ਮਹਿਲਾਵਾਂ ਦੇ ਸਨਮਾਨ ਸਬੰਧੀ ਲੋਕਾਂ ਦੀ ਜ਼ਮੀਰ ਜਗਾਉਣ ਦਾ ਵੇਲਾ: ਮੁਰਮੂ
* ਸਮਾਜ ਨੂੰ ਆਪਣੇ ਪੁਰਖਿਆਂ ਵਾਲਾ ਸਮਾਜਿਕ ਰਵੱਈਆ ਤਿਆਗਣਾ ਹੋਵੇਗਾ: ਚੀਫ਼ ਜਸਟਿਸ
* ਨਿਊਜ਼18 ਸ਼ੀ-ਸ਼ਕਤੀ ਸੰਮੇਲਨ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 16 ਸਤੰਬਰ
ਮਹਿਲਾ ਸ਼ਕਤੀਕਰਨ ਵਿੱਚ ਹੀ ਦੇਸ਼ ਦੀ ਅਸਲੀ ਤਾਕਤ ਹੋਣ ਦਾ ਦਾਅਵਾ ਕਰਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਲੋਕਾਂ ਦੀ ਜ਼ਮੀਰ ਜਗਾਈ ਜਾਵੇ ਤਾਂ ਜੋ ਮਹਿਲਾਵਾਂ ਦਾ ਮਾਣ-ਸਨਮਾਨ ਵਧੇ ਅਤੇ ਉਹ ਕਿਸੇ ਵੀ ਸਮੇਂ, ਕਿਸੇ ਵੀ ਥਾਂ ’ਤੇ ਅਸੁਰੱਖਿਅਤ ਮਹਿਸੂਸ ਨਾ ਕਰਨ।
ਨਿਊਜ਼18 ਸ਼ੀ-ਸ਼ਕਤੀ ਸੰਮੇਲਨ 2024 ਵਿੱਚ ਇਕ ਵੀਡੀਓ ਸੁਨੇਹੇ ’ਚ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਕਾਨੂੰਨ ਬਣਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ, ‘ਇਸ ਦੇ ਬਾਵਜੂਦ, ਇਹ ਮੰਦਭਾਗੀ ਗੱਲ ਹੈ ਕਿ ਔਰਤਾਂ ਵਿੱਚ ਹਾਲੇ ਵੀ ਅਸੁਰੱਖਿਆ ਦੀ ਭਾਵਨਾ ਅਜੇ ਵੀ ਘਰ ਕਰ ਰਹੀ ਹੈ। ਮਹਿਲਾਵਾਂ ਨੂੰ ਕਮਜ਼ੋਰ ਸਮਝਣ ਵਾਲੀ ਸਮਾਜ ਦੀ ਤੰਗ ਤੇ ਰੂੜ੍ਹੀਵਾਦੀ ਸੋਚ ਖ਼ਿਲਾਫ਼ ਔਰਤਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ।’’ ਪ੍ਰਬੰਧਕਾਂ ਵੱਲੋਂ ਜਾਰੀ ਬਿਆਨ ਵਿੱਚ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਹਾਲਾਂਕਿ, ਕਾਫੀ ਬਦਲਾਅ ਹੋ ਚੁੱਕੇ ਹਨ ਪਰ ਅਜੇ ਵੀ ਕੁਝ ਸਮਾਜਿਕ ਪੱਖਪਾਤਾਂ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ ਜੋ ਕਿ ਔਰਤਾਂ ਨੂੰ ਸਮਾਨਤਾ ਦਿਵਾਉਣ ਵਿੱਚ ਅੜਿੱਕੇ ਖੜ੍ਹੇ ਕਰਦੇ ਹਨ।’ ਮੁਰਮੂ ਨੇ ਕਿਹਾ, ‘ਇਕ ਸਮਾਜ ਦੇ ਤੌਰ ’ਤੇ ਸਾਨੂੰ ਸਾਰਿਆਂ ਨੂੰ ਅੰਤਰਝਾਤ ਮਾਰਦਿਆਂ ਆਪਣੇ ਆਪ ਤੋਂ ਕੁਝ ਤਿੱਖੇ ਸਵਾਲ ਪੁੱਛਣੇ ਚਾਹੀਦੇ ਹਨ। ਅਸੀਂ ਕਿੱਥੇ ਗ਼ਲਤ ਚੱਲੇ ਹਾਂ? ਅਸੀਂ ਸੁਧਾਰ ਲਈ ਕੀ ਕਰ ਸਕੇ ਹਾਂ? ਕਿਸੇ ਵੀ ਦੇਸ਼ ਦੀ ਤਰੱਕੀ ਤੇ ਸਫਲਤਾ ਲਈ ਔਰਤਾਂ ਦੀ ਸੁਰੱਖਿਆ ਤੇ ਸਨਮਾਨ ਬਹੁਤ ਜ਼ਰੂਰੀ ਹੈ। ਇਹ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਮਿਲ ਕੇ ਆਪਣੇ ਦੇਸ਼ ਵਿੱਚ ਔਰਤਾਂ ਦੇ ਮਾਣ-ਸਨਮਾਨ ਦੀ ਰਾਖੀ ਦੀ ਸਹੁੰ ਚੁੱਕੀਏ ਅਤੇ ਉਨ੍ਹਾਂ ਦੀ ਸਫਲਤਾ ਯਕੀਨੀ ਬਣਾਈਏ।’’ ਰਾਸ਼ਟਰਪਤੀ ਨੇ ਕਿਹਾ ਕਿ ਔਰਤਾਂ ਸ਼ਕਤੀ ਦਾ ਸੱਚਾ ਪ੍ਰਗਟਾਵਾ ਹਨ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਨਿੱਜੀ ਤੇ ਜਨਤਕ ਥਾਵਾਂ ’ਤੇ ਔਰਤਾਂ ਦੇ ਹਿੱਤਾਂ ਦੀ ਰਾਖੀ ਲਈ ਕਾਨੂੰਨੀ ਪ੍ਰਬੰਧਾਂ ਦੀ ਕੋਈ ਘਾਟ ਨਹੀਂ ਹੈ ਪਰ ਸਿਰਫ ਇਕੱਲੇ ਕਾਨੂੰਨ ਇਕ ਨਿਆਂ ਪ੍ਰਣਾਲੀ ਨਹੀਂ ਬਣਾ ਸਕਦੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ਨੂੰ ਆਪਣੇ ਪੁਰਖਿਆਂ ਵਾਲਾ ਸਮਾਜਿਕ ਰਵੱਈਆ ਤਿਆਗਣਾ ਹੋਵੇਗਾ। ਚੀਫ਼ ਜਸਟਿਸ ਨੇ ਕਿਹਾ, ‘‘ਸਾਰਿਆਂ ਤੋਂ ਉੱਪਰ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ।’’ -ਪੀਟੀਆਈ