ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੁਪਿਨ ਪਾਸ ਦਾ ਰੋਮਾਂਚ ਭਰਿਆ ਸਫ਼ਰ

07:46 AM Jun 23, 2024 IST

ਦੇਵ ਕੁਰਾਈਵਾਲਾ

Advertisement

ਇਸ ਵਾਰ ਮੈਂ ਅਤੇ ਮੇਰੇ ਦੋ ਦੋਸਤਾਂ ਨੇ ਰੁਪਿਨ ਪਾਸ ਟਰੈੱਕ ਕਰਨ ਦਾ ਇਰਾਦਾ ਬਣਾਇਆ। ਇਹ ਟਰੈੱਕ ਪਹਿਲਾਂ ਉੱਤਰਾਖੰਡ ਦੇ ਧੌਲਾ ਪਿੰਡ ਤੋਂ ਸ਼ੁਰੂ ਹੁੰਦਾ ਸੀ, ਪਰ ਹੁਣ ਸੜਕ ਬਣਨ ਕਾਰਨ ਇਹ ਹਿਮਾਚਲ ਪ੍ਰਦੇਸ਼ ਦੇ ਜਿਸਕੁਨ ਪਿੰਡ ਤੋਂ ਸ਼ੁਰੂ ਹੁੰਦਾ ਹੈ।
ਅਸੀਂ ਬੱਸ ਰਾਹੀਂ ਸ਼ਿਮਲਾ ਪਹੁੰਚੇ। ਸ਼ਿਮਲੇ ਤੋਂ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਟਰੈੱਕ ਕਰਵਾਉਣ ਵਾਲੀ ਕੰਪਨੀ ਦੀ ਸੀ। ਸਾਡੇ ਇਸ ਗਰੁੱਪ ਵਿੱਚ ਤੇਰ੍ਹਾਂ ਜਣੇ ਸਨ ਜੋ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਆਏ ਸਨ। ਕੰਪਨੀ ਦਾ ਟੈਂਪੂ ਟਰੈਵਲਰ ਸਾਨੂੰ ਸਵੇਰੇ ਸ਼ਿਮਲੇ ਦੇ ਬੱਸ ਅੱਡੇ ਤੋਂ ਠਿਉਗ, ਰੋੜੂ ਹੁੰਦੇ ਹੋਏ ਸ਼ਾਮ ਤੱਕ ਸ਼ਿਮਲੇ ਤੋਂ ਦੋ ਸੌ ਕਿਲੋਮੀਟਰ ਦੂਰ ਪੈਂਦੇ ਜਿਸਕੁਨ ਪਿੰਡ ਵੱਲ ਲੈ ਤੁਰਿਆ। ਸ਼ਿਮਲੇ ਤੋਂ ਜਿਸਕੁਨ ਦੇ ਰਸਤੇ ਵਿੱਚ ਚਾਂਸ਼ਲ ਪਾਸ ਪੈਂਦਾ ਹੈ। ਚਾਂਸ਼ਲ ਪਾਸ ’ਤੇ ਠੰਢੀ ਤੇਜ਼ ਹਵਾ ਨੇ ਸਾਡਾ ਸਵਾਗਤ ਕੀਤਾ। ਉੱਥੇ ਕੁਝ ਸਮਾਂ ਰੁਕਣ ਮਗਰੋਂ ਫਿਰ ਜਿਸਕੁਨ ਪਿੰਡ ਵੱਲ ਸਫ਼ਰ ਸ਼ੁਰੂ ਕਰ ਦਿੱਤਾ। ਛਿਪਦੇ ਦਿਨ ਦੀ ਕਿਰਮਚੀ ਭਾਹ ਨੇ ਪਹਾੜਾਂ ਦੇ ਸੁਰਮਈ ਰੰਗ ਨੂੰ ਆਪਣੇ ਰੰਗ ’ਚ ਬਦਲਣਾ ਸ਼ੁਰੂ ਕਰ ਦਿੱਤਾ ਸੀ।
ਜਿਸਕੁਨ, ਚਾਂਸ਼ਲ ਪਾਸ ਤੋਂ 40-45 ਮਿੰਟ ਦੇ ਰਸਤੇ ’ਤੇ ਮੌਜੂਦ ਹੈ। ਅਸੀਂ ਰਾਤ ਦੇ ਦਸ ਵਜੇ ਜਿਸਕੁਨ ਪਹੁੰਚੇ। ਹੋਮ ਸਟੇਅ ’ਤੇ ਪਹੁੰਚਣ ਉਪਰੰਤ ਸਾਡੇ ਟਰੈੱਕ ਲੀਡਰ ਅਤੇ ਦੋ ਗਾਈਡਾਂ ਨੇ ਸਾਡਾ ਸਵਾਗਤ ਕੀਤਾ। ਕੁਝ ਸਮਾਂ ਆਰਾਮ ਕਰਨ ਮਗਰੋਂ ਸਾਨੂੰ ਰਾਤ ਦੇ ਖਾਣੇ ਲਈ ਆਵਾਜ਼ ਦਿੱਤੀ ਗਈ ਅਤੇ ਅਗਲੇ ਦਿਨ ਬਾਰੇ ਥੋੜ੍ਹਾ ਬਹੁਤ ਦੱਸਿਆ ਗਿਆ। ਖਾਣਾ ਖਾਣ ਉਪਰੰਤ ਅਸੀਂ ਸਾਰੇ ਹੋਮ ਸਟੇਅ ’ਚ ਬਣੇ ਹਾਲ ਵਿੱਚ ਜਾ ਕੇ ਸੌਂ ਗਏ। ਅਗਲੇ ਦਿਨ ਸਵੇਰੇ ਪੰਛੀਆਂ ਦੀਆਂ ਆਵਾਜ਼ਾਂ ਨੇ ਸਾਨੂੰ ਸ਼ੁਭ ਪ੍ਰਭਾਤ ਆਖੀ। ਉੱਥੇ ਖੜ੍ਹ ਕੇ ਦੂਰ ਤੱਕ ਹਰੇ ਪਹਾੜ ਨਜ਼ਰ ਆਉਂਦੇ ਸਨ। ਪਹਾੜਾਂ ਦੇ ਪੈਰਾਂ ’ਚ ਵਗ ਰਹੇ ਰੁਪਿਨ ਨਾਲੇ ਦੀ ਆਵਾਜ਼ ਸਰਘੀ ਵੇਲੇ ਨੂੰ ਲੋਰੀਆਂ ਸੁਣਾ ਰਹੀ ਸੀ। ਸਵੇਰੇ ਉੱਠ ਕੇ ਸਭ ਨੇ ਨਾਸ਼ਤਾ ਕਰ ਕੇ ਅਗਲੇਰੇ ਸਫ਼ਰ ਦੀ ਤਿਆਰੀ ਸ਼ੁਰੂ ਕਰ ਦਿੱਤੀ। ਟਰੈੱਕ ਲੀਡਰ ਨੇ ਸਾਨੂੰ ਕੁਝ ਹਦਾਇਤਾਂ ਦਿੱਤੀਆਂ। ਸਵੇਰੇ ਨੌਂ ਵਜੇ ਤੱਕ ਅਸੀਂ ਆਪਣਾ ਪਹਾੜੀ ਰਾਹਾਂ ਦਾ ਸਫ਼ਰ ਸ਼ੁਰੂ ਕਰ ਲਿਆ। ਅਸੀਂ ਜਿਸਕੁਨ ਤੋਂ ਜਾਖਾ ਪਿੰਡ ਪਹੁੰਚਣਾ ਸੀ। ਇਹ ਪਿੰਡ ਜਿਸਕੁਨ ਤੋਂ ਛੇ ਸੱਤ ਕਿਲੋਮੀਟਰ ਦੀ ਦੂਰੀ ’ਤੇ ਸਾਹਮਣੀ ਪਹਾੜੀ ਦੀ ਨੁੱਕਰ ’ਤੇ ਵੱਸਿਆ ਹੋਇਆ ਸੀ ਜੋ ਜਿਸਕੁਨ ਤੋਂ ਕਾਫ਼ੀ ਉੱਚਾ ਸੀ।
ਅਸੀਂ ਇੱਕ ਪਗਡੰਡੀ ’ਤੇ ਤੁਰਨ ਲੱਗੇ। ਇਸ ਦੇ ਇੱਕ ਪਾਸੇ ਉੱਚਾ ਪਹਾੜ ਅਤੇ ਦੂਜੇ ਪਾਸੇ ਡੂੰਘੀ ਘਾਟੀ ਸੀ। ਆਲਾ-ਦੁਆਲਾ ਚੀਲ੍ਹ ਦੇ ਰੁੱਖਾਂ ਨਾਲ ਭਰਿਆ ਹੋਇਆ ਸੀ। ਰੁਪਿਨ ਨਾਲੇ ਦੀ ਆਵਾਜ਼ ਸਾਡੇ ਨਾਲ ਨਾਲ ਚੱਲ ਰਹੀ ਸੀ।
ਲਗਾਤਾਰ ਪਗਡੰਡੀ ’ਤੇ ਤੁਰਨ ਮਗਰੋਂ ਸਾਨੂੰ ਇੱਕ ਚੌੜਾ ਰਾਹ ਮਿਲ ਗਿਆ। ਇੱਕ ਮਸ਼ੀਨ ਪਹਾੜਾਂ ਨੂੰ ਤੋੜ ਤੋੜ ਕੇ ਥੱਲੇ ਵਗਦੇ ਨਾਲੇ ’ਚ ਸੁੱਟ ਰਹੀ ਸੀ। ਇਹ ਅਗਲੇ ਪਿੰਡ ਜਾਖਾ ਤੱਕ ਪੱਕੀ ਸੜਕ ਬਣ ਰਹੀ ਹੈ। ਇਹ ਟਰੈੱਕ ਪਹਿਲਾ ਉੱਤਰਾਖੰਡ ਦੇ ਧੌਲਾ ਪਿੰਡ ਤੋਂ ਸ਼ੁਰੂ ਹੁੰਦਾ ਸੀ। ਹੁਣ ਇਹ ਜਿਸਕੁਨ ਤੋਂ ਸ਼ੁਰੂ ਹੋ ਰਿਹਾ ਸੀ ਪਰ ਅਗਲੇ ਕੁਝ ਸਾਲਾਂ ਤੱਕ ਜਾਖਾ ਤੱਕ ਪੱਕੀ ਸੜਕ ਬਣਨ ਕਾਰਨ ਇਹ ਜਾਖਾ ਤੋਂ ਸ਼ੁਰੂ ਹੋਇਆ ਕਰੇਗਾ। ਮਨੁੱਖ ਨੇ ਆਪਣੇ ਹਿੱਤਾਂ ਲਈ ਕੁਦਰਤ ਅਤੇ ਹੋਰ ਪ੍ਰਜਾਤੀਆਂ ਦਾ ਰੱਜ ਕੇ ਨੁਕਸਾਨ ਕੀਤਾ ਹੈ। ਪਹਾੜਾਂ ਵਿਚਦੀ ਲੰਘਣ ਵਾਲੇ ਵੱਡੇ ਵੱਡੇ ਰਾਹ ਸ਼ੁਰੂ ਵਿੱਚ ਸਥਾਨਕ ਲੋਕਾਂ ਦੁਆਰਾ ਆਉਣ ਜਾਣ ਲਈ ਵਰਤੀਆਂ ਜਾਂਦੀਆਂ ਪਗਡੰਡੀਆਂ ਹੀ ਸਨ ਪਰ ਮਨੁੱਖ ਪਹਾੜਾਂ ਦੀਆਂ ਵੱਖੀਆਂ ਪਾੜ ਪਾੜ ਆਪਣੇ ਲਈ ਰਾਹ ਬਣਾ ਰਿਹਾ ਹੈ।
ਇਸ ਚੌੜੇ ਅਤੇ ਪੱਧਰੇ ਰਾਹ ’ਤੇ ਤੁਰਦਿਆਂ ਇੱਕ ਵਾਰ ਤਾਂ ਸਫ਼ਰ ਦਾ ਆਨੰਦ ਬਿਲਕੁਲ ਹੀ ਖ਼ਤਮ ਹੋ ਗਿਆ। ਪਹਾੜਾਂ ’ਚ ਵਿਚਰਦਿਆਂ ਜੋਖ਼ਮ ਭਰੇ ਰਾਹ ਹੀ ਸਫ਼ਰ ਨੂੰ ਰੋਮਾਂਚਿਕ ਬਣਾਉਂਦੇ ਅਤੇ ਆਤਮ-ਵਿਸ਼ਵਾਸ ਵਧਾਉਂਦੇ ਹਨ।
ਇੱਕ ਕਿਲੋਮੀਟਰ ਤੱਕ ਇਸ ਰਾਹ ’ਤੇ ਤੁਰਨ ਮਗਰੋਂ ਗਾਈਡ ਨੇ ਸਾਨੂੰ ਅਚਾਨਕ ਹੀ ਇੱਕ ਸੰਘਣੇ ਜੰਗਲ ਵੱਲ ਮੋੜ ਲਿਆ ਅਤੇ ਬਣ ਰਿਹਾ ਚੌੜਾ ਰਾਹ ਸਿੱਧਾ ਲੰਘ ਗਿਆ। ਦੇਖਦੇ ਦੇਖਦੇ ਹੀ ਨਜ਼ਾਰੇ ਬਦਲਣ ਲੱਗੇ। ਅਸੀਂ ਚੀਲ੍ਹ ਦੇ ਸੰਘਣੇ ਜੰਗਲ ਵਿੱਚ ਦਾਖ਼ਲ ਹੋ ਚੁੱਕੇ ਸੀ। ਨਾਲ ਨਾਲ ਰੁਪਿਨ ਨਾਲਾ ਵਗ ਰਿਹਾ ਸੀ।
ਅਸੀਂ ਜਿਉਂ ਜਿਉਂ ਅੱਗੇ ਵਧ ਰਹੇ ਸੀ ਠੰਢ ਵਧ ਰਹੀ ਸੀ। ਸੰਘਣੇ ਜੰਗਲ ਵਿਚਦੀ ਗੁਜ਼ਰਦਿਆਂ ਅਸੀਂ ਬਹੁਤ ਵੱਡੀ ਪਹਾੜੀ ਚੋਟੀ ਕੋਲ ਪਹੁੰਚੇ। ਅਸੀਂ ਏਨੇ ਉੱਚੇ ਪਹੁੰਚ ਗਏ ਕਿ ਰੁਪਿਨ ਨਾਲਾ ਸਾਡੇ ਤੋਂ ਬਹੁਤ ਨੀਵਾਂ ਰਹਿ ਗਿਆ ਸੀ।
ਦੁਪਹਿਰ ਸਮੇਂ ਇੱਕ ਜਗ੍ਹਾ ਰੁਕ ਕੇ ਪਾਣੀ ਪੀਤਾ ਅਤੇ ਲੋੜ ਮੁਤਾਬਿਕ ਕੁਝ ਨਾ ਕੁਝ ਖਾ ਵੀ ਲਿਆ। ਥੋੜ੍ਹਾ ਸਮਾਂ ਆਰਾਮ ਕਰਨ ਮਗਰੋਂ ਫਿਰ ਤੁਰਨਾ ਸ਼ੁਰੂ ਕਰ ਦਿੱਤਾ। ਪਹਾੜਾਂ ਦੀਆਂ ਕੁੰਦਰਾਂ ’ਚ ਜਾਮਣੀ ਰੰਗ ਦੇ ਫੁੱਲ ਉੱਗੇ ਹੋਏ ਸਨ। ਜਾਖਾ ਪਿੰਡ ਦੂਰੋਂ ਦੇਖ ਕੇ ਹੌਸਲਾ ਵਧਿਆ ਕਿ ਛੇਤੀ ਹੀ ਆਪਣੇ ਟਿਕਾਣੇ ’ਤੇ ਪਹੁੰਚ ਜਾਵਾਂਗੇ। ਪਹਾੜਾਂ ਵਿੱਚ ਦੁਪਹਿਰ ਬਾਰ੍ਹਾਂ ਵਜੇ ਮਗਰੋਂ ਬੱਦਲਵਾਈ ਛਾ ਜਾਂਦੀ ਹੈ ਅਤੇ ਮੀਂਹ ਦੀ ਸੰਭਾਵਨਾ ਵਧ ਜਾਂਦੀ ਹੈ। ਜਾਖਾ ਨੂੰ ‘ਲਟਕਵਾਂ ਪਿੰਡ (hanging village)’ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਪਹਾੜ ਦੀ ਵੱਖੀ ’ਤੇ ਵੱਸਿਆ ਹੋਇਆ ਹੈ। ਢਲਦੀ ਦੁਪਹਿਰ ਤੱਕ ਅਸੀ ਜਾਖਾ ਪਿੰਡ ਦੀਆਂ ਬਰੂਹਾਂ ’ਤੇ ਪਹੁੰਚ ਗਏ। ਸਾਰਾ ਪਿੰਡ ਲੱਕੜ ਦਾ ਬਣਿਆ ਹੋਇਆ ਸੀ। ਕਈ ਮਕਾਨਾਂ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਕਈ ਸਾਲਾਂ ਦੇ ਪੁਰਾਣੇ ਬਣੇ ਹੋਏ ਹਨ। ਕੁਝ ਮਕਾਨ ਨਿਰੋਲ ਲੱਕੜੀ ਦੇ ਬਣੇ ਸਨ ਅਤੇ ਕੁਝ ਮਕਾਨਾਂ ਦੀਆਂ ਛੱਤਾਂ ਲਈ ਪੱਥਰ ਦੀਆਂ ਸਲੈਬਾਂ ਵਰਤੀਆਂ ਗਈਆਂ ਸਨ। ਕਮਰਿਆਂ ਦੀ ਚਾਰਦੀਵਾਰੀ ਵਿੱਚ ਸ਼ਤੀਰਾਂ ਵਿਚਾਲੇ ਸੀਮਿੰਟ ਦੇ ਬਲਾਕ ਵਰਤੇ ਗਏ ਸਨ। ਹਰੇਕ ਪਹਾੜੀ ਪਿੰਡ ਵਾਂਗ ਜਾਖਾ ਦੀਆਂ ਗਲੀਆਂ ਵੀ ਭੀੜੀਆਂ ਅਤੇ ਪੌੜੀਦਾਰ ਸਨ। ਮਧਰੇ ਕੱਦ ਦੀਆਂ ਪਹਾੜੀ ਗਾਵਾਂ ਰਿੰਗ ਰਹੀਆਂ ਸਨ। ਇਸ ਪਿੰਡ ਤੱਕ ਅਜੇ ਤੱਕ ਕੋਈ ਚੌੜਾ ਰਾਹ ਨਹੀਂ ਪਹੁੰਚਿਆ। ਇਸ ਲਈ ਪਿੰਡ ਵਿੱਚ ਕੋਈ ਵਾਹਨ ਨਹੀਂ ਸੀ। ਇੱਕ ਪਗਡੰਡੀ ਹੀ ਇਸ ਪਿੰਡ ਨੂੰ ਜਿਸਕੁਨ ਨਾਲ ਜੋੜਦੀ ਹੈ। ਜਿਸਕੁਨ ਤੋਂ ਹੀ ਇਹ ਸ਼ਿਮਲੇ ਨਾਲ ਜੁੜਦਾ ਹੈ। ਪੰਜ ਕੁ ਸੌ ਆਬਾਦੀ ਵਾਲਾ ਇਹ ਸਾਰਾ ਪਿੰਡ ਰਾਧਾ ਸੁਆਮੀ ਸਤਿਸੰਗ ਬਿਆਸ ਵਾਲਿਆਂ ਦਾ ਸ਼ਰਧਾਲੂ ਹੈ। ਪਿੰਡ ਵਿੱਚ ਇੱਕ ਡੇਰਾ ਵੀ ਬਣਿਆ ਹੋਇਆ ਹੈ। ਅਸੀਂ ਕੁਝ ਸਮਾਂ ਆਰਾਮ ਕੀਤਾ ਅਤੇ ਫਿਰ ਪਿੰਡ ਦੇਖਣ ਲਈ ਤੁਰ ਪਏ। ਥੋੜ੍ਹੀ ਦੂਰ ਹੀ ਗਏ ਸੀ ਕਿ ਮੀਂਹ ਪੈਣ ਲੱਗਿਆ। ਸਾਰੇ ਟਰੈੱਕਰ ਕਾਹਲੀ ਕਾਹਲੀ ਆਪੋ ਆਪਣੇ ਕਮਰਿਆਂ ’ਚ ਵਾਪਸ ਆ ਗਏ।
ਅਗਲੇ ਦਿਨ ਦਾ ਸਫ਼ਰ ਕਾਫ਼ੀ ਲੰਬਾ ਸੀ। ਸਾਰੇ ਖਾਣਾ ਖਾਣ ਮਗਰੋਂ ਛੇਤੀ ਸੌਂ ਗਏ। ਸਵੇਰੇ ਬੂਹੇ ਦੀਆਂ ਝੀਥਾਂ ਵਿਚਦੀ ਧੁੱਪ ਨੇ ਦਸਤਕ ਦਿੱਤੀ। ਜਿਸਕੁਨ ਤੋਂ ਉਚਾਈ ’ਤੇ ਹੋਣ ਕਰਕੇ ਜਾਖਾ ’ਚ ਠੰਢ ਵੀ ਜ਼ਿਆਦਾ ਸੀ। ਨਾਸ਼ਤੇ ਮਗਰੋਂ ਪਿੱਠੂ ਬੈਗ ਮੋਢਿਆਂ ’ਤੇ ਟੰਗ ਕੇ ਸਫ਼ਰ ਸ਼ੁਰੂ ਕਰ ਲਿਆ। ਰੁਪਿਨ ਪਾਸ ਟਰੈੱਕ ਸਾਨੂੰ ਹਰ ਰੋਜ਼ ਆਪਣੀ ਅਲੱਗ ਸੁੰਦਰਤਾ ਨਾਲ ਉਡੀਕ ਰਿਹਾ ਹੁੰਦਾ। ਪਹਿਲੇ ਦੋ ਦਿਨ ਸਾਨੂੰ ਹੋਮ ਸਟੇਅ ਮਿਲ ਰਹੇ ਸਨ, ਪਰ ਅੱਗੇ ਨਾ ਤਾਂ ਹੋਮ ਸਟੇਅ ਮਿਲਣਾ ਸੀ ਤੇ ਨਾ ਕੋਈ ਨੈੱਟਵਰਕ ਅਤੇ ਬਿਜਲੀ। ਅਸੀਂ ਪੂਰਨ ਤੌਰ ’ਤੇ ਕੁਦਰਤ ਦੇ ਹਵਾਲੇ ਹੋਣ ਜਾ ਰਹੇ ਸੀ। ਜਾਖਾ ਪਿੰਡ ਨਿਕਲਦਿਆਂ ਹੀ ਅਸੀਂ ਦੋ ਕੁ ਫੁੱਟ ਚੌੜੀ ਪਗਡੰਡੀ ’ਤੇ ਤੁਰਨ ਲੱਗੇ। ਰੁਪਿਨ ਨਾਲਾ ਹੌਲੀ ਹੌਲੀ ਸਾਡੇ ਤੋਂ ਦੂਰ ਹੋ ਰਿਹਾ ਸੀ। ਸਾਡਾ ਅੱਜ ਦਾ ਸਫ਼ਰ ਲਗਭਗ ਬਾਰਾਂ ਤੇਰਾਂ ਕਿਲੋਮੀਟਰ ਲੰਬਾ ਸੀ। ਬੇਸ਼ੱਕ ਰੁਪਿਨ ਨਾਲੇ ਤੋਂ ਦੂਰ ਜਾ ਰਹੇ ਸੀ, ਪਰ ਬਾਅਦ ਦੁਪਹਿਰ ਤੱਕ ਸਾਡਾ ਰਾਹ ਏਸੇ ਨਾਲੇ ਤੋਂ ਹੋ ਕੇ ਗੁਜ਼ਰਨਾ ਸੀ। ਹਰਿਆਲੀ ਭਰੇ ਰਾਹਾਂ ’ਚ ਕਈ ਛੋਟੇ ਛੋਟੇ ਨਾਲੇ ਵਗ ਰਹੇ ਸਨ। ਕਦੇ ਕਿਸੇ ਪੰਛੀ ਦੀ ਕੂਕ ਅਤੇ ਕਦੇ ਪੱਤਿਆਂ ਦੀ ਹਲਚਲ ਜੰਗਲ ਦਾ ਰੋਮਾਂਚ ਭਰ ਦਿੰਦੀ। ਸਾਡੇ ਸਾਹਮਣੇ ਚੀਲ੍ਹ ਦੇ ਰੁੱਖ, ਖੱਬੇ ਹੱਥ ਹਿਮਾਲਿਆ ਪਰਬਤ ਅਤੇ ਸੱਜੇ ਹੱਥ ਹਿਮਾਲਿਆ ’ਚੋਂ ਨਿਕਲਦਾ ਰੁਪਿਨ ਨਾਲਾ ਸੀ। ਅਸੀਂ ਤੁਰਦੇ ਰਹੇ ਤੇ ਜੰਗਲ ਦਾ ਸੰਘਣਾਪਣ ਵਧਦਾ ਗਿਆ। ਚੀਲ੍ਹ ਦੇ ਪੱਤਿਆਂ ਨੇ ਸੂਰਜ ਦੀਆਂ ਕਿਰਨਾਂ ਨੂੰ ਜੰਗਲ ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ ਦਿੱਤੀ। ਅਸੀਂ ਇੱਕ ਪਰਬਤ ਦੇ ਸਿਖ਼ਰ ’ਤੇ ਪਹੁੰਚ ਗਏ। ਇਸ ਜਗ੍ਹਾਂ ਤੋਂ ਤਿੰਨ ਕੋਣੀ ਕਾਤਰ ਨੇ ਰੁਪਿਨ ਘਾਟੀ ਨੂੰ ਪਾੜ ਲਾਇਆ ਹੋਇਆ ਸੀ। ਦੂਰ ਜਾਖਾ ਪਿੰਡ ਦੀਆਂ ਵਿਰਲੀਆਂ ਛੱਤਾਂ ਦਿਸ ਰਹੀਆਂ ਸਨ। ਚੀਲ੍ਹ ਦਾ ਜੰਗਲ ਪਾਰ ਕਰ ਕੇ ਰੁਪਿਨ ਨਾਲਾ ਸਾਡੇ ਪੈਰਾਂ ਹੇਠ ਵਿਛ ਗਿਆ। ਆਸਮਾਨ ’ਚ ਉੱਡ ਰਹੇ ਬੱਦਲ ਨੀਵੇਂ ਹੋ ਹੋ ਕੇ ਲੰਘ ਰਹੇ ਸਨ। ਅਸੀਂ ਲੱਕੜ ਦੇ ਬਣੇ ਪੁਲ ਤੋਂ ਰੁਪਿਨ ਨਾਲਾ ਪਾਰ ਕੀਤਾ ਅਤੇ ਪਰਬਤਾਂ ਦੀ ਅਗਲੀ ਲੜੀ ’ਤੇ ਪੈਰ ਜਾ ਧਰਿਆ।
ਤੁਰਦਿਆਂ ਤੁਰਦਿਆਂ ਕੋਈ ਪਹਾੜੀ ਟੋਟਾ ਅਜਿਹਾ ਆਉਂਦਾ ਕਿ ਉਹ ਪਲਾਂ ’ਚ ਸਾਨੂੰ ਆਪਣੇ ਪਹਾੜ ਹੋਣ ਦਾ ਅਹਿਸਾਸ ਕਰਵਾ ਜਾਂਦਾ। ਉਸ ਪਹਾੜੀ ਟੋਟੇ ਨੂੰ ਪਾਰ ਕਰਦਿਆਂ ਸਾਡੇ ਸਾਹ ਫੁੱਲ ਜਾਂਦੇ, ਪਰ ਅਸੀਂ ਸਬਰ ਸਹਿਜ ਦੀ ਉਂਗਲ ਫੜ ਹੌਲੀ ਹੌਲੀ ਤੁਰਦੇ ਪਾਰ ਲੱਗ ਜਾਂਦੇ। ਰਸਤੇ ’ਚ ਕਈ ਥਾਵਾਂ ’ਤੇ ਛੋਟੇ ਢਾਬੇ ਬਣੇ ਹੋਏ ਸਨ। ਅਸੀਂ ਇੱਕ ਢਾਬੇ ’ਤੇ ਮਿੱਠੇ ਸਿੱਡੂ ਖਾਣ ਲਈ ਰੁਕੇ। ਰੁਪਿਨ ਨਾਲੇ ਦੇ ਨਾਲ ਅਤੇ ਚੋਟੀਆਂ ਦੀ ਉਚਾਈ ’ਤੇ ਬਰਫ਼ ਦਿਸਣ ਲੱਗੀ। ਠੰਢ ਲਗਾਤਾਰ ਵਧ ਰਹੀ ਸੀ। ਸਿੱਡੂ ਖਾ ਕੇ ਅਤੇ ਚਾਹ ਪੀ ਕਿ ਅਸੀਂ ਫਿਰ ਤੁਰਨ ਲੱਗੇ। ਰੁਪਿਨ ਨਾਲੇ ਦਾ ਵਹਿਣ ਅੱਗੇ ਜਾ ਕੇ ਕਾਫ਼ੀ ਵਿਸ਼ਾਲ ਹੋ ਗਿਆ। ਵਹਿਣ ’ਚ ਪਏ ਪੱਥਰ ਇਸ ਗੱਲ ਦਾ ਸੰਕੇਤ ਸਨ ਕਿ ਇਹ ਛੋਟਾ ਜਿਹਾ ਰੁਪਿਨ ਨਾਲਾ ਕਿਸੇ ਵੇਲੇ ਬਹੁਤ ਵਸੀਹ ਸੀ। ਅਸੀਂ ਹੁਣ ਬਿਲਕੁਲ ਪੱਧਰੇ ਮੈਦਾਨ ’ਚ ਤੁਰ ਰਹੇ ਸੀ। ਆਲੇ-ਦੁਆਲੇ ਛੋਟੇ-ਵੱਡੇ ਪੱਥਰ ਖਿੱਲਰੇ ਹੋਏ ਸਨ। ਘਾਟੀ ਦਾ ਇੱਕ ਮੋੜ ਮੁੜ ਕੇ ਧਰਤੀ ’ਤੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਸੀ। ਬਰਫ਼ ਦੇ ਇੱਕ ਵਿਸ਼ਾਲ ਢੈਰ ਨੇ ਰੁਪਿਨ ਨਾਲਾ ਘੇਰਿਆ ਹੋਇਆ ਸੀ। ਢੇਰ ਹੇਠੋਂ ਪਾਣੀ ਨੇ ਆਪਣਾ ਰਾਹ ਬਣਾਇਆ ਹੋਇਆ ਸੀ। ਬਰਫ਼ ਦੀ ਇਹ ਪਰਤ ਇੰਨੀ ਮਜ਼ਬੂਤ ਸੀ ਕਿ ਅਸੀਂ ਬਾਰਾਂ ਤੇਰਾਂ ਜਣੇ ਬਹੁਤ ਆਰਾਮ ਨਾਲ ਇਸ ’ਤੇ ਤੁਰ ਰਹੇ ਸੀ। ਚੀਲ੍ਹ ਦੇ ਦਰੱਖਤਾਂ ਦੀ ਗਿਣਤੀ ਘਟ ਰਹੀ ਸੀ। ਹੁਣ ਹੋਰ ਛੋਟੇ ਪਹਾੜੀ ਰੁੱਖ ਦਿਸਣ ਲੱਗੇ ਸਨ। ਕਈ ਥਾਵਾਂ ’ਤੇ ਹਰੇ ਘਾਹ ਦੀਆਂ ਚਰਾਂਦਾ ਆਈਆਂ ਜਿੱਥੇ ਇੱਕਾ ਦੁੱਕਾ ਬੱਕਰਵਾਲ ਮਿਲ ਜਾਂਦੇ। ਇਹ ਟਰੈੱਕ ਰੁਪਿਨ ਘਾਟੀ ਤੋਂ ਸਾਂਗਲਾ ਤੱਕ ਜਾਂਦਾ ਸੀ। ਸਾਡੇ ਵਰਗੇ ਯਾਤਰੀਆਂ ਦੇ ਨਾਲ ਨਾਲ ਇਸ ’ਤੇ ਸਥਾਨਕ ਲੋਕਾਂ ਦਾ ਆਉਣ ਜਾਣ ਵੀ ਲੱਗਾ ਰਹਿੰਦਾ ਹੈ। ਦਿਨ ਬੀਤਣ ਨਾਲ ਮੌਸਮ ਅਤੇ ਆਲੇ-ਦੁਆਲੇ ਵਿੱਚ ਕਾਫ਼ੀ ਬਦਲਾਅ ਆ ਰਹੇ ਸਨ। ਹਰਿਆਲੀ ਘਟ ਰਹੀ ਸੀ ਤੇ ਬਰਫ਼ ਵਧ ਰਹੀ ਸੀ। ਅਸੀਂ ਕਦੇ ਮਿੱਟੀ ’ਤੇ ਤੁਰ ਰਹੇ ਹੁੰਦੇ, ਕਦੇ ਪੱਥਰਾਂ ਅਤੇ ਕਦੇ ਬਰਫ਼ ਦੇ ਵੱਡੇ ਤੋਦਿਆਂ ਉੱਤੇ। ਦੁਪਹਿਰ ਢਲ ਕੇ ਸ਼ਾਮ ਦਾ ਰੂਪ ਲੈ ਰਹੀ ਸੀ। ਘਾਟੀ ਦੀ ਵੱਖੀ ’ਚੋਂ ਖ਼ੂਬਸੂਰਤ ਝਰਨੇ ਫੁੱਟ ਰਹੇ ਸਨ। ਬਰਫ਼ ਦੇ ਤੋਦੇ ਸਰਪੇਚ ਬਣ ਇਹਦੀ ਸ਼ਾਨ ਵਧਾ ਰਹੇ ਸਨ। ਅਸੀਂ ਸ਼ਾਮ ਤੱਕ ਆਪਣੇ ਕੈਂਪ ਸਾਈਟ ਤੱਕ ਪਹੁੰਚ ਗਏ। ਸਾਡੇ ਸਾਹਮਣੇ ਵਿਸ਼ਾਲ ਝਰਨਾ ਵਹਿ ਰਿਹਾ ਸੀ। ਇਹ ਰੁਪਿਨ ਨਾਲੇ ਦਾ ਮੂਲ ਝਰਨਾ ਸੀ। ਅੱਜ ਦੀ ਰਾਤ ਅਸੀਂ ਇਸ ਝਰਨੇ ਦੇ ਪੈਰਾਂ ਵਿੱਚ ਰਹਿਣਾ ਸੀ। ਸਾਡੇ ਕੈਂਪ ਸਾਈਟ ’ਤੇ ਪਹੁੰਚਦਿਆਂ ਹੀ ਵਰਖਾ ਸ਼ੁਰੂ ਹੋ ਗਈ। ਠੰਢ ਹੋਰ ਵਧ ਗਈ। ਸਭ ਨੇ ਆਪਣੇ ਗਰਮ ਕੋਟ ਕੱਢ ਕੇ ਪਾ ਲਏ। ਥੋੜ੍ਹੇ ਸਮੇਂ ਤੱਕ ਸ਼ਾਮ ਦਾ ਖਾਣਾ ਤਿਆਰ ਹੋ ਗਿਆ। ਸਭ ਨੇ ਖਾਣਾ ਖਾਧਾ ਅਤੇ ਆਪੋ ਆਪਣੇ ਟੈਂਟਾਂ ਵਿੱਚ ਸੌਣ ਲਈ ਚਲੇ ਗਏ। ਅਗਲੇ ਦਿਨ ਸਵੇਰ ਦੇ ਪੰਜ ਵਜੇ ਧੁੱਪ ਚੜ੍ਹ ਆਈ।
ਸਾਡੇ ਟੈਂਟ ਉੱਚੀਆਂ ਪਹਾੜੀਆਂ ਵਿਚਕਾਰ ਘਾਟੀ ਦੀ ਨੀਵੀਂ ਜਗ੍ਹਾ ’ਤੇ ਲੱਗੇ ਸਨ। ਪਹਾੜੀ ਖੰਘਰਾਂ ਝਰਨੇ ਦੇ ਪਾਣੀ ਦੀ ਧਾਰ ਨੂੰ ਤਾੜਾ ਲਾ ਰਹੀਆਂ ਸਨ। ਵੱਡੇ ਛੋਟੇ ਦਰੱਖਤਾਂ ਦੀ ਥਾਂ ਖੁਸ਼ਕ ਘਾਹ ਨੇ ਲੈ ਲਈ ਸੀ। ਅਸੀਂ ਟਰੀ ਲਾਈਨ ਪਾਰ ਕਰਕੇ ਉੱਚੀ ਥਾਂ ਵੱਲ ਵਧ ਰਹੇ ਸੀ। ਚੁਫ਼ੇਰੇ ਮਨਮੋਹਕ ਦ੍ਰਿਸ਼ ਸੀ। ਸਾਡਾ ਅੱਜ ਦਾ ਸਫ਼ਰ ਪੰਜ ਛੇ ਕਿਲੋਮੀਟਰ ਲੰਮਾ ਸੀ, ਪਰ ਸਿੱਧੀ ਚੜ੍ਹਾਈ ਚੜ੍ਹਨੀ ਸੀ। ਅਸੀਂ ਸਵੇਰੇ ਨੌਂ ਵਜੇ ਤੁਰਨਾ ਸ਼ੁਰੂ ਕੀਤਾ। ਰਸਤਾ ਲੰਬਾਈ ਪੱਖੋਂ ਘੱਟ ਸੀ, ਪਰ ਖ਼ਤਰਨਾਕ ਬਹੁਤ ਸੀ। ਬਹੁਤ ਥਾਵਾਂ ’ਤੇ ਬਰਫ਼ ਦੇ ਵੱਡੇ ਤੋਦੇ ਪਾਰ ਕਰਨੇ ਸਨ। ਸਾਡੇ ਗਾਈਡ ਸਾਡੇ ਅੱਗੇ ਤੁਰਦੇ ਅਤੇ ਸਾਡੇ ਤੁਰਨ ਲਈ ਬਰਫ਼ ’ਤੇ ਰਾਹ ਬਣਾਉਂਦੇ। ਤਿੱਖੀ ਚੜ੍ਹਾਈ ’ਚ ਬਰਫ਼ ਤੋਂ ਪੈਰ ਤਿਲ੍ਹਕਣ ਦਾ ਡਰ ਲਗਾਤਾਰ ਬਣਿਆ ਹੋਇਆ ਸੀ। ਬਰਫ਼ ਇਉਂ ਸੀ ਕਿ ਇੱਕ ਵਾਰ ਪੈਰ ਤਿਲ੍ਹਕਣ ਦੀ ਸੂਰਤ ਵਿੱਚ ਕਈ ਸੌ ਫੁੱਟ ਥੱਲੇ ਜਾ ਕੇ ਹੀ ਰੁਕਿਆ ਜਾਣਾ ਸੀ।
ਦੋ ਘੰਟਿਆਂ ਦੀ ਤਿੱਖੀ ਚੜ੍ਹਾਈ ਵਾਲੇ ਸਫ਼ਰ ’ਚ ਅਸੀਂ ਨੁਕੀਲੀਆਂ ਪਹਾੜੀਆਂ ਤੇ ਬਰਫ਼ ਦੇ ਤੋਦੇ ਪਾਰ ਕਰਕੇ ਝਰਨੇ ਦੇ ਅੱਧ ਤੱਕ ਪਹੁੰਚ ਚੁੱਕੇ ਸੀ। ਇੰਨੀ ਉਚਾਈ ’ਤੇ ਹਰਿਆਲੀ ਬਿਲਕੁਲ ਖ਼ਤਮ ਹੋ ਚੁੱਕੀ ਸੀ। ਖੁਸ਼ਕ ਪਹਾੜਾਂ ’ਚ ਝਰਨੇ ਅਤੇ ਚੋਟੀਆਂ ’ਤੇ ਜੰਮੀ ਬਰਫ਼ ਦਿਸਦੀ ਸੀ। ਇੰਨੀ ਠੰਢ ਹੋਣ ਦੇ ਬਾਵਜੂਦ ਸਾਡੇ ਕੱਪੜੇ ਪਸੀਨੇ ਨਾਲ ਭਿੱਜ ਰਹੇ ਸਨ। ਸਵੇਰੇ ਨੌਂ ਵਜੇ ਤੋਂ ਲੈ ਕੇ ਦੁਪਹਿਰ ਦੇ ਇੱਕ ਵਜੇ ਤੱਕ ਅਸੀਂ ਆਪਣੇ ਕੈਂਪ ਸਾਈਟ ਪਹੁੰਚ ਗਏ। ਇਹ ਕੈਂਪ ਸਾਈਟ ਸਮੁੰਦਰੀ ਤਲ ਤੋਂ 13,300 ਫੁੱਟ ਦੀ ਉਚਾਈ ’ਤੇ ਸੀ। ਠੰਢ ਬਹੁਤ ਜ਼ਿਆਦਾ ਵਧ ਗਈ। ਅਸੀਂ ਸਾਰੇ ਰੋਟੀ ਖਾਣ ਵਾਲੇ ਟੈਂਟ ਵਿੱਚ ਬੈਠ ਗਏ। ਜਾਪਦਾ ਸੀ ਕਿ ਅੱਜ ਸਾਡੇ ਕੋਲ ਬਹੁਤ ਖੁੱਲ੍ਹਾ ਸਮਾਂ ਹੈ। ਪਰ ਦਿਨ ਢਲਣ ਨਾਲ ਹਵਾ ਦਾ ਵਹਾਅ ਤੇਜ਼ ਹੋ ਰਿਹਾ ਸੀ। ਇੰਨਾ ਤੇਜ਼ ਹੋ ਗਿਆ ਕਿ ਦੂਜੀ ਟੀਮ ਦੇ ਕੁਝ ਟੈਂਟ ਹਵਾ ਦਾ ਬੁੱਲ੍ਹਾ ਆਪਣੇ ਨਾਲ ਹੀ ਲੈ ਗਿਆ। ਇੱਕ ਘੰਟੇ ਤੋਂ ਜ਼ਿਆਦਾ ਸਮਾਂ ਵੀ ਹਵਾ ਰੁਕੀ ਨਹੀਂ ਸੀ। ਹਵਾ ਅਤੇ ਉਚਾਈ ਕਾਰਨ ਭਿਆਨਕ ਠੰਢ ਹੋ ਗਈ ਸੀ। ਅਸੀਂ ਵੱਡੇ ਟੈਂਟ ਅੰਦਰ ਬੈਠੇ ਹਵਾ ਦੀ ਗਤੀ ਨੂੰ ਮਹਿਸੂਸ ਕਰ ਰਹੇ ਸੀ। ਹਵਾ ਤੋਂ ਬਾਅਦ ਮੀਂਹ ਅਤੇ ਫਿਰ ਮੋਟੀਆਂ ਡਲੀਆਂ ਦੇ ਰੂਪ ਵਿੱਚ ਬਰਫ਼ਬਾਰੀ ਸ਼ੁਰੂ ਹੋ ਗਈ। ਸਾਡੇ ਟਰੈੱਕ ਦੀ ਇਹ ਪਹਿਲੀ ਬਰਫ਼ਬਾਰੀ ਲਗਭਗ ਦੋ ਘੰਟੇ ਚੱਲੀ। ਬਰਫ਼ਬਾਰੀ ਥੋੜ੍ਹੀ ਘਟੀ ਤਾਂ ਅਸੀਂ ਆਪਣੇ ਟੈਂਟ ਤੋਂ ਬਾਹਰ ਆ ਕੇ ਆਲਾ-ਦੁਆਲਾ ਦੇਖਿਆ। ਸਭ ਕੁਝ ਚਿੱਟੀ ਚਾਦਰ ਦੀ ਬੁੱਕਲ ਵਿੱਚ ਸੀ। ਪਹਾੜਾਂ ਦੀਆਂ ਦੂਰ ਦਿਸਦੀਆਂ ਉੱਚੀਆਂ ਚੋਟੀਆਂ ’ਤੇ ਸੰਘਣੀ ਧੁੰਦ ਸੀ। ਸਾਡੇ ਟੈਂਟਾਂ ਦੀਆਂ ਛੱਤਾਂ ’ਤੇ ਬਰਫ਼ ਦੀ ਮੋਟੀ ਪਰਤ ਚੜ੍ਹ ਚੁੱਕੀ ਸੀ। ਬਰਫ਼ਬਾਰੀ ਨੇ ਸਾਡਾ ਸਫ਼ਰ ਹੋਰ ਸੁਹਾਵਣਾ ਕਰ ਦਿੱਤਾ ਸੀ। ਟਰੈਕ ਨੇ ਲੀਡਰ ਨੇ ਸਭ ਨੂੰ ਖਾਣਾ ਖਾ ਕੇ ਛੇਤੀ ਸੌਣ ਲਈ ਕਿਹਾ। ਅਗਲੇ ਦਿਨ ਅਸੀਂ ਇਸ ਟਰੈਕ ਦੀ ਸਿਖਰ ਰੁਪਿਨ ਦੱਰੇ ਪਾਰ ਕਰਨਾ ਸੀ। ਰਾਤ ਨੂੰ ਗਿਆਰਾਂ ਕੁ ਵਜੇ ਤੱਕ ਮੌਸਮ ਸਾਫ਼ ਹੋ ਗਿਆ ਸੀ। ਅਸੀਂ ਸਵੇਰੇ ਤਿੰਨ ਵਜੇ ਉੱਠੇ ਅਤੇ ਚਾਰ ਵਜੇ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ। ਚੁਫ਼ੇਰੇ ਹਨੇਰਾ ਪਸਰਿਆ ਹੋਇਆ ਸੀ। ਸਾਰਿਆਂ ਨੇ ਆਪਣੇ ਸਿਰਾਂ ’ਤੇ ਹੈੱਡ ਲਾਈਟਾਂ ਲਗਾਈਆਂ ਹੋਈਆਂ ਸਨ। ਦੋ ਹੋਰ ਗਰੁੱਪ ਇਸ ਪਹਾੜੀ ਦੱਰੇ ਨੂੰ ਪਾਰ ਕਰਨ ਦੀ ਜੱਦੋਜਹਿਦ ਵਿੱਚ ਸਨ। ਅਸੀਂ ਪਹਾੜੀ ਦੀ ਤਿੱਖੀ ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ।
ਕਾਫ਼ੀ ਉਚਾਈ ’ਤੇ ਹੋਣ ਕਾਰਨ ਆਕਸੀਜਨ ਦੀ ਕਮੀ ਮਹਿਸੂਸ ਹੋ ਰਹੀ ਸੀ। ਚਾਰ ਪੰਜ ਕਦਮ ਚੱਲਣ ਤੋਂ ਬਾਅਦ ਰੁਕਣਾ ਪੈ ਰਿਹਾ ਸੀ। ਸਭ ਦੇ ਸਾਹ ਫੁੱਲੇ ਹੋਏ ਸਨ। ਲਗਭਗ ਦੋ ਘੰਟਿਆਂ ਦੇ ਸਫ਼ਰ ਮਗਰੋਂ ਵਿਰਲੀ ਵਿਰਲੀ ਪਹੁ ਫੁੱਟ ਰਹੀ ਸੀ। ਬਰਫ਼ ਕਾਰਨ ਪਹਾੜਾਂ ’ਤੇ ਤਿਲ੍ਹਕਣ ਹੋ ਰਹੀ ਸੀ। ਸੱਤਰ ਡਿਗਰੀ ਦੀ ਚੜ੍ਹਾਈ ਚੜ੍ਹਦਿਆਂ ਤਕਲੀਫ਼ ਅਤੇ ਰੋਮਾਂਚ ਦੋਵੇਂ ਮਹਿਸੂਸ ਹੋ ਰਹੇ ਸਨ। ਅਸੀਂ ਆਪਣੀਆਂ ਥਰਮਸਾਂ ਵਿੱਚ ਝਰਨਿਆਂ ਦਾ ਵਗਦਾ ਠੰਢਾ ਪਾਣੀ ਭਰਦੇ ਤੇ ਪਸੀਨੋ-ਪਸੀਨੀ ਹੋਏ ਪੀਂਦੇ ਰਹਿੰਦੇ। ਸੂਰਜ ਦੀਆਂ ਰਿਸ਼ਮਾਂ ਨੇ ਬਰਫ਼ ਲੱਦੇ ਪਹਾੜਾਂ ’ਤੇ ਦਸਤਖ਼ਤ ਦਿੱਤੀ ਤਾਂ ਸਾਰੇ ਪਹਾੜ ਚਮਕਣ ਲੱਗੇ। ਹੁਣ ਸਾਹਮਣੇ ਬਰਫ਼ ਲੱਦਿਆ ਪੱਧਰਾ ਮੈਦਾਨ ਸੀ। ਸਭ ਨੇ ਦਸ ਪੰਦਰਾਂ ਮਿੰਟ ਆਰਾਮ ਕਰਕੇ ਅੱਗੇ ਤੁਰਨਾ ਸ਼ੁਰੂ ਕੀਤਾ। ਤਿੱਖੀਆਂ ਢਲਾਣਾਂ ਤੋਂ ਲੰਘਣ ਵੇਲੇ ਸਾਡੇ ਗਾਈਡ ਅਤੇ ਟਰੈੱਕ ਲੀਡਰ ਹੱਥ ਫੜ ਕੇ ਮਨੁੱਖੀ ਲੜੀ ਬਣਾ ਲੈਂਦੇ ਜੋ ਸੁਰੱਖਿਅਤ ਤੁਰਨ ਵਿੱਚ ਮਦਦਗਾਰ ਸਾਬਿਤ ਹੁੰਦੀ। ਬਰਫ਼ ਕਾਰਨ ਅੰਨ੍ਹੇਪਣ (Snow blindness) ਤੋਂ ਬਚਣ ਲਈ ਸਭ ਨੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਸਨ। ਇਹ ਬਿਮਾਰੀ ਬਰਫ਼ ’ਤੇ ਸੂਰਜ ਦੀਆਂ ਕਿਰਨਾਂ ਪੈਣ ਨਾਲ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਸਭ ਲਗਾਤਾਰ ਤੁਰਦੇ ਕੁਦਰਤ ਦੀ ਇਸ ਵਿਲੱਖਣਤਾ ਨੂੰ ਮਾਣ ਰਹੇ ਸਨ। ਦੱਰੇ ਤੱਕ ਪਹੁੰਚਣ ਦਾ ਇਹ ਪੰਜ ਕਿਲੋਮੀਟਰ ਦਾ ਸਫ਼ਰ ਬਹੁਤ ਜੋਖ਼ਮ ਭਰਿਆ ਸੀ। ਇੱਕ ਪਾਸੇ ਉੱਚੇ ਪਹਾੜ ਅਤੇ ਦੂਜੇ ਪਾਸੇ ਸੈਂਕੜੇ ਫੁੱਟ ਡੂੰਘੀਆਂ ਘਾਟੀਆਂ ਸਨ। ਦੂਰ ਪਹਾੜੀ ’ਤੇ ਝੰਡਾ ਦਿਸਿਆ ਤਾਂ ਗਾਈਡ ਨੇ ਦੱਸਿਆ ਕਿ ਉਹ ਸਾਹਮਣਾ ਮੰਦਰ ਦੱਰੇ ’ਤੇ ਬਣਿਆ ਹੋਇਆ ਹੈ ਜਿਸ ਨੂੰ ਅਸੀਂ ਅੱਜ ਪਾਰ ਕਰਨਾ ਹੈ। ਅਸੀਂ ਹੁਣ ਲਗਭਗ ਚੌਦਾਂ ਹਜ਼ਾਰ ਫੁੱਟ ਦੀ ਉਚਾਈ ’ਤੇ ਸੀ। ਸੱਜੇ ਹੱਥ ਛੋਟਾ ਜਿਹਾ ਨਾਲਾ ਵਗਦਾ ਸੀ। ਰੁਪਿਨ ਦੱਰਾ ਸਾਡੇ ਤੋਂ ਸਿਰਫ਼ ਢਾਈ ਤਿੰਨ ਸੌ ਮੀਟਰ ਦੂਰ ਸੀ।
ਸਵੇਰ ਦੇ ਛੇ ਵੱਜ ਚੁੱਕੇ ਸਨ। ਸਭ ਨੇ ਆਪੋ ਆਪਣੇ ਬੂਟਾਂ ਦੇ ਉੱਤੇ ਕਰੈਂਪੌਨ (crampons) ਪਹਿਨ ਲਏ (ਕਰੈਂਪੌਨ ਇੱਕ ਤਰ੍ਹਾਂ ਦਾ ਸਾਂਚਾ ਹੁੰਦਾ ਹੈ ਜੋ ਬੂਟਾਂ ਦੇ ਉੱਪਰ ਚੜ੍ਹ ਜਾਂਦਾ ਹੈ ਅਤੇ ਇਸ ਥੱਲੇ ਮੇਖਾਂ ਵਾਂਗ ਤਿੱਖੀਆਂ ਪੱਤੀਆਂ ਲੱਗੀਆਂ ਹੁੰਦੀਆਂ ਹਨ ਜੋ ਬਰਫ਼ ’ਤੇ ਤੁਰਨ ’ਚ ਮਦਦ ਕਰਦੀਆਂ ਹਨ)। ਇਹ ਸਫ਼ਰ ਦਾ ਸਭ ਤੋਂ ਵੱਧ ਖ਼ਤਰਨਾਕ, ਤਕਲੀਫ਼ਦੇਹ, ਰੋਮਾਂਚਿਕ ਅਤੇ ਮਾਣਮੱਤਾ ਸਮਾਂ ਸੀ। ਇੱਕ ਗਰੁੱਪ ਸਾਡੇ ਅੱਗੇ ਅਤੇ ਇੱਕ ਸਾਡੇ ਪਿੱਛੇ ਆ ਰਿਹਾ ਸੀ। ਗਾਈਡ ਨੇ ਸਾਨੂੰ ਸਭ ਨੂੰ ਇਸ ਚੜ੍ਹਾਈ ਲਈ ਸੁਚੇਤ ਕਰਦਿਆਂ ਕੁਝ ਹਦਾਇਤਾਂ ਦਿੱਤੀਆਂ। ਇਸ ਚੜ੍ਹਾਈ ’ਤੇ ਅਸੀਂ ਪੈਰਾਂ ਨਾਲ ਪੈਰ ਜੋੜ ਕੇ ਤੁਰ ਰਹੇ ਸੀ। ਦੋ ਪੁਲਾਂਘਾਂ ਪੁੱਟਣ ਮਗਰੋਂ ਕੁੱਬੇ ਹੋਏ ਟਰੈਕਰ ਹੱਫਣ ਲੱਗਦੇ। ਬੂਟਾਂ ਥੱਲੇ ਬਰਫ਼ ਸਰਕਣ ਦਾ ਅਹਿਸਾਸ ਅਜੀਬ ਲੁਤਫ਼ ਦੇ ਰਿਹਾ ਸੀ। ਸਾਹਮਣੇ ਝੂਲਦੇ ਝੰਡੇ ਵੱਲ ਦੇਖ ਕੇ ਮਨ ਨੂੰ ਹੌਸਲਾ ਦੇ ਛੱਡਦੇ। ਅੱਧੀ ਕੁ ਚੜ੍ਹਾਈ ਤੱਕ ਸਭ ਠੀਕ ਸੀ ਪਰ ਉਸ ਮਗਰੋਂ ਕਈ ਜਣੇ ਹਿੰਮਤ ਹਾਰਨ ਲੱਗੇ। ਟਰੈੱਕਰਾਂ ਨੂੰ ਗਾਈਡ ਹੱਲਾਸ਼ੇਰੀ ਦਿੰਦਾ। ਕੁਝ ਟਰੈੱਕਰਾਂ ਦਾ ਸਾਹ-ਸਤ ਬਿਲਕੁਲ ਖ਼ਤਮ ਹੋ ਚੁੱਕਾ ਸੀ। ਗਾਈਡ ਉਨ੍ਹਾਂ ਨੂੰ ਬਾਹਾਂ ਲੱਤਾਂ ਤੋਂ ਫੜ੍ਹ ਧੂਹ ਕੇ ਸਿਖਰ ਵੱਲ ਲੈ ਜਾਂਦੇ। ਇੱਕ ਦੂਜੇ ਦੀਆਂ ਪੈੜਾਂ ’ਚ ਪੈਰ ਧਰਦੇ ਅਸੀਂ ਹੌਲੀ ਹੌਲੀ ਅੱਗੇ ਵਧ ਰਹੇ ਸੀ। ਕਈਆਂ ਦੇ ਪੈਰ ਤਿਲ੍ਹਕੇ, ਕਈ ਡਿੱਗੇ ਪਰ ਗਾਈਡਾਂ ਨੇ ਸਭ ਸਮੇਂ ਸਿਰ ਸੰਭਾਲ ਲਿਆ। ਹੁਣ ਅਸੀਂ ਦੋ ਪਹਾੜਾਂ ਦੇ ਵਿਚਕਾਰ ਬਣੀ ਇੱਕ ਗਲੀ ਵਿੱਚ ਪਹੁੰਚ ਚੁੱਕੇ ਸੀ। ਮੰਜ਼ਿਲ ਸਾਡੇ ਤੋਂ ਚਾਲੀ ਪੰਜਾਹ ਮੀਟਰ ਦੂਰ ਸੀ। ਇਸ ਰਸਤੇ ’ਤੇ ਚੱਲਣਾ ਥੋੜ੍ਹਾ ਸੁਖਾਲਾ ਸੀ ਕਿਉਂਕਿ ਬਰਫ਼ ਥੱਲੇ ਵੱਡੇ ਪੱਥਰ ਸਨ। ਅੱਸੀ ਡਿਗਰੀ ਦੀ ਚੜ੍ਹਾਈ, ਬਰਫ਼ ਦੇ ਭਰੇ ਖ਼ਤਰਨਾਕ ਰਾਹ, ਘੱਟ ਆਕਸੀਜਨ ਅਤੇ ਹੱਡ ਚੀਰਵੀਂ ਠੰਢ ਵਿੱਚ ਸਫ਼ਰ ਨਿਰੰਤਰ ਜਾਰੀ ਸੀ। ਸਵੇਰ ਦੇ ਸਾਢੇ ਅੱਠ ਵਜੇ ਅਸੀਂ ਰੁਪਿਨ ਟਰੈੱਕ ਦੇ ਸਿਖ਼ਰ ’ਤੇ ਪਹੁੰਚ ਚੁੱਕੇ ਸੀ। ਸਾਰੇ ਜਣੇ ਆਪਣੀ ਇਸ ਪ੍ਰਾਪਤੀ ’ਤੇ ਮਾਣ ਕਰ ਰਹੇ ਸਨ। ਹੁਣ ਸਾਡੇ ਪਿਛਲੇ ਪਾਸੇ ਰੁਪਿਨ ਘਾਟੀ ਅਤੇ ਅਗਲੇ ਪਾਸੇ ਅਸੀਂ 15,350 ਫੁੱਟ ਦੀ ਉਚਾਈ ਤੋਂ ਕੁਦਰਤ ਨੂੰ ਨਿਹਾਰ ਰਹੇ ਸੀ। ਸਾਰੀ ਟੀਮ ਪੰਦਰਾਂ ਵੀਹ ਮਿੰਟ ਤੱਕ ਉੱਪਰ ਰੁਕੀ। ਫਿਰ ਸਾਂਗਲਾ ਘਾਟੀ ਵੱਲ ਥੱਲੇ ਉਤਰਨ ਲੱਗੇ।
ਰਸਤੇ ’ਚ ਬਹੁਤ ਥਾਵਾਂ ’ਤੇ ਖ਼ਤਰਨਾਕ ਢਲਾਣਾਂ ਆਈਆਂ ਜੋ ਅਸੀਂ ਆਪਣੇ ਟਰੈੱਕ ਲੀਡਰ ਅਤੇ ਗਾਈਡ ਦੀ ਮਦਦ ਨਾਲ ਪਾਰ ਕੀਤੀਆਂ। ਸਵੇਰ ਦੇ ਚਾਰ ਵਜੇ ਤੋਂ ਸ਼ੁਰੂ ਹੋਇਆ ਸਫ਼ਰ ਸ਼ਾਮ ਚਾਰ ਵਜੇ ਤੱਕ ਕਈ ਖ਼ਤਰਨਾਕ ਰਾਹਾਂ ’ਚੋਂ ਗੁਜ਼ਰਦਿਆਂ ਮੁਕੰਮਲ ਕਰ ਲਿਆ ਸੀ। ਅਸੀਂ ਆਪਣੇ ਟੈਂਟਾਂ ਵਿੱਚ ਪਹੁੰਚ ਚੁੱਕੇ ਸੀ। ਸ਼ਾਮ ਤੱਕ ਸਾਰੇ ਜਣੇ ਇੱਕਠੇ ਹੋਏ। ਅਗਲੇ ਦਿਨ ਸਭ ਆਪੋ ਆਪਣੇ ਘਰਾਂ ਵੱਲ ਰਵਾਨਾ ਹੋ ਗਏ।
ਸੰਪਰਕ: 94134-00053

Advertisement
Advertisement