For the best experience, open
https://m.punjabitribuneonline.com
on your mobile browser.
Advertisement

ਜ਼ਮਾਨਾ ਬਦਲ ਗਿਆ...

06:21 AM Jun 11, 2024 IST
ਜ਼ਮਾਨਾ ਬਦਲ ਗਿਆ
Advertisement

ਸ਼ਵਿੰਦਰ ਕੌਰ

Advertisement

ਕਈ ਵਾਰ ਜਦੋਂ ਸਾਰਾ ਘਰ ਸਾਂਭ-ਸੰਭਾਲ ਕੇ ਚੰਗੀ ਤਰ੍ਹਾਂ ਹੂੰਝ ਲਿਆ ਹੋਵੇ ਤੇ ਫਿਰ ਅਚਾਨਕ ਆਏ ਬੁੱਲਿਆਂ ਨਾਲ ਪੱਤਝੜ ਦੇ ਪੱਤੇ ਵਿਹੜੇ ਵਿੱਚ ਮੁੜ ਖਿੱਲਰ ਜਾਣ, ਪੁਰਾਣੀਆਂ ਯਾਦਾਂ ਖਿੱਲਰੇ ਪੱਤਿਆਂ ਨਾਲ ਉੱਡ ਕੇ ਮਨ ਦੇ ਬੂਹੇ ਚੁੱਪ-ਚੁਪੀਤੇ ਆਣ ਬੈਠਣ ਤਾਂ ਮਨ ਵਿਚ ਯਾਦਾਂ ਦੀ ਕਿਣਮਿਣ ਹੋਣ ਲੱਗਦੀ ਹੈ। ਇਹ ਯਾਦਾਂ ਹੀ ਹਨ ਜਿਹੜੀਆਂ ਸਾਡੇ ਸਾਹਮਣੇ ਅਜਿਹੇ ਪਲ ਸਾਕਾਰ ਕਰ ਦਿੰਦੀਆਂ ਹਨ ਜਿਹੜੇ ਬੁਝੇ ਚਿਹਰੇ ’ਤੇ ਵੀ ਮੁਸਕਰਾਹਟ ਲਿਆ ਦਿੰਦੇ ਹਨ।
ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਪਹਿਲੀ ਵਾਰ ਸਰਕਾਰੀ ਨੌਕਰੀ ਵਿੱਚ ਆਈ ਸੀ। ਸਕੂਲ ਪਿੰਡ ਤੋਂ ਦੂਰ ਹੋਣ ਕਰ ਕੇ ਨਿੱਤ ਆਉਣਾ ਜਾਣਾ ਮੁਸ਼ਕਿਲ ਸੀ। ਉਸੇ ਪਿੰਡ ਹੀ ਰਹਿਣਾ ਪੈਣਾ ਸੀ। ਸਕੂਲ ਦੇ ਸਿਆਣੇ ਅਧਿਆਪਕਾਂ ਨੇ ਰਹਿਣ ਦਾ ਪ੍ਰਬੰਧ ਵੀ ਮੇਰਾ ਅਤੇ ਮੇਰੇ ਨਾਲ ਹੀ ਨਵੀਂ ਆਈ ਇੱਕ ਹੋਰ ਅਧਿਆਪਕਾ ਦਾ ਸਕੂਲ ਦੇ ਨੇੜੇ ਹੀ ਇੱਕ ਘਰ ਵਿੱਚ ਕਰ ਦਿੱਤਾ ਸੀ।
ਪਹਿਲਾਂ ਵੀ ਇੱਕ ਅਧਿਆਪਕਾਂ ਆਪਣੇ ਪਰਿਵਾਰ ਸਮੇਤ ਪਿੰਡ ਵਿੱਚ ਹੀ ਰਹਿੰਦੀ ਸੀ। ਉਸ ਨੇ ਦੱਸਿਆ ਸੀ ਕਿ ਉਹ ਇਸ ਪਿੰਡ ਵਿਚ ਦੋ ਸਾਲ ਤੋਂ ਰਹਿ ਰਹੀ ਹੈ, ਪਿੰਡ ਦਾ ਸਰਪੰਚ ਬਹੁਤ ਨੇਕ ਇਨਸਾਨ ਹੈ, ਉਹ ਉਸ ਦੇ ਭਰਾ ਦੇ ਘਰ ਵਿੱਚ ਰਹਿੰਦੀ ਹੈ। ਸਰਪੰਚ ਦੇ ਭਰਾ ਅਤੇ ਭਰਜਾਈ ਆਪਣੀ ਜਿ਼ੰਦਗੀ ਦਾ ਸਫ਼ਰ ਕਾਹਲੀ ਨਾਲ ਨਿਬੇੜ ਕੇ ਤੁਰ ਗਏ ਸਨ। ਉਨ੍ਹਾਂ ਦੇ ਦੋ ਕੁੜੀਆਂ ਸਨ ਜਿਹੜੀਆਂ ਉਹ ਪਹਿਲਾਂ ਵਿਆਹ ਗਏ ਸਨ। ਇਹ ਤਾਂ ਤਹਾਨੂੰ ਵੀ ਪਤਾ ਹੈ ਕਿ ਹਰ ਰਿਸ਼ਤੇ ਦਾ ਆਪਣਾ ਪਿਆਰ, ਮਿਠਾਸ ਅਤੇ ਨਿੱਘ ਹੁੰਦਾ ਹੈ ਪਰ ਆਪਾਂ ਕੁੜੀਆਂ ਨੂੰ ਮਾਪਿਆਂ ਦੇ ਖੇੜੇ ਅਤੇ ਬਾਬਲ ਦੇ ਵਿਹੜੇ ਨਾਲ ਜਿ਼ਆਦਾ ਹੀ ਲਗਾਓ ਹੁੰਦਾ ਹੈ। ਪੇਕੇ ਜਾਣ ਨੂੰ ਦਿਲ ਕਰਦਾ ਰਹਿੰਦਾ ਹੈ। ਕੁੜੀਆਂ ਨੇ ਇਹ ਸੋਚ ਕੇ ਕਿ ਜੇ ਚਾਚੇ ਦੇ ਘਰ ਆਉਣਾ-ਜਾਣਾ ਬਣਿਆ ਰਹੇ ਤਾਂ ਸਾਡੇ ਪੇਕੇ ਬਣੇ ਰਹਿਣਗੇ। ਘਰ ਅਤੇ ਜ਼ਮੀਨ ਜਾਇਦਾਦ ਸਭ ਚਾਚੇ ਨੂੰ ਦੇ ਗਈਆਂ। ਸਰਪੰਚ ਵੀ ਉਨ੍ਹਾਂ ਨਾਲ ਆਪਣੀਆਂ ਧੀਆਂ ਤੋਂ ਵੱਧ ਵਰਤਦਾ ਹੈ। ਇਉਂ ਉਨ੍ਹਾਂ ਦਾ ਖਾਲੀ ਘਰ ਸਾਨੂੰ ਰਹਿਣ ਲਈ ਦੇ ਦਿੱਤਾ ਗਿਆ।
ਕੁਝ ਮਹੀਨਿਆਂ ਬਾਅਦ ਹੀ ਵਿਧਾਨ ਸਭਾ ਚੋਣਾਂ ਆ ਗਈਆਂ। ਸਰਪੰਚ ਅਕਾਲੀ ਦਲ ਦਾ ਪੱਕਾ ਸਮਰਥਕ ਸੀ। ਕੁਦਰਤੀ ਸੀ ਕਿ ਸਰਪੰਚ ਨੇ ਅਕਾਲੀ ਦਲ ਦੇ ਪੱਖ ਵਿੱਚ ਆਪਣਾ ਜ਼ੋਰ ਲਗਾਉਣਾ ਸੀ। ਉਹ ਆਪਣਾ ਸਾਰਾ ਅਸਰ ਰਸੂਖ ਵਰਤ ਕੇ ਵੋਟਰਾਂ ਨੂੰ ਅਕਾਲੀ ਦਲ ਦੇ ਹੱਕ ਵਿੱਚ ਭੁਗਤਣ ਲਈ ਕਹਿ ਰਿਹਾ ਸੀ।
ਉਸ ਸਮੇਂ ਖੇਤੀ ਵਾਲੇ ਹਰ ਘਰ ਵਿਚ ਮੱਝਾਂ, ਗਾਈਆਂ, ਬਲਦ, ਊਠ ਆਦਿ ਰੱਖੇ ਹੁੰਦੇ ਸਨ। ਖਾਂਦੇ ਪੀਂਦੇ ਘਰਾਂ ਵਿਚ ਗੋਹਾ ਕੂੜਾ ਸੁੱਟਣ ਲਈ ਕੰਮੀਆਂ ਦੀਆਂ ਔਰਤਾਂ ਹੀ ਆਉਂਦੀਆਂ ਸਨ। ਸਰਪੰਚਾਂ ਦੇ ਘਰ ਇਹ ਕੰਮ ਕਰਨ ਕਾਕੋ ਆਉਂਦੀ ਸੀ। ਜਵਾਨੀ ਦੇ ਦਿਨਾਂ ਵਿੱਚ ਸ਼ੁਰੂ ਕੀਤਾ ਕੰਮ ਬੁਢਾਪੇ ਵੱਲ ਪੈਰ ਪੁੱਟ ਲੈਣ ਤੱਕ ਜਾਰੀ ਸੀ। ਉਹ ਸਿੱਧੀ-ਸਾਦੀ ਅਤੇ ਸਾਫ਼ ਦਿਲ ਦੀ ਔਰਤ ਸੀ। ਲਗਾਤਾਰ ਇੰਨੇ ਸਾਲਾਂ ਤੋਂ ਕੰਮ ਕਰਦੀ ਹੋਣ ਕਰ ਕੇ ‘ਸਰਪੰਚਣੀ’ ਵੀ ਉਸ ਨਾਲ ਚੰਗਾ ਵਰਤਾਉ ਕਰਦੀ ਸੀ। ਉਸ ਨੂੰ ਘਰ ਦੇ ਹਰ ਜੀਅ ਨੇ ਚੰਗੀ ਤਰ੍ਹਾਂ ਪਕਾ ਦਿੱਤਾ ਕਿ ਵੋਟਾਂ ਵਾਲੇ ਦਿਨ ਮੋਹਰ ਤੱਕੜੀ ਦੇ ਨਿਸ਼ਾਨ ’ਤੇ ਲਗਾ ਕੇ ਆਉਣੀ ਹੈ। ਕਾਕੋ ਨੇ ਵੋਟ ਪਾਉਣ ਦਾ ਵਾਅਦਾ ਕਰ ਲਿਆ; ਨਾਲੇ ਉਸ ਸਮੇਂ ਕਾਕੋ ਵਰਗੀਆਂ ਵਿਚਾਰੀਆਂ ਵਿੱਚ ਮਾਲਕ ਦੀ ਹੁਕਮ ਅਦੂਲੀ ਕਰਨ ਦੀ ਹਿੰਮਤ ਕਿੱਥੇ ਹੁੰਦੀ ਸੀ!
ਕਾਕੋ ਨੇ ਜਦੋਂ ਘਰ ਜਾ ਕੇ ਦੱਸਿਆ ਕਿ ਉਹ ਵੋਟ ਤੱਕੜੀ ਨੂੰ ਪਾਵੇਗੀ ਤਾਂ ਉਸ ਦੇ ਪੁੱਤ ਨੇ ਕਾਕੋ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ, ਉਹ ਕਾਂਗਰਸ ਵਾਲਿਆਂ ਨਾਲ ਖੜ੍ਹਾ ਸੀ। ਉਹਨੇ ਕਾਕੋ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਵੋਟਾਂ ਤਾਂ ਆਪਾਂ ਸਾਰੇ ਪਰਿਵਾਰ ਨੇ ਕਾਂਗਰਸ ਪਾਰਟੀ ਨੂੰ ਹੀ ਪਾਉਣੀਆਂ ਹਨ, ਤੈਨੂੰ ਵੀ ਵੋਟ ਸਾਡੇ ਮਗਰ ਹੀ ਪਾਉਣੀ ਪਵੇਗੀ, ਚੋਣ ਨਿਸ਼ਾਨ ਗਊ ਵੱਛਾ ਹੈ, ਮੋਹਰ ਗਊ ਵੱਛੇ ਉੱਤੇ ਹੀ ਲਾਉਣੀ ਹੈ। ਕਾਕੋ ਨੇ ਬਥੇਰੀ ਦੁਹਾਈ ਦਿੱਤੀ ਕਿ ਮਾਲਕਾਂ ਨੇ ਮੈਨੂੰ ਤੱਕੜੀ ’ਤੇ ਮੋਹਰ ਲਾਉਣ ਲਈ ਕਿਹਾ ਹੈ ਪਰ ਜਵਾਨੀ ਦੇ ਜੋਸ਼ ਵਿੱਚ ਮੁੰਡਾ ਕਿਥੋਂ ਸੁਨਣ ਵਾਲਾ ਸੀ। ਅਖੀਰ ਕਾਕੋ ਨੂੰ ਹੀ ਝੁਕਣਾ ਪਿਆ। ਮੁੰਡੇ ਨੇ ਮਾਂ ਨੂੰ ਮੰਤਰ ਦੱਸਿਆ ਕਿ ਉੱਥੇ ਕਿਹੜਾ ਕਿਸੇ ਨੇ ਦੇਖਣਾ ਹੈ, ਤੂੰ ਮੋਹਰ ਅੰਦਰ ਗਊ ਵੱਛੇ ’ਤੇ ਲਗਾ ਦੇਵੀਂ ਅਤੇ ਬਾਹਰ ਆ ਕੇ ਵਜਕਾ ਤੱਕੜੀ ਦਾ ਵਜਾ ਦੇਵੀਂ। ਕਾਕੋ ਨੂੰ ਵੀ ਗੱਲ ਜਚ ਗਈ। ਉਹ ਮੋਹਰ ਗਊ ਵੱਛੇ ’ਤੇ ਲਗਾ ਆਈ।
ਅਗਲੇ ਦਿਨ ਜਦੋਂ ਕਾਕੋ ਗੋਹਾ ਕੂੜਾ ਸੁੱਟਣ ਆਈ ਤਾਂ ‘ਸਰਪੰਚਣੀ’ ਨੇ ਸਹਿਜ ਸੁਭਾਅ ਹੀ ਪੁੱਛ ਲਿਆ, “ਮੋਹਰ ਤੱਕੜੀ ਦੇ ਨਿਸ਼ਾਨ ’ਤੇ ਹੀ ਲਾਈ ਸੀ ਨਾ।”
ਕਾਕੋ ਨੇ ਜੁਆਬ ਦਿੱਤਾ, “ਹਾਂ ਬੀਬੀ, ਮੋਹਰ ਗਊ ਵੱਛੇ ਤੇ ਵਜਕਾ ਤੱਕੜੀ ਦਾ।”
‘ਸਰਪੰਚਣੀ’ ਨੂੰ ਪਤਾ ਸੀ ਕਿ ਇਹਦਾ ਮੁੰਡਾ ਕਾਂਗਰਸ ਦਾ ਪੱਕਾ ਸਮਰਥਕ ਹੈ। ਉਹ ਸਮਝ ਗਈ ਕਿ ਉਹਨੇ ਹੀ ਇਸ ਨੂੰ ਇਹ ਗੱਲ ਕਹੀ ਹੋਵੇਗੀ ਪਰ ਕਾਕੋ ਦਾ ਉਹੀ ਜੁਆਬ ਉਸ ਨੂੰ ਦੇਣ ’ਤੇ ਉਹ ਹੱਸਣੋਂ ਨਾ ਰਹਿ ਸਕੇ। ਗੁੱਸਾ ਕਰਨ ਦੀ ਥਾਂ ਜਿਹੜਾ ਵੀ ਘਰ ਆਵੇ, ਉਸ ਨੂੰ ਕਾਕੋ ਦੀ ਗੱਲ ਸੁਣਾ ਦੇਵੇ। ਇਉਂ ਕਈ ਦਿਨ ਹਾਸੜ ਪੈਂਦੀ ਰਹੀ।
ਹੁਣ ਜ਼ਮਾਨਾ ਬਦਲ ਗਿਆ ਹੈ। ਨਾ ਉਹ ਮੋਹ-ਮੁਹੱਬਤਾਂ ਰਹੀਆਂ, ਨਾ ਉਹ ਦਿਲ ਰਹੇ ਤੇ ਨਾ ਹੀ ਉਹ ਜੇਰੇ, ਨਾ ਰਿਸ਼ਤਿਆਂ ਦਾ ਉਹ ਨਿੱਘ ਜਿਨ੍ਹਾਂ ਨੂੰ ਪਾਲਣ ਲਈ ਜਾਇਦਾਦ ਨੂੰ ਠੋਕਰ ਮਾਰ ਦਿੱਤੀ ਜਾਂਦੀ ਸੀ।
ਕਾਸ਼! ਉਹ ਕਦਰਾਂ-ਕੀਮਤਾਂ ਮੁੜ ਸਾਡੇ ਹਿਰਦਿਆਂ ਵਿੱਚ ਆਣ ਵੱਸਣ ਤੇ ਸਾਡਾ ਸਮਾਜ ਮੁੜ ਸਿਹਤਮੰਦ ਰਾਹਾਂ ਵੱਲ ਕਦਮ ਵਧਾ ਸਕੇ।
ਸੰਪਰਕ: 76260-63596

Advertisement
Author Image

joginder kumar

View all posts

Advertisement
Advertisement
×