ਤੀਆਂ: ਮੁਟਿਆਰਾਂ ਨੇ ਸਿੱਠਣੀਆਂ ਅਤੇ ਬੋਲੀਆਂ ਦੀ ਛਹਬਿਰ ਲਾਈ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਅਗਸਤ
ਹਰ ਸਾਲ ਵਾਂਗ ਸਥਾਨਕ ਵਾਰਡ ਨੰਬਰ ਇਕ ਦੀਆਂ ਮਹਿਲਾਵਾਂ ਤੇ ਮੁਟਿਆਰਾਂ ਨੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਲੱਖੇ ਵਾਲਿਆਂ ਦੇ ਬਾਗ (ਗੁਲਾਬੀ ਬਾਗ) ਵਿੱਚ ਕੌਂਸਲਰ ਗੁਰਪ੍ਰੀਤ ਕੌਰ ਤਤਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਮਹਿਲਾਵਾਂ ਜੁੜੀਆਂ ਅਤੇ ਬੋਲੀਆਂ ਤੇ ਗਿੱਧਾ ਪਾ ਕੇ ਰੰਗ ਬੰਨ੍ਹਿਆ। ਤੀਆਂ ਮਨਾਉਣ ਲਈ ਹਰ ਸਾਲ ਇਹ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ’ਚ ਐਤਕੀਂ ਸਕੂਲਾਂ ਤੇ ਕਾਲਜਾਂ ਦੀਆਂ ਵਿਦਿਆਰਥਣਾਂ ਵੀ ਸ਼ਾਮਲ ਹੋਈਆਂ। ਕੌਂਸਲਰ ਤਤਲਾ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਨੂੰ ਦਰਸਾਉਂਦਾ ਇਹ ਤਿਉਹਾਰ ਮਹਿਲਾਵਾਂ ਨੂੰ ਮਨ ਦੇ ਚਾਅ ਪੂਰੇ ਕਰਨ ਦਾ ਮੌਕਾ ਦਿੰਦਾ ਹੈ। ਧੀਆਂ-ਭੈਣਾਂ ਇਸ ਮੌਕੇ ਇਕੱਠੀਆਂ ਹੋ ਕੇ ਦੁੱਖ-ਸੁੱਖ ਸਾਂਝੇ ਕਰਦੀਆਂ ਹਨ ਅਤੇ ਆਨੰਦ ਮਾਣਦੀਆਂ ਹਨ। ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਅਜਿਹੇ ਵਿਰਸੇ ਨਾਲ ਜੁੜੇ ਸਭਿਆਚਾਕ ਸਮਾਗਮਾਂ ’ਚ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਹੈ। ਇਸ ਨਾਲ ਇਹ ਬੱਚੇ ਵੀ ਆਪਣੇ ਅਮੀਰ ਵਿਰਸੇ ਨਾਲ ਜੁੜਦੇ ਹਨ ਅਤੇ ਤੀਆਂ ਦੇ ਤਿਉਹਾਰ ਦਾ ਹਿੱਸਾ ਬਣ ਕੇ ਇਸ ਦੀ ਮਹੱਤਤਾ ਤੋਂ ਜਾਣੂ ਹੁੰਦੇ ਹਨ। ਇਨ੍ਹਾਂ ਮਹਿਲਾਵਾਂ ਨੇ ਸਿੱਠਣੀਆਂ ਗਾਉਣ ’ਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਮੌਕੇ ਮੁਸਕਾਨ ਵੱਲੋਂ ਹੱਥੀਂ ਤਿਆਰ ਕੀਤਾ ਕੇਕ ਕੱਟਿਆ ਗਿਆ। ਆਖੀਰ ’ਚ ਕੌਂਸਲਰ ਗੁਰਪ੍ਰੀਤ ਕੌਰ ਤੱਤਲਾ ਤੇ ਸਾਥਣਾਂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਬਿਜਲੀਪੁਰ ਵਿੱਚ ਤੀਆਂ ਮਨਾਈਆਂ
ਸਮਰਾਲਾ (ਪੱਤਰ ਪ੍ਰੇਰਕ): ਪਿੰਡ ਬਿਜਲੀਪੁਰ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੇਲੇ ਦਾ ਉਦਘਾਟਨ ਪਿੰਡ ਦੀ ਸਰਪੰਚ ਨਵਜੋਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਨਵਜੋਤ ਕੌਰ ਸਰਪੰਚ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੀਆਂ ਦਾ ਤਿਉਹਾਰ ਮੁਟਿਆਰਾਂ ਦਾ ਆਪਸੀ ਮਿਲਵਰਤਨ ਦਾ ਤਿਉਹਾਰ ਹੈ। ਪਿੰਡ ਦੇ ਉਤਮਜੀਤ ਸਿੰਘ ਕੂਨਰ (ਅਮਰੀਕਾ) ਨੇ ਲੰਗਰ ਦੀ ਸੇਵਾ ਨਿਭਾਈ ਅਤੇ ਪਵਨੀਤ ਸਿੰਘ ਲਿੱਟ (ਅਮਰੀਕਾ) ਵੱਲੋਂ ਧੀਆਂ ਨੂੰ ਸੰਧਾਰੇ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰਪਾਲ ਕੌਰ (ਨੀਤੂ) ਆਂਗਣਵਾੜੀ ਵਰਕਰ, ਸੁਰਿੰਦਰ ਕੌਰ, ਸਿਮਰਨ, ਬੇਬੀ, ਕੁਲਦੀਪ ਕੌਰ ਆਦਿ ਹਾਜ਼ਰ ਸਨ।