ਟਿਕੈਤ ਵੱਲੋਂ ਕਿਸਾਨਾਂ ਨੂੰ ਹਕੂਮਤ ਖ਼ਿਲਾਫ਼ ਇਕੱਠੇ ਹੋਣ ਦਾ ਹੋਕਾ
* ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਕਰਨ ਲਈ ਪੰਜ ਮੈਂਬਰੀ ਕਮੇਟੀ ਸਰਗਰਮ ਹੋਣ ਦਾ ਦਾਅਵਾ
* ਕਿਸਾਨਾਂ ਦਾ ਦਿੱਲੀ ਕੂਚ ਅੱਜ
ਸਰਬਜੀਤ ਸਿੰਘ ਭੰਗੂ/ ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 13 ਦਸੰਬਰ
ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਕੌਮੀ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਦੇ ਕਿਸਾਨਾਂ ਨੂੰ ਹੀ ਹੰਕਾਰ ਚੁੱਕੀ ਮੋਦੀ ਹਕੂਮਤ ਨਾਲ ਲੜਾਈ ਲੜਨ ਲਈ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਨੇ ਗੱਲ ਅੱਜ ਪਾਤੜਾਂ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਹ ਕਿਸਾਨੀ ਮੰਗਾਂ ਲਈ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਜਾਨਣ ਲਈ ਆਏ ਸਨ। ਇਸ ਮੌਕੇ ਰਾਕੇਸ਼ ਟਿਕੈਤ ਨਾਲ ਹਰਿੰਦਰ ਲੱਖੋਵਾਲ, ਮਨਜੀਤ ਧਨੇਰ, ਜੰਗਵੀਰ ਚੌਹਾਨ ਹੁਸ਼ਿਆਰ ਗਿੱਲ, ਜਗਦੀਪ ਔਲਖ ਸਣੇ ਐੱਸਕੇਐੱਮ ਦੇ ਹੋਰ ਆਗੂ ਵੀ ਮੌਜੂਦ ਸਨ। ਦਸ ਮਹੀਨਿਆਂ ’ਚ ਇਹ ਪਹਿਲੀ ਵਾਰ ਹੈ ਜਦੋਂ ਐੱਸਕੇਐੱਮ ਦੇ ਆਗੂ ਇਕੱਠੇ ਇੱਥੇ ਪਹੁੰਚੇ ਹਨ। ਉਧਰ ਦਿੱਲੀ ਕੂਚ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ 101 ਕਿਸਾਨਾਂ ਦਾ ਤੀਜਾ ਜਥਾ ਸ਼ੰਭੂ ਬਾਰਡਰ ਤੋਂ 14 ਦਸੰਬਰ ਨੂੰ ਰਵਾਨਾ ਹੋਵੇਗਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਥੇ ਦੀ ਅਗਵਾਈ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਮਲਕੀਤ ਸਿੰਘ ਕਰਨਗੇ। ਰਾਕੇਸ਼ ਟਿਕੈਤ ਨੇ ਸ੍ਰੀ ਡੱਲੇਵਾਲ ਦੀ ਡਾਵਾਂਡੋਲ ਸਥਿਤੀ ’ਤੇ ਚਿੰਤਾ ਜ਼ਾਹਿਰ ਕੀਤੀ ਤੇ ਕਿਹਾ ਕਿ ਇਹ ਬੇਰਹਿਮ ਹਕੂਮਤ ਹੈ ਜਿਸ ਕਰਕੇ ਇਸ ਕਦਰ ਆਪਾ ਵਾਰਨ ਦੀ ਬਜਾਏ ਕਿਸਾਨਾਂ ਨੂੰ ਸਰਕਾਰ ਨੂੰ ਆਪਣੀ ਤਾਕਤ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਇਕੱਠੇ ਹੋਏ ਬਿਨਾਂ ਕੁਝ ਨਹੀਂ ਬਣਨਾ। ਕਿਸਾਨ ਅੰਦੋਲਨ ਦੌਰਾਨ 25 ਲੱਖ ਕਿਸਾਨ ਹੋਣ ਦੇ ਬਾਵਜੂਦ ਵੀ ਕੇਂਦਰੀ ਹਕੂਮਤ ਨੇ ਘੱਟ ਨਹੀਂ ਸੀ ਗੁਜ਼ਾਰੀ। ਇਸ ਕਰਕੇ ਕਿਸਾਨਾਂ ਨੂੰ ਆਪਣੀ ਤਾਕਤ ਨੂੰ ਇਕੱਠੀ ਕਰਕੇ ਝੋਕਣ ਦੀ ਲੋੜ ਹੈ।’’
ਡੱਲੇਵਾਲ ਦੀ ਹਾਲਤ ਨਾਜ਼ੁਕ
ਮਰਨ ਵਰਤ ’ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਇਸ ਕਦਰ ਨਾਜ਼ੁਕ ਬਣੀ ਹੋਈ ਹੈ ਕਿ ਕਿਸੇ ਸਮੇਂ ਵੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ। ਮਰਨ ਵਰਤ ਦੇ 18ਵੇਂ ਦਿਨ ਅੱਜ ਜਾਰੀ ਮੈਡੀਕਲ ਬੁਲੇਟਿਨ ਮੁਤਾਬਕ ਡੱਲੇਵਾਲ ਦੀਆਂ ਕਿਡਨੀਆਂ ਅਤਿ ਗੰਭੀਰ ਹਾਲਤ ’ਚ ਹਨ। ਬਲੱਡ ਪ੍ਰੈਸ਼ਰ ਦਾ ਉਤਰਾਅ-ਚੜ੍ਹਾਅ ਵੀ ਚਿੰਤਾਜਨਕ ਹੈ। ਇਸੇ ਦੌਰਾਨ ਡੱਲੇਵਾਲ ਨੂੰ ਅੱਜ 3 ਦਿਨਾਂ ਬਾਅਦ ਟਰਾਲੀ ਤੋਂ ਬਾਹਰ ਲਿਆਂਦਾ ਗਿਆ ਹਾਲਾਂਕਿ ਕਿਸਾਨਾਂ ਦੇ ਸਹਾਰੇ ਨਾਲ ਸਟੇਜ ’ਤੇ ਪੁੱਜੇ ਡੱਲੇਵਾਲ ਬੋਲ ਵੀ ਨਾ ਸਕੇ ਤੇ ਬਾਂਹ ਖੜ੍ਹੀ ਕਰਕੇ ਹੀ ਸਾਥੀਆਂ ਦਾ ਪਿਆਰ ਕਬੂਲਿਆ। ਦੂਜੇ ਬੰਨ੍ਹੇ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪੁਲੀਸ ਵੱਲੋਂ ਡੱਲੇਵਾਲ ਨੂੰ ਜਬਰੀ ਚੁੱਕਣ ਦੇ ਖਦਸ਼ੇ ਤਹਿਤ ਕਿਸਾਨਾਂ ਨੇ ਉਨ੍ਹਾਂ ਦੇ ਦੁਆਲੇ ਸੁਰੱਖਿਆ ਸਖ਼ਤ ਕੀਤੀ ਹੋਈ ਹੈ।
ਰਾਜਪਾਲ ਕਿਸਾਨਾਂ ਨਾਲ ਗੱਲਬਾਤ ਦੇ ਇੱਛੁਕ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੇ ਨੌਂ ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਡਟੇ ਕਿਸਾਨਾਂ ਨਾਲ ਗੱੱਲਬਾਤ ਕਰਨ ਦਾ ਮਨ ਬਣਾਇਆ ਹੈ। ਰਾਜਪਾਲ ਨੇ ਅੱਜ ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਸੰਕੇਤ ਦਿੱਤਾ ਕਿ ਉਹ ਮਸਲੇ ਦੇ ਹੱਲ ਲਈ ਕੇਂਦਰੀ ਮੰਤਰੀ ਨਾਲ ਵੀ ਗੱਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰੇਕ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਨਿਕੇਲਗਾ। ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਮਸਲੇ ਦਾ ਹੱਲ ਯਕੀਨੀ ਬਣਾਉਣਾ ਨਾ ਸਿਰਫ਼ ਸਰਕਾਰਾਂ, ਬਲਕਿ ਸਬੰਧਤ ਧਿਰਾਂ ਦਾ ਵੀ ਫ਼ਰਜ਼ ਬਣਦਾ ਹੈ।