ਪੰਚਾਇਤੀ ਚੋਣਾਂ ਕਰਵਾਉਣ ਦਾ ਸਮਾਂ ਢੁਕਵਾਂ ਨਹੀਂ: ਚੰਦੂਮਾਜਰਾ
ਖੇਤਰੀ ਪ੍ਰਤੀਨਿਧ
ਪਟਿਆਲਾ, 25 ਸਤਬੰਰ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਲਈ ਤੈਅ ਸਮਾਂ ਢੁਕਵਾਂ ਨਹੀਂ ਹੈ ਕਿਉਂਕਿ ਇਨ੍ਹਾਂ ਦਿਨਾਂ ’ਚ ਪੇਂਡੂ ਤਬਕਾ ਝੋਨੇ ਦੀ ਫਸਲ ਵੱਢਣ, ਸੰਭਾਲਣ ਅਤੇ ਵੇਚਣ ’ਚ ਰੁੱਝਿਆ ਹੋਵੇਗਾ। ਪਾਰਟੀ ਨੇ ਤਰਕ ਦਿਤਾ ਕਿ ਸਰਕਾਰ ਨੇ ਅਸਲ ’ਚ ਇਹ ਸਮਾਂ ਇਸ ਕਰਕੇ ਚੁਣਿਆ ਹੈ ਕਿ ਕਿਉਂਕਿ ਸਰਕਾਰੀ ਪੱਧਰ ’ਤੇ ਝੋਨੇ ਦੀ ਖਰੀਦ ਅਤੇ ਸਾਂਭ ਸੰਭਾਲ ਅਤੇ ਭੰਡਾਰਨ ਲਈ ਢੁਕਵੇਂ ਪ੍ਰਬੰਧ ਨਹੀਂ ਹਨ ਤੇ ਅਜਿਹਾ ਕਰਕੇ ਸਰਕਾਰ ਆਪਣੀ ਇਸ ਨਾਲਾਇਕੀ ਨੂੰ ਪੰਚਾਇਤੀ ਚੋਣਾਂ ਦੇ ਘਮਸਾਣ ’ਚ ਹੀ ਰੌਲ ਦੇਣਾ ਚਾਹੁੰਦੀ ਹੈ।
ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੂੰਦਮਾਜਰਾ ਨੇ ਆਖਿਆ ਹੈ ਕਿ ਪੰਚਾਇਤੀ ਚੋਣਾਂ ਦਾ ਪੰਜਾਬ ਦੇ ਪੇਂਡੂ ਖੇਤਰ ’ਚ ਅਹਿਮ ਮਹੱਤਵ ਹੈ ਬਲਕਿ ਪੰਚਾਇਤ ਚੋਣ ਨੂੰ ਰਾਜਨੀਤੀ ਦਾ ਪਹਿਲਾ ਡੰਡਾ ਮੰਨਣ ਕਰਕੇ ਇਹ ਪ੍ਰਕਿਰਿਆ ਸਮੁੱਚੇ ਰਾਜਨੀਤਕ ਖੇਤਰ ’ਚ ਹੀ ਵਿਸ਼ੇਸ਼ ਸਥਾਨ ਰੱਖਦੀ ਹੈ ਪਰ ਸਰਕਾਰ ਵੱਲੋਂ ਚੋਣਾਂ ਲਈ ਜਾਣਬੁੱਝ ਕੇ ਪੇਂਡੂ ਵਰਗ ਦੇ ਅਤਿ ਰੁਝੇਵੇਂ ਵਾਲੇ ਸਮੇਂ ਦੀ ਚੋਣ ਕੀਤੀ ਗਈ ਹੈ। ਚੰਦੂਮਾਜਰਾ ਨੇ ਮੰਗ ਕੀਤੀ ਕਿ ਸਰਕਾਰ ਚੋਣਾਂ ਲਈ ਐਲਾਨੀ ਗਈ ਤਰੀਕ ’ਤੇ ਮੁੜ ਗੌਰ ਕਰੇ।
ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕੀਤੀ: ਚੰਦੂਮਾਜਰਾ
ਸਨੌਰ (ਖੇਤਰੀ ਪ੍ਰਤੀਨਿਧ): ਸ਼੍ਰੋਮਣੀ ਅਕਾਲੀ ਸੁਧਾਰ ਲਹਿਰ ਦੇ ਪ੍ਰੀਜ਼ੀਡੀਅਮ ਮੈਂਬਰ ਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦੇ ਐਲਾਨ ’ਚ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਹੈ। ਵਿਸ਼ੇਸ਼ ਤੌਰ ’ਤੇ ਡਾ. ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਦਰ ਕਿਨਾਰੇ ਕਰ ਕੇ ਜਿਹੜਾ ਪੰਚਾਇਤੀ ਚੋਣਾਂ ਵਿਚ ਬਿਨਾਂ ਕੋਈ ਵਿਸ਼ੇਸ਼ ਹਦਾਇਤਾਂ ਤੋਂ ਡਿਪਟੀ ਕਮਿਸ਼ਨਰਾਂ ਨੂੰ ਰਾਖਵੇਂਕਰਨ ਦਾ ਰੋਸਟਰ ਤਿਆਰ ਕਰਨ ਲਈ ਆਖ ਦਿੱਤਾ ਹੈ ਜਿਸ ਦੀ ਵਿਧਾਇਕਾਂ ਵੱਲੋਂ ਦੁਰਵਰਤੋਂ ਕਰਨੀ ਯਕੀਨੀ ਹੈ। ਹਰਿੰਦਰਪਾਲ ਚੰਦੂਮਾਜਰਾ ਅੱਜ ਸਨੌਰ ’ਚ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।