For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਦਾ ਵੇਲਾ

10:59 AM Sep 21, 2024 IST
ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਦਾ ਵੇਲਾ
Advertisement

ਮੇਜਰ ਜਨਰਲ ਬਲਵਿੰਦਰ ਸਿੰਘ (ਸੇਵਾਮੁਕਤ)

ਪੰਜਾਬ ਇਸ ਗੱਲ ਦੇ ਯੋਗ ਕਿਉਂ ਨਹੀਂ ਹੋ ਸਕਿਆ ਕਿ ਇਹ ਆਪਣੀ ਸੱਭਿਆਚਾਰਕ ਵਿਰਾਸਤ ਦੀ ਵਰਤੋਂ ਕਰ ਕੇ ਆਪਣੇ ਅਰਥਚਾਰੇ ਨੂੰ ਹੁਲਾਰਾ ਦੇ ਸਕੇ? ਕੀ ਇਸ ਦਾ ਕਾਰਨ ਇਹ ਹੈ ਕਿ ਸਾਡਾ ਆਪਣੀ ਵਿਰਾਸਤ ਨਾਲ ਕੋਈ ਰਿਸ਼ਤਾ ਹੀ ਨਹੀਂ ਰਹਿ ਗਿਆ ਜਾਂ ਸਮੇਂ ਸਮੇਂ ’ਤੇ ਆਈਆਂ ਸਰਕਾਰਾਂ ਕੋਲ ਸੰਕਲਪ ਦੀ ਘਾਟ ਰਹੀ ਹੈ? ਜੇ ਸਹੀ ਸਮੇਂ ’ਤੇ ਸਹੀ ਕਦਮ ਪੁੱਟੇ ਜਾਣ ਤਾਂ ਪੰਜਾਬ ਦੀ ਵਿਰਾਸਤ ਦੁਨੀਆ ਭਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਸਕਦੀ ਹੈ। ਹਿੰਦੋਸਤਾਨ ਤੱਕ ਪਹੁੰਚਣ ਲਈ ਹਮਲਾਵਰ ਪੰਜਾਬ ’ਚੋਂ ਹੋ ਕੇ ਲੰਘੇ ਸਨ ਅਤੇ ਇਸ ਧਰਤੀ ’ਤੇ ਕਈ ਲੜਾਈਆਂ ਲੜੀਆਂ ਗਈਆਂ ਸਨ। ਇਹ ਸਿੱਖ ਗੁਰੂਆਂ ਦੀ ਧਰਤੀ ਹੈ ਜਿਨ੍ਹਾਂ ਨੇ ਇਨਸਾਨੀਅਤ ਦੀ ਖਾਤਰ ਅਥਾਹ ਕੁਰਬਾਨੀਆਂ ਕੀਤੀਆਂ ਸਨ। ਪੰਜਾਬ ਨੂੰ ਭਾਰਤ ਦਾ ਅਨਾਜ ਦੇ ਕਟੋਰੇ ਦੀ ਤਸ਼ਬੀਹ ਦਿੱਤੀ ਜਾਂਦੀ ਰਹੀ ਹੈ। ਇਸ ਨੇ ਆਜ਼ਾਦੀ ਦੀ ਲੜਾਈ ਵਿੱਚ ਵੱਡਾ ਯੋਗਦਾਨ ਪਾਇਆ ਸੀ ਅਤੇ ਫਿਰ ਵੰਡ ਵੇਲੇ ਅਕਹਿ ਸੰਤਾਪ ਵੀ ਹੰਢਾਇਆ ਸੀ।
ਪੰਜਾਬ ਦੀ ਸੱਭਿਆਚਾਰਕ ਵਿਰਾਸਤ ਐਨੀ ਅਮੀਰ ਹੈ ਕਿ ਇਸ ਦੇ ਬਹੁਤ ਸਾਰੇ ਹੀਰਿਆਂ ਨੂੰ ਹਾਲੇ ਤੱਕ ਵਿਦਵਾਨਾਂ ਅਤੇ ਇਤਿਹਾਸਕਾਰਾਂ ਵੱਲੋਂ ਪਰਖਿਆ ਹੀ ਨਹੀਂ ਗਿਆ। ਮੰਦੇ ਭਾਗੀਂ ਸੂਬੇ ਦੇ ਬਹੁਤ ਸਾਰੇ ਵਿਰਾਸਤੀ ਭਵਨਾਂ ਦੀ ਖ਼ਸਤਾ ਹਾਲਤ ਬਣੀ ਹੋਈ ਹੈ ਅਤੇ ਜੇ ਇਨ੍ਹਾਂ ਨੂੰ ਸੰਭਾਲਣ ਜਾਂ ਸੁਰਜੀਤ ਕਰਨ ਲਈ ਫੌਰੀ ਤੌਰ ’ਤੇ ਚਾਰਾਜੋਈ ਨਾ ਕੀਤੀ ਗਈ ਤਾਂ ਇਹ ਸਦਾ ਲਈ ਸਾਥੋਂ ਖੁੱਸ ਜਾਣਗੇ। ਤੇਜ਼-ਤਰਾਰ ਤਕਨੀਕੀ ਤਰੱਕੀ ਅਤੇ ਸੰਸਾਰੀਕਰਨ ਦੇ ਇਸ ਯੁੱਗ ਅੰਦਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣਾ ਹੋਰ ਜ਼ਿਆਦਾ ਚੁਣੌਤੀਪੂਰਨ ਅਤੇ ਅਹਿਮ ਹੋ ਗਿਆ ਹੈ। ਸੱਭਿਆਚਾਰਕ ਵਿਰਾਸਤ ਵਿੱਚ ਹੱਥ ਲਿਖਤਾਂ, ਕਲਾਕਿਰਤਾਂ ਅਤੇ ਭਵਨਾਂ ਜਿਹੀਆਂ ਸਥੂਲ ਅਤੇ ਰਵਾਇਤਾਂ ਅਤੇ ਭਾਸ਼ਾਵਾਂ ਜਿਹੀਆਂ ਅਸਥੂਲ ਚੀਜ਼ਾਂ ਤੋਂ ਮਿਲ ਕੇ ਸਾਡੀ ਸਮੂਹਕ ਪਛਾਣ ਦਾ ਆਧਾਰ ਬਣਦੀ ਹੈ। ਇਹ ਸਾਨੂੰ ਆਪਣੇ ਅਤੀਤ ਨਾਲ ਜੋੜਦੀ ਹੈ, ਸਾਡੇ ਵਰਤਮਾਨ ਨੂੰ ਅਮੀਰ ਬਣਾਉਂਦੀ ਹੈ ਅਤੇ ਸਾਡੇ ਭਵਿੱਖ ਨੂੰ ਪ੍ਰਭਾਵਿਤ ਕਰਦੀ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਵਿਰਾਸਤ ਨੂੰ ਸੰਭਾਲਣ ਲਈ ਸਮਕਾਲੀ ਖੋਜਾਂ ਨੂੰ ਅਪਣਾਉਣਾ ਜ਼ਰੂਰੀ ਹੁੰਦਾ ਹੈ।
ਸੱਭਿਆਚਾਰਕ ਵਿਰਾਸਤ ਨਾ ਕੇਵਲ ਇਤਿਹਾਸ ਦਾ ਭੰਡਾਰ ਹੁੰਦੀ ਹੈ ਸਗੋਂ ਇਹ ਕਿਸੇ ਭਾਈਚਾਰੇ ਦੀਆਂ ਕਦਰਾਂ ਕੀਮਤਾਂ, ਵਿਸ਼ਵਾਸਾਂ ਅਤੇ ਅਨੁਭਵਾਂ ਦੀ ਜਿਊਂਦੀ ਜਾਗਦੀ ਮੂਰਤ ਵੀ ਹੁੰਦੀ ਹੈ। ਇਹ ਅਪਣੱਤ ਦੇ ਬੋਧ ਦਾ ਸੰਚਾਰ ਕਰਦੀ ਹੈ ਅਤੇ ਪ੍ਰੇਰਨਾ ਦੇ ਸਰੋਤ ਦਾ ਕੰਮ ਦਿੰਦੀ ਹੈ। ਇਸ ਤੋਂ ਇਲਾਵਾ ਇਹ ਸੈਰ ਸਪਾਟੇ ਅਤੇ ਜਨ ਸੰਚਾਰ ਮਾਧਿਅਮਾਂ ਰਾਹੀਂ ਆਰਥਿਕ ਵਿਕਾਸ ਵਿੱਚ ਚੋਖਾ ਯੋਗਦਾਨ ਪਾਉਂਦੀ ਹੈ ਅਤੇ ਸਮਾਜਿਕ ਇਕਸੁਰਤਾ ਅਤੇ ਅੰਤਰ ਸੱਭਿਆਚਾਰਕ ਸੰਵਾਦ ਨੂੰ ਹੁਲਾਰਾ ਦਿੰਦੀ ਹੈ।
ਸੱਭਿਆਚਾਰਕ ਵਿਰਾਸਤ ਵਿੱਚ ਸਮਕਾਲੀ ਖੋਜਾਂ ਦੇ ਏਕੀਕਰਨ ਦਾ ਭਾਵ ਸਿਰਫ਼ ਨਵੀਆਂ ਤਕਨੀਕਾਂ ਅਪਣਾਉਣ ਤਕ ਸੀਮਤ ਨਹੀਂ ਹੈ ਸਗੋਂ ਅੰਤਰ ਵਿਸ਼ਾਗਤ ਸਾਂਝ ਭਿਆਲੀ ਅਤੇ ਸਮਾਵੇਸ਼ੀ ਵਿਧੀਆਂ ਨੂੰ ਹੱਲਾਸ਼ੇਰੀ ਦੇਣਾ ਵੀ ਹੈ। ਪੁਰਾਲੇਖ, ਪਦਾਰਥਕ ਵਿਗਿਆਨ ਅਤੇ ਡਿਜੀਟਲ ਤਕਨਾਲੋਜੀ ਜਿਹੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੂੰ ਇੱਕ ਥਾਂ ਲਿਆ ਕੇ ਅਸੀਂ ਸੱਭਿਆਚਾਰਕ ਵਿਰਾਸਤ ਦੀ ਸਾਂਭ ਸੰਭਾਲ ਦੀ ਸਰਬਪੱਖੀ ਪਹੁੰਚ ਵਿਕਸਤ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇਨ੍ਹਾਂ ਇਖ਼ਲਾਕੀ ਸਰੋਕਾਰਾਂ ਨੂੰ ਮੁਖ਼ਾਤਿਬ ਹੁੰਦਿਆਂ ਇਹ ਯਕੀਨੀ ਬਣਾਇਆ ਜਾਵੇ ਕਿ ਤਕਨੀਕੀ ਮੁਦਾਖ਼ਲਤਾਂ ਸੱਭਿਆਚਾਰਕ ਵਿਰਾਸਤ ਦੀ ਪ੍ਰਮਾਣਿਕਤਾ ਅਤੇ ਮਹੱਤਵ ਦਾ ਸਤਿਕਾਰ ਕਰਨ। ਨਵੀਨਤਾ ਦਾ ਰਵਾਇਤਾਂ ਨਾਲ ਸਮਤੋਲ ਬਿਠਾ ਕੇ ਅਸੀਂ ਅਜਿਹੀਆਂ ਪਾਏਦਾਰ ਰਣਨੀਤੀਆਂ ਵਿਕਸਤ ਕਰ ਸਕਦੇ ਹਾਂ ਜੋ ਸਾਡੇ ਅਤੀਤ ਦਾ ਸਤਿਕਾਰ ਵੀ ਕਰਨ ਅਤੇ ਭਵਿੱਖ ਨਾਲ ਬਗਲਗੀਰ ਵੀ ਹੋ ਸਕਣ।
ਆਧੁਨਿਕ ਤੱਤਾਂ ਨੂੰ ਸੋਚਮਈ ਢੰਗ ਨਾਲ ਰਵਾਇਤੀ ਸੈਟਿੰਗਾਂ ਨਾਲ ਇਕਮਿਕ ਕਰਨਾ ਸਮੇਂ ਦੀ ਲੋੜ ਹੈ। ਇਤਿਹਾਸਕ ਧਰੋਹਰਾਂ ਦੀ ਪੂਰਨਤਾ ਲਈ ਆਧੁਨਿਕ ਆਰਕੀਟੈਕਚਰ ਦਾ ਇਸ ਢੰਗ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ ਕਿ ਇਨ੍ਹਾਂ ਦੀ ਆਭਾ ਨੂੰ ਆਂਚ ਨਾ ਆਵੇ। ਇਤਿਹਾਸਕ ਥਾਵਾਂ ਦੀ ਮੂਲ ਇਮਾਰਤਸਾਜ਼ੀ ਅਤੇ ਆਲੇ ਦੁਆਲੇ ਦੇ ਮਿਜ਼ਾਜ ’ਤੇ ਢੁਕਵੀਆਂ ਆਧੁਨਿਕ ਸੁਹੂਲਤਾਂ ਅਤੇ ਸਹਾਇਕ ਢਾਂਚੇ ਨੂੰ ਅਪਣਾਉਣਾ ਚਾਹੀਦਾ ਹੈ। ਇਹ ਸਭ ਕਿਸੇ ਨਵੀਂ ਉਸਾਰੀ ਵਿਚ ਰਵਾਇਤੀ ਇਮਾਰਤੀ ਸਮੱਗਰੀ ਜਾਂ ਡਿਜ਼ਾਈਨਾਂ ਦਾ ਇਸਤੇਮਾਲ ਕਰ ਕੇ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਾਨੂੰ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਦੀ ਗਰਮੀ ਦੀ ਮਾਰ ਤੋਂ ਬਚਾਉਣ ਵਾਲੀ ਕੁਦਰਤੀ ਠੰਢਕ ਪਹੁੰਚਾਣ ਵਾਲੀਆਂ ਸਾਡੀਆਂ ਪੁਰਾਣੀਆਂ ਇਮਾਰਤਾਂ ਨੂੰ ਸਾਂਭਣ ਅਤੇ ਸੁਰਜੀਤ ਕਰਨ ਦੀ ਲੋੜ ਹੈ।
ਅਜਿਹੀਆਂ ਇਤਿਹਾਸਕ ਥਾਵਾਂ ਦੀ ਨਿਸ਼ਾਨਦੇਹੀ ਕਰਨੀ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਜ਼ਰੂਰੀ ਹੈ ਜੋ ਸਾਡੇ ਅਤੀਤ ਦੀ ਵਿਰਾਸਤ ਦੀ ਤਰਜਮਾਨੀ ਕਰਦੀਆਂ ਹੋਣ। ਉਨ੍ਹਾਂ ਨੂੰ ਆਧੁਨਿਕ ਤਕਨੀਕਾਂ ਦੀ ਵਰਤੋਂ ਕਰ ਕੇ ਸੁਰਜੀਤ ਕਰਨ ਅਤੇ ਸੰਭਾਲ ਕੇ ਰੱਖਣ ਦੀ ਲੋੜ ਹੈ। ਇਸ ਤੋਂ ਇਲਾਵਾ, ਅਜਾਇਬਘਰਾਂ, ਸਭਿਆਚਾਰਕ ਕੇਂਦਰਾਂ ਅਤੇ ਹੋਟਲਾਂ ਜਿਹੇ ਸਮਕਾਲੀ ਮੰਤਵਾਂ ਲਈ ਵਿਰਾਸਤੀ ਇਮਾਰਤਾਂ ਦੀ ਪੁਨਰ ਵਰਤੋਂ ਕਰਨ ਬਾਰੇ ਵੀ ਸੋਚਣਾ ਚਾਹੀਦਾ ਹੈ। ਇਸ ਨਾਲ ਇਤਿਹਾਸਕ ਭਵਨਾਂ ਦੀ ਵਿਰਾਸਤੀ ਕਦਰ ਦੀ ਰਾਖੀ ਕਰਦੇ ਹੋਏ, ਇਨ੍ਹਾਂ ਨੂੰ ਨਵਾਂ ਜੀਵਨ ਦਾਨ ਮਿਲ ਸਕੇਗਾ। ਸਾਨੂੰ ਆਪਣੇ ਸੱਭਿਆਚਾਰ ਅਤੇ ਵਿਰਾਸਤ ’ਤੇ ਮਾਣ ਹੋਣਾ ਚਾਹੀਦਾ ਹੈ ਅਤੇ ਸਾਨੂੰ ਆਪਣੀ ਸੱਭਿਆਚਾਰਕ ਵਿਰਾਸਤ ਦੀ ਸਾਂਭ-ਸੰਭਾਲ ਦੀ ਰਾਖੀ ਦੇ ਮਹੱਤਵ ਨੂੰ ਵੀ ਪ੍ਰਵਾਨ ਕਰਨਾ ਪਵੇਗਾ। ਆਮ ਤੌਰ ’ਤੇ ਰਸਮਾਂ, ਰਵਾਇਤਾਂ, ਭਾਸ਼ਾਵਾਂ ਅਤੇ ਇਤਿਹਾਸਕ ਥਾਵਾਂ ਹੀ ਕਿਸੇ ਭਾਈਚਾਰੇ ਜਾਂ ਸਮਾਜ ਦੀ ਪਛਾਣ ਅਤੇ ਕਦਰਾਂ ਕੀਮਤਾਂ ਦੀ ਲਖਾਇਕ ਹੁੰਦੀਆਂ ਹਨ। ਪੰਜਾਬ ਕੋਲ ਹਰ ਕਿਸਮ ਦੀਆਂ ਚੁਣੌਤੀਆਂ ’ਤੇ ਪਾਰ ਪਾਉਣ ਅਤੇ ਇਕ ਹਾਂਦਰੂ ਤਬਦੀਲੀ ਲਿਆਉਣ ਦਾ ਜਜ਼ਬਾ ਹੈ।
ਸਮਾਜ ਬਦਲਦਾ ਹੈ ਤੇ ਆਧੁਨਿਕੀਕਰਨ ਅਕਸਰ ਤਕਨੀਕ, ਬੁਨਿਆਦੀ ਢਾਂਚੇ, ਸਿਹਤ ਸੰਭਾਲ ਤੇ ਵਿਦਿਅਕ ਸਹੂਲਤਾਂ ਦੇ ਪੱਖ ਤੋਂ ਵਿਕਾਸ ਲੈ ਕੇ ਆਉਂਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਤਬਦੀਲੀਆਂ ਨੂੰ ਅਪਣਾਈਏ ਤੇ ਮੌਜੂਦਾ ਚੁਣੌਤੀਆਂ ਨਾਲ ਨਜਿੱਠਣ ਲਈ ਜੀਵਨ ਪੱਧਰ ’ਚ ਸੁਧਾਰ ਕਰੀਏ। ਅਜਿਹੀਆਂ ਨੀਤੀਆਂ ਬਣਨ ਜੋ ਵਿਕਾਸ ਦੇ ਟੀਚਿਆਂ ਦਾ ਵਿਰਾਸਤੀ ਸਾਂਭ-ਸੰਭਾਲ ਨਾਲ ਸੰਤੁਲਨ ਬਿਠਾਉਣ। ਇਹ ਸ਼ਾਇਦ ਖੇਤਰੀਕਰਨ ਕਾਨੂੰਨਾਂ, ਵਿਰਾਸਤੀ ਰੱਖ-ਰਖਾਅ ਦੇ ਨੇਮਾਂ ਅਤੇ ਇਤਿਹਾਸਕ ਇਮਾਰਤਾਂ ਦੀ ਮੁੜ ਵਰਤੋਂ ਲਈ ਰਿਆਇਤਾਂ ਦੇ ਰੂਪ ਵਿੱਚ ਹੋ ਸਕਦਾ ਹੈ। ਅਜਿਹੇ ਆਧੁਨਿਕੀਕਰਨ ਪ੍ਰਾਜੈਕਟ ਲਾਗੂ ਕੀਤੇ ਜਾਣ ਜੋ ਟਿਕਾਊ ਤੇ ਵਾਤਾਵਰਨ ਪੱਖੀ ਹੋਣ ਅਤੇ ਵਿਰਾਸਤੀ ਸਥਾਨਾਂ ਤੇ ਇਨ੍ਹਾਂ ਦੇ ਚੌਗਿਰਦੇ ਉੱਤੇ ਪੈਂਦੇ ਅਸਰਾਂ ਨੂੰ ਘਟਾਉਣ ਲਈ ਪ੍ਰਦੂਸ਼ਣ ਰਹਿਤ ਤਕਨੀਕਾਂ ਤੇ ਪ੍ਰਕਿਰਿਆਵਾਂ ਦੀ ਵਰਤੋਂ ਕੀਤੀ ਜਾਵੇ।
ਇਨ੍ਹਾਂ ਸਥਾਨਾਂ ਦੇ ਵਿਕਾਸ ਨਾਲ ਸਬੰਧਿਤ ਫ਼ੈਸਲਿਆਂ ’ਚ ਮੁਕਾਮੀ ਭਾਈਚਾਰਿਆਂ ਦੀ ਰਾਇ ਲੈਣੀ ਸਹੀ ਦਿਸ਼ਾ ਵਿੱਚ ਚੁੱਕਿਆ ਕਦਮ ਹੋਵੇਗਾ। ਉਨ੍ਹਾਂ ਦੇ ਮਸ਼ਵਰੇ ਯਕੀਨੀ ਬਣਾ ਸਕਦੇ ਹਨ ਕਿ ਆਧੁਨਿਕੀਕਰਨ ਦੀਆਂ ਕੋਸ਼ਿਸ਼ਾਂ ਸਾਡੀਆਂ ਵਿਰਾਸਤੀ ਕਦਰਾਂ-ਕੀਮਤਾਂ ਤੇ ਰਵਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਜਾਣ। ਵਿਰਾਸਤੀ ਸਥਾਨਾਂ ਤੇ ਰਵਾਇਤਾਂ ਉੱਤੇ ਆਧੁਨਿਕੀਕਰਨ ਦੇ ਅਸਰਾਂ ਦਾ ਨਿਯਮਿਤ ਤੌਰ ’ਤੇ ਮੁਲਾਂਕਣ ਕਰਨਾ ਪਏਗਾ। ਨੀਤੀਆਂ ਤੇ ਰੀਤੀ-ਰਿਵਾਜਾਂ ਨੂੰ ਇਸ ਤਰ੍ਹਾਂ ਰੱਖਣਾ ਪਏਗਾ ਕਿ ਸੰਤੁਲਨ ਬਣਿਆ ਰਹੇ। ਇਸ ਨਾਲ ਸਮਾਜ ਦੀ ਇਹ ਯਕੀਨੀ ਬਣਾਉਣ ਵਿੱਚ ਮਦਦ ਹੋ ਸਕਦੀ ਹੈ ਕਿ ਆਧੁਨਿਕੀਕਰਨ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਹੇਠਾਂ ਲਿਜਾਣ ਦੀ ਥਾਂ ਇਸ ਵਿੱਚ ਵਾਧਾ ਕਰੇ। ਕਾਬਿਲੇਗੌਰ ਹੈ ਕਿ, ਤਿੰਨ ਸਾਲ ਪਹਿਲਾਂ ਜੱਲ੍ਹਿਆਂਵਾਲਾ ਬਾਗ਼ ਯਾਦਗਾਰ ਦੀ ਮੁਰੰਮਤ ਦੌਰਾਨ ਕੁਝ ਹੱਦ ਤੱਕ ਇਸ ਦੀ ਮੌਲਿਕ ਦਿੱਖ ਦਾ ਨੁਕਸਾਨ ਕੀਤਾ ਗਿਆ ਸੀ।
ਸਰਕਾਰ ਨੂੰ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਜੋ ਖ਼ਾਸ ਤੌਰ ’ਤੇ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਹੋਵੇ। ਵਿਦਿਅਕ ਸੰਸਥਾਵਾਂ ’ਚ ਸਥਾਨਕ ਰਵਾਇਤਾਂ ਤੇ ਸੱਭਿਆਚਾਰ ਦਾ ਜਸ਼ਨ ਮਨਾਉਣ ਵਾਲੇ ਸਮਾਗਮ ਕਰਾਉਣ ਨਾਲ ਨਾ ਕੇਵਲ ਵਿਰਾਸਤਾਂ ਦੀ ਸਾਂਭ-ਸੰਭਾਲ ਵਿੱਚ ਮਦਦ ਮਿਲੇਗੀ ਬਲਕਿ ਸੈਰ-ਸਪਾਟੇ ਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।
ਇਸ ਤਰ੍ਹਾਂ ਦੇ ਕਦਮ ਚੁੱਕ ਕੇ, ਸਮਾਜ, ਵਿਰਾਸਤ ਤੇ ਆਧੁਨਿਕੀਕਰਨ ਦੀ ਆਪਸੀ ਗੁੰਝਲਦਾਰ ਪ੍ਰਕਿਰਿਆ ਵਿੱਚੋਂ ਪਾਰ ਲੰਘ ਸਕਦਾ ਹੈ ਤਾਂ ਕਿ ਦੋਵੇਂ ਪੱਖ ਇੱਕ ਜੀਵੰਤ ਤੇ ਟਿਕਾਊ ਭਵਿੱਖ ਲਈ ਹਿੱਸਾ ਪਾ ਸਕਣ। ਸਮੇਂ ਦੇ ਨਾਲ ਅੱਗੇ ਵਧਦਿਆਂ ਸੱਭਿਆਚਾਰਕ ਪਛਾਣ ਨੂੰ ਸੰਭਾਲਣ ਲਈ ਸੰਤੁਲਨ ਕਾਇਮ ਰੱਖਣਾ ਜ਼ਰੂਰੀ ਹੈ। ਸੂਬਾਈ ਅਤੇ ਜ਼ਿਲ੍ਹਾ ਪੱਧਰ ਉੱਤੇ ਕੰਮ ਕਰ ਰਹੇ ‘ਇਨਟੈਕ’ ਦੇ ਵਾਲੰਟੀਅਰ, ਸਾਂਭ-ਸੰਭਾਲ ਤੇ ਰੱਖ-ਰਖਾਅ ਵਿੱਚ ਮੁਹਾਰਤ ਰੱਖਦੇ ਹਨ। ਸਰਕਾਰ ਨੂੰ ਇਸ ਦਾ ਪੂਰਾ ਲਾਹਾ ਲੈਣਾ ਚਾਹੀਦਾ ਹੈ।
ਆਧੁਨਿਕ ਚੁਣੌਤੀਆਂ ਸਾਹਮਣੇ ਆਪਣੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਲਈ ਅਗਾਂਹਵਧੂ ਪਹੁੰਚ ਲੋੜੀਂਦੀ ਹੈ ਜੋ ਸਮਕਾਲੀ ਪ੍ਰਗਤੀ ਨੂੰ ਪੂਰੀ ਤਰ੍ਹਾਂ ਵਰਤੋਂ ’ਚ ਲਿਆਏ। ਡਿਜੀਟਲ ਤਕਨੀਕਾਂ, ਡੇਟਾ ਵਿਸ਼ਲੇਸ਼ਣ, ਮਟੀਰੀਅਲ ਸਾਇੰਸ ਤੇ ਸਮਾਜਿਕ ਹਿੱਸੇਦਾਰੀ ਰਾਹੀਂ ਅਸੀਂ ਆਪਣੀ ਸਾਂਝੀ ਵਿਰਾਸਤ ਨੂੰ ਬਚਾ ਸਕਦੇ ਹਾਂ। ਉਨ੍ਹਾਂ ਸੱਭਿਆਚਾਰਕ ਭੰਡਾਰਾਂ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਜੋ ਸਾਨੂੰ ਪਰਿਭਾਸ਼ਿਤ ਕਰਦੇ ਹਨ।

Advertisement

* ਕਨਵੀਨਰ, ਇਨਟੈਕ ਪੰਜਾਬ ਸਟੇਟ ਚੈਪਟਰ।

Advertisement

Advertisement
Author Image

sukhwinder singh

View all posts

Advertisement