ਭਾਜਪਾ ਵੱਲੋਂ ਬਿੱਟੂ, ਰਿੰਕੂ, ਹੰਸ ਅਤੇ ਪਰਨੀਤ ਕੌਰ ਨੂੰ ਟਿਕਟਾਂ
ਨਵੀਂ ਦਿੱਲੀ, 30 ਮਾਰਚ
ਭਾਜਪਾ ਨੇ ਲੋਕ ਸਭਾ ਚੋਣਾਂ ਲਈ ਅੱਜ ਪੰਜਾਬ ਤੋਂ ਛੇ ਜਣਿਆਂ ਸਣੇ ਵੱਖ-ਵੱਖ ਸੂਬਿਆਂ ਲਈ ਕੁੱਲ 11 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਅਤੇ ਹਾਲ ’ਚ ਹੋਰਨਾਂ ਪਾਰਟੀਆਂ ਤੋਂ ਭਗਵਾ ਪਾਰਟੀ ’ਚ ਆਏ ਰਵਨੀਤ ਸਿੰਘ ਬਿੱਟੂ, ਪਰਨੀਤ ਕੌਰ, ਸੁਸ਼ੀਲ ਕੁਮਾਰ ਰਿੰਕੂ ਤੇ ਬੀ. ਮਹਿਤਾਬ ਨੂੰ ਟਿਕਟ ਦਿੱਤੀ ਹੈ। ਜਦਕਿ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਸਨੀ ਦਿਓਲ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਗਈ।
ਭਗਵਾ ਪਾਰਟੀ ਨੇ ਪੰਜਾਬ ’ਚ ਤਿੰਨ ਉਮੀਦਵਾਰਾਂ ਨੂੰ ਉਨ੍ਹਾਂ ਦੇ ਮੌਜੂਦਾ ਹਲਕਿਆਂ ਤੋਂ ਟਿਕਟ ਦਿੱਤੀ ਹੈ ਜਦਕਿ ਅਮਰੀਕਾ ’ਚ ਭਾਰਤੀ ਸਫ਼ੀਰ ਰਹੇ ਤਰਨਜੀਤ ਸਿੰਘ ਸੰਧੂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕਰਨਗੇ। ਹੰਸ ਰਾਜ ਹੰਸ ਜਿਹੜੇ ਕਿ 2019 ’ਚ ਭਾਜਪਾ ਦੀ ਟਿਕਟ ’ਤੇ ਉੱਤਰ ਪੱਛਮੀ ਦਿੱਲੀ ਤੋਂ ਚੋਣ ਜਿੱਤੇ ਸਨ, ਨੂੰ ਫਰੀਦਕੋਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਹ ਸੀਟ ਅਨੁਸੂਚਿਤ ਜਾਤੀ (ਐੱਸਸੀ) ਉਮੀਦਵਾਰ ਲਈ ਰਾਖਵੀਂ ਹੈ। ਪੰਜਾਬ ਵਿੱਚ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ, ਪਰਨੀਤ ਕੌਰ ਨੂੰ ਪਟਿਆਲਾ ਜਦਕਿ ‘ਆਪ’ ਨੂੰ ਅਲਵਿਦਾ ਕਹਿ ਕੇ ਆਏ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਅਦਾਕਾਰ ਸਨੀ ਦਿਓਲ ਦੀ ਜਗ੍ਹਾ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਉੱਘੇ ਸੰਸਦ ਮੈਂਬਰ ਬੀ. ਮਹਿਤਾਬ ਜਿਹੜੇ ਹਾਲ ਹੀ ’ਚ ਬੀਜੇਡੀ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਹਨ, ਨੂੰ ਕਟਕ (ਉੜੀਸਾ) ਤੋਂ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਨੇ ਅੱਜ ਪੰਜਾਬ ਤੋਂ ਛੇ, ਪੱਛਮੀ ਬੰਗਾਲ ਤੋਂ ਦੋ ਅਤੇ ਉੜੀਸਾ ਤੋਂ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਤੇ ਪਾਰਟੀ ਹੁਣ ਤੱਕ 411 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਭਾਜਪਾ ਨੇ ਪੱਛਮੀ ਬੰਗਾਲ ’ਚ ਸਾਬਕਾ ਆਈਪੀਐੱਸ ਅਧਿਕਾਰੀ ਦੇਬਾਸ਼ੀਸ਼ ਧਰ ਨੂੰ ਬੀਰਭੂਮ ਹਲਕੇ ਤੋਂ ਜਦਕਿ ਚੋਣ ਲੜਨ ਲਈ ਸਰਕਾਰੀ ਡਾਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਪ੍ਰਾਨਤ ਤੁਦੂ ਨੂੰ ਝਾਰਗ੍ਰਾਮ ਤੋਂ ਮੌਜੂਦਾ ਸੰਸਦ ਮੈਂਬਰ ਕੁਨਾਰ ਹੇਮਬਰਮ ਦੀ ਜਗ੍ਹਾ ਟਿਕਟ ਦਿੱਤੀ ਹੈ। ਹੇਮਬਰਮ ਇਸ ਮਹੀਨੇ ਭਾਜਪਾ ਨੂੰ ਅਲਵਿਦਾ ਕਹਿ ਗਏ ਸਨ। -ਪੀਟੀਆਈ