ਤਿੰਨ ਨੌਜਵਾਨਾਂ ਨੇ ਠੇਕੇ ਦੇ ਕਰਿੰਦੇ ਨੂੰ ਜ਼ਖ਼ਮੀ ਕਰ ਕੇ 12 ਹਜ਼ਾਰ ਲੁੱਟੇ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 29 ਜੂਨ
ਇੱਥੇ ਬੀਤੀ ਰਾਤ ਸੰਘੇੜੇ ਠੇਕੇ ‘ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਠੇਕੇ ਦੇ ਕਰਿੰਦੇ ਨੂੰ ਜ਼ਖ਼ਮੀ ਕਰਕੇ 12 ਹਜ਼ਾਰ ਦੇ ਕਰੀਬ ਨਕਦੀ ਲੁੱਟ ਕੇ ਲੈ ਗਏ ਅਤੇ ਸ਼ਰਾਬ ਦੀਆਂ ਬੋਤਲਾਂ ਭੰਨ ਗਏ। ਸ਼ਰਾਬ ਠੇਕੇਦਾਰਾਂ ਦੇ ਜਨਰਲ ਮੈਨੇਜਰ ਸੁਰਿੰਦਰਪਾਲ ਗਰਗ ਨੇ ਦੱਸਿਆ ਕਿ ਬੀਤੀ ਰਾਤ 9 ਤੋਂ 10 ਵਜੇ ਦੇ ਕਰੀਬ ਸੰਘੇੜੇ ਠੇਕੇ ‘ਤੇ ਗਜਿੰਦਰ ਨਾਮੀ ਕਰਿੰਦਾ ਸ਼ਰਾਬ ਵੇਚ ਰਿਹਾ ਸੀ।
ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਠੇਕੇ ‘ਤੇ ਆ ਕੇ ਸ਼ਰਾਬ ਦੀ ਮੰਗ ਕੀਤੀ। ਕਰਿੰਦੇ ਵੱਲੋਂ ਪੈਸਿਆਂ ਦੀ ਮੰਗ ਕਰਨ ‘ਤੇ ਨੌਜਵਾਨਾਂ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਕਰਿੰਦੇ ਤੋਂ 12 ਹਜ਼ਾਰ ਰੁਪਏ ਨਕਦੀ ਲੁੱਟ ਕੇ ਲੈ ਗਏ ਅਤੇ ਜਾਂਦੇ ਜਾਂਦੇ ਸ਼ਰਾਬ ਦੀਆਂ ਕਈ ਬੋਤਲਾਂ ਵੀ ਭੰਨ ਗਏ। ਕਰਿੰਦੇ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ‘ਚ ਜ਼ੇਰੇ ਇਲਾਜ ਕਰਿੰਦੇ ਗਜਿੰਦਰ ਨੇ ਦੱਸਿਆ ਕਿ ਸਿਰ ‘ਚ ਵੱਜੀ ਸੱਟ ਦੇ ਜ਼ਖ਼ਮ ਕਾਫੀ ਡੂੰਘੇ ਹੋਣ ਕਾਰਨ ਡਾਕਟਰਾਂ ਵੱਲੋਂ 30 ਟਾਂਕੇ ਲਾਏ ਗਏ। ਮੈਨੇਜਰ ਨੇ ਦੱਸਿਆ ਕਿ ਪਿਛਲੀ 27 ਜੂਨ ਨੂੰ ਵੀ ਤਪਾ ਕੋਲ ਨੈਸ਼ਨਲ ਹਾਈਵੇਅ ‘ਤੇ ਵੀ ਠੇਕਾ ਲੁੱਟਿਆ ਗਿਆ ਸੀ ਅਤੇ ਕਰਿੰਦੇ ਨੂੰ ਵੀ ਜਖ਼ਮੀ ਕਰ ਗਏ ਸਨ। ਪੁਲੀਸ ਹਾਲੇ ਤੱਕ ਕਿਸੇ ਵੀ ਮੁਲਜ਼ਮ ਦਾ ਸੁਰਾਗ ਨਹੀਂ ਲਾ ਸਕੀ ਹੈ। ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਬਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਜ਼ਖ਼ਮੀ ਕਰਿੰਦੇ ਦੇ ਬਿਆਨਾਂ ਦੇ ਆਧਾਰ ‘ਤੇ ਪੁਲੀਸ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ ਅਤੇ ਜਲਦ ਮੁਲਾਜ਼ਮਾਂ ਦੀ ਪੈੜ ਨੱਪ ਲਈ ਜਾਵੇਗੀ।