ਮੋਦੀ ਦੀ ਤਾਨਾਸ਼ਾਹੀ ਰੋਕਣ ਲਈ ਕਾਂਗਰਸ ਨੂੰ ਮਜ਼ਬੂਤ ਕਰਨ ਦਾ ਵੇਲਾ: ਬਾਜਵਾ
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 8 ਮਈ
ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਚੋਣ ਪ੍ਰਚਾਰ ਲਈ ਅੱਜ ਹਲਕਾ ਕਾਦੀਆਂ ਵਿੱਚ ਵੱਡੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਅੱਜ ਦੀ ਮੁਹਿੰਮ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਚਲਾਈ ਗਈ ਇਸ ਮੌਕੇ ਹਲਕੇ ਵਿੱਚ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਇਲਾਵਾ ਕਾਹਨੂੰਵਾਨ ਤੇ ਭੈਣੀ ਮੀਆਂ ਖਾਂ ਵਿਖੇ ਵੀ ਖੁੱਲੀ ਚੋਣ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦੇਸ਼ ਵਿੱਚ ਪੈਂਦੇ ਵੱਖ ਵੱਖ ਸੂਬਿਆਂ ਦੇ ਸਹੀ ਵਿਕਾਸ ਲਈ ਮੋਦੀ ਸਰਕਾਰ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਨਰਿੰਦਰ ਮੋਦੀ ਵੱਲੋਂ ਪਿਛਲੇ ਦਸ ਸਾਲ ਤੋਂ ਜਿਵੇਂ ਤਾਨਾਸ਼ਾਹੀ ਕੀਤੀ ਗਈ ਹੈ, ਉਸ ਨੂੰ ਖਤਮ ਕਰਨ ਲਈ ਕਾਂਗਰਸ ਨੂੰ ਮਜ਼ਬੂੁਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁੱਝ ਕੁ ਸਰਮਾਏਦਾਰ ਘਰਾਣਿਆਂ ਨੂੰ ਫ਼ਾਇਦਾ ਦੇਣ ਲਈ ਪੂਰੇ ਦੇਸ਼ ਦੇ ਲੋਕਾਂ ਨੂੰ ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ ਅਤੇ ਕਿਸਾਨਾਂ ਨੂੰ ਤਰਸਯੋਗ ਹਾਲਤ ਵਿੱਚ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਬਾਜਵਾ ਨੇ ਕਿਹਾ, ‘‘ਦੇਸ਼ ਅੰਦਰ ਸਥਾਪਤ ਕੀਤੀ ਜਾ ਰਹੀ ਤਾਨਾਸ਼ਾਹੀ ਨੂੰ ਖ਼ਤਮ ਕਰਨ ਲਈ ਵੋਟਰਾਂ ਕੋਲ ਇਹ ਸੁਨਹਿਰੀ ਮੌਕਾ ਹੈ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਦਫਤਰ ਦਾ ਉਦੁਘਾਟਨ ਕਰਕੇ ਵੋਟਰਾਂ ਤੋਂ ਸਮਰਥਨ ਦੀ ਮੰਗ ਕੀਤੀ।
ਧਾਰੀਵਾਲ (ਪੱਤਰ ਪ੍ਰੇਰਕ): ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿੱਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਸ਼ਹਿਰ ਧਾਰੀਵਾਲ ਦੇ ਇੱਕ ਪੈਲੇਸ ਵਿੱਚ ਚੋਣ ਰੈਲੀ ਹੋਈ। ਸੂਬਾ ਆਗੂ ਬਰਿੰਦਰ ਸਿੰਘ ਛੋਟੇਪੁਰ ਤੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਦੇ ਪ੍ਰਬੰਧਾਂ ਹੇਠ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ‘ਆਪ’ ਦੀ ਸੂਬਾ ਸਰਕਾਰ ਨੇ ਵਾਅਦੇ ਪੂਰੇ ਨਾ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਾਂਗਰਸ ਦੀ ਕੇਂਦਰ ਵਿੱਚ ਬਨਣ ’ਤੇ ਪਾਰਟੀ ਵੱਲੋਂ ਹਰ ਵਰਗ ਨਾਲ ਕੀਤੇ ਵਾਅਦੇ ਪੁਗਾਏ ਜਾਣਗੇ।
ਸ਼ਹੀਦਾਂ ਦਾ ਸਤਿਕਾਰ ਕਰਦੀ ਹੈ ਕਾਂਗਰਸ: ਯਾਮਿਨੀ ਗੋਮਰ
ਫਗਵਾੜਾ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਨੇ ਅੱਜ ਵਿਧਾਨ ਸਭਾ ਹਲਕਾ ਫਗਵਾੜਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਯਾਮਿਨੀ ਗੋਮਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਲਈ ਜਾਨ ਵਾਰਨ ਵਾਲੇ ਸ਼ਹੀਦਾਂ ਦਾ ਪੂਰਾ ਸਤਿਕਾਰ ਕਰਦੀ ਹੈ ਕਿਉਂਕਿ ਪਾਰਟੀ ਦੇ ਕਈ ਆਗੂਆਂ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਕੇਂਦਰ ’ਚ ਕਾਂਗਰਸ ਪਾਰਟੀ ਦੀ ਅਗਵਾਈ ’ਚ ‘ਇੰਡੀਆ’ ਗਠਜੋੜ ਦੀ ਸਰਕਾਰ ਬਣੀ ਤਾਂ ਪੰਜਾਬ ਨਾਲ ਸਬੰਧਤ ਸਾਰੇ ਮਸਲੇ ਠੋਸ ਤਰੀਕੇ ਨਾਲ ਹੱਲ ਕੀਤੇ ਜਾਣਗੇ।