ਟਾਈਗਰ ਨੇ ਅਕਸ਼ੈ ਦਾ ‘ਐਪਰਲ ਫੂਲ’ ਬਣਾਇਆ
ਮੁੰਬਈ: ਅਦਾਕਾਰ ਟਾਈਗਰ ਸ਼ਰਾਫ਼ ਨੇ ਅੱਜ ਆਪਣੇ ਸਹਿ ਅਦਾਕਾਰ ਅਕਸ਼ੈ ਕੁਮਾਰ ਦਾ ਐਪਰਲ ਫੂਲ ਬਣਾਇਆ। ਵੈਸੇ ਵੀ ਟਾਈਗਰ ਆਪਣੇ ਸੀਨੀਅਰ ਕਲਾਕਾਰ ਨਾਲ ਮਜ਼ਾਕ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ ਜਦੋਂ ਕਿ ਅੱਜ ਤਾਂ ਐਪਰਲ ਫੂਲ ਡੇਅ (ਮੂਰਖ ਦਿਵਸ) ਸੀ ਜਿਸ ਦਾ ਟਾਈਗਰ ਸ਼ਰਾਫ਼ ਨੇ ਪੂਰਾ ਲਾਹਾ ਲਿਆ। ਇਸ ਸਬੰਧੀ ਟਾਈਗਰ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਵੀ ਸਾਂਝੀ ਕੀਤੀ। ਵੀਡੀਓ ’ਚ ਟਾਈਗਰ ਕੋਲਡ ਡ੍ਰਿੰਕ ਦੀ ਵੱਡੀ ਬੋਤਲ ਹਿਲਾਉਂਦਾ ਹੋਇਆ ਪਾਰਕ ਵਿੱਚ ਖੇਡਣ ਲਈ ਦੌੜਦਾ ਹੈ। ਇਸ ਦੌਰਾਨ ਅਕਸ਼ੈ ਵੀ ਖੇਡ ਵਿੱਚ ਸ਼ਾਮਿਲ ਹੋਣ ਲਈ ਆਉਂਦਾ ਹੈ ਪਰ ‘ਬਾਗੀ’ ਸਟਾਰ ਉਸ ਨੂੰ ਪਹਿਲਾਂ ਬੋਤਲ ਦੇਣ ਲਈ ਕਹਿੰਦਾ ਹੈ। ਇਸ ਮਗਰੋਂ ਟਾਈਗਰ ਅਕਸ਼ੈ ਨੂੰ ਬੋਤਲ ਖੋਲ੍ਹਣ ਲਈ ਕਹਿੰਦਾ ਹੈ। ਜਿਵੇਂ ਹੀ ਅਕਸ਼ੈ ਬੋਤਲ ਖੋਲ੍ਹਦਾ ਹੈ ਤਾਂ ਸਾਰਾ ਕੋਲਡ ਡ੍ਰਿੰਕ ਉਸ ਦੇ ਮੂੰਹ ਅਤੇ ਕੱਪੜਿਆਂ ’ਤੇ ਪੈ ਜਾਂਦਾ ਹੈ। ਸੀਨੀਅਰ ਅਦਾਕਾਰ ਜੈਕੀ ਸ਼ਰਾਫ਼ ਦੇ ਪੁੱਤਰ ਟਾਈਗਰ (34) ਨੇ ਇਸ ਕਲਿਪ ਨੂੰ ਕੈਪਸ਼ਨ ਵੀ ਦਿੱਤੀ ਹੈ, ਜਿਸ ਵਿੱਚ ਲਿਖਿਆ ਹੈ, ‘ਐਪਰਲ (ਫੂਲ ਇਮੋਜੀ) ਬੜੇ ਮੀਆਂ (ਹੱਸਦੇ ਹੋਏ ਇਮੋਜੀ)।’ ਟਾਈਗਰ ਅਤੇ ਅਕਸ਼ੈ ਕੁਮਾਰ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਵਿੱਚ ਵੱਡੇ ਪਰਦੇ ’ਤੇ ਇਕੱਠੇ ਦਿਖਾਈ ਦੇਣ ਵਾਲੇ ਹਨ। ਇਸ ਫ਼ਿਲਮ ਵਿੱਚ ਸੋਨਾਕਸ਼ੀ ਸਿਨਹਾ, ਅਲਾਇਆ ਐੱਫ ਅਤੇ ਮਾਨੁਸ਼ੀ ਛਿੱਲਰ ਵੀ ਅਦਾਕਾਰੀ ਦੇ ਜੌਹਰ ਦਿਖਾਉਣਗੇ। -ਆਈਏਐੱਨਐੱਸ