For the best experience, open
https://m.punjabitribuneonline.com
on your mobile browser.
Advertisement

ਜ਼ਮਾਨਾ ਬਦਲ ਗਿਆ...

08:01 AM Feb 15, 2024 IST
ਜ਼ਮਾਨਾ ਬਦਲ ਗਿਆ
Advertisement

ਪ੍ਰੀਤਮਾ ਦੋਮੇਲ

ਵਕਤ ਕਦੇ ਰੁਕਦਾ ਨਹੀਂ। ਅਜੇ ਹੁਣੇ ਜਿਹੇ ਨਵੀਂ ਸਦੀ ਨੇ ਕੂਲੇ ਕੂਲੇ ਪੈਰ ਵਿਹਡਿ਼ਆਂ ਵਿਚ ਰੱਖੇ ਸਨ, ਤੇ ਅੱਜ ਇਹ ਤਕਰੀਬਨ ਇਕ ਚੌਥਾਈ ਸਫ਼ਰ ਮੁਕਾ ਚੁੱਕੀ ਹੈ। ਸਾਡੇ ਆਸ-ਪਾਸ ਜੋ ਕੁਝ ਹੈ, ਉਹ ਪਲ ਪਲ ਬਦਲਦਾ ਰਹਿੰਦਾ ਹੈ। ਰੀਤੀ ਰਿਵਾਜ਼, ਫੈਸ਼ਨ, ਸੁਭਾਅ ਤੇ ਖਾਣ-ਪੀਣ ਦੇ ਤੌਰ ਤਰੀਕੇ, ਸਭ ਕੁਝ ਬਦਲ ਗਿਆ ਹੈ।
ਕੁਝ ਕੁ ਸਾਲ ਪਹਿਲਾਂ ਵਾਲੇ ਸਕੂਲਾਂ, ਕਾਲਜਾਂ ਦੇ ਮੁੰਡੇ ਕੁੜੀਆਂ ਦੇ ਕੱਪਡਿ਼ਆਂ ਵੱਲ ਝਾਤੀ ਮਾਰੋ- ਚੰਗੀ ਤਰ੍ਹਾਂ ਪ੍ਰੈੱਸ ਕੀਤੇ ਹੋਏ, ਮੈਚਿੰਗ ਸੂਟਾਂ ਨਾਲ ਮਿਲਦੀਆਂ ਜੁਲਦੀਆਂ ਚੁੰਨੀਆਂ ਤੇ ਜੁੱਤੀਆਂ, ਚੂੜੀਆਂ। ਫਿਰ ਜੀਨਾਂ ਆ ਗਈਆਂ, ਤੇ ਫਿਰ ਜੀਨਾਂ ਦੇ ਗੋਡਿਆਂ ’ਤੇ ਛੋਟੀਆਂ ਛੋਟੀਆਂ ਮੋਰੀਆਂ ਦਿੱਸਣ ਲੱਗ ਪਈਆਂ, ਹੁਣ ਇਹ ਮੋਰੀਆਂ ਵਧਦੀਆਂ ਵਧਦੀਆਂ ਗਿੱਠ ਕੁ ਥਾਂ ਛੱਡ ਕੇ ਪੂਰੀ ਜੀਨ ’ਤੇ ਫੈਲ ਗਈਆਂ। ਸੱਚ ਪੁੱਛੋ ਤਾਂ ਹੁਣ ਮੁੰਡੇ-ਕੁੜੀਆਂ ਦੀ ਪਛਾਣ ਹੀ ਨਹੀਂ ਰਹੀ ਜਦ ਤੱਕ ਉਹ ਖ਼ੁਦ ਤੁਹਾਡੇ ਕੋਲ ਆ ਕੇ ਇਹ ਨਾ ਕਹਿਣ ਕਿ ‘ਮੈਂ ਕਾਕਾ ਹਾਂ ਜਾਂ ਗੁੱਡੀ’!
ਇਹ ਤਬਦੀਲੀ ਅਜਿਹੀ ਧਮਾਕੇਦਾਰ ਹੈ ਕਿ ਇਸ ਨੇ ਮੌਸਮਾਂ ਦੇ ਮਿਜ਼ਾਜ ਦੇ ਨਾਲ ਨਾਲ ਬੰਦਿਆਂ ਦੇ ਮਿਜ਼ਾਜ ਵੀ ਬਦਲ ਦਿੱਤੇ ਹਨ। ਪਿੰਡਾਂ ਵਿਚ ਜਿੱਥੇ ਲੋਕ ਆਪਣੇ ਬਿਨਾਂ ਦਰਵਾਜ਼ਿਆਂ ਤੋਂ ਦਰਾਂ ਵਿਚ ਖੜ੍ਹੇ-ਬੈਠੇ ਆਉਂਦੇ ਜਾਂਦਿਆਂ ਜਾਣੂਆਂ ਨੂੰ ਪਿਆਰ ਨਾਲ ਬੁਲਾ ਕੇ ਪਲ ਭਰ ਰੁਕਣ ਲਈ ਕਹਿੰਦੇ ਤੇ ਫਿਰ ਮੋਹ ਭਿੱਜੇ ਸ਼ਬਦਾਂ ਵਿਚ ਉਨ੍ਹਾਂ ਦਾ ਹਾਲ-ਚਾਲ ਪੁੱਛ ਚਾਹ-ਪਾਣੀ ਜਾਂ ਲੱਸੀ ਪੀਤੇ ਬਿਨਾਂ ਜਾਣ ਨਹੀਂ ਸੀ ਦਿੰਦੇ, ਹੁਣ ਸਿਰਾਂ ਤੋਂ ਉੱਚੇ ਲੱਗੇ ਫਾਟਕਾਂ ਤੋਂ ਓਹਲੇ ਬੈਠੇ ਲੋਕ ਮਹੀਨਿਆਂ ਤੱਕ ਕਿਸੇ ਦੀ ਸ਼ਕਲ ਦੇਖਣ ਨੂੰ ਤਰਸ ਜਾਂਦੇ ਹਨ। ਸ਼ਹਿਰਾਂ ਵਿਚ ਤਾਂ ਹੋਰ ਵੀ ਮਾੜਾ ਹਾਲ ਹੈ।
ਮਾਲਕ ਮਕਾਨਾਂ ਦੇ ਮਿਜ਼ਾਜ ਬਦਲੇ ਤਾਂ ਕਿਰਾਏਦਾਰਾਂ ਦੇ ਵੀ ਬਦਲ ਗਏ। ਕਿਰਾਏਦਾਰ ਰੱਖਣ ਦਾ ਮਕਸਦ ਭਾਵੇਂ ਪੁਰਾਣਾ ਹੀ ਹੈ; ਕੁਝ ਲੋਕ ਤਾਂ ਪੈਸਿਆਂ ਦੇ ਲਾਲਚ ਕਰ ਕੇ ਕਿਰਾਏਦਾਰ ਰੱਖ ਲੈਂਦੇ ਹਨ, ਕੁਝ ਖਾਲੀ ਘਰ ਦੀ ਸਾਫ਼-ਸਫ਼ਾਈ ਲਈ ਤੇ ਕੋਈ ਬੁੱਢੀ-ਠੇਰੀ ਸਿਰਫ਼ ਆਪਣੇ ਸਾਥ ਲਈ ਮਕਾਨ ਕਿਰਾਏ ’ਤੇ ਦੇ ਦਿੰਦੀ ਹੈ। ਪਹਿਲਾਂ ਕਿਰਾਏਦਾਰ ਮਾਲਕ ਮਕਾਨ ਜਾਂ ਉਸ ਦੀ ਪਤਨੀ ਦੀ ਬੜੀ ਇੱਜ਼ਤ ਕਰਦੇ ਸਨ ਲੇਕਿਨ ਅੱਜ ਦੇ ਬਦਲੇ ਹੋਏ ਮਾਹੌਲ ਵਿਚ ਕਿਰਾਏਦਾਰ ਉਦੋਂ ਤੱਕ ਕਿਰਾਏਦਾਰ ਹੈ ਜਦੋਂ ਤੱਕ ਉਸ ਨੇ ਕਿਰਾਏ ਦੇ ਪੈਸੇ ਤੇ ਬਾਕੀ ਰਸਮੀ ਕਾਰਵਾਈਆਂ ਪੂਰੀਆਂ ਨਹੀਂ ਕੀਤੀਆਂ।
ਇਕ ਬੜਾ ਹੀ ਭਲਾਮਾਣਸ ਜਿਹਾ ਜੋੜਾ ਦੋ ਛੋਟੇ ਛੋਟੇ ਬੱਚਿਆਂ ਸਮੇਤ ਮੇਰਾ ਕਿਰਾਏਦਾਰ ਬਣ ਗਿਆ। ਔਰਤ ਨੇ ਬੜੇ ਸਤਿਕਾਰ ਨਾਲ ਮੇਰੇ ਪੈਰਾਂ ਨੂੰ ਹੱਥ ਲਾਇਆ। ਘਰ ਵਿਚ ਆਉਣ ਤੋਂ ਹਫ਼ਤਾ ਬਾਅਦ ਤੱਕ ਉਨ੍ਹਾਂ ਦੀ ਸ਼ਕਲ ਨਾ ਦਿਸੀ। ਸੋਚਿਆ ਘਰ ਅੰਦਰ ਸਮਾਨ ਬਗੈਰਾ ਟਿਕਾ ਰਹੇ ਹੋਣੇ। ਇੱਕ ਦਿਨ ਸ਼ਾਮੀਂ ਲੇਟ ਆਈ, ਜ਼ਮੀਨ ਦਾ ਕੇਸ ਸੀ ਕਚਹਿਰੀ ਵਿਚ। ਥੱਕੀ ਹੋਈ ਸੀ। ਅਣਗਹਿਲੀ ਵਿੱਚ ਗੇਟ ਦੀ ਗਰਿੱਲ ’ਤੇ ਬਾਹਰ ਨਿਕਲੀ ਤਿੱਖੀ ਮੇਖ ਵੱਲ ਧਿਆਨ ਨਾ ਗਿਆ, ਸਿੱਧੀ ਹਥੇਲੀ ਵਿਚ ਚੁਭ ਗਈ। ਖੂਨ ਦੀ ਧਾਰ ਵਹਿ ਨਿਕਲੀ। ਸਾਹਮਣੇ ਖੜੀ ਕਿਰਾਏਦਾਰ ਨੂੰ ਕਿਹਾ ਕਿ ਡਿਟੋਲ ਨਾਲ ਸਾਫ਼ ਕਰ ਕੇ ਪੱਟੀ ਬੰਨ੍ਹ ਦੇਵੇ, ਉਹ ਚੁੱਪ-ਚਾਪ ਖੜ੍ਹੀ ਰਹੀ। ਦੁਬਾਰਾ ਕਹਿਣ ’ਤੇ ਬੋਲੀ, “ਇਹ ਮੇਰਾ ਕੰਮ ਨਹੀਂ। ਅਸੀਂ ਤੁਹਾਡੇ ਕਿਰਾਏਦਾਰ ਹਾਂ, ਨੌਕਰ ਨਹੀਂ।” ਤੇ ਅੰਦਰ ਚਲੀ ਗਈ।
ਇਨਸਾਨੀਅਤ ਦੇ ਜਜ਼ਬੇ ਤੋਂ ਕੋਰੇ ਅਜਿਹੇ ਇਨਸਾਨਾਂ ਨੂੰ ਮੈਂ ਅਗਲੇ ਮਹੀਨੇ ਕੋਈ ਹੋਰ ਘਰ ਲੱਭ ਲੈਣ ਲਈ ਬੇਨਤੀ ਕਰ ਦਿੱਤੀ। ਫਿਰ ਕਈ ਮਹੀਨੇ ਘਰ ਖਾਲੀ ਰਿਹਾ। ਦਿੱਲੀ ਜਾਣਾ ਸੀ। ਇੱਕ ਦਿਨ ਕਿਸੇ ਮੁੰਡੇ ਦਾ ਫੋਨ ਆਇਆ, ਰੋ ਰਿਹਾ ਸੀ- “ਜੇ ਮੈਨੂੰ ਅੱਜ ਘਰ ਨਾ ਮਿਲਿਆ ਤਾਂ ਮੈਂ ਸ਼ਾਇਦ ਅਗਲਾ ਦਿਨ ਨਾ ਦੇਖਾਂ।” ਉਸ ਦੇ ਮਾਲਕ ਮਕਾਨ ਨੇ ਉਸ ਦਾ ਸਾਮਾਨ ਸੜਕ ’ਤੇ ਸੁੱਟ ਦਿੱਤਾ ਸੀ। ਕਹਿੰਦਾ, “ਨਵਾਂ ਨਵਾਂ ਵਿਆਹ ਹੋਇਆ ਹੈ, ਨਵੀਂ ਨਵੇਲੀ ਬੀਵੀ ਨੂੰ ਲੈ ਕੇ ਕਿੱਥੇ ਜਾਵਾਂ?” ਬੜਾ ਤਰਸ ਆਇਆ। ਪ੍ਰਾਪਰਟੀ ਡੀਲਰ ਰਾਹੀਂ ਉਸ ਨੂੰ ਘਰ ਦਿਵਾ ਦਿੱਤਾ। ਹਫ਼ਤੇ ਕੁ ਬਾਅਦ ਜਦ ਆਈ ਤਾਂ ਘਰ ਵਿਚ ਪੂਰੀ ਰੌਣਕ! ਮਾਂ-ਬਾਪ, ਭੈਣ-ਭਾਈ ਪਰ ਪਤਨੀ ਨਹੀਂ ਹੈ। ਪੁੱਛਣ ’ਤੇ ਬੋਲੇ, “ਇਹ ਸਾਡਾ ਨਿੱਜੀ ਮਾਮਲਾ ਹੈ, ਤੁਹਾਨੂੰ ਕਿਉਂ ਦੱਸੀਏ?” ਬਾਹਰਲੇ ਤੇ ਅੰਦਰਲੇ ਵਰਾਂਡੇ ਵਿਚ ਪਿਆ ਮੇਰਾ ਸਾਮਾਨ ਉਨ੍ਹਾਂ ਬਾਹਰ ਖੁੱਲ੍ਹੇ ਵਿਹੜੇ ਵਿਚ ਰੱਖ ਦਿੱਤਾ। ਰੋਕਿਆ ਤਾਂ ਜਵਾਬ ਮਿਲਿਆ, “ਕਿਰਾਇਆ ਦਿੰਦੇ ਹਾਂ, ਆਪਣਾ ਸਾਮਾਨ ਕਿੱਥੇ ਰੱਖੀਏ?”
ਇਕ ਦਿਨ ਬੁਖਾਰ ਚੜ੍ਹ ਗਿਆ, ਕਈ ਦਿਨ ਉਤਰਿਆ ਨਹੀਂ। ਡਾਕਟਰ ਨੇ ਦੱਸਿਆ- ਡੇਂਗੂ ਹੋ ਗਿਆ। ਕਮਜ਼ੋਰੀ ਬੜੀ ਹੋਈ। ਇਕ ਦਿਨ ਬੜੀ ਘਬਰਾਹਟ ਹੋ ਰਹੀ ਸੀ, ਕਿਰਾਏਦਾਰ ਬੀਬੀ ਨੂੰ ਕਿਹਾ, ਘੜੀ ਕੁ ਉਹ ਮੇਰੇ ਕੋਲ ਬੈਠ ਜਾਏ। ਉਹ ਬੋਲੀ, “ਦੇਖੋ ਭੈਣ ਜੀ, ਮੈਂ ਆਪਣਾ ਟੱਬਰ ਦੇਖਾਂ ਜਾਂ ਤੁਹਾਨੂੰ ਸੰਭਾਲਾਂ? ਤੁਹਾਡੀ ਬਿਮਾਰੀ ਕਿਹੜਾ ਅੱਜ ਕੱਲ੍ਹ ’ਚ ਠੀਕ ਹੋਣ ਵਾਲੀ ਆ। ਆਪਣਾ ਕੋਈ ਹੋਰ ਇੰਤਜ਼ਾਮ ਕਰੋ ਤੇ ਮੈਨੂੰ ਮੁਆਫ਼ ਕਰੋ।”
ਸੁਣ ਕੇ ਮਨ ਦੁਖੀ ਹੋਇਆ, ਗੁੱਸਾ ਵੀ ਆਇਆ। ਜੀਅ ਕੀਤਾ, ਅਜਿਹੇ ਜ਼ਾਲਮ ਲੋਕਾਂ ਨੂੰ ਹੁਣੇ ਘਰੋਂ ਬਾਹਰ ਕੱਢ ਕੇ ਤਾਲਾ ਲਾ ਦੇਵਾਂ। ਫਿਰ ਠੰਢੇ ਦਿਮਾਗ ਨਾਲ ਸੋਚਿਆ, ਕਮੀਆਂ ਤਾਂ ਸਾਡੇ ਵਿਚ ਹੀ ਨੇ, ਇਨ੍ਹਾਂ ਨੂੰ ਤਾਂ ਸਾਡੇ ਵਰਗਾ ਕੋਈ ਹੋਰ ਘਰ ਮਿਲ ਜਾਵੇਗਾ ਤੇ ਸਾਨੂੰ ਕੀ ਪਤਾ ਕੋਈ ਇਨ੍ਹਾਂ ਤੋਂ ਵੀ ਖ਼ਰਾਬ ਟੱਕਰ ਜਾਏ!

Advertisement

ਸੰਪਰਕ: 62841-55025

Advertisement

Advertisement
Author Image

sukhwinder singh

View all posts

Advertisement