ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਧੁਨਿਕਤਾ ਨਾਲ ਕਦਮ ਮਿਲਾ ਕੇ ਚੱਲਣ ਦਾ ਸਮਾਂ

07:16 AM Oct 19, 2023 IST

ਪਰਵਿੰਦਰ ਸਿੰਘ ਢੀਂਡਸਾ
Advertisement

ਤਕਨੀਕੀ ਵਿਕਾਸ ਨੇ ਦੁਨੀਆਂ ਨੂੰ ਇੱਕ ਛੋਟੇ ਜਿਹੇ ਪਿੰਡ ਵਿੱਚ ਬਦਲ ਕੇ ਰੱਖ ਦਿੱਤਾ ਹੈ। ਅੱਜ ਦੇ ਸਮੇਂ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਕੋਈ ਕੰਮ ਕਰਨਾ ਹੋਵੇ ਜਾਂ ਆਪਣੇ ਕਰੀਅਰ ਬਾਰੇ ਕੋਈ ਅਹਿਮ ਫੈਸਲਾ ਕਰਨਾ ਹੋਵੇ, ਅਸੀਂ ਆਪਣੇ ਘਰ/ਕਮਰੇ ਵਿੱਚ ਬੈਠੇ ਹੀ ਨਾ ਸਿਰਫ ਉਸ ਦਾ ਖਾਕਾ ਵਾਹ ਸਕਦੇ ਹਾਂ ਸਗੋਂ ਉਸਨੂੰ ਅਮਲ ਵਿੱਚ ਵੀ ਲਿਆ ਸਕਦੇ ਹਾਂ। ਦੂਰੀਆਂ ਮਿਟ ਗਈਆਂ ਹਨ, ਸਮੇਂ ਦੀਆਂ ਇਕਾਈਆਂ ਛੋਟੀਆਂ ਹੋ ਗਈਆਂ ਹਨ। ਪਹਿਲਾਂ ਜਿਸ ਕੰਮ ਲਈ ਘੰਟਿਆਂ ਬੱਧੀ ਲਾਈਨ ਵਿੱਚ ਖੜ੍ਹਨਾ ਪੈਂਦਾ ਸੀ, ਹੁਣ ਉਹ ਚੁਟਕੀ ਵਜਾਉਣ ਜਿੰਨਾ ਆਸਾਨ ਹੋ ਗਿਆ ਹੈ। ਅਜੋਕੇ ਦੌਰ ਵਿੱਚ ਹਾਲਾਤ ਜਿਸ ਤੇਜ਼ ਗਤੀ ਨਾਲ ਬਦਲ ਰਹੇ ਹਨ, ਇਤਿਹਾਸ ਵਿੱਚ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ। ਇਸ ਲਈ ਆਧੁਨਿਕਤਾ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਮੌਜੂਦਾ ਸਮੇਂ ਵਿੱਚ ਸਾਡੀ ਅਣਸਰਦੀ ਲੋੜ ਬਣ ਚੁੱਕੀ ਹੈ, ਨਹੀਂ ਤਾਂ ਅਸੀਂ ਸੱਭਿਅਤਾ ਦੇ ਵਿਕਾਸ ਵਿੱਚ ਬਹੁਤ ਪਛੜ ਜਾਵਾਂਗੇ। ਤਕਨਾਲੋਜੀ ਨੇ ਪਿਛਲੇ ਦਸ-ਪੰਦਰਾਂ ਸਾਲਾਂ ਵਿੱਚ ਜੋ ਤਰੱਕੀ ਕੀਤੀ ਹੈ, ਸ਼ਾਇਦ ਉਸ ਤੋਂ ਪਿਛਲੀ ਸਦੀ ਵਿੱਚ ਇਨ੍ਹਾਂ ਸਾਲਾਂ ਨਾਲੋਂ ਅੱਧੀ ਵੀ ਨਾ ਕੀਤੀ ਹੋਵੇ। ਦਿਲਚਸਪ ਅਤੇ ਚੰਗੀ ਗੱਲ ਇਹ ਹੈ ਕਿ ਇਹ ਰਫ਼ਤਾਰ ਬਾਦਸਤੂਰ ਜਾਰੀ ਹੈ।
ਪਹਿਲਾਂ ਜਨਿ੍ਹਾਂ ਕੰਮਾਂ ਲਈ ਕੁਝ ਕੁ ਖਾਸ ਵਿਅਕਤੀਆਂ ’ਤੇ ਨਿਰਭਰ ਹੋਣਾ ਪੈਂਦਾ ਸੀ, ਹੁਣ ਉਹ ਆਮ ਇਨਸਾਨ ਲਈ ਖੱਬੇ ਹੱਥ ਦੀ ਖੇਡ ਬਣ ਗਏ ਹਨ। ਸਭ ਤੋਂ ਵੱਡੀ ਗੱਲ ਇਹ ਕਿ ਇਨ੍ਹਾਂ ਕੰਮਾਂ ਲਈ ਸਪੈਸ਼ਲ ਸਮਾਂ ਵੀ ਨਹੀਂ ਕੱਢਣਾ ਪੈਂਦਾ ਸਗੋਂ ਰੋਜ਼ਾਨਾ ਦਾ ਕੰਮ ਕਾਰ ਕਰਦੇ ਹੋਏ ਇਹ ਕੰਮ ਆਨਲਾਈਨ ਐਪਲੀਕੇਸ਼ਨਾਂ ਜ਼ਰੀਏ ਕੁਝ ਕੁ ਫੁਰਸਤ ਦੇ ਪਲਾਂ ਵਿੱਚ ਸ਼ੁਗਲ ਵਜੋਂ ਹੀ ਹੋ ਜਾਂਦੇ ਹਨ। ਲਗਪਗ ਹਰੇਕ ਸਰਕਾਰੀ ਜਾਂ ਪ੍ਰਾਈਵੇਟ ਸੰਸਥਾ ਲੋਕਾਂ ਦੀ ਸਹੂਲਤ ਲਈ ਆਪਣੀ ਸੰਸਥਾ ਦੀ ਵੈੱਬਸਾਈਟ ਜਾਂ ਐਪਲੀਕੇਸ਼ਨ ਜਾਰੀ ਕਰਦੀ ਹੈ ਜਿਸ ਨਾਲ ਨਾ ਸਿਰਫ ਲੋਕਾਂ ਦਾ ਸਮਾਂ ਹੀ ਬਚਦਾ ਹੈ, ਸਗੋਂ ਆਮ ਇਨਸਾਨ ਕਿਸੇ ਸੰਸਥਾ ਦੀਆਂ ਸੰਸਥਾਗਤ ਗੁੰਝਲਾਂ ਵਿੱਚ ਪੈਣ ਦੀ ਬਜਾਏ ਸਿਰਫ ਕੁਝ ਕੁ ਸਬੰਧਤ ਆਪਸ਼ਨਾਂ ਕਲਿੱਕ ਕਰਕੇ ਬਾਕੀ ਦੇ ਬੇਲੋੜੇ ਝੰਜਟਾਂ ਤੋਂ ਬਚ ਜਾਂਦਾ ਹੈ। ਇੱਕ ਹੋਰ ਫਾਇਦਾ ਇਹ ਹੁੰਦਾ ਹੈ ਕਿ ਕਿਸੇ ਵੀ ਆਨਲਾਈਨ ਵੈੱਬਸਾਈਟ ਜਾਂ ਐਪਲੀਕੇਸ਼ਨ ਰਾਹੀਂ ਕੋਈ ਵਿਅਕਤੀ ਜਦ ਕਿਸੇ ਸਰਵਿਸ ਤੱਕ ਪਹੁੰਚ ਕਰਦਾ ਹੈ ਤਾਂ ਉਸਨੂੰ ਸਬੰਧਤ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਕਰਨ ਤੋਂ ਬਾਅਦ ਇੱਕ ਨੰਬਰ ਜਾਂ ਕੋਡ, ਜਿਸਨੂੰ ਆਮ ਕਰਕੇ ਰੈਫਰੈਂਸ ਨੰਬਰ ਕਿਹਾ ਜਾਂਦਾ ਹੈ, ਪ੍ਰਾਪਤ ਹੁੰਦਾ ਹੈ ਜੋ ਉਸਦੀ ਸਫਲ ਅਰਜ਼ੀ ਦੀ ਤਸਦੀਕ ਹੁੰਦੀ ਹੈ। ਇਸਦਾ ਇੱਕ ਹੋਰ ਲਾਭ ਇਹ ਹੁੰਦਾ ਹੈ ਕਿ ਇਸ ਨਾਲ ਸਿਸਟਮ ਵਿੱਚ ਪਾਰਦਰਸ਼ਤਾ ਵਧਦੀ ਹੈ ਤੇ ਆਮ ਇਨਸਾਨ ਦਾ ਸਿਸਟਮ ਪ੍ਰਤੀ ਵਿਸ਼ਵਾਸ ਵਧਦਾ ਹੈ। ਆਨਲਾਈਨ ਪ੍ਰਕਿਰਿਆ ਰਾਹੀਂ ਸਬੰਧਤ ਅਦਾਰਾ, ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਗਤੀਸ਼ੀਲ ਹੁੰਦਾ ਹੈ।
ਅੱਜ ਸਮਾਂ ਜਿਸ ਤੇਜ਼ੀ ਨਾਲ ਬਦਲ ਰਿਹਾ ਹੈ, ਭੂਤਕਾਲ ਵਿੱਚ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ। ਸਮੇਂ ਸਮੇਂ ’ਤੇ ਵੱਖ ਵੱਖ ਸਮਾਜਾਂ ਵਿੱਚ ਕਈ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ, ਪਰ ਕਿਸੇ ਵੀ ਬਦਲਾਅ ਨੇ ਮਨੁੱਖੀ ਸੱਭਿਅਤਾ ਨੂੰ ਇਸ ਹੱਦ ਤੱਕ ਪ੍ਰਭਾਵਿਤ ਨਹੀਂ ਕੀਤਾ ਜਿੰਨਾ ਕਿ ਅਜੋਕੀ ਤਕਨੀਕੀ ਕ੍ਰਾਂਤੀ ਨੇ ਕੀਤਾ ਹੈ। ਅੱਜ ਤੋਂ ਦਸ ਸਾਲ ਬਾਅਦ ਦੁਨੀਆਂ ਦੀ ਤਸਵੀਰ ਕੀ ਹੋਵੇਗੀ, ਇਸ ਬਾਰੇ ਕਲਪਨਾ ਕਰਨੀ ਵੀ ਮੁਸ਼ਕਿਲ ਹੈ। ਪਰ ਕੁਝ ਵੀ ਹੋਵੇ, ਇਸ ਗੱਲ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਇਸ ਹੈਰਾਨੀਜਨਕ ਗਤੀ ਨਾਲ ਬਦਲ ਰਹੀ ਦੁਨੀਆਂ ਨਾਲ ਕਦਮ ਮਿਲਾ ਕੇ ਅਸੀਂ ਤਾਂ ਹੀ ਤੁਰ ਸਕਦੇ ਹਾਂ ਜੇ ਅਸੀਂ ਹੁਣ ਤੋਂ ਹੀ ਸਾਡੇ ਆਲੇ ਦੁਆਲੇ ਮੌਜੂਦ ਤਕਨੀਕ ਦੀ ਵਰਤੋਂ ਕਰਨੀ ਸ਼ੁਰੂ ਕਰਾਂਗੇ। ਅੱਜ ਹਰੇਕ ਕੰਮ ਕਰਨ ਦੇ ਤਰੀਕੇ ਦਾ ਆਨਲਾਈਨ ਬਦਲ ਮੌਜੂਦ ਹੈ। ਸਭ ਤੋਂ ਮਹੱਤਵਪੂਰਨ ਗੱਲ ਕਿ ਇਨ੍ਹਾਂ ਦੀ ਵਰਤੋਂ ਕਰਨ ਲਈ ਸਾਨੂੰ ਕਿਸੇ ਖਾਸ ਤਕਨੀਕੀ ਮੁਹਾਰਤ ਦੀ ਵੀ ਲੋੜ ਨਹੀਂ, ਸਗੋਂ ਕੰਪਿਊਟਰ ਸਾਇੰਸ ਦੀ ਮੁੱਢਲੀ ਜਾਣਕਾਰੀ ਵੀ ਸਾਨੂੰ ਇਨ੍ਹਾਂ ਸਹੂਲਤਾਂ ਦੀ ਵਰਤੋਂ ਕਰਨ ਯੋਗ ਬਣਾ ਸਕਦੀ ਹੈ। ਜੋ ਵਿਅਕਤੀ ਕਿਸੇ ਕਾਰਨ ਇਹ ਵੀ ਕਰਨ ਤੋਂ ਅਸਮਰੱਥ ਹਨ, ਉਨ੍ਹਾਂ ਦੀ ਸਹਾਇਤਾ ਲਈ ਸੁਵਿਧਾ ਕੇਂਦਰ ਜਾਂ ਸੇਵਾ ਕੇਂਦਰ ਮੌਜੂਦ ਹਨ। ਬਿਜਲੀ, ਪਾਣੀ ਦੇ ਬਿਲ ਭਰਨ ਤੋਂ ਲੈ ਕੇ ਜ਼ਮੀਨ ਜਾਇਦਾਦ ਨਾਲ ਸਬੰਧਤ ਮਹੱਤਵਪੂਰਨ ਕੰਮ ਅੱਜ ਕੱਲ੍ਹ ਆਨਲਾਈਨ ਪ੍ਰਕਿਰਿਆ ਰਾਹੀਂ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਜਿੱਥੇ ਆਨਲਾਈਨ ਤਕਨੀਕ ਦੇ ਇਹ ਸਾਰੇ ਫਾਇਦੇ ਹਨ, ਉੱਥੇ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਵੀ ਹੈ ਕਿ ਜੇ ਕੋਈ ਵਿਅਕਤੀ ਇਸ ‘ਸੂਚਨਾ ਤਕਨੀਕ’ ਦੇ ਕਿਸੇ ਵੀ ਇੱਕ ਖੇਤਰ ਵਿੱਚ ਮੁਹਾਰਤ ਹਾਸਲ ਕਰ ਲੈਂਦਾ ਹੈ ਤਾਂ ਇਹ ਉਸਦੇ ਰੁਜ਼ਗਾਰ ਦੀ ਗਾਰੰਟੀ ਵੀ ਬਣ ਸਕਦੀ ਹੈ। ਇਸ ਤਰ੍ਹਾਂ ਦੇ ਸਵੈ-ਰੁਜ਼ਗਾਰ ਲਈ ਨਾ ਕੋਈ ਫੈਕਟਰੀ ਜਾਂ ਕਾਰਪੋਰੇਸ਼ਨ ਦੀ ਲੋੜ ਪੈਂਦੀ ਹੈ ਤੇ ਨਾ ਕੋਈ ਬਹੁਤ ਭਾਰੀ ਰਕਮ ਦੇ ਨਿਵੇਸ਼ ਕਰਨ ਦੀ, ਸਗੋਂ ਲਗਨ ਤੇ ਭਰੋਸੇ ਨਾਲ ਕੁਝ ਕੁ ਸਮੇਂ ਦਾ ਨਿਵੇਸ਼ ਕਰਕੇ ਹੀ ਇਸ ਤਕਨੀਕ ਦੇ ਸਹਾਰੇ ਸਮਾਜ ਵਿੱਚ ਆਪਣੀ ਸਤਿਕਾਰਤ ਜਗ੍ਹਾ ਬਣਾਈ ਜਾ ਸਕਦੀ ਹੈ।
ਸੰਪਰਕ: 98148-29005

Advertisement
Advertisement