ਆਜ਼ਾਦੀ ਦਿਵਸ ਸਮਾਗਮਾਂ ਲਈ ਦਿੱਲੀ ਤੋਂ ਬਸਤਰ ਤੱਕ ਸਖ਼ਤ ਸੁਰੱਖਿਆ ਪ੍ਰਬੰਧ
ਨਵੀਂ ਦਿੱਲੀ, 14 ਅਗਸਤ
ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਕੌਮੀ ਰਾਜਧਾਨੀ ਵਿੱਚ 10 ਹਜ਼ਾਰ ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜਦਕਿ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਇਲਾਕੇ ਬਕਸਰ ਦੇ 13 ਪਿੰਡਾਂ ’ਚ ਸੁਰੱਖਿਆ ਕੈਂਪ ਸਥਾਪਤ ਕੀਤੇ ਗਏ ਹਨ ਜਿੱਥੇ 15 ਅਗਸਤ ਨੂੰ ਪਹਿਲੀ ਵਾਰ ਤਿਰੰਗਾ ਯਾਤਰਾ ਕੱਢੀ ਜਾਵੇਗੀ। ਪੰਜਾਬ ਵਿੱਚ ਪੁਲੀਸ ਨੇ ਵੱਖ ਵੱਖ ਥਾਵਾਂ ’ਤੇ ਵਾਹਨਾਂ ਦੀ ਜਾਂਚ ਕੀਤੀ ਅਤੇ ਫਲੈਗ ਮਾਰਚ ਕੀਤੇ ਜਦਕਿ ਤ੍ਰਿਪੁਰਾ ’ਚ ਕੇਂਦਰੀ ਸੁਰੱਖਿਆ ਬਲਾਂ ਨੇ ਸੁਰੱਖਿਆ ਪ੍ਰਬੰਧ ਸਖਤ ਰੱਖੇ। ਦਿੱਲੀ ਵਿੱਚ ਜਿੱਥੇ 10 ਹਜ਼ਾਰ ਪੁਲੀਸ ਮੁਲਾਜ਼ਮ ਸੁਰੱਖਿਆ ਲਈ ਤਾਇਨਾਤ ਹਨ ਉੱਥੇ ਹੀ ਤਿੰਨ ਹਜ਼ਾਰ ਪੁਲੀਸ ਮੁਲਾਜ਼ਮ ਟਰੈਫਿਕ ਪ੍ਰਬੰਧ ਸੰਭਾਲਣਗੇ। ਅਧਿਕਾਰੀਆਂ ਨੇ ਦੱਸਿਆ ਕਿ ਵੀਵੀਆਈਪੀ ਇਲਾਕਿਆਂ ’ਚ ਮੌਕ ਡਰਿੱਲਾਂ ਵੀ ਕੀਤੀਆਂ ਗਈਆਂ ਹਨ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਤੇ ਹੋਰ ਵੀਵੀਆਈਪੀ ਮਹਿਮਾਨਾਂ ਦੀ ਸੁਰੱਖਿਆ ਲਈ ਸਨਾਈਪਰ, ਸਵੈਟ ਕਮਾਂਡੋ ਤੇ ਹੋਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਚਿਹਰਿਆਂ ਦੀ ਪਛਾਣ ਕਰਨ ਵਾਲੇ ਏਆਈ ਆਧਾਰਿਤ 700 ਸੀਸੀਟੀਵੀ ਕੈਮਰੇ ਵੀ ਕੌਮੀ ਰਾਜਧਾਨੀ ’ਚ ਲਗਾਏ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਪੁਲੀਸ ਫੋਰਸ ਤਾਇਨਾਤ ਕਰਨ ਤੋਂ ਇਲਾਵਾ ਕੌਮੀ ਰਾਜਧਾਨੀ ਦੀਆਂ ਸਾਰੀਆਂ ਹੱਦਾਂ ਅੱਜ ਰਾਤ ਤੋਂ ਸੀਲ ਕਰ ਦਿੱਤੀਆਂ ਜਾਣਗੀਆਂ ਅਤੇ ਵਪਾਰਕ ਤੇ ਭਾਰੀ ਵਾਹਨਾਂ ਦੇ ਦਾਖਲੇ ’ਤੇ ਪਾਬੰਦੀ ਰਹੇਗੀ। ਨਵੀਂ ਦਿੱਲੀ ਪੁਲੀਸ ਦੇ ਡਿਪਟੀ ਕਮਿਸ਼ਨਰ ਦੇਵੇਸ਼ ਕੁਮਾਰ ਮਾਹਲਾ ਨੇ ਕਿਹਾ, ‘ਅਸੀਂ ਕਨਾਟ ਪਲੇਸ ਤੇ ਸੰਸਦ ਮਾਰਗ ’ਤੇ ਮੌਕ ਡਰਿੱਲ ਕੀਤੀ ਕਿਉਂਕਿ ਨਵੀਂ ਦਿੱਲੀ ਨੂੰ ਵੀਵੀਆਈਪੀ ਖੇਤਰ ਮੰਨਿਆ ਜਾਂਦਾ ਹੈ। ਅਸੀਂ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਵਾਧੂ ਫੋਰਸ ਤਾਇਨਾਤ ਕੀਤੀ ਹੈ।’ -ਪੀਟੀਆਈ