ਚਿੱਟੇ ਸਣੇ ਤਿੰਨ ਨੌਜਵਾਨ ਗ੍ਰਿਫਤਾਰ
ਪੱਤਰ ਪ੍ਰੇਰਕ
ਪਠਾਨਕੋਟ, 20 ਅਗਸਤ
ਸੁਜਾਨਪੁਰ ਪੁਲੀਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚੋਂ 3 ਨੌਜਵਾਨਾਂ ਨੂੰ 220 ਗਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੰਕਜ ਕੁਮਾਰ ਉਰਫ ਪੰਕੂ ਵਾਸੀ ਮੁਹੱਲਾ ਸ਼ਾਹਪੁਰੀ ਗੇਟ (ਸੁਜਾਨਪੁਰ), ਰੋਹਿਤ ਛਿੱਬਰ ਵਾਸੀ ਗੁਗਰਾਂ ਅਤੇ ਮੋਹਨ ਲਾਲ ਉਰਫ ਮੋਨਾ ਵਾਸੀ ਮਲਿਕਪੁਰ ਵੱਜੋਂ ਹੋਈ ਹੈ। ਇਨ੍ਹਾਂ ਤਿੰਨਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸੁਜਾਨਪੁਰ ਥਾਣਾ ਮੁਖੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਭਨਵਾਲ ਨਹਿਰ ਕਿਨਾਰੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਪੁਲ ਨੰਬਰ 4 ਵੱਲੋਂ ਪੈਦਲ ਆ ਰਹੇ ਵਿਅਕਤੀ ਨੇ ਪੁਲੀਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਮੌਕੇ ’ਤੇ ਫੜ ਲਿਆ ਗਿਆ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ 100 ਗਰਾਮ ਚਿੱਟਾ ਬਰਾਮਦ ਹੋਇਆ। ਨੌਜਵਾਨ ਨੇ ਆਪਣਾ ਨਾਂ ਪੰਕਜ ਕੁਮਾਰ ਉਰਫ ਪੰਕੂ ਵਾਸੀ ਮੁਹੱਲਾ ਸ਼ਾਹਪੁਰੀ ਗੇਟ, ਸੁਜਾਨਪੁਰ ਦੱਸਿਆ। ਇਸੇ ਤਰ੍ਹਾਂ ਪੁਲ ਨੰਬਰ 10 ਸੌਲੀ ਭੋਲੀ ਵਿੱਚ ਲਗਾਏ ਨਾਕੇ ਦੌਰਾਨ ਇੱਕ ਨੌਜਵਾਨ (ਰੋਹਿਤ ਛਿੱਬਰ ਵਾਸੀ ਗੁਗਰਾਂ) ਕੋਲੋਂ ਤਲਾਸ਼ੀ ਦੌਰਾਨ 100 ਗਰਾਮ ਚਿੱਟਾ ਬਰਾਮਦ ਹੋਇਆ। ਜਦ ਕਿ ਮਲਿਕਪੁਰ ਦੇ ਨਜ਼ਦੀਕ ਮੋਹਨ ਲਾਲ ਨੂੰ 20 ਗਰਾਮ ਚਿੱਟੇ ਸਮੇਤ ਸੀਆਈਏ ਸਟਾਫ ਵੱਲੋਂ ਫੜਿਆ ਗਿਆ।
80 ਕਿਲੋ ਡੋਡੇ ਚੂਰਾ ਪੋਸਤ ਸਣੇ ਦੋ ਨਸ਼ਾ ਤਸੱਕਰ ਕਾਬੂ
ਜਲੰਧਰ (ਪੱਤਰ ਪ੍ਰੇਰਕ): ਦਿਹਾਤੀ ਪੁਲੀਸ ਅਧੀਨ ਪੈਂਦੇ ਥਾਣਾ ਆਦਮਪੁਰ ਦੀ ਪੁਲੀਸ ਨੇ ਜੰਮੂ-ਕਸ਼ਮੀਰ ਤੋਂ ਆਏ ਟਰੱਕ ਵਿਚੋਂ 80 ਕਿਲੋ ਡੋਡੇ ਚੂਰਾ ਪੋਸਤ ਸਮੇਤ 2 ਨਸ਼ਾ ਤਸੱਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਮੁਹੰਮਦ ਇਮਰਾਨ ਖਾਨ ਪੁੱਤਰ ਗੁਲਾਮ ਮੁਹੰਮਦ ਵਾਸੀ ਚਿੰਤਾ ਜਿਲਾ ਡੋਡਾ, ਜਹਾਂਗੀਰ ਅਹਿਮਦ ਪੁੱਤਰ ਕੁਤਬਦੀਨ ਵਾਸੀ ਕੁਰਸੂ ਖਰੌਟੀ ਜੰਮੂ ਕਸ਼ਮੀਰ ਵਜੋਂ ਹੋਈ ਹੈ।