ਬਲਦਾਂ ਦੀ ਤਸਕਰੀ ਮਾਮਲੇ ਵਿੱਚ ਟਿੱਪਰ ਕਾਬੂ
ਪੱਤਰ ਪ੍ਰੇਰਕ
ਪਠਾਨਕੋਟ, 2 ਅਕਤੂਬਰ
ਇੱਥੇ ਅੱਜ ਤੜਕੇ 4 ਵਜੇ ਨਿਊ ਚੱਕੀ ਪੁਲ ’ਚ ਇੱਕ ਟਿੱਪਰ ਵਿੱਚ ਬਲਦਾਂ ਨੂੰ ਨਰੜ ਕੇ ਤਸਕਰੀ ਰਾਹੀਂ ਜੰਮੂ-ਕਸ਼ਮੀਰ ਲਿਜਾ ਰਹੇ ਇੱਕ ਟਿੱਪਰ ਚਾਲਕ ਤੇ ਉਸ ਦੇ ਸਹਿਯੋਗੀ ਨੂੰ ਸੰਯੁਕਤ ਗਊ ਰੱਖਿਆ ਦਲ ਦੇ ਆਗੂਆਂ ਨੇ ਕਾਬੂ ਕਰ ਲਿਆ ਅਤੇ ਪੁਲੀਸ ਹਵਾਲੇ ਕਰ ਦਿੱਤਾ। ਸੰਯੁਕਤ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਰਾਣਾ ਪ੍ਰਧਾਨ ਨੇ ਦੋਸ਼ ਲਾਇਆ ਕਿ ਅਸਲ ਵਿੱਚ ਦਾਊਵਾਲ ਦਾ ਇੱਕ ਵਿਅਕਤੀ ਪਸ਼ੂ ਤਸਕਰੀ ਦਾ ਧੰਦਾ ਕਰਦਾ ਹੈ ਅਤੇ ਉਸ ਨੇ ਇਸ ਧੰਦੇ ਵਿੱਚ ਮੋਟੀ ਕਾਲੀ ਕਮਾਈ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਗਊ ਤਸਕਰੀ ਵਿੱਚ ਸ਼ਾਮਲ ਇਸ ਗਰੋਹ ਦੇ ਮੈਂਬਰ ਹਾਈਵੇਅ ’ਤੇ ਤਸਕਰੀ ਕਰਦੇ ਹਨ ਅਤੇ ਪਿੰਡਾਂ ਤੇ ਹਾਈਵੇਅ ਦੇ ਰਸਤੇ ਟਿੱਪਰਾਂ, ਟਰੱਕਾਂ ਵਿੱਚ ਪਸ਼ੂ ਤਸਕਰੀ ਕਰਦੇ ਹਨ। ਲੰਘੀ ਰਾਤ ਵੀ ਉਨ੍ਹਾਂ ਨੂੰ ਪਤਾ ਲੱਗਾ ਕਿ ਟਿੱਪਰ ਨੰਬਰ-ਜੇਕੇ 21 ਜੀ 7905 ਵਿੱਚ ਨਰੜ ਕੇ ਬਲਦਾਂ ਨੂੰ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਉਸ ਦਾ ਪਿੱਛਾ ਕੀਤਾ ਪਰ ਟਿੱਪਰ ਚਾਲਕ ਨੇ ਮਾਨਸਰ ਟੌਲ ਪਲਾਜ਼ਾ ’ਤੇ ਉਨ੍ਹਾਂ ਨੂੰ ਸਾਈਡ ਮਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਫਿਰ ਆਪਣੇ ਪਠਾਨਕੋਟ ਸਥਿਤ ਆਗੂਆਂ ਨੂੰ ਫੋਨ ਕਰ ਦਿੱਤਾ ਤੇ ਆਪ ਵੀ ਪਿੱਛਾ ਕਰਦੇ ਚੱਕੀ ਪੁਲ ’ਤੇ ਪੁੱਜ ਗਏ, ਜਿੱਥੇ ਆਗੂਆਂ ਨੇ ਚੱਕੀ ਪੁਲ ’ਤੇ ਉਕਤ ਟਿੱਪਰ ਨੂੰ ਕਾਬੂ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਟਿੱਪਰ ਵਿੱਚ 10 ਦੇ ਕਰੀਬ ਬਲਦ ਸਨ। ਉਨ੍ਹਾਂ ਟਿੱਪਰ ਦੇ ਡਰਾਈਵਰ ਅਤੇ ਉਸਦੇ ਸਾਥੀ ਨੂੰ ਫੜ ਕੇ ਪੁਲੀਸ ਹਵਾਲੇ ਕੀਤਾ। ਇਸੇ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਗਰ ਪ੍ਰਧਾਨ ਅੰਕਿਤ ਮਹਾਜਨ, ਅਜੇ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੰਗ ਕੀਤੀ ਕਿ ਪਸ਼ੂ ਤਸਕਰੀ ਕਰਨ ਵਾਲੇ ਗਰੋਹ ਦੇ ਮੁੱਖ ਸਰਗਨਾ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇ। ਥਾਣਾ ਮੁਖੀ ਸ਼ੋਹਰਤ ਮਾਨ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।