ਲੁਟੇਰੀ ਸਰਕਾਰ ਤੋਂ ਛੁਟਕਾਰਾ ਪਾਉਣ ਦਾ ਸਮਾਂ ਆ ਗਿਐ, ਇਸ ਨੂੰ ਨਾ ਗੁਆਓ: ਚੌਟਾਲਾ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 28 ਸਤੰਬਰ
ਇਨੈਲੋ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਕਾਲਾਂਵਾਲੀ ਤੋਂ ਇਨੈਲੋ ਬਸਪਾ ਉਮੀਦਵਾਰ ਮਾਸਟਰ ਗੁਰਤੇਜ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਆਪਣੀ ਮੁਹਿੰਮ ਦੀ ਸ਼ੁਰੂਆਤ ਪਿੰਡ ਕਾਲਾਂਵਾਲੀ ਤੋਂ ਕੀਤੀ। ਇਸ ਤੋਂ ਬਾਅਦ ਮੰਡੀ ਕਾਲਾਂਵਾਲੀ, ਪਿੰਡ ਤਾਰੂਆਣਾ, ਦਾਦੂ, ਫੱਗੂ ਅਤੇ ਰੋੜੀ ਆਦਿ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਬੱਸ ਵਿੱਚ ਬੈਠ ਕੇ ਲੋਕਾਂ ਨਾਲ ਮੁਲਾਕਾਤ ਕੀਤੀ। ਚੌਧਰੀ ਓਮਪ੍ਰਕਾਸ਼ ਚੌਟਾਲਾ ਠੇਠ ਪੰਜਾਬੀ ਭਾਸ਼ਾ ਵਿੱਚ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਹਰ ਵਰਗ ਦੇ ਲੋਕ ਦੁਖੀ ਹਨ। ਸਕੂਲਾਂ ਵਿੱਚ ਮਾਸਟਰ ਨਹੀਂ ਹਨ, ਹਸਪਤਾਲਾਂ ਵਿੱਚ ਡਾਕਟਰ ਨਹੀਂ ਹਨ, ਹਰ ਰੋਜ਼ ਮਹਿੰਗਾਈ ਵਧ ਰਹੀ ਹੈ, ਹਰ ਚੀਜ਼ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਪੜ੍ਹੇ-ਲਿਖੇ ਨੌਜਵਾਨ ਬੇਰੋਜ਼ਗਾਰ ਹੋ ਕੇ ਕਰਜ਼ੇ ਦੇ ਬੋਝ ਹੇਠ ਦੱਬੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਲੁਟੇਰੀ ਸਰਕਾਰ ਤੋਂ ਖਹਿੜਾ ਛੁਡਾਉਣ ਦਾ ਮੌਕਾ ਆ ਗਿਆ ਹੈ, ਇਸ ਨੂੰ ਹੱਥੋਂ ਨਾ ਜਾਣ ਦਿਓ। ਉਨ੍ਹਾਂ ਕਿਹਾ ਕਿ ਸਾਰੇ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਤਾਂ ਜੋ ਔਰਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਗੈਸ ਸਿਲੰਡਰ ਦੀ ਕੀਮਤ ਘਟਾਈ ਜਾਵੇਗੀ, ਬੁਢਾਪਾ ਪੈਨਸ਼ਨ ਵਧਾਈ ਜਾਵੇਗੀ, ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਹਿਲਾਂ ਜੇਕਰ ਮੇਰੇ ਰਾਜ ਵਿੱਚ ਕੋਈ ਸਮੱਸਿਆ ਆਈ ਤਾਂ ਹੁਣ ਵੀ ਰਾਜ ਕਰੋ, ਮੈਨੂੰ ਕੋਈ ਸਮੱਸਿਆ ਨਹੀਂ ਆਵੇਗੀ।
ਦੁਸ਼ਿਅੰਤ ਚੌਟਾਲਾ ਵੱਲੋਂ ਏਲਨਾਬਾਦ ਵਿਚ ਰੋਡ ਸ਼ੋਅ
ਏਲਨਾਬਾਦ (ਜਗਤਾਰ ਸਮਾਲਸਰ): ਜਨਨਾਇਕ ਜਨਤਾ ਪਾਰਟੀ ਦੇ ਆਗੂ ਅਤੇ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਅੱਜ ਏਲਨਾਬਾਦ ਵਿੱਚ ਰੋਡ ਸ਼ੋਅ ਕੱਢਕੇ ਵਿਧਾਨ ਸਭਾ ਹਲਕਾ ਏਲਨਾਬਾਦ ਤੋਂ ਪਾਰਟੀ ਦੇ ਉਮੀਦਵਾਰ ਅੰਜਨੀ ਲੱਢਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਹ ਰੋਡ ਸ਼ੋਅ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ ਤੋਂ ਸ਼ੁਰੂ ਹੋ ਕੇ ਟਿੱਬੀ ਬੱਸ ਸਟੈਂਡ,ਦੇਵੀ ਲਾਲ ਚੌਕ, ਗਾਂਧੀ ਚੌਕ, ਪੰਜ ਮੁਖੀ ਚੌਕ ਹੁੰਦਾ ਹੋਇਆ ਸਿਰਸਾ ਰੋਡ ਅੰਬੇਦਕਰ ਚੌਕ ਪਹੁੰਚਿਆ। ਇਸ ਦੌਰਾਨ ਸ਼ਹਿਰ ਵਾਸੀਆਂ ਨੂੰ ਸੰਬੋਧਿਨ ਕਰਦਿਆ ਚੌਟਾਲਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਿਸੇ ਡਰ ਅਤੇ ਦਬਾਅ ਹੇਠ ਆ ਕੇ ਵੋਟਾਂ ਨਾ ਪਾਈਆਂ ਜਾਣ, ਨਿਰਪੱਖ ਤਰੀਕੇ ਨਾਲ ਹੋਈ ਵੋਟਿੰਗ ਹੀ ਦੇਸ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ।