਹਿੰਦੇ ਅਤੇ ਉੱਚ ਤਕਨੀਕੀ ਮਾਹਿਰਾਂ ਮੁਤਾਬਕ ਕੀਤੀ ਜਾਵੇ ਤਾਂ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ। ਇਸੇ ਸਬੰਧ ਵਿੱਚ ਕਿਸਾਨਾਂ ਨਾਲ ਕੁੱਝ ਨੁਕਤੇ ਸਾਂਝੇ ਕਰ ਰਹੇ ਹਾਂ ਤਾਂ ਜੋ ਫ਼ਸਲੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਲਈ ਸੁਝਾਅ: ਕੀੜਿਆਂ ਦੀ ਸਰਵਪੱਖੀ ਰੋਕਥਾਮ ਇੱਕ ਮਾਤਰ ਤਰੀਕਾ ਹੈ ਜਿਸ ਦੀਆਂ ਸਿਫ਼ਾਰਸ਼ਾਂ ਨੂੰ ਅਪਣਾ ਕੇ ਅਸੀਂ ਨਰਮੇ ਕਪਾਹ ’ਤੇ ਹੋਣ ਵਾਲੇ ਨੁਕਸਾਨ ਨੂੰ ਘੱਟ ਕਰ ਸਕਦੇ ਹਾਂ।
ਚਿੱਟੀ ਮੱਖੀ: ਰਸ ਚੂਸਣ ਵਾਲੇ ਕੀੜਿਆਂ ਵਿੱਚੋਂ ਚਿੱਟੀ ਮੱਖੀ ਦੀ ਰੋਕਥਾਮ ਸਭ ਤੋਂ ਮਹੱਤਵਪੂਰਨ ਹੈ। ਇਸ ਲਈ ਇਸ ਦਾ ਜੀਵਨ ਚੱਕਰ ਵੱਲ ਧਿਆਨ ਦੇਣਾ ਜ਼ਰੂਰੀ ਹੈ। ਇਸ ਕੀੜੇ ਦੀਆਂ 4 ਜੀਵਨ ਅਵਥਾਵਾਂ ਜਿਵੇਂ ਆਂਡਾ, ਬੱਚਾ, ਪਿਊਪਾ ਅਤੇ ਬਾਲਗ ਆਦਿ ਹੁੰਦੀਆਂ ਹਨ। ਮਾਦਾ ਮੱਖੀ ਔਸਤਨ 57 ਆਂਡੇ ਦੇ ਸਕਦੀ ਹੈ, ਆਂਡੇ ਵਿੱਚੋਂ ਨਿਕਲੇ ਬੱਚੇ ਚਪਟੇ ਅਤੇ ਆਂਡਾਕਾਰ ਹੁੰਦੇ ਹਨ। ਇਹ ਬੱਚੇ ਭੋਜਨ ਦੀ ਪ੍ਰਾਪਤੀ ਲਈ ਪੱਤੇ ਦੇ ਹੇਠਾਂ ਚਿਪਕ ਜਾਂਦੇ ਹਨ ਅਤੇ ਪਿਊਪਾ 3-9 ਦਿਨਾਂ ਤੱਕ ਰਹਿੰਦਾ ਹੈ ਅਤੇ ਅਖੀਰ ਵਿੱਚ ਬਾਲਗ ਮਾਦਾ 5-6 ਅਤੇ ਨਰ ਬਾਲਗ 4-5 ਦਿਨ ਰਹਿੰਦਾ ਹੈ। ਚਿੱਟੀ ਮੱਖੀ ਆਪਣਾ ਪੂਰਾ ਜੀਵਨ ਕਾਲ 26-44 ਦਿਨਾਂ ਵਿੱਚ ਪੂਰਾ ਕਰਦੀ ਹੈ। ਇਹ ਮੱਖੀ ਛੋਟੀ ਉਡਾਣ ਭਰਦੀ ਹੈ ਪਰ ਹਵਾ ਦੇ ਵਹਾਅ ਨਾਲ ਲੰਮੀ ਦੂਰੀ ਤੈਅ ਕਰਦੀ ਹੈ। ਬੱਚੇ ਅਤੇ ਬਾਲਗ ਦੋਵੇਂ ਹੀ ਪੱਤੇ ਤੋਂ ਰਸ ਚੂਸਦੇ ਹਨ ਜਿਸ ਦੇ ਨਤੀਜੇ ਵਜੋਂ ਪੱਤੇ ਪੀਲੇ ਅਤੇ ਝੁਰੜ-ਮੁਰੜ ਦਿਖਾਈ ਦਿੰਦੇ ਹਨ। ਇਸ ਨਾਲ ਪੌਦਾ ਕਮਜ਼ੋਰ ਪੈ ਜਾਂਦਾ ਹੈ ਅਤੇ ਫੁੱਲ, ਡੋਡੀਆਂ ਅਤੇ ਟੀਂਡੇ ਝੜ ਜਾਂਦੇ ਹਨ ਸਿੱਟੇ ਵਜੋਂ ਝਾੜ ਘੱਟ ਜਾਂਦਾ ਹੈ। ਜੇ ਹਮਲਾ ਬਹੁਤ ਜ਼ਿਆਦਾ ਹੋਵੇ ਤਾਂ ਇਹ ਮੱਖੀ ਦੇ ਬੱਚੇ ਅਤੇ ਬਾਲਗ ਦਾ ਮਲ-ਮੂਤਰ ਜੋ ਸ਼ਹਿਦ ਵਰਗਾ ਦਿਸਦਾ ਹੈ ਪੱਤਿਆਂ ਉੱਪਰ ਫੈਲ ਜਾਂਦਾ ਹੈ। ਜਿਸ ਉੱਪਰ ਅਕਸਰ ਕਾਲੀ ਉੱਲੀ ਪੈਦਾ ਹੋ ਜਾਂਦੀ ਹੈ।
ਇਸ ਦੇ ਸੁਚੱਜੇ ਪ੍ਰਬੰਧਨ ਲਈ ਸਾਫ਼ ਸੁਥਰੀ ਖੇਤੀ ਅਤੇ ਮਿੱਤਰ ਕੀੜਿਆਂ ਨੂੰ ਵਧਾਉਣ ਵਾਲੇ ਬਾਇਓਕੀਟਨਾਸ਼ਕਾਂ ਵੱਲ ਵੱਧ ਧਿਆਨ ਦੇਣ ਦੀ ਲੋੜ ਹੈ। ਕੁਦਰਤੀ ਮਿੱਤਰ ਜਿਵੇਂ ਲੇਡੀ ਬਰਡ ਬੀਟਲ, ਇਨਕਾਰਸੀਆ, ਪਰੀਡੇਟਰੀ ਬੱਗ, ਕਰਾਈਸੋਪਾ, ਮੱਕੜੀਆਂ ਆਦਿ ਹੁੰਦੇ ਹਨ। ਸਾਫ਼ ਸੁਥਰੀ ਖੇਤੀ ਤੋਂ ਭਾਵ ਹੈ ਚਿੱਟੀ ਮੱਖੀ ਨੂੰ ਪਨਾਹ ਦੇਣ ਵਾਲੇ ਨਦੀਨ ਜਿਵੇਂ ਭੰਗ, ਚਪੱਤੀ, ਮਕੋਅ, ਕੰਘੀ ਬੂਟੀ, ਭੱਖੜਾ, ਬਾਥੂ ਆਦਿ ਨੂੰ ਖੇਤ ਦੇ ਆਲੇ ਦੁਆਲੇ ਨਹੀਂ ਹੋਣਾ ਚਾਹੀਦਾ। ਪਰ ਫਿਰ ਵੀ ਸਿਫ਼ਾਰਸ਼ ਕੀਟਨਾਸ਼ਕ ਸਹੀ ਮਿਕਦਾਰ, ਸਹੀ ਸਮੇਂ ’ਤੇ ਵਰਤੋਂ ਸਾਨੂੰ ਇਸ ਦੀ ਅਸਰਦਾਰ ਰੋਕਥਾਮ ਵਿੱਚ ਮੱਦਦਗਾਰ ਹੁੰਦੀ ਹੈ (ਸਾਰਨੀ 1)।
* ਸਿਰਫ਼ ਸਿਫ਼ਾਰਸ਼ ਕੀਤੀਆਂ ਬੀਟੀ ਨਰਮੇ ਦੀ ਕਿਸਮਾਂ ਨੂੰ ਬੀਜਣ ਨੂੰ ਤਰਜੀਹ ਦਿਓ।
* ਜਿਨ੍ਹਾਂ ਇਲਾਕਿਆਂ ਵਿੱਚ ਪਿਛਲੇ ਸਾਲਾਂ ਵਿੱਚ ਚਿੱਟੀ ਮੱਖੀ ਅਤੇ ਪੱਤਾ ਮਰੋੜ ਬਿਮਾਰੀ ਆਈ ਹੋਵੇ, ਉੱਥੇ ਦੇਸੀ ਕਪਾਹ ਬੀਜੀ ਜਾ ਸਕਦੀ ਹੈ।
* ਨਰਮੇ ਦੀ ਸੁਚੱਜੀ ਕਾਸ਼ਤ ਲਈ ਖੇਤ ਦੀ ਤਿਆਰੀ ਪੂਰੀ ਹੋਵੇ, ਭਰਵੀਂ ਰੌਣੀ ਅਤੇ ਬਿਜਾਈ ਸਿਫ਼ਾਰਸ਼ ਸਮੇਂ ਸਾਰਨੀ ਅਨੁਸਾਰ ਕਰੋ।
* ਖਾਸ ਤੌਰ ਤੇ ਨਾਈਟ੍ਰੋਜਨ ਯੁਕਤ ਖਾਦਾਂ ਦੀ ਵਰਤੋਂ ਸਿਫ਼ਾਰਸ਼ ਮਾਤਰਾ ਤੋਂ ਵੱਧ ਪਾਉਣ ਨਾਲ ਰਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਜ਼ਿਆਦਾ ਹੁੰਦਾ ਹੈ।
* ਚਿੱਟੀ ਮੱਖੀ ਅਤੇ ਮੀਲੀਬੱਗ ਦੇ ਫੈਲਾਅ ਨੂੰ ਰੋਕਣ ਲਈ ਖੇਤ ਦੇ ਆਲਾ ਸਾਫ਼ ਕਰਨਾ ਜ਼ਰੂਰੀ ਹੈ।
* ਚਿੱਟੀ ਮੱਖੀ ਦਾ ਕਹਿਰ ਸਬਜ਼ੀਆਂ ਜਿਵੇਂ ਬੈਂਗਣ, ਖੀਰਾ, ਚੱਪਣ ਕੱਦੂ, ਤਰ, ਟਮਾਟਰ ਆਦਿ ’ਤੇ ਵੀ ਹੁੰਦਾ ਹੈ, ਇਸ ਲਈ ਇਨ੍ਹਾਂ ਦੀ ਜਾਂਚ ਜ਼ਰੂਰੀ ਹੈ।
* ਚਿੱਟੀ ਮੱਖੀ ਦਾ ਅਪਰੈਲ ਮਹੀਨੇ ਤੋਂ ਨਰਮੇ ਦੇ ਖੇਤਾਂ ਵਿੱਚ ਸਰਵੇਖਣ ਕਰਨਾ ਸ਼ੁਰੂ ਕਰੋ।
* 40 ਪੀਲੇ ਕਾਰਡ ਪ੍ਰਤੀ ਏਕੜ ਨਰਮੇ ਦੇ ਖੇਤਾਂ ਵਿੱਚ ਜ਼ਰੂਰ ਲਗਾਓ ਜੋ ਕਿ ਚਿੱਟੀ ਮੱਖੀ ਦੇ ਸ਼ੁਰੂਆਤੀ ਹਮਲੇ ਨੂੰ ਰੋਕਣ ਵਿੱਚ ਸਹਾਇਤਾ ਕਰਦੇ ਹਨ।
* ਚਿੱਟੀ ਮੱਖੀ ਦੇ ਸ਼ੁਰੂਆਤੀ ਹਮਲਾ ਹੋਣ ਦੀ ਹਾਲਤ ਵਿੱਚ ਨਿੰਬੀਸੀਡੀਨ ਜਾਂ ਅਚੂਕ ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਕ ਤੋਂ ਦੋ ਸਪਰੇਆਂ ਕਰੋ ਕਿਉਂਕਿ ਇਹ ਮਿੱਤਰ ਕੀੜਿਆਂ ਲਈ ਸੁਰੱਖਿਅਤ ਮੰਨੀਆਂ ਜਾਂਦੀਆਂ ਹਨ।
* ਚਿੱਟੀ ਮੱਖੀ ਲਈ ਛਿੜਕਾਅ ਉਸ ਵੇਲੇ ਕਰੋ ਜਦੋਂ ਬੂਟੇ ਦੇ ਉੱਪਰਲੇ ਵਿੱਚ ਸਵੇਰੇ 10 ਵਜੇ ਤੋਂ ਪਹਿਲਾਂ ਗਿਣਤੀ ਪ੍ਰਤੀ ਪੱਤਾ 6 ਤੋਂ ਵੱਧ ਜਾਵੇ।
* ਚਿੱਟੀ ਮੱਖੀ ਨੂੰ ਕੰਟਰੋਲ ਕਰਨ ਲਈ ਹੇਠਾਂ ਦਿੱਤੀ ਸਾਰਨੀ ਮੁਤਾਬਕ ਕੀਟਨਾਸ਼ਕਾਂ ਦੀ ਵਰਤੋਂ ਕਰੋ।
* ਉਪਰੋਕਤ ਸਿਫ਼ਾਰਸ਼ ਕੀਤੀਆਂ ਗਈਆਂ ਕੀਟਨਾਸ਼ਕਾਂ ਦੀ ਵਰਤੋਂ 125-150 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਨੈਪਸੈਕ ਪੰਪ ਨਾਲ ਕਰੋ।
* ਚਿੱਟੀ ਮੱਖੀ ਦੇ ਪ੍ਰਭਾਵੀ ਕੰਟਰੋਲ ਲਈ ਫਿਕਸ ਹੋਲੋ ਕੋਨ ਨੋਜ਼ਲ ਨਾਲ ਛਿੜਕਾਅ ਬੂਟੇ ਦੇ ਉੱਪਰੋਂ ਥੱਲ੍ਹੇ ਤੱਕ ਦੇ ਸਾਰੇ ਪੱਤਿਆਂ ਤੋਂ ਕਰਨਾ ਜ਼ਰੂਰੀ ਹੈ।
ਹਰਾ ਤੇਲਾ: ਹਰੇ ਤੇਲੇ ਦੀਆਂ ਜੀਵਨ ਅਵਸਥਾਵਾਂ ਵਿੱਚ ਆਂਡਾ, ਬੱਚੇ ਅਤੇ ਬਾਲਗ ਹੁੰਦੇ ਹਨ। ਇਸ ਦੇ ਕੀੜੇ ਹਰੇ ਰੰਗ ਦੇ ਹੁੰਦੇ ਹਨ ਅਤੇ ਇਸ ਦੇ ਅਗਲੇ ਖੰਭਾਂ ਦੇ ਅਖੀਰ ਵਿੱਚ ਕਾਲੇ ਧੱਬੇ ਪਾਏ ਜਾਂਦੇ ਹਨ। ਬਾਲਗ ਤੇਲਾ ਬਹੁਤ ਤੇਜ਼ ਉੱਡ ਸਕਦਾ ਹੈ। ਮਾਦਾ 40-60 ਆਂਡੇ ਦਿੰਦੀ ਹੈ। ਬੱਚਿਆਂ ਦੀ ਉਮਰ 4-8 ਦਿਨ ਅਤੇ ਬਾਲਗ 14-21 ਦਿਨਾਂ ਤੱਕ ਰਹਿ ਸਕਦੇ ਹਨ। ਬੱਚੇ ਨਰਮੇ ਦੇ ਪੱਤਿਆਂ ਦੀਆਂ ਨਾੜੀਆਂ ਅਤੇ ਬਾਲਗ ਪੱਤੇ ਤੋਂ ਰਸ ਚੂਸਦੇ ਹਨ ਅਤੇ ਇਹ ਅਕਸਰ ਪੱਤਿਆਂ ਦੇ ਹੇਠਲੇ ਪਾਸੇ ’ਤੇ ਲੱਗੇ ਰਹਿੰਦੇ ਹਨ। ਇਸ ਦੇ ਨਤੀਜੇ ਵਜੋਂ ਪੱਤਿਆਂ ਦੀਆਂ ਕੰਨੀਆਂ ਤੋਂ ਪੀਲੇ ਹੋ ਜਾਂਦੇ ਪੈਣ ਤੋਂ ਬਾਅਦ ਹੇਠਾਂ ਨੂੰ ਮੁੜਨੇ ਸ਼ੁਰੂ ਹੋ ਜਾਂਦੇ ਹਨ। ਹੌਲੀ-2 ਪੱਤੇ ਦੇ ਪੂਰੀ ਤਰ੍ਹਾਂ ਝੁਰੜ-ਮੁਰੜ ਹੋ ਕੇ ਲਾਲ ਰੰਗ ਦੇ ਹੋ ਜਾਂਦੇ ਹਨ ਜਿਸ ਨੂੰ ਹਾਪਰ ਬਰਨ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਤੇਲੇ ਲਈ ਸਪਰੇਅ ਜਦੋਂ 50 ਪ੍ਰਤੀਸ਼ਤ ਪੌਦਿਆਂ ਵਿੱਚ ਪੱਤਿਆਂ ਦੀਆਂ ਕਿਨਾਰੀਆਂ ਪੀਲੀਆਂ ਪੈ ਚੁੱਕੀਆਂ ਹੋਣ।
ਥਰਿਪਸ (ਭੂਰੀ ਜੂੰ): ਭੂਰੀ ਜੂੰ ਦੇ ਜੀਵਨ ਚੱਕਰ ਵਿੱਚ ਪੰਜ ਅਵਸਥਾਵਾਂ ਆਂਡਾ, ਬੱਚਾ, ਪ੍ਰੀ ਪਿਊਪਾ, ਪਿਊਪਾ ਅਤੇ ਬਾਲਗ ਹੁੰਦੀਆਂ ਹਨ। ਭੂਰੀ ਜੂੰ ਦੇ ਬਾਲਗ ਕੀੜੇ ਪੀਲੇ ਭੂਰੇ ਰੰਗ ਦੇ ਅਤੇ ਔਸਤਨ 1 ਮਿਲੀਲਿਟਰ ਲੰਬੇ ਹੁੰਦੇ ਹਨ। ਮਾਦਾ ਜੂੰ ਔਸਤਨ 50-60 ਆਂਡੇ ਦਿੰਦੀ ਹੈ। ਬੱਚੇ ਦਾ ਜੀਵਨ ਕਾਲ ਸਿਰਫ਼ 5-7 ਦਿਨ ਅਤੇ ਬਾਲਗ 8-10 ਦਿਨ ਦਾ ਹੀ ਹੁੰਦਾ ਹੈ। ਬਾਲਗ ਅਤੇ ਬੱਚੇ ਪੱਤਿਆਂ ਦੀ ਉੱਪਰਲੀ ਸਤਹਿ ਨੂੰ ਖਰੋਚਦੇ ਹਨ ਅਤੇ ਬਾਅਦ ਵਿੱਚ ਪੱਤਿਆਂ ਵਿੱਚੋਂ ਨਿਕਲ ਕੇ ਪਾਣੀ ਚੂਸਦੇ ਰਹਿੰਦੇ ਹਨ। ਹਮਲੇ ਦੇ ਸ਼ੁਰੂਆਤ ਵਿੱਚ ਪੱਤੇ ਦੀ ਵਿਚਕਾਰਲੀ ਨਾੜੀ ਦੁਆਲੇ ਚਮਕੀਲੀਆਂ ਧਾਰੀਆਂ ਪੈ ਜਾਂਦੀ ਹਨ ਅਤੇ ਪੱਤੇ ਮੁੜਨੇ ਆਰੰਭ ਹੋ ਜਾਂਦੇ ਹਨ ਜਦੋਂ ਕਿ ਇਹ ਪੱਤੇ ਬਾਅਦ ਵਿੱਚ ਖਾਕੀ ਰੰਗ ਦੇ ਹੋ ਕੇ ਝੁਰੜ-ਮੁਰੜ ਜਿਹੇ ਜਾਪਦੇ ਹਨ।
ਥਰਿਪ (ਭੂਰੀ ਜੂੰ): ਥਰਿਪ ਬਹੁਤ ਛੋਟੇ ਫੰਗਾਂ ਵਾਲੇ ਕੀੜੇ ਹੁੰਦੇ ਹਨ। ਜੋ ਨਰਮੇ ਦੀ ਫ਼ਸਲ ਉੱਗਣ ਤੇ ਪੱਤਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਇਹ ਅਕਸਰ ਮੁੜੇ ਹੋਏ ਨਜ਼ਰ ਆਉਂਦੇ ਹਨ। ਜਦੋਂ ਥਰਿੱਪ ਦੀ ਗਿਣਤੀ 12 ਪ੍ਰਤੀ ਪੱਤਾ ਹੋ ਜਾਵੇ ਤਾਂ ਥਰਿਪ ਦੀ ਸੁਚੱਜੀ ਰੋਕਥਾਮ ਲਈ ਸਾਰਨੀ ਵਿੱਚ ਦੱਸੀਆਂ ਕੀਟਨਾਸ਼ਕਾਂ ਦੀ ਵਰਤੋਂ ਕਰੋ।
ਮਿਲੀਬੱਗ: ਇਸ ਕੀੜੇ ਦੀਆਂ ਤਿੰਨ ਅਵਸਥਾਵਾਂ ਨਰਮੇ ਕਪਾਹ ਤੇ ਜਿਵੇਂ ਆਂਡਾ, ਬੱਚਾ ਅਤੇ ਬਾਲਗ ਪਾਈਆਂ ਜਾਂਦੀਆਂ ਹਨ। ਬੱਚੇ ਅਤੇ ਮਾਦਾ ਬਾਲਗ ਦੀ ਫ਼ਸਲੀ ਨੁਕਸਾਨ ਲਈ ਜ਼ਿੰਮੇਵਾਰ ਹਨ ਜਦੋਂਕਿ ਨਰ ਨੁਕਸਾਨ ਨਹੀਂ ਕਰਦਾ। ਮਾਦਾ ਹਲਕੇ ਪੀਲੇ ਰੰਗ ਦੀ ਆਂਡਾਕਾਰ ਪਰ ਚਪਟੀ ਹੁੰਦੀ ਹੈ। ਮਾਦਾ ਆਂਡੇ 3-4 ਗੁਥਲੀਆਂ ਵਿੱਚ ਦਿੰਦੀ ਹੈ ਜਿਸ ਵਿੱਚ ਤਕਰੀਬਨ 80-120 ਆਂਡੇ ਹੋ ਸਕਦੇ ਹਨ। ਮਾਦਾ 13-17 ਦਿਨ ਜਿਊਂਦੀ ਰਹਿ ਸਕਦੀ ਹੈ। ਬੱਚਿਆਂ ਦਾ ਜੀਵਨ ਕਾਲ 13-17 ਦਿਨ ਦਾ ਹੁੰਦਾ ਹੈ। ਇਹ ਕੀੜਾ ਤਕਰੀਬਨ 7-9 ਪੀੜੀਆਂ ਪੂਰੀਆਂ ਕਰ ਲੈਂਦਾ ਹੈ। ਬੱਚੇ ਅਤੇ ਬਾਲਗ ਪੱਤਿਆਂ, ਟਹਿਣੀਆਂ, ਫੁੱਲ ਅਤੇ ਡੋਡੀਆਂ ਜਾਂ ਨਵੇਂ ਬਣੇ ਕੀੜਿਆਂ ਦਾ ਰਸ ਚੂਸਦੇ ਹਨ ਅਤੇ ਮਲ ਤਿਆਗ ਸ਼ਹਿਦ ਦੀਆਂ ਬੂੰਦਾਂ ਵਾਂਗ ਪੱਤੇ ਦੀ ਉੱਪਰਲੀ ਸਤਹਿ ’ਤੇ ਮਿਲਦਾ ਹੈ। ਇਸ ਦੇ ਨਤੀਜੇ ਵਜੋਂ ਬੂਟਾ ਆਪਣਾ ਭੋਜਨ ਤਿਆਰ ਕਰਨ ਵਿੱਚ ਅਸਮਰੱਥ ਹੋਣ ਲੱਗਦਾ ਹੈ, ਟੀਂਡੇ ਬਹੁਤ ਦੇਰ ਨਾਲ ਖਿੜਦੇ ਹਨ ਅਤੇ ਝਾੜ ਘੱਟ ਹੋ ਜਾਂਦਾ ਹੈ।
ਜੇ ਮਿਲੀਬੱਗ ਦੇ ਬੱਚੇ ਜਾਂ ਬਾਲਗ ਨਰਮੇ ਦੇ ਬੂਟਿਆਂ ਦੇ ਦਿਖਾਈ ਦੇਣ ਤਾਂ ਸਾਰਨੀ-1 ਵਿੱਚ ਦਿੱਤੇ ਕੀਟਨਾਸ਼ਕਾਂ ਦੀ ਵਰਤੋਂ ਕਰੋ।
* ਇੱਕੋ ਗਰੁੱਪ ਦੀਆਂ ਕੀਟਨਾਸ਼ਕਾਂ ਦਾ ਛਿੜਕਾਅ ਲਗਾਤਾਰ ਨਾ ਕਰੋ।
* ਜੇ ਛਿੜਕਾਅ ਕਰਨ ਤੋਂ ਬਾਅਦ 24 ਘੰਟਿਆਂ ਦੇ ਅੰਦਰ-2 ਮੀਂਹ ਦੀ ਬੌਛਾੜਾਂ ਪੈ ਜਾਣ ਤਾਂ ਸਪਰੇਅ ਦੁਬਾਰਾ ਕਰਨੀ ਬਣਦੀ ਹੈ। ਜੇ ਹੋ ਸਕੇ ਤਾਂ ਸਮੇਂ ਦਾ ਮਿਜ਼ਾਜ ਪਹਿਲਾਂ ਦੇਖ ਲੈਣਾ ਚਾਹੀਦਾ ਹੈ।
* ਛਿੜਕਾਅ ਹਮੇਸ਼ਾ ਦੁਪਹਿਰ 12 ਵਜੇ ਤੋਂ ਪਹਿਲਾਂ ਜਾਂ ਸ਼ਾਮ ਦੇ ਸਮੇਂ ਨੂੰ ਤਰਜੀਹ ਦਿਓ।
* ਨਰਮੇ ਕਪਾਹ ਵਾਲੇ ਖੇਤਰਾਂ ਵਿੱਚ ਜੇ ਸਪਰੇਅ ਇੱਕੋ ਦਿਨ ਕੀਤੀ ਜਾਵੇ ਤਾਂ ਰੋਕਥਾਮ ਵਧੀਆ ਤਰੀਕੇ ਨਾਲ ਹੋ ਸਕਦੀ ਹੋ ਅਤੇ ਕਿਸਾਨ ਕੀਟਨਾਸ਼ਕ ਦਾ ਪੱਕਾ ਬਿੱਲ ਜ਼ਰੂਰ ਲੈਣ।
*ਕੀਟ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ।